- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਾਕਿਸਤਾਨੀ ਜਲ ਸੈਨਾ ਦੇ ਅਧਿਕਾਰੀਆਂ ਦੇ ਲਾਪਰਵਾਹੀ ਭਰੇ ਕਦਮਾਂ ਨੇ ਅਜਿਹੀ ਘਟਨਾ ਨੂੰ ਜਨਮ ਦਿੱਤਾ ਹੈ, ਜਿਸ ਨਾਲ ਭਾਰਤ ਅਤੇ ਪਾਕਿਸਤਾਨ ਦੇ ਪਹਿਲਾਂ ਤੋਂ ਹੀ ਬੇਹੱਦ ਤਣਾਅਪੂਰਨ ਸਬੰਧਾਂ ਵਿਚ ਹੋਰ ਤਣਾਅ ਪੈਦਾ ਹੋ ਗਿਆ ਹੈ। ਮੰਗਲਵਾਰ ਸ਼ਾਮ ਪਾਕਿਸਤਾਨੀ ਜਲ ਸੈਨਾ ਦਾ ਇਕ ਜਹਾਜ਼ ਉੱਤਰੀ ਅਰਬ ਸਾਗਰ ਵਿਚ ਬੇਹੱਦ ਹਮਲਾਵਰ ਢੰਗ ਨਾਲ ਭਾਰਤੀ ਜਲ ਸੈਨਾ ਦੇ ਜਹਾਜ਼ ਨਾਲ ਟਕਰਾ ਗਿਆ।

ਜਾਗਰਣ ਬਿਊਰੋ, ਨਵੀਂ ਦਿੱਲੀ : ਪਾਕਿਸਤਾਨੀ ਜਲ ਸੈਨਾ ਦੇ ਅਧਿਕਾਰੀਆਂ ਦੇ ਲਾਪਰਵਾਹੀ ਭਰੇ ਕਦਮਾਂ ਨੇ ਅਜਿਹੀ ਘਟਨਾ ਨੂੰ ਜਨਮ ਦਿੱਤਾ ਹੈ, ਜਿਸ ਨਾਲ ਭਾਰਤ ਅਤੇ ਪਾਕਿਸਤਾਨ ਦੇ ਪਹਿਲਾਂ ਤੋਂ ਹੀ ਬੇਹੱਦ ਤਣਾਅਪੂਰਨ ਸਬੰਧਾਂ ਵਿਚ ਹੋਰ ਤਣਾਅ ਪੈਦਾ ਹੋ ਗਿਆ ਹੈ। ਮੰਗਲਵਾਰ ਸ਼ਾਮ ਪਾਕਿਸਤਾਨੀ ਜਲ ਸੈਨਾ ਦਾ ਇਕ ਜਹਾਜ਼ ਉੱਤਰੀ ਅਰਬ ਸਾਗਰ ਵਿਚ ਬੇਹੱਦ ਹਮਲਾਵਰ ਢੰਗ ਨਾਲ ਭਾਰਤੀ ਜਲ ਸੈਨਾ ਦੇ ਜਹਾਜ਼ ਨਾਲ ਟਕਰਾ ਗਿਆ।
ਹਾਲਾਂਕਿ ਭਾਰਤੀ ਜੰਗੀ ਬੇੜਾ ਪਾਕਿਸਤਾਨੀ ਜੰਗੀ ਜਹਾਜ਼ ਨਾਲੋਂ ਜ਼ਿਆਦਾ ਤਾਕਤਵਰ ਸੀ ਅਤੇ ਉਸ ਨੂੰ ਕੋਈ ਨੁਕਸਾਨ ਨਹੀਂ ਹੋਇਆ। ਭਾਰਤ ਨੇ ਇਸ ਮਾਮਲੇ ’ਤੇ ਬੇਹੱਦ ਸਖ਼ਤ ਪ੍ਰਤੀਕਿਰਿਆ ਦਿੰਦਿਆਂ ਬੁੱਧਵਾਰ ਨੂੰ ਪਾਕਿਸਤਾਨੀ ਹਾਈ ਕਮਿਸ਼ਨ ਦੇ ਇੰਚਾਰਜ ਹਾਈ ਕਮਿਸ਼ਨਰ ਸਾਦ ਵਾਰਾਇਚ ਨੂੰ ਵਿਦੇਸ਼ ਮੰਤਰਾਲੇ ਵਿਚ ਤਲਬ ਕੀਤਾ ਅਤੇ ਸਖ਼ਤ ਵਿਰੋਧ ਪ੍ਰਗਟਾਉਂਦਿਆਂ ਸਪੱਸ਼ਟ ਕੀਤਾ ਕਿ ‘ਪਾਕਿਸਤਾਨੀ ਜਲ ਸੈਨਾ ਦਾ ਇਹ ਗ਼ੈਰ-ਪੇਸ਼ੇਵਰ ਵਿਹਾਰ ਬਿਲਕੁਲ ਨਾਮਨਜ਼ੂਰ ਹੈ।’ ਪਾਕਿਸਤਾਨ ਵੱਲੋਂ ਇਸ ਤਰ੍ਹਾਂ ਦੀ ਹਰਕਤ ਪਹਿਲੀ ਵਾਰ ਨਹੀਂ ਕੀਤੀ ਗਈ। ਇਸ ਤੋਂ ਪਹਿਲਾਂ 2011 ਵਿਚ ਅਦਨ ਦੀ ਖਾੜੀ ਵਿਚ ਭਾਰਤੀ ਬੇੜੇ ਗੋਦਾਵਰੀ ਨੂੰ ਪਾਕਿਸਤਾਨੀ ਜੰਗੀ ਜਹਾਜ਼ ਪੀਐੱਨਐੱਸ ਬਾਬਰ ਨੇ ਟੱਕਰ ਮਾਰੀ ਸੀ।
ਭਾਰਤੀ ਵਿਦੇਸ਼ ਮੰਤਰਾਲੇ (ਐੱਮਈਏ) ਨੇ ਕਿਹਾ ਕਿ ਪਿਛਲੀ ਰਾਤ ਸਮੁੰਦਰ ਵਿਚ ਪਾਕਿਸਤਾਨੀ ਜਲ ਸੈਨਾ ਦੇ ਨਾਮਨਜ਼ੂਰ ਅਤੇ ਗ਼ੈਰ-ਪੇਸ਼ੇਵਰ ਵਿਹਾਰ ’ਤੇ ਸਖ਼ਤ ਵਿਰੋਧ ਦਰਜ ਕਰਵਾਇਆ ਗਿਆ, ਜਿਸ ਕਾਰਨ ਭਾਰਤੀ ਜਲ ਸੈਨਾ ਦੇ ਜੰਗੀ ਬੇੜੇ ਨਾਲ ਟੱਕਰ ਹੋਈ। ਮੰਤਰਾਲੇ ਮੁਤਾਬਕ, ‘ਇਹ ਘਟਨਾ ਕੌਮਾਂਤਰੀ ਜਲ ਖੇਤਰ ਵਿਚ ਹੋਈ ਅਤੇ ਇਸ ਵਿਚ ਕੋਈ ਵੱਡਾ ਨੁਕਸਾਨ ਨਹੀਂ ਹੋਇਆ, ਪਰ ਪਾਕਿਸਤਾਨੀ ਜਲ ਸੈਨਾ ਦੇ ਜਹਾਜ਼ ਦਾ ਵਿਹਾਰ ਅਪ੍ਰੈਲ 1991 ਦੇ ਭਾਰਤ-ਪਾਕਿਸਤਾਨ ਸਮਝੌਤੇ, ਫ਼ੌਜੀ ਅਭਿਆਸਾਂ, ਜਹਾਜ਼ਾਂ ਦੇ ਰਸਤੇ ਵਿਚ ਤਬਦੀਲੀ ਅਤੇ ਫ਼ੌਜੀ ਆਵਾਜਾਈ ਦੀ ਅਗਾਊਂ ਸੂਚਨਾ ਨਾਲ ਸਬੰਧਤ ਸਮਝੌਤੇ ਦੇ ਆਰਟੀਕਲ 10 ਦੀ ਸਿੱਧੀ ਉਲੰਘਣਾ ਸੀ।’
ਪਾਕਿਸਤਾਨੀ ਡਿਪਲੋਮੈਟ ਨੂੰ ਕਿਹਾ ਗਿਆ ਹੈ ਕਿ ਉਹ ਸਬੰਧਤ ਪਾਕਿਸਤਾਨੀ ਅਧਿਕਾਰੀਆਂ ਤੱਕ ਇਹ ਸੁਨੇਹਾ ਪਹੁੰਚਾਉਣ ਕਿ ਸਾਰੀਆਂ ਫ਼ੌਜੀ ਇਕਾਈਆਂ ਨੂੰ ਲੋੜੀਂਦੀ ਸਾਵਧਾਨੀ ਵਰਤਣੀ ਚਾਹੀਦੀ ਹੈ ਅਤੇ ਦੋਵਾਂ ਧਿਰਾਂ ਵਿਚਾਲੇ ਹੋਏ ਸਬੰਧਤ ਸਮਝੌਤਿਆਂ ਦਾ ਸਨਮਾਨ ਕਰਨਾ ਚਾਹੀਦਾ ਹੈ, ਤਾਂ ਜੋ ਅਜਿਹੀਆਂ ਘਟਨਾਵਾਂ ਮੁੜ ਨਾ ਵਾਪਰਨ। ਭਾਰਤ ਨੇ ਇਸਲਾਮਾਬਾਦ ਸਥਿਤ ਆਪਣੇ ਇੰਚਾਰਜ ਹਾਈ ਕਮਿਸ਼ਨਰ ਨੂੰ ਵੀ ਹਦਾਇਤ ਦਿੱਤੀ ਹੈ ਕਿ ਉਹ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਕੋਲ ਇਸੇ ਤਰ੍ਹਾਂ ਦਾ ਵਿਰੋਧ ਦਰਜ ਕਰਵਾਉਣ।
ਇਹ ਹੋਇਆ ਘਟਨਾਕ੍ਰਮ
ਇਹ ਘਟਨਾ ਓਮਾਨ ਦੀ ਖਾੜੀ ਤੋਂ ਕਰੀਬ 120 ਸਮੁੰਦਰੀ ਮੀਲ ਦੂਰ 15 ਸਤੰਬਰ ਨੂੰ ਸ਼ਾਮ ਕਰੀਬ ਸੱਤ ਵਜੇ ਹੋਈ। ਭਾਰਤੀ ਜਲ ਸੈਨਾ ਦਾ ਇਕ ਮੂਹਰਲੀ ਕਤਾਰ ਦਾ ਜੰਗੀ ਬੇੜਾ ਕੋਲਕਾਤਾ ਕਲਾਸ ਡੈਸਟ੍ਰਾਇਰ ਉੱਥੇ ਨਿਯਮਤ ਨਿਗਰਾਨੀ ਮੁਹਿੰਮ ’ਤੇ ਸੀ। ਇਸੇ ਦੌਰਾਨ ਪਾਕਿਸਤਾਨੀ ਜਲ ਸੈਨਾ ਦਾ ਜਹਾਜ਼ ਪੀਐੱਨਐੱਸ ਹੁਨੈਨ ਤੇਜ਼ ਰਫ਼ਤਾਰ ਨਾਲ ਉਸ ਦੇ ਨੇੜੇ ਆਇਆ ਅਤੇ ਗ਼ੈਰ-ਪੇਸ਼ੇਵਰ ਤੇ ਅਸੁਰੱਖਿਅਤ ਢੰਗ ਨਾਲ ਭਾਰਤੀ ਜੰਗੀ ਬੇੜੇ ਨਾਲ ਟਕਰਾ ਗਿਆ।
ਪਾਕਿਸਤਾਨੀ ਜਲ ਸੈਨਾ ਵੱਲੋਂ ਕਰਵਾਏ ਜਾ ਰਹੇ ‘ਸੀ ਸਪਾਰਕ’ ਨਾਮਕ ਸਮੁੰਦਰੀ ਅਭਿਆਸ ਵਿਚ ਪੀਐੱਨਐੱਸ ਹੁਨੈਨ ਹਿੱਸਾ ਲੈ ਰਿਹਾ ਸੀ। ਭਾਰਤੀ ਪੱਖ ਵੱਲੋਂ ਵਾਰ-ਵਾਰ ਦਿੱਤੀ ਗਈ ਚਿਤਾਵਨੀ ਦੇ ਬਾਵਜੂਦ ਪਾਕਿਸਤਾਨੀ ਜੰਗੀ ਜਹਾਜ਼ ਨੇ ਭਾਰਤੀ ਜੰਗੀ ਬੇੜੇ ਨੂੰ ਟੱਕਰ ਮਾਰ ਦਿੱਤੀ। ਅਧਿਕਾਰਤ ਸੂਤਰਾਂ ਮੁਤਾਬਕ ਇਸ ਟੱਕਰ ਵਿਚ ਭਾਰਤੀ ਜੰਗੀ ਬੇੜੇ ਨੂੰ ਕੋਈ ਨੁਕਸਾਨ ਨਹੀਂ ਹੋਇਆ ਅਤੇ ਉਹ ਆਪਣੀ ਨਿਯਮਤ ਮੁਹਿੰਮ ਜਾਰੀ ਰੱਖ ਰਿਹਾ ਹੈ। ਇਸ ਦੇ ਉਲਟ ਪਾਕਿਸਤਾਨੀ ਜਹਾਜ਼ ਪੀਐੱਨਐੱਸ ਹੁਨੈਨ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ ਅਤੇ ਉਹ ਆਪਣੀ ਬੰਦਰਗਾਹ ਵੱਲ ਪਰਤ ਗਿਆ ਹੈ। ਘਟਨਾ ਓਮਾਨ ਦੀ ਖਾੜੀ ਤੋਂ ਕਰੀਬ 120 ਸਮੁੰਦਰੀ ਮੀਲ ਦੂਰ ਹੋਣ ਦੀ ਗੱਲ ਕਹੀ ਜਾ ਰਹੀ ਹੈ।
ਭਾਰਤੀ ਜਲ ਸੈਨਾ ਦੇ ਕਮਾਂਡਰ ਨੇ ਬੇਹੱਦ ਸੰਜਮ ਵਰਤਿਆ
ਅਧਿਕਾਰਤ ਸੂਤਰਾਂ ਦਾ ਕਹਿਣਾ ਹੈ ਕਿ ਭਾਰਤੀ ਜਲ ਸੈਨਾ ਦੇ ਕਮਾਂਡਰ ਨੇ ਬੇਹੱਦ ਸੰਜਮ ਦਿਖਾਉਂਦਿਆਂ ਗੰਭੀਰ ਹਾਦਸੇ ਨੂੰ ਟਾਲਣ ਦੀ ਕੋਸ਼ਿਸ਼ ਕੀਤੀ, ਨਹੀਂ ਤਾਂ ਜਾਨ-ਮਾਲ ਦਾ ਵੱਡਾ ਨੁਕਸਾਨ ਹੋ ਸਕਦਾ ਸੀ। ਜਹਾਜ਼ ਦੇ ਰਿਕਾਰਡ ਵਿਚ ਪਾਕਿਸਤਾਨੀ ਜਹਾਜ਼ ਵੱਲੋਂ ਕਿਸੇ ਮਕੈਨੀਕਲ ਖ਼ਰਾਬੀ ਦਾ ਕੋਈ ਸਬੂਤ ਨਹੀਂ ਮਿਲਿਆ, ਜਿਸ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਇਹ ਲਾਪਰਵਾਹੀ ਅਤੇ ਹਮਲਾਵਰ ਢੰਗ ਨਾਲ ਰਸਤਾ ਬਦਲਣ ਦਾ ਨਤੀਜਾ ਸੀ।
ਦੱਸਣਯੋਗ ਹੈ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਅਪ੍ਰੈਲ 1991 ਦੇ ਸਮਝੌਤੇ ਦੇ ਆਰਟੀਕਲ 10 ਮੁਤਾਬਕ ਦੋਵਾਂ ਦੇਸ਼ਾਂ ਦੇ ਫ਼ੌਜੀ ਜਹਾਜ਼ਾਂ ਨੂੰ ਹਾਦਸੇ ਤੋਂ ਬਚਣ ਲਈ ਘੱਟੋ-ਘੱਟ ਤਿੰਨ ਸਮੁੰਦਰੀ ਮੀਲ ਦੀ ਦੂਰੀ ਬਣਾਈ ਰੱਖਣ ਦੀ ਵਿਵਸਥਾ ਹੈ।