
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਟਰਾਂਸਪੋਰਟ ਮੰਤਰਾਲੇ ਨੇ ਕੇਂਦਰੀ ਮੋਟਰ ਵਾਹਨ ਨਿਯਮਾਂ ’ਚ ਬਦਲਾਅ ਦੀ ਤਜਵੀਜ਼ ਦਿੱਤੀ ਹੈ ਤਾਂ ਜੋ ਅਪ੍ਰੈਲ ਤੋਂ ਨਵੇਂ ਦੋਪਹੀਆ ਵਾਹਨਾਂ ’ਚ ਆਟੋਮੈਟਿਕ ਹੈੱਡਲਾਈਟਾਂ ਸਿਰਫ਼ ਪਾਸਿੰਗ ਬੀਮ ਜਾਂ ਲੋਅ-ਬੀਮ ਮੋਡ ’ਚ ਹੀ ਕੰਮ ਕਰਨ। ਇਸ ਕਦਮ ਦਾ ਮਕਸਦ ਚਕਾਚੌਂਧ ਘਟਾਉਣਾ ਅਤੇ ਸੜਕ ’ਤੇ ਚੱਲਣ ਵਾਲੇ ਹੋਰ ਲੋਕਾਂ ਲਈ ਵਿਜ਼ੀਬਿਲਟੀ ਨੂੰ ਬਿਹਤਰ ਬਣਾਉਣਾ ਹੈ।

ਨਵੀਂ ਦਿੱਲੀ (ਏਜੰਸੀ) : ਟਰਾਂਸਪੋਰਟ ਮੰਤਰਾਲੇ ਨੇ ਕੇਂਦਰੀ ਮੋਟਰ ਵਾਹਨ ਨਿਯਮਾਂ ’ਚ ਬਦਲਾਅ ਦੀ ਤਜਵੀਜ਼ ਦਿੱਤੀ ਹੈ ਤਾਂ ਜੋ ਅਪ੍ਰੈਲ ਤੋਂ ਨਵੇਂ ਦੋਪਹੀਆ ਵਾਹਨਾਂ ’ਚ ਆਟੋਮੈਟਿਕ ਹੈੱਡਲਾਈਟਾਂ ਸਿਰਫ਼ ਪਾਸਿੰਗ ਬੀਮ ਜਾਂ ਲੋਅ-ਬੀਮ ਮੋਡ ’ਚ ਹੀ ਕੰਮ ਕਰਨ। ਇਸ ਕਦਮ ਦਾ ਮਕਸਦ ਚਕਾਚੌਂਧ ਘਟਾਉਣਾ ਅਤੇ ਸੜਕ ’ਤੇ ਚੱਲਣ ਵਾਲੇ ਹੋਰ ਲੋਕਾਂ ਲਈ ਵਿਜ਼ੀਬਿਲਟੀ ਨੂੰ ਬਿਹਤਰ ਬਣਾਉਣਾ ਹੈ।
ਸੜਕੀ ਆਵਾਜਾਈ ਤੇ ਰਾਜਮਾਰਗ ਮੰਤਰਾਲੇ ਨੇ ਇਕ ਖਰੜਾ ਅਧਿਸੂਚਨਾ ’ਚ ਕਿਹਾ, ‘ਮੁੱਖ ਨਿਯਮਾਂ ’ਚ... ਇਹ ਵੀ ਵਿਵਸਥਾ ਹੈ ਕਿ ਇਕ ਅਪ੍ਰੈਲ 2028 ਤੋਂ ਜਾਂ ਉਸ ਤੋਂ ਬਾਅਦ ਆਟੋਮੈਟਿਕ ਹੈੱਡਲਾਈਟ ਸਿਰਫ਼ ਪਾਸਿੰਗ ਬੀਮ ’ਚ ਹੀ ਕੰਮ ਕਰਨਗੀਆਂ।’ ਆਟੋਮੈਟਿਕ ਹੈੱਡਲਾਈਟ ਆਨ (ਏਐੱਚਓ) ਸਿਸਟਮ ਵਾਹਨ ਦੀ ਸੈਟਿੰਗ ਦੇ ਆਧਾਰ ’ਤੇ ਹੈੱਡਲਾਈਟ ਨੂੰ ਲੋਅ ਜਾਂ ਹਾਈ ਬੀਮ ’ਤੇ ਚਲਾ ਸਕਦਾ ਹੈ।
ਖਰੜਾ ਅਧਿਸੂਚਨਾ ਮੁਤਾਬਕ, ਪ੍ਰਸਤਾਵਿਤ ਨਿਯਮ ਤਹਿਤ ਇਹ ਲਾਜ਼ਮੀ ਹੋਵੇਗਾ ਕਿ ਜਦੋਂ ਆਟੋਮੈਟਿਕ ਸਿਸਟਮ ਚਾਲੂ ਹੋਵੇ ਤਾਂ ਹੈੱਡਲਾਈਟ ਲੋਅ ਬੀਮ ’ਤੇ ਹੋਵੇ। ਖਰੜਾ ਅਧਿਸੂਚਨਾ ਮੁਤਾਬਕ ਤੇਜ਼ ਰੋਸ਼ਨੀ ਵਾਲੀਆਂ ਹੈੱਡਲਾਈਟਾਂ ਦੇ ਮਾਮਲੇ ’ਚ ਦੋਪਹੀਆ ਵਾਹਨਾਂ ਲਈ ਵੱਧ ਤੋਂ ਵੱਧ ਮਨਜ਼ੂਰਸ਼ੁਦਾ ਤੀਬਰਤਾ ਨੂੰ 1.5 ਲੱਖ ਕੈਂਡੇਲਾ ਜਾਂ ਸੀਡੀ (ਰੋਸ਼ਨੀ ਦੀ ਤੀਬਰਤਾ ਦੀ ਅਧਿਕਾਰਤ ਮੂਲ ਇਕਾਈ) ਤੋਂ ਘਟਾ ਕੇ ਇਕ ਲੱਖ ਸੀਡੀ ਕਰ ਦਿੱਤਾ ਗਿਆ ਹੈ।
ਚਾਰ ਪਹੀਆ ਵਾਹਨਾਂ (ਕਾਰਾਂ) ਲਈ ਵੱਧ ਤੋਂ ਵੱਧ ਮਨਜ਼ੂਰਸ਼ੁਦਾ ਤੀਬਰਤਾ ਨੂੰ 2.25 ਲੱਖ ਸੀਡੀ ਤੋਂ ਘਟਾ ਕੇ 1.5 ਲੱਖ ਸੀਡੀ ਕਰ ਦਿੱਤਾ ਗਿਆ ਹੈ। ਰਾਜਮਾਰਗ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇਨ੍ਹਾਂ ਉਪਾਵਾਂ ਦਾ ਮਕਸਦ ਦੇਸ਼ ’ਚ ਰਾਤ ਸਮੇਂ ਹੋਣ ਵਾਲੇ ਹਾਦਸਿਆਂ ਦੇ ਜੋਖ਼ਮ ਨੂੰ ਘੱਟ ਕਰਨਾ ਹੈ।