ਪੈਕਡ ਘਿਓ ’ਚ ਮਿਲਿਆ 'ਜ਼ਹਿਰ', ਸੀਸੇ ਦੀ ਮਾਤਰਾ ਤੈਅ ਹੱਦ ਤੋਂ 10 ਗੁਣਾ ਤੱਕ ਵੱਧ; ਲੋਕਾਂ ਦੀ ਸਿਹਤ ਨਾਲ ਖਿਲਵਾੜ ਇੰਦੌਰ ’ਚ ਖੁਰਾਕ ਸੁਰੱਖਿਆ ਵਿਭਾਗ ਦੀ ਜਾਂਚ ਦੌਰਾਨ ਪੈਕਡ ਘਿਓ ’ਚ ਭਾਰੀ ਮਿਲਾਵਟ ਤੇ ਸਿਹਤ ਲਈ ਖਤਰਨਾਕ 'ਸੀਸਾ' ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ।
Publish Date: Thu, 08 Oct 2026 11:56 AM (IST)
Updated Date: Thu, 08 Oct 2026 12:03 PM (IST)
ਡਿਜੀਟਲ ਡੈਸਕ, ਇੰਦੌਰ । ਮੱਧ ਪ੍ਰਦੇਸ਼ ਦੇ ਇੰਦੌਰ ਸ਼ਹਿਰ ’ਚ ਲੋਕਾਂ ਦੀ ਸਿਹਤ ਨਾਲ ਵੱਡਾ ਖਿਲਵਾੜ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਖੁਰਾਕ ਸੁਰੱਖਿਆ ਵਿਭਾਗ ਦੀ ਹਾਲੀਆ ਜਾਂਚ ’ਚ ਪੈਕਡ ਘਿਓ ਦੇ ਨਾਂ 'ਤੇ ਕਥਿਤ ਤੌਰ 'ਤੇ ਜ਼ਹਿਰੀਲਾ ਪਦਾਰਥ ਵੇਚੇ ਜਾਣ ਦਾ ਖੁਲਾਸਾ ਹੋਇਆ ਹੈ। ਜਾਂਚ ’ਚ ਸਾਹਮਣੇ ਆਇਆ ਹੈ ਕਿ ਪਿਛਲੇ ਤਿੰਨ ਮਹੀਨਿਆਂ, ਯਾਨੀ ਜੁਲਾਈ ਤੋਂ ਸਤੰਬਰ ਦੇ ਵਿਚਕਾਰ ਲਏ ਗਏ ਘਿਓ ਦੇ ਨਮੂਨਿਆਂ ’ਚ ਭਾਰੀ ਮਿਲਾਵਟ ਦੇ ਨਾਲ ਸਿਹਤ ਲਈ ਬੇਹੱਦ ਖਤਰਨਾਕ 'ਸੀਸਾ' ਵੀ ਪਾਇਆ ਗਿਆ ਹੈ।
ਜਾਂਚ ਦੇ ਹੈਰਾਨ ਕਰਨ ਵਾਲੇ ਅੰਕੜੇ ਕੁੱਲ ਜਾਂਚੇ ਗਏ ਸੈਂਪਲ: 96 ਫੇਲ੍ਹ ਹੋਏ ਸੈਂਪਲ: 28 ਫੇਲ੍ਹ ਹੋਏ ਨਮੂਨੇ - 28 (ਜਿਨ੍ਹਾਂ ’ਚੋਂ 24 ਅਸੁਰੱਖਿਅਤ ਪਾਏ ਗਏ ਤੇ 4 ਘਟੀਆ)
ਬਾਜ਼ਾਰ ਤੱਕ ਪਹੁੰਚਿਆ ਦੂਸ਼ਿਤ ਘਿਓ ਮਿਲੀ ਜਾਣਕਾਰੀ ਅਨੁਸਾਰ, ਅਸੁਰੱਖਿਅਤ ਪਾਏ ਗਏ 24 ਸੈਂਪਲਾਂ ਨਾਲ ਲਗਭਗ 17,000 ਲੀਟਰ ਘਿਓ ਦਾ ਸਟਾਕ ਜੁੜਿਆ ਹੋਇਆ ਹੈ। ਵਿਭਾਗ ਦੀ ਕਾਰਵਾਈ ਤੋਂ ਪਹਿਲਾਂ ਹੀ ਇਸ ਦਾ 15 ਤੋਂ 20 ਫੀਸਦੀ ਹਿੱਸਾ, ਯਾਨੀ ਲਗਭਗ 2,550 ਤੋਂ 3,400 ਲੀਟਰ ਘਿਓ ਬਾਜ਼ਾਰਾਂ ਤੱਕ ਪਹੁੰਚ ਕੇ ਵਿਕ ਚੁੱਕਾ ਸੀ। ਇਹ ਜ਼ਿਆਦਾਤਰ ਮਿਲਾਵਟੀ ਤੇ ਅਸੁਰੱਖਿਅਤ ਬ੍ਰਾਂਡ ਗੁਜਰਾਤ ਤੇ ਮਹਾਰਾਸ਼ਟਰ ਦੀਆਂ ਕੰਪਨੀਆਂ ਦੇ ਦੱਸੇ ਜਾ ਰਹੇ ਹਨ।
ਕਿਹੜੇ ਇਲਾਕਿਆਂ ’ਚ ਹੋਈ ਕਾਰਵਾਈ? ਖੁਰਾਕ ਸੁਰੱਖਿਆ ਵਿਭਾਗ ਨੇ ਇੰਦੌਰ ਦੇ ਕਈ ਪ੍ਰਮੁੱਖ ਇਲਾਕਿਆਂ ’ਚ ਡਿਪੋ ਤੇ ਵਿਕਰੇਤਾਵਾਂ ਦੇ ਟਿਕਾਣਿਆਂ 'ਤੇ ਕਾਰਵਾਈ ਕੀਤੀ।
ਲਸੂੜੀਆ, ਦੇਵਾਸ ਨਾਕਾ ਤੇ ਬਾਂਗੜਦਾ
ਸਿਆਗੰਜ, ਪਾਲਦਾ ਤੇ ਲੋਹਾਮੰਡੀ ਮਲਹਾਰਗੰਜ ਤੇ ਰਾਜੇਂਦਰ ਨਗਰ ਘਿਓ ’ਚ 'ਸੀਸਾ' ਕਿੱਥੋਂ ਆਇਆ? ਮਾਹਿਰਾਂ ਮੁਤਾਬਕ, ਨਕਲੀ ਜਾਂ ਘਟੀਆ ਘਿਓ ਨੂੰ ਅਸਲੀ ਵਰਗਾ ਦਿਖਾਉਣ ਲਈ ਇਸ ’ਚ ਮਿਲਾਏ ਜਾਣ ਵਾਲੇ ਹਾਨੀਕਾਰਕ ਰੰਗਾਂ, ਕੈਮੀਕਲਾਂ ਜਾਂ ਤੇਲ/ਚਰਬੀ ’ਚ ਸੀਸਾ ਹੋ ਸਕਦਾ ਹੈ। ਇਸ ਤੋਂ ਇਲਾਵਾ, ਪਲਾਸਟਿਕ ਦੀ ਪੈਕਿੰਗ ਤੇ ਸਟੋਰੇਜ ਲਈ ਵਰਤੇ ਜਾਣ ਵਾਲੇ ਡਰੰਮਾਂ ਦੇ ਸੰਪਰਕ ’ਚ ਆਉਣ ਕਾਰਨ ਵੀ ਘਿਓ ’ਚ ਸੀਸੇ ਦੇ ਅੰਸ਼ ਘੁਲਣ ਦੀ ਸੰਭਾਵਨਾ ਜਤਾਈ ਗਈ ਹੈ।
ਸਿਹਤ ਲਈ ਕਿੰਨਾ ਖਤਰਨਾਕ ਹੈ ਸੀਸਾ? ਘਿਓ ’ਚ ਸੀਸੇ ਦੀ ਸਵੀਕਾਰਯੋਗ ਹੱਦ 0.02 mg/kg ਹੁੰਦੀ ਹੈ। ਪਰ ਜਾਂਚੇ ਗਏ 10 ਸੈਂਪਲਾਂ ’ਚ ਇਸ ਦੀ ਮਾਤਰਾ 0.10 ਤੋਂ 0.21 mg/kg ਤੱਕ ਮਿਲੀ, ਜੋ ਤੈਅ ਹੱਦ ਤੋਂ 5 ਤੋਂ 10.5 ਗੁਣਾ ਵੱਧ ਹੈ। ਇਸ ਦਾ ਵੱਖ-ਵੱਖ ਵਰਗਾਂ ਦੀ ਸਿਹਤ 'ਤੇ ਗੰਭੀਰ ਪ੍ਰਭਾਵ ਪੈ ਸਕਦਾ ਹੈ।
ਬੱਚਿਆਂ 'ਤੇ ਕੀ ਪੈਂਦਾ ਹੈ ਅਸਰ? ਬੱਚਿਆਂ 'ਤੇ ਇਸ ਦੇ ਪ੍ਰਭਾਵ ਦੀ ਗੱਲ ਕਰੀਏ ਤਾਂ ਸੀਸੇ ਦੇ ਸੰਪਰਕ ਨਾਲ ਬੱਚਿਆਂ ਦਾ IQ ਪੱਧਰ ਘਟ ਸਕਦਾ ਹੈ ਤੇ ਸਿੱਖਣ ਦੀ ਸਮਰੱਥਾ ਕਮਜ਼ੋਰ ਹੋ ਸਕਦੀ ਹੈ। ਇਸ ਨਾਲ ਇਕਾਗਰਤਾ ਦੀ ਕਮੀ ਤੇ ਚਿੜਚਿੜਾਪਣ ਵੱਧ ਸਕਦਾ ਹੈ। ਸਰੀਰ ਤੇ ਹੱਡੀਆਂ ਦਾ ਵਿਕਾਸ ਵੀ ਹੌਲੀ ਪੈ ਸਕਦਾ ਹੈ।
ਬਾਲਗਾਂ 'ਤੇ ਕੀ ਪੈਂਦਾ ਹੈ ਅਸਰ? ਲਗਾਤਾਰ ਸੀਸੇ ਵਾਲੇ ਪਦਾਰਥਾਂ ਦੇ ਸੇਵਨ ਨਾਲ ਬਾਲਗਾਂ ’ਚ ਹਾਈ ਬਲੱਡ ਪ੍ਰੈਸ਼ਰ ਤੇ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਵੱਧ ਸਕਦਾ ਹੈ। ਇਹ ਹੌਲੀ-ਹੌਲੀ ਗੁਰਦਿਆਂ ਨੂੰ ਗੰਭੀਰ ਨੁਕਸਾਨ ਪਹੁੰਚਾ ਸਕਦਾ ਹੈ। ਇਸ ਤੋਂ ਇਲਾਵਾ, ਸਰੀਰ ’ਚ ਹੀਮੋਗਲੋਬਿਨ ਬਣਨ ਦੀ ਪ੍ਰਕਿਰਿਆ ’ਚ ਵੀ ਰੁਕਾਵਟ ਪੈਦਾ ਕਰ ਸਕਦਾ ਹੈ।
ਗਰਭਵਤੀ ਔਰਤਾਂ 'ਤੇ ਵੀ ਪੈ ਸਕਦਾ ਹੈ ਅਸਰ ਗਰਭ ਅਵਸਥਾ ਦੌਰਾਨ ਸੀਸੇ ਦੇ ਸੰਪਰਕ ’ਚ ਆਉਣ ਨਾਲ ਗਰਭਪਾਤ, ਸਮੇਂ ਤੋਂ ਪਹਿਲਾਂ ਜਣੇਪਾ ਜਾਂ ਹੋਣ ਵਾਲੇ ਨਵਜਾਤ ਬੱਚੇ ਦੇ ਦਿਮਾਗੀ ਵਿਕਾਸ 'ਤੇ ਮਾੜਾ ਅਸਰ ਪੈ ਸਕਦਾ ਹੈ।