ਜਾਇਦਾਦ ਵਿਵਾਦ ’ਚ ਦਾਦੇ ਨੇ ਹੀ ਕੀਤੀ ਵਕੀਲ ਪੋਤੇ ਦੀ ਹੱਤਿਆ, ਖੂਨ ਦੇ ਧੱਬਿਆਂ ਨੇ ਖੋਲ੍ਹਿਆ ਕਤਲ ਦੀ ਗੁੱਥੀ ਦਾ ਰਾਜ ਪੁਣੇ ਦੇ ਲੋਨਾਵਾਲਾ ’ਚ, ਇੱਕ 83 ਸਾਲਾ ਦਾਦਾ ਜੀ ਨੇ ਜਾਇਦਾਦ ਦੇ ਵਿਵਾਦ ਨੂੰ ਲੈ ਕੇ ਆਪਣੇ 33 ਸਾਲਾ ਵਕੀਲ ਪੋਤੇ ਅਭੈ ਮਰਾਠੇ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ।
Publish Date: Wed, 07 Oct 2026 11:07 AM (IST)
Updated Date: Wed, 07 Oct 2026 11:10 AM (IST)
ਡਿਜ਼ੀਟਲ ਡੈਸਕ, ਪੁਣੇ : ਪੁਣੇ ਦੇ ਲੋਣਾਵਲਾ ’ਚ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। 83 ਸਾਲਾ ਦਾਦੇ ਨੇ ਜਾਇਦਾਦ ਦੇ ਵਿਵਾਦ ਨੂੰ ਲੈ ਕੇ ਆਪਣੇ 33 ਸਾਲਾ ਵਕੀਲ ਪੋਤੇ ਅਭੈ ਮਰਾਠੇ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ।
ਸ਼ੁਰੂ ’ਚ ਇਸ ਘਟਨਾ ਨੂੰ ਸਿਰਫ਼ ਇੱਕ ਹਾਦਸਾ ਦੱਸਿਆ ਜਾ ਰਿਹਾ ਸੀ, ਪਰ ਪੁਲਿਸ ਦੇ ਸ਼ੱਕ ਨੇ ਪੂਰੀ ਸਾਜ਼ਿਸ਼ ਦਾ ਪਰਦਾਫਾਸ਼ ਕਰ ਦਿੱਤਾ। ਜਾਂਚ ਦੌਰਾਨ ਸਾਹਮਣੇ ਆਇਆ ਕਿ 83 ਸਾਲਾ ਬਜ਼ੁਰਗ ਨੇ ਆਪਣੇ ਹੀ 33 ਸਾਲਾ ਵਕੀਲ ਪੋਤੇ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਤੇ ਫਿਰ ਜੁਰਮ ਛੁਪਾਉਣ ਲਈ ਇੱਕ ਕਹਾਣੀ ਘੜੀ।
ਪਹਿਲਾਂ ਦੱਸਿਆ ਹਾਦਸਾ, ਫਿਰ ਇੰਝ ਖੁੱਲ੍ਹਿਆ ਰਾਜ ਸੋਮਵਾਰ ਦੁਪਹਿਰ ਲੋਣਾਵਲਾ ਦੇ ਇੱਕ ਹਸਪਤਾਲ ਤੋਂ ਪੁਲਿਸ ਨੂੰ ਸੂਚਨਾ ਮਿਲੀ ਕਿ 33 ਸਾਲਾ ਵਕੀਲ ਅਭੈ ਮਰਾਠੇ ਦੀ ਛਾਤੀ ’ਚ ਗੋਲੀ ਲੱਗਣ ਕਾਰਨ ਮੌਤ ਹੋ ਗਈ ਹੈ। ਇਸ ਮਾਮਲੇ ’ਚ ਹੈਰਾਨ ਕਰਨ ਵਾਲੀ ਗੱਲ ਇਹ ਸੀ ਕਿ ਪਰਿਵਾਰ ਨੇ ਪੁਲਿਸ ਤੇ ਡਾਕਟਰਾਂ ਨੂੰ ਦੱਸਿਆ ਕਿ ਅਭੈ ਆਪਣੇ ਦਾਦੇ ਦੀ 12-ਬੋਰ ਲਾਇਸੈਂਸੀ ਰਾਈਫਲ ਸਾਫ਼ ਕਰ ਰਿਹਾ ਸੀ। ਇਸੇ ਦੌਰਾਨ ਅਚਾਨਕ ਗੋਲੀ ਚੱਲ ਗਈ ਤੇ ਛਾਤੀ ’ਚ ਲੱਗਣ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਿਸ ਨੇ ਸ਼ੁਰੂ ’ਚ ਪਰਿਵਾਰ ਦੀ ਗੱਲ ਸੁਣ ਕੇ ਇਸ ਨੂੰ ਹਾਦਸਾ ਮੰਨਦਿਆਂ ਮਾਮਲਾ ਦਰਜ ਕਰ ਲਿਆ ਸੀ।
ਪੁਲਿਸ ਦੇ ਸ਼ੱਕ ਨੇ ਖੋਲ੍ਹਿਆ ਕਤਲ ਦਾ ਭੇਤ ਇਸ ਤੋਂ ਬਾਅਦ ਅਭੈ ਦੀ ਲਾਸ਼ ਨੂੰ ਪੋਸਟਮਾਰਟਮ ਲਈ ਪੁਣੇ ਦੇ ਸਸੂਨ ਜਨਰਲ ਹਸਪਤਾਲ ਭੇਜਿਆ ਗਿਆ। ਗ੍ਰਾਮੀਣ ਐਸਪੀ ਸੰਦੀਪ ਸਿੰਘ ਗਿੱਲ ਤੇ ਹੋਰ ਸੀਨੀਅਰ ਅਧਿਕਾਰੀਆਂ ਨੇ ਗੋਲੀ ਲੱਗਣ ਵਾਲੇ ਜ਼ਖ਼ਮ ਦੀ ਬਾਰੀਕੀ ਨਾਲ ਜਾਂਚ ਕੀਤੀ।
ਐਸਪੀ ਗਿੱਲ ਨੇ ਦੱਸਿਆ ਕਿ ਖੁਦ ਨੂੰ ਗੋਲੀ ਲੱਗਣ ਜਾਂ ਹਾਦਸੇ ’ਚ ਗੋਲੀ ਚੱਲਣ ਦੇ ਜ਼ਖ਼ਮ ਆਮ ਤੌਰ 'ਤੇ ਵੱਖਰੇ ਹੁੰਦੇ ਹਨ। ਪੁਲਿਸ ਨੂੰ ਸ਼ੱਕ ਹੋਇਆ ਕਿ ਰਾਈਫਲ ਦੀ ਗੋਲੀ ਦਾ ਇਸ ਤਰ੍ਹਾਂ ਸਿੱਧਾ ਛਾਤੀ 'ਤੇ ਲੱਗਣਾ ਹਾਦਸੇ ’ਚ ਸੰਭਵ ਨਹੀਂ ਜਾਪਦਾ। ਇਸ ਤੋਂ ਬਾਅਦ ਪੁਲਿਸ ਦੀ ਕ੍ਰਾਈਮ ਬ੍ਰਾਂਚ ਉਸ ਹੋਟਲ ’ਚ ਪਹੁੰਚੀ, ਜਿੱਥੇ ਇਹ ਘਟਨਾ ਵਾਪਰੀ ਸੀ।
ਹੋਟਲ ਦੇ ਖੂਨ ਦੇ ਧੱਬਿਆਂ ਤੇ CCTV ਨੇ ਖੋਲ੍ਹੀ ਪੋਲ ਜਦੋਂ ਪੁਲਿਸ ਨੇ ਹੋਟਲ ਦੇ ਅੰਦਰ ਜਾਂਚ ਕੀਤੀ ਤਾਂ ਕਾਊਂਟਰ ਨੇੜੇ ਦੀ ਕੰਧ 'ਤੇ ਖੂਨ ਦਾ ਵੱਡਾ ਧੱਬਾ ਤੇ ਛਿੱਟੇ ਮਿਲੇ। ਫਰਸ਼ 'ਤੇ ਵੀ ਖੂਨ ਫੈਲਿਆ ਹੋਇਆ ਸੀ। ਕੰਧ 'ਤੇ ਲਗਭਗ ਪੰਜ ਫੁੱਟ ਦੀ ਉਚਾਈ ਤੱਕ ਖੂਨ ਦੇ ਛਿੱਟੇ ਮਿਲਣ ਤੋਂ ਬਾਅਦ ਪੁਲਿਸ ਦਾ ਸ਼ੱਕ ਹੋਰ ਡੂੰਘਾ ਹੋ ਗਿਆ ਤੇ ਹਾਦਸੇ ਦੀ ਕਹਾਣੀ 'ਤੇ ਸਵਾਲ ਖੜ੍ਹੇ ਹੋ ਗਏ।
ਜਾਂਚ ’ਚ ਸਾਹਮਣੇ ਆਇਆ ਕਿ ਜਾਇਦਾਦ ਵੇਚਣ ਨੂੰ ਲੈ ਕੇ ਦਾਦਾ ਮੋਤੀਰਾਮ ਮਰਾਠੇ ਤੇ ਪੋਤੇ ਅਭੈ ਵਿਚਕਾਰ ਪੁਰਾਣਾ ਵਿਵਾਦ ਚੱਲ ਰਿਹਾ ਸੀ। ਸੋਮਵਾਰ ਸਵੇਰੇ ਕਰੀਬ 11:30 ਵਜੇ ਇਸੇ ਮੁੱਦੇ 'ਤੇ ਦੋਵਾਂ ਵਿਚਕਾਰ ਤਿੱਖੀ ਬਹਿਸ ਹੋਈ। ਦੱਸਿਆ ਜਾ ਰਿਹਾ ਹੈ ਕਿ ਗੁੱਸੇ ’ਚ ਅਭੈ ਨੇ ਆਪਣੇ ਦਾਦੇ 'ਤੇ ਝਪਟਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ 83 ਸਾਲਾ ਮੋਤੀਰਾਮ ਨੇ ਆਪਣੀ ਲਾਇਸੈਂਸੀ ਰਾਈਫਲ ਕੱਢ ਕੇ ਪੋਤੇ ਦੀ ਛਾਤੀ ’ਚ ਗੋਲੀ ਮਾਰ ਦਿੱਤੀ।
ਸਬੂਤ ਮਿਟਾਉਣ ਲਈ ਰਚੀ ਗਈ ਸਾਜ਼ਿਸ਼ ਇਸ ਮਾਮਲੇ ’ਚ ਇੱਕ ਹੋਰ ਹੈਰਾਨ ਕਰਨ ਵਾਲੀ ਗੱਲ ਸਾਹਮਣੇ ਆਈ ਕਿ ਹੱਤਿਆ ਤੋਂ ਬਾਅਦ ਪਰਿਵਾਰ ਨੇ ਜੁਰਮ ਛੁਪਾਉਣ ਤੇ ਸਬੂਤ ਮਿਟਾਉਣ ਦੀ ਕੋਸ਼ਿਸ਼ ਕੀਤੀ। ਮੁੱਖ ਦੋਸ਼ੀ ਦਾਦੇ ਦੇ ਹੋਰ ਰਿਸ਼ਤੇਦਾਰ ਤੁਰੰਤ ਹੋਟਲ ਪਹੁੰਚੇ। ਉਨ੍ਹਾਂ ਨੇ ਅਭੈ ਦੀ ਲਾਸ਼ ਨੂੰ ਇੱਕ ਕਮਰੇ ’ਚ ਸ਼ਿਫਟ ਕੀਤਾ ਤੇ ਹੋਟਲ ਦੇ CCTV ਕੈਮਰੇ ਤੇ DVR ਕੱਢ ਕੇ ਲੁਕਾ ਦਿੱਤੇ। ਇੰਨਾ ਹੀ ਨਹੀਂ, ਦੋਸ਼ੀਆਂ ਨੇ ਹੋਟਲ ਦੇ ਕਰਮਚਾਰੀਆਂ ਨੂੰ ਵੀ ਚੁੱਪ ਰਹਿਣ ਦੀ ਸਖ਼ਤ ਧਮਕੀ ਦਿੱਤੀ।
ਦਾਦੇ ਸਮੇਤ ਪੰਜ ਲੋਕ ਗ੍ਰਿਫ਼ਤਾਰ ਮਾਮਲੇ ਦਾ ਖੁਲਾਸਾ ਹੋਣ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦਿਆਂ 83 ਸਾਲਾ ਮੁੱਖ ਦੋਸ਼ੀ ਦਾਦਾ ਮੋਤੀਰਾਮ ਮਰਾਠੇ ਨੂੰ ਹੱਤਿਆ ਦੇ ਦੋਸ਼ ’ਚ ਗ੍ਰਿਫ਼ਤਾਰ ਕਰ ਲਿਆ। ਇਸ ਤੋਂ ਇਲਾਵਾ ਸਬੂਤ ਛੁਪਾਉਣ ਦੇ ਦੋਸ਼ ’ਚ ਉਸ ਦੇ ਚਾਰ ਹੋਰ ਰਿਸ਼ਤੇਦਾਰਾਂ—ਰਾਜਸ਼੍ਰੀ ਪਵਾਰ, ਹੀਰਾਮਨ ਮਰਾਠੇ, ਕਵਿਤਾ ਮਰਾਠੇ ਤੇ ਮਨੋਜ ਮਰਾਠੇ—ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਦੋਸ਼ੀਆਂ ਖ਼ਿਲਾਫ਼ ਹੱਤਿਆ, ਸਬੂਤ ਮਿਟਾਉਣ ਤੇ ਆਰਮਜ਼ ਐਕਟ ਦੀਆਂ ਗੰਭੀਰ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।