ਅਖਰੋਟ ਲਾਹੁਣਾ ਪਿਆ ਭਾਰੀ: 7 ਜ਼ਿੰਦਗੀਆਂ ਹੋਈਆਂ ਖ਼ਤਮ, ਪੁਰਾਣੇ ਰੁੱਖਾਂ ਨੂੰ ਬਦਲਣ ਲਈ ਕਾਨੂੰਨ 'ਚ ਛੋਟ ਮੰਗ ਰਹੇ ਕਿਸਾਨ
ਹਾਈ-ਡੈਂਸਿਟੀ ਖੇਤੀ ਨੂੰ ਉਤਸ਼ਾਹਿਤ ਕਰਨ ਵਿੱਚ ਇੱਕ ਕਾਨੂੰਨੀ ਅੜਚਨ ਵੀ ਹੈ। ਕਸ਼ਮੀਰ ਵਿੱਚ ਅਖਰੋਟ ਦੇ ਰੁੱਖ ''ਜੰਮੂ-ਕਸ਼ਮੀਰ ਪ੍ਰਿਜ਼ਰਵੇਸ਼ਨ ਆਫ਼ ਸਪੈਸੀਫ਼ਾਈਡ ਟ੍ਰੀਜ਼ ਐਕਟ 1969'' ਤਹਿਤ ਸੁਰੱਖਿਅਤ ਹਨ। ਇਸ ਕਾਨੂੰਨ ਤਹਿਤ ਰੁੱਖਾਂ ਨੂੰ ਵੱਢਣ ਲਈ ਸਰਕਾਰ ਦੀ ਮਨਜ਼ੂਰੀ ਜ਼ਰੂਰੀ ਹੈ
Publish Date: Mon, 14 Sep 2026 04:38 PM (IST)
Updated Date: Mon, 14 Sep 2026 04:43 PM (IST)
ਜਾਸ, ਸ਼੍ਰੀਨਗਰ : ਘਾਟੀ ਵਿੱਚ ਅਖਰੋਟ ਦੀ ਝਾੜ-ਸੰਭਾਲ ਦੇ ਸੀਜ਼ਨ ਦੌਰਾਨ ਉੱਚੇ ਅਖਰੋਟ ਦੇ ਰੁੱਖਾਂ ਤੋਂ ਡਿੱਗਣ ਕਾਰਨ ਸੱਤ ਲੋਕਾਂ ਦੀ ਮੌਤ ਹੋ ਗਈ ਹੈ। ਇਸ ਨਾਲ ਪਰੰਪਰਾਗਤ ਬਾਗਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾਵਾਂ ਮੁੜ ਵਧ ਗਈਆਂ ਹਨ ਅਤੇ ਪੁਰਾਣੇ ਰੁੱਖਾਂ ਦੀ ਥਾਂ 'ਹਾਈ-ਡੈਂਸਿਟੀ ਪਲਾਂਟੇਸ਼ਨ' (ਸੰਘਣੀ ਖੇਤੀ) ਅਪਣਾਉਣ 'ਤੇ ਬਹਿਸ ਛਿੜ ਗਈ ਹੈ। ਇਨ੍ਹਾਂ ਲਗਾਤਾਰ ਵਾਪਰ ਰਹੀਆਂ ਦੁਰਘਟਨਾਵਾਂ ਨੇ ਉਹਨਾਂ ਮਜ਼ਦੂਰਾਂ ਦੇ ਖ਼ਤਰੇ ਨੂੰ ਉਜਾਗਰ ਕੀਤਾ ਹੈ ਜੋ ਫ਼ਸਲ ਲਾਹੁਣ ਲਈ ਉੱਚੇ ਅਖਰੋਟ ਦੇ ਰੁੱਖਾਂ 'ਤੇ ਚੜ੍ਹਦੇ ਹਨ।
ਬਾਗਬਾਨਾਂ ਦਾ ਕਹਿਣਾ ਹੈ ਕਿ ਪਰੰਪਰਾਗਤ ਬਾਗਬਾਨੀ ਵਿਵਸਥਾ ਨੂੰ ਬਣਾਏ ਰੱਖਣਾ ਹੁਣ ਔਖਾ ਹੁੰਦਾ ਜਾ ਰਿਹਾ ਹੈ। ਇਨ੍ਹਾਂ ਮੌਤਾਂ ਨੇ ਕਸ਼ਮੀਰ ਦੇ ਅਖਰੋਟ ਸੈਕਟਰ ਦੀਆਂ ਪੁਰਾਣੀਆਂ ਸਮੱਸਿਆਵਾਂ ਵੱਲ ਵੀ ਧਿਆਨ ਦਿਵਾਇਆ ਹੈ, ਜਿਨ੍ਹਾਂ ਵਿੱਚ ਪੁਰਾਣੇ ਰੁੱਖ, ਘਟਦੀ ਪੈਦਾਵਾਰ ਅਤੇ ਮੌਜੂਦਾ ਰੁੱਖਾਂ ਨੂੰ ਵੱਢਣ 'ਤੇ ਲੱਗੀਆਂ ਪਾਬੰਦੀਆਂ ਸ਼ਾਮਲ ਹਨ।
ਅਖਰੋਟ ਦੇ ਵਪਾਰੀ ਅਤੇ ਬਾਗਬਾਨ ਹਾਈ-ਡੈਂਸਿਟੀ ਪਲਾਂਟੇਸ਼ਨ ਵੱਲ ਵਧਣ ਦੀ ਮੰਗ ਕਰ ਰਹੇ ਹਨ। ਉਨ੍ਹਾਂ ਦਾ ਤਰਕ ਹੈ ਕਿ ਨਵੀਂਆਂ ਕਿਸਮਾਂ ਬਿਹਤਰ ਮੁਨਾਫ਼ਾ ਦੇ ਸਕਦੀਆਂ ਹਨ ਅਤੇ ਨਾਲ ਹੀ ਬਾਗ ਦੀ ਦੇਖਭਾਲ ਤੇ ਝਾੜ-ਸੰਭਾਲ ਨੂੰ ਆਸਾਨ ਬਣਾ ਸਕਦੀਆਂ ਹਨ।
ਪੁਰਾਣੇ ਅਖਰੋਟ ਦੇ ਰੁੱਖਾਂ ਨੇ ਘਟਾਈ ਪੈਦਾਵਾਰ
ਕਸ਼ਮੀਰ ਦੇ ਡਰਾਈ ਫ਼ਰੂਟ ਐਸੋਸੀਏਸ਼ਨ ਦੇ ਪ੍ਰਧਾਨ ਹਾਜੀ ਬਹਾਦਰ ਖ਼ਾਨ ਨੇ ਕਿਹਾ, "ਹੁਣ ਹਾਈ-ਡੈਂਸਿਟੀ ਅਖਰੋਟ ਦੀ ਖੇਤੀ ਵੱਲ ਵਧਣ ਦਾ ਸਹੀ ਸਮਾਂ ਹੈ।" ਖ਼ਾਨ ਨੇ ਕਿਹਾ ਕਿ ਇਲਾਕੇ ਦੇ ਕਈ ਅਖਰੋਟ ਦੇ ਰੁੱਖ ਪੁਰਾਣੇ ਹੋ ਚੁੱਕੇ ਹਨ ਅਤੇ ਹੁਣ ਉੱਨੀ ਪੈਦਾਵਾਰ ਨਹੀਂ ਦੇ ਰਹੇ ਜਿੰਨੀ ਕਿਸਾਨ ਨਵੀਂਆਂ ਕਿਸਮਾਂ ਤੋਂ ਉਮੀਦ ਕਰ ਸਕਦੇ ਹਨ। ਖ਼ਾਨ ਨੇ ਕਿਹਾ, "ਪੁਰਾਣੇ ਰੁੱਖਾਂ ਅਤੇ ਘੱਟ ਪੈਦਾਵਾਰ ਕਾਰਨ ਇਹਨਾਂ ਨੂੰ ਬਦਲਣਾ ਜ਼ਰੂਰੀ ਹੋ ਗਿਆ ਹੈ।"
ਉਨ੍ਹਾਂ ਤਰਕ ਦਿੱਤਾ ਕਿ ਬਾਗਬਾਨਾਂ ਨੂੰ ਆਪਣੇ ਬਾਗਾਂ ਨੂੰ ਨਵਾਂ ਰੂਪ ਦੇਣ ਲਈ ਜ਼ਿਆਦਾ ਛੋਟ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜੀਐੱਸਟੀ (GST) ਅਤੇ ਚਿਲੀ, ਕੈਲੀਫ਼ੋਰਨੀਆ ਤੇ ਹੋਰ ਦੇਸ਼ਾਂ ਤੋਂ ਸਸਤੇ ਆਯਾਤ ਕਾਰਨ ਸਥਾਨਕ ਉਪਜ ਦੀ ਮੰਗ ਘੱਟ ਗਈ ਹੈ।
ਕਸ਼ਮੀਰ ਦੇ ਅਖਰੋਟ ਬਾਗਾਂ ਨੂੰ ਚਾਹੀਦੀ ਨਵੀਂ ਰਾਹ
ਦੱਖਣੀ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਦੇ ਅਖਰੋਟ ਕਿਸਾਨ ਨਿਸਾਰ ਅਹਿਮਦ ਮਲਿਕ ਨੇ ਕਿਹਾ ਕਿ ਪਰੰਪਰਾਗਤ ਅਖਰੋਟ ਦੇ ਰੁੱਖ ਇਸ ਲਈ ਵੀ ਚੁਣੌਤੀਆਂ ਖੜ੍ਹੀਆਂ ਕਰਦੇ ਹਨ ਕਿਉਂਕਿ ਉਹ ਬਹੁਤ ਜ਼ਿਆਦਾ ਜ਼ਮੀਨ ਘੇਰਦੇ ਹਨ। ਹਾਲੀਆ ਮੌਤਾਂ ਨੇ ਇਨ੍ਹਾਂ ਚਿੰਤਾਵਾਂ ਨੂੰ ਹੋਰ ਵਧਾ ਦਿੱਤਾ ਹੈ। ਵਪਾਰੀ ਅਤੇ ਕਿਸਾਨ ਅਜਿਹੀ ਨੀਤੀ ਦੀ ਮੰਗ ਕਰ ਰਹੇ ਹਨ ਜਿਸ ਨਾਲ ਬਾਗਾਂ ਨੂੰ ਹੌਲੀ-ਹੌਲੀ ਨਵਾਂ ਰੂਪ ਦਿੱਤਾ ਜਾ ਸਕੇ ਅਤੇ ਨਾਲ ਹੀ ਉਤਪਾਦਕਾਂ ਦੇ ਹਿੱਤਾਂ ਦੀ ਵੀ ਰਾਖੀ ਹੋਵੇ। ਮਲਿਕ ਨੇ ਕਿਹਾ, "ਇਸ ਸੈਕਟਰ ਨੂੰ ਆਧੁਨਿਕ ਬਾਗਬਾਨੀ ਵੱਲ ਵਧਣ ਦੀ ਲੋੜ ਹੈ।"
ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਕਸ਼ਮੀਰ ਵਿੱਚ ਅਖਰੋਟ ਦੀ ਖੇਤੀ ਦੇ ਭਵਿੱਖ ਲਈ ਪੁਰਾਣੇ ਰੁੱਖਾਂ ਨੂੰ ਬਦਲਣਾ ਬਹੁਤ ਜ਼ਰੂਰੀ ਹੋ ਗਿਆ ਹੈ। ਉਤਪਾਦਕਾਂ ਦਾ ਕਹਿਣਾ ਹੈ ਕਿ ਅਧਿਕਾਰੀਆਂ ਸਾਹਮਣੇ ਚੁਣੌਤੀ ਇਹ ਹੈ ਕਿ ਉਹ ਅਖਰੋਟ ਦੇ ਰੁੱਖਾਂ ਦੀ ਸੁਰੱਖਿਆ ਅਤੇ ਬਾਗਾਂ ਨੂੰ ਆਧੁਨਿਕ ਬਣਾਉਣ ਨਾਲ ਹੀ ਫ਼ਸਲ ਲਾਹੁਣ ਦੇ ਕੰਮ ਨੂੰ ਸੁਰੱਖਿਅਤ ਤੇ ਆਰਥਿਕ ਤੌਰ 'ਤੇ ਲਾਹੇਵੰਦ ਬਣਾਉਣ ਵਿਚਕਾਰ ਸੰਤੁਲਨ ਬਣਾ ਕੇ ਰੱਖਣ।
ਹਾਈ-ਡੈਂਸਿਟੀ ਪਲਾਂਟੇਸ਼ਨ ਨਾਲ ਮੁਨਾਫ਼ਾ ਵਧਣ ਦੀ ਉਮੀਦ ਮੋਹੰਮਦ ਸਿੱਦੀਕ ਗੋਜਰੀ ਨਾਮਕ ਇੱਕ ਹੋਰ ਵਿਅਕਤੀ ਨੇ ਕਿਹਾ, "ਪਰੰਪਰਾਗਤ ਅਖਰੋਟ ਦੇ ਰੁੱਖ ਬਹੁਤ ਜ਼ਿਆਦਾ ਥਾਂ ਘੇਰਦੇ ਹਨ ਅਤੇ ਉਨ੍ਹਾਂ ਦੀ ਪੈਦਾਵਾਰ ਵੀ ਘੱਟ ਹੁੰਦੀ ਹੈ।" ਉਨ੍ਹਾਂ ਕਿਹਾ ਕਿ 'ਹਾਈ-ਡੈਂਸਿਟੀ ਪਲਾਂਟੇਸ਼ਨ' ਨਾਲ ਕਿਸਾਨ ਛੋਟੀ ਜ਼ਮੀਨ 'ਤੇ ਜ਼ਿਆਦਾ ਰੁੱਖ ਉਗਾ ਸਕਦੇ ਹਨ ਅਤੇ ਬਿਹਤਰ ਮੁਨਾਫ਼ਾ ਕਮਾ ਸਕਦੇ ਹਨ।
ਹਾਲਾਂਕਿ, ਹਾਈ-ਡੈਂਸਿਟੀ ਖੇਤੀ ਨੂੰ ਉਤਸ਼ਾਹਿਤ ਕਰਨ ਵਿੱਚ ਇੱਕ ਕਾਨੂੰਨੀ ਅੜਚਨ ਵੀ ਹੈ। ਕਸ਼ਮੀਰ ਵਿੱਚ ਅਖਰੋਟ ਦੇ ਰੁੱਖ ''ਜੰਮੂ-ਕਸ਼ਮੀਰ ਪ੍ਰਿਜ਼ਰਵੇਸ਼ਨ ਆਫ਼ ਸਪੈਸੀਫ਼ਾਈਡ ਟ੍ਰੀਜ਼ ਐਕਟ 1969'' ਤਹਿਤ ਸੁਰੱਖਿਅਤ ਹਨ। ਇਸ ਕਾਨੂੰਨ ਤਹਿਤ ਰੁੱਖਾਂ ਨੂੰ ਵੱਢਣ ਲਈ ਸਰਕਾਰ ਦੀ ਮਨਜ਼ੂਰੀ ਜ਼ਰੂਰੀ ਹੈ ਅਤੇ ਸਿਹਤਮੰਦ ਜਾਂ ਫਲ ਦੇਣ ਵਾਲੇ ਰੁੱਖਾਂ ਨੂੰ ਵੱਢਣ 'ਤੇ ਪਾਬੰਦੀਆਂ ਹਨ।
ਬਾਗਬਾਨਾਂ ਦਾ ਕਹਿਣਾ ਹੈ ਕਿ ਇਹਨਾਂ ਪਾਬੰਦੀਆਂ ਕਾਰਨ ਪੁਰਾਣੇ ਜਾਂ ਘੱਟ ਪੈਦਾਵਾਰ ਵਾਲੇ ਰੁੱਖਾਂ ਨੂੰ ਹਟਾ ਕੇ ਉਨ੍ਹਾਂ ਦੀ ਥਾਂ ਨਵੀਂਆਂ ਕਿਸਮਾਂ ਲਗਾਉਣਾ ਔਖਾ ਹੋ ਸਕਦਾ ਹੈ ਭਾਵੇਂ ਮੌਜੂਦਾ ਰੁੱਖ ਵਪਾਰਕ ਤੌਰ 'ਤੇ ਘੱਟ ਲਾਹੇਵੰਦ ਰਹਿ ਗਏ ਹੋਣ। ਪਰੰਪਰਾਗਤ ਅਖਰੋਟ ਦੀਆਂ ਕਿਸਮਾਂ ਵਿੱਚ ਫਲ ਲੱਗਣ ਲਈ ਇੱਕ ਦਹਾਕੇ ਤੋਂ ਜ਼ਿਆਦਾ ਦਾ ਸਮਾਂ ਲੱਗ ਸਕਦਾ ਹੈ ਅਤੇ ਵੱਡੇ ਹੋਣ 'ਤੇ ਉਨ੍ਹਾਂ ਨੂੰ ਕਾਫ਼ੀ ਥਾਂ ਦੀ ਲੋੜ ਹੁੰਦੀ ਹੈ।
ਜ਼ਿਆਦਾ ਘਣਤਾ (High-Density) ਵਾਲੀਆਂ ਕਿਸਮਾਂ ਵਿੱਚ ਲਗਪਗ ਚਾਰ ਤੋਂ ਪੰਜ ਸਾਲਾਂ ਵਿੱਚ ਫਲ ਆਉਣ ਲੱਗ ਸਕਦੇ ਹਨ ਅਤੇ ਇਨ੍ਹਾਂ ਨੂੰ ਨੇੜੇ-ਨੇੜੇ ਲਗਾਇਆ ਜਾ ਸਕਦਾ ਹੈ, ਜਿਸ ਨਾਲ ਕਿਸਾਨ ਘੱਟ ਜ਼ਮੀਨ ਤੋਂ ਜ਼ਿਆਦਾ ਪੈਦਾਵਾਰ ਲੈ ਸਕਦੇ ਹਨ। ਇਸ ਲਈ ਕਿਸਾਨਾਂ ਲਈ ਇਹ ਬਹਿਸ ਸਿਰਫ਼ ਉਤਪਾਦਕਤਾ ਵਧਾਉਣ ਬਾਰੇ ਨਹੀਂ ਹੈ, ਸਗੋਂ ਬਹੁਤ ਉੱਚੇ ਅਤੇ ਪੁਰਾਣੇ ਰੁੱਖਾਂ ਤੋਂ ਫਲ ਲਾਹੁਣ ਨਾਲ ਜੁੜੇ ਖ਼ਤਰਿਆਂ ਨੂੰ ਘੱਟ ਕਰਨ ਬਾਰੇ ਵੀ ਹੈ।