NEET ਵਿਵਾਦ 'ਤੇ ਸਿਆਸੀ ਭੂਚਾਲ: ਰਾਹੁਲ ਗਾਂਧੀ ਨੇ ਘੇਰੀ ਸਰਕਾਰ, ਰੱਖੀਆਂ 5 ਤਿੱਖੀਆਂ ਮੰਗਾਂ; ਪ੍ਰਧਾਨ ਤੇ ਅਮਿਤ ਸ਼ਾਹ ਦੇ ਅਸਤੀਫ਼ੇ ਦੀ ਮੰਗ
ਨੀਟ (NEET) ਪੇਪਰ ਲੀਕ ਮਾਮਲੇ ਨੂੰ ਲੈ ਕੇ ਸ਼ੁਰੂ ਹੋਏ ਵਿਰੋਧ ਪ੍ਰਦਰਸ਼ਨ ਅਤੇ ਫਿਰ ਲੰਘੇ ਸੋਮਵਾਰ ਨੂੰ ਪ੍ਰਦਰਸ਼ਨਕਾਰੀ ਵਿਦਿਆਰਥੀਆਂ 'ਤੇ ਹੋਈ ਪੁਲਿਸ ਕਾਰਵਾਈ ਨੇ ਦੇਸ਼ ਦੀ ਰਾਜਨੀਤੀ 'ਚ ਉਬਾਲ ਲਿਆ ਦਿੱਤਾ ਹੈ। ਇਸੇ ਲੜੀ 'ਚ ਮੰਗਲਵਾਰ ਨੂੰ ਰਾਜਧਾਨੀ ਦਿੱਲੀ ਧਰਨੇ, ਪ੍ਰਦਰਸ਼ਨ ਅਤੇ ਹਾਈ-ਪ੍ਰੋਫਾਈਲ ਗ੍ਰਿਫ਼ਤਾਰੀਆਂ ਦੀ ਗਵਾਹ ਬਣੀ, ਜਿੱਥੇ ਵਿਰੋਧੀ ਧਿਰ ਨੇ ਪ੍ਰਧਾਨ ਮੰਤਰੀ ਰਿਹਾਇਸ਼ ਦਾ ਘੇਰਾਓ ਕਰਕੇ ਵਿਦਿਆਰਥੀਆਂ 'ਤੇ ਹੋਈ ਇਸ ਕਾਰਵਾਈ ਦਾ ਜ਼ੋਰਦਾਰ ਵਿਰੋਧ ਕੀਤਾ।
Publish Date: Wed, 22 Jul 2026 11:34 AM (IST)
Updated Date: Wed, 22 Jul 2026 11:36 AM (IST)
ਡਿਜੀਟਲ ਡੈਸਕ, ਨਵੀਂ ਦਿੱਲੀ : ਨੀਟ (NEET) ਪੇਪਰ ਲੀਕ ਮਾਮਲੇ ਨੂੰ ਲੈ ਕੇ ਸ਼ੁਰੂ ਹੋਏ ਵਿਰੋਧ ਪ੍ਰਦਰਸ਼ਨ ਅਤੇ ਫਿਰ ਲੰਘੇ ਸੋਮਵਾਰ ਨੂੰ ਪ੍ਰਦਰਸ਼ਨਕਾਰੀ ਵਿਦਿਆਰਥੀਆਂ 'ਤੇ ਹੋਈ ਪੁਲਿਸ ਕਾਰਵਾਈ ਨੇ ਦੇਸ਼ ਦੀ ਰਾਜਨੀਤੀ 'ਚ ਉਬਾਲ ਲਿਆ ਦਿੱਤਾ ਹੈ। ਇਸੇ ਲੜੀ 'ਚ ਮੰਗਲਵਾਰ ਨੂੰ ਰਾਜਧਾਨੀ ਦਿੱਲੀ ਧਰਨੇ, ਪ੍ਰਦਰਸ਼ਨ ਅਤੇ ਹਾਈ-ਪ੍ਰੋਫਾਈਲ ਗ੍ਰਿਫ਼ਤਾਰੀਆਂ ਦੀ ਗਵਾਹ ਬਣੀ, ਜਿੱਥੇ ਵਿਰੋਧੀ ਧਿਰ ਨੇ ਪ੍ਰਧਾਨ ਮੰਤਰੀ ਰਿਹਾਇਸ਼ ਦਾ ਘੇਰਾਓ ਕਰਕੇ ਵਿਦਿਆਰਥੀਆਂ 'ਤੇ ਹੋਈ ਇਸ ਕਾਰਵਾਈ ਦਾ ਜ਼ੋਰਦਾਰ ਵਿਰੋਧ ਕੀਤਾ।
ਪੂਰੇ ਮਾਮਲੇ ਨੂੰ ਇੰਜ ਸਮਝੋ ਕਿ ਸੜਕ ਤੋਂ ਸ਼ੁਰੂ ਹੋਇਆ ਇਹ ਵਿਦਿਆਰਥੀ ਅੰਦੋਲਨ ਹੁਣ ਸੱਤਾ ਅਤੇ ਵਿਰੋਧੀ ਧਿਰ ਵਿਚਾਲੇ ਸਿੱਧੀ ਸਿਆਸੀ ਜੰਗ 'ਚ ਬਦਲ ਚੁੱਕਾ ਹੈ। ਪ੍ਰਧਾਨ ਮੰਤਰੀ ਰਿਹਾਇਸ਼ ਦੇ ਬਾਹਰ ਪ੍ਰਦਰਸ਼ਨ ਦੌਰਾਨ ਹਿਰਾਸਤ 'ਚ ਲਏ ਗਏ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਰਿਹਾਅ ਹੁੰਦੇ ਹੀ ਕੇਂਦਰ ਸਰਕਾਰ ਸਾਹਮਣੇ 5 ਤਿੱਖੀਆਂ ਮੰਗਾਂ ਰੱਖ ਦਿੱਤੀਆਂ ਹਨ।
ਵਿਰੋਧੀ ਧਿਰ ਨੇ ਪੀਐੱਮ ਰਿਹਾਇਸ਼ ਘੇਰੀ, ਦਿੱਤੀ ਗ੍ਰਿਫ਼ਤਾਰੀ ਦੱਸ ਦੇਈਏ ਕਿ ਇਸ ਪੂਰੇ ਮਾਮਲੇ ਦੀ ਸ਼ੁਰੂਆਤ ਉਦੋਂ ਹੋਈ, ਜਦੋਂ ਮੰਗਲਵਾਰ ਨੂੰ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਦੀ ਅਗਵਾਈ ਹੇਠ ਕਾਂਗਰਸੀ ਨੇਤਾਵਾਂ ਨੇ ਪ੍ਰਧਾਨ ਮੰਤਰੀ ਰਿਹਾਇਸ਼ (ਲੋਕ ਕਲਿਆਣ ਮਾਰਗ) ਦੇ ਬਾਹਰ ਜ਼ੋਰਦਾਰ ਵਿਰੋਧ-ਪ੍ਰਦਰਸ਼ਨ ਅਤੇ ਧਰਨਾ ਦਿੱਤਾ।
ਇਸ ਤੋਂ ਬਾਅਦ ਦਿੱਲੀ ਪੁਲਿਸ ਨੇ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਸਮੇਤ ਕਈ ਨੇਤਾਵਾਂ ਨੂੰ ਹਿਰਾਸਤ 'ਚ ਲੈ ਲਿਆ। ਰਾਹੁਲ ਗਾਂਧੀ ਨੂੰ ਛਤਰਸਾਲ ਸਟੇਡੀਅਮ ਅਤੇ ਪ੍ਰਿਯੰਕਾ ਗਾਂਧੀ ਨੂੰ ਮੰਦਿਰ ਮਾਰਗ ਥਾਣੇ ਲੈ ਜਾਇਆ ਗਿਆ।
ਰਾਤ 9 ਵਜੇ ਦੋਵਾਂ ਭੈਣ-ਭਰਾਵਾਂ ਦੀ ਰਿਹਾਈ ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਨੂੰ ਹਿਰਾਸਤ 'ਚ ਲਏ ਜਾਣ ਤੋਂ ਬਾਅਦ ਸਾਬਕਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵੀ ਪ੍ਰਿਯੰਕਾ ਨੂੰ ਮਿਲਣ ਥਾਣੇ ਪਹੁੰਚੀ। ਬਾਅਦ 'ਚ ਰਾਤ ਦੇ ਲਗਭਗ 9 ਵਜੇ ਦੋਵਾਂ ਭੈਣ-ਭਰਾਵਾਂ ਨੂੰ ਰਿਹਾਅ ਕਰ ਦਿੱਤਾ ਗਿਆ।
ਰਾਹੁਲ ਦੀਆਂ 5 ਵੱਡੀਆਂ ਮੰਗਾਂ ਕੀ-ਕੀ ਹਨ? ਵਿਰੋਧ ਪ੍ਰਦਰਸ਼ਨ ਤੋਂ ਬਾਅਦ ਹਿਰਾਸਤ 'ਚ ਲਏ ਗਏ ਵਿਰੋਧੀ ਧਿਰ ਦੇ ਨੇਤਾ ਨੇ ਰਿਹਾਈ ਦੇ ਨਾਲ ਹੀ ਸਰਕਾਰ ਸਾਹਮਣੇ ਪੰਜ ਵੱਡੀਆਂ ਮੰਗਾਂ ਰੱਖ ਦਿੱਤੀਆਂ:-
ਅਸਤੀਫ਼ੇ ਦੀ ਮੰਗ: ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਤੁਰੰਤ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ।
ਪੁਲਿਸ 'ਤੇ ਕਾਰਵਾਈ ਅਤੇ ਕੇਸ ਵਾਪਸੀ: ਸੋਮਵਾਰ ਨੂੰ ਪ੍ਰਦਰਸ਼ਨਕਾਰੀ ਵਿਦਿਆਰਥੀਆਂ 'ਤੇ ਲਾਠੀਚਾਰਜ ਕਰਨ ਵਾਲੇ ਪੁਲਿਸ ਮੁਲਾਜ਼ਮਾਂ 'ਤੇ ਕਾਰਵਾਈ ਹੋਵੇ ਅਤੇ ਵਿਦਿਆਰਥੀਆਂ ਖ਼ਿਲਾਫ਼ ਦਰਜ ਸਾਰੇ ਕੇਸ ਵਾਪਸ ਲਏ ਜਾਣ।
ਮਾਫ਼ੀਨਾਮੇ ਦੀ ਮੰਗ: ਵਿਦਿਆਰਥੀਆਂ 'ਤੇ ਹੋਈ ਪੁਲਿਸ ਕਾਰਵਾਈ ਲਈ ਪ੍ਰਧਾਨ ਮੰਤਰੀ ਦੇਸ਼ ਤੋਂ ਮਾਫ਼ੀ ਮੰਗਣ।
ਸੰਸਦ 'ਚ ਚਰਚਾ: ਇਸ ਪੂਰੇ ਮੁੱਦੇ 'ਤੇ ਸੰਸਦ ਦੇ ਦੋਵਾਂ ਸਦਨਾਂ 'ਚ ਤੁਰੰਤ ਚਰਚਾ ਕਰਵਾਈ ਜਾਵੇ।
ਸਿੱਖਿਆ ਪ੍ਰਣਾਲੀ 'ਚ ਸੁਧਾਰ: ਜਲਦ ਤੋਂ ਜਲਦ ਪ੍ਰੀਖਿਆ ਪ੍ਰਣਾਲੀ ਅਤੇ ਸਿੱਖਿਆ ਵਿਵਸਥਾ 'ਚ ਸਖ਼ਤ ਅਤੇ ਜ਼ਰੂਰੀ ਸੁਧਾਰ ਕੀਤੇ ਜਾਣ।
ਰਾਹੁਲ ਗਾਂਧੀ ਨੇ ਪੁੱਛੇ ਤਿੱਖੇ ਸਵਾਲ ਇਸ ਤੋਂ ਇਲਾਵਾ ਰਾਹੁਲ ਗਾਂਧੀ ਨੇ ਸਰਕਾਰ ਤੋਂ ਤਿੱਖੇ ਸਵਾਲ ਵੀ ਪੁੱਛੇ। ਵਿਰੋਧੀ ਧਿਰ ਦੇ ਨੇਤਾ ਨੇ ਕਿਹਾ: "ਦੇਸ਼ ਦੀ ਸਿੱਖਿਆ ਵਿਵਸਥਾ ਕਿਉਂ ਡਗਮਗਾ ਰਹੀ ਹੈ? ਵਾਰ-ਵਾਰ ਪੇਪਰ ਲੀਕ ਕਿਉਂ ਹੋ ਰਹੇ ਹਨ? ਭਾਰਤ 'ਚ ਪੜ੍ਹਾਈ ਇੰਨੀ ਮਹਿੰਗੀ ਕਿਉਂ ਹੈ ਕਿ ਪਰਿਵਾਰਾਂ ਨੂੰ ਆਪਣਾ ਸਭ ਕੁਝ ਦਾਅ 'ਤੇ ਲਗਾਉਣਾ ਪੈਂਦਾ ਹੈ? ਇਹ ਬਿਲਕੁਲ ਜਾਇਜ਼ ਸਵਾਲ ਹਨ ਅਤੇ ਇਹ ਪੁੱਛਣਾ ਕੋਈ ਗ਼ਲਤ ਗੱਲ ਨਹੀਂ ਹੈ।"
ਸਰਕਾਰ ਦਾ ਪਲਟਵਾਰ— 'ਹਮਦਰਦੀ ਨਹੀਂ, ਰਾਜਨੀਤੀ ਕਰ ਰਹੀ ਹੈ ਕਾਂਗਰਸ' ਹਾਲਾਂਕਿ ਰਾਹੁਲ ਗਾਂਧੀ ਦੇ ਇਹਨਾਂ ਦੋਸ਼ਾਂ 'ਤੇ ਕੇਂਦਰ ਨੇ ਵੀ ਸਖ਼ਤ ਤਰੀਕੇ ਨਾਲ ਪਲਟਵਾਰ ਕੀਤਾ। ਪੀਐੱਮਓ (PMO) ਰਾਜ ਮੰਤਰੀ ਜਿਤੇਂਦਰ ਸਿੰਘ ਨੇ ਧਰਨਾ ਵਾਲੀ ਥਾਂ 'ਤੇ ਪਹੁੰਚ ਕੇ ਰਾਹੁਲ ਗਾਂਧੀ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਬਾਅਦ 'ਚ ਦੋਸ਼ ਲਗਾਇਆ ਕਿ ਰਾਹੁਲ ਆਪਣੀ ਗੱਲ ਤੋਂ ਮੁੱਕਰ ਰਹੇ ਹਨ। ਪਹਿਲਾਂ ਉਹ ਸੰਸਦ 'ਚ ਚਰਚਾ ਚਾਹੁੰਦੇ ਸਨ, ਪਰ ਹੁਣ ਅਸਤੀਫ਼ਾ ਮੰਗ ਰਹੇ ਹਨ। ਇਹ ਇੱਕ ਸੀਨੀਅਰ ਨੇਤਾ ਨੂੰ ਸ਼ੋਭਾ ਨਹੀਂ ਦਿੰਦਾ।
ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦਾ ਹਮਲਾ ਦੂਜੇ ਪਾਸੇ ਸਿੱਖਿਆ ਮੰਤਰੀ ਨੇ ਸੋਸ਼ਲ ਮੀਡੀਆ 'X' (ਟਵਿੱਟਰ) 'ਤੇ ਲਿਖਿਆ ਕਿ ਜਦੋਂ ਸਰਕਾਰ ਸੰਸਦ 'ਚ ਪੂਰੀ ਚਰਚਾ ਲਈ ਤਿਆਰ ਹੈ, ਉਦੋਂ ਵੀ ਕਾਂਗਰਸ ਹੱਲ ਕੱਢਣ ਦੀ ਬਜਾਏ ਸਿਰਫ਼ ਰਾਜਨੀਤਿਕ ਡਰਾਮਾ ਅਤੇ ਹੰਗਾਮਾ ਕਰ ਰਹੀ ਹੈ। ਉਨ੍ਹਾਂ ਦਾ ਮਕਸਦ ਵਿਦਿਆਰਥੀਆਂ ਦੀ ਮਦਦ ਕਰਨਾ ਨਹੀਂ, ਸਗੋਂ ਸੁਰਖੀਆਂ ਬਟੋਰਨਾ ਹੈ।