'ਕਾਇਰਾਂ ਦੇ ਜਾਣ ਤੋਂ ਬਾਅਦ ਕਾਂਗਰਸ 'ਚ ਸਿਰਫ਼ ਸ਼ੇਰ ਬਚੇ': ਰਾਹੁਲ ਦੇ ਬਿਆਨ ’ਤੇ ਮੱਲਿਕਾਰਜੁਨ ਖੜਗੇ ਦੀ ਮਜ਼ੇਦਾਰ ਚੁਟਕੀ, ਕਿਹਾ- ਉਹ ਸਾਰੇ ਤੁਹਾਡੇ ਹੀ ਦੋਸਤ ਸਨ ਯੂਥ ਕਾਂਗਰਸ ਦੇ ਵਰਕਰਾਂ ਨਾਲ ਰਾਹੁਲ ਗਾਂਧੀ ਦੀ ਗੱਲਬਾਤ ਦੌਰਾਨ ਉਨ੍ਹਾਂ ਅਤੇ ਪਾਰਟੀ ਪ੍ਰਧਾਨ ਮੱਲਿਕਾਰਜੁਨ ਖੜਗੇ ਵਿਚਾਲੇ ਖੁੱਲ੍ਹ ਕੇ ਚਰਚਾ ਹੋਈ। ਇਸ ਦੌਰਾਨ ਰਾਹੁਲ ਗਾਂਧੀ ਨੇ ਉਨ੍ਹਾਂ ਕਈ ਪ੍ਰਮੁੱਖ ਆਗੂਆਂ ਦਾ ਜ਼ਿਕਰ ਕੀਤਾ, ਜਿਨ੍ਹਾਂ ਨੇ ਪਿਛਲੇ ਕੁਝ ਸਾਲਾਂ ਦੌਰਾਨ ਪਾਰਟੀ ਛੱਡ ਦਿੱਤੀ ਹੈ। ਕੇਂਦਰੀ ਮੰਤਰੀ ਜਯੋਤਿਰਾਦਿੱਤਿਆ ਸਿੰਧੀਆ ਅਤੇ ਸਾਬਕਾ ਕੇਂਦਰੀ ਮੰਤਰੀ ਗੁਲਾਮ ਨਬੀ ਆਜ਼ਾਦ ਦੀ ਉਦਾਹਰਨ ਦਿੰਦਿਆਂ ਰਾਹੁਲ ਗਾਂਧੀ ਨੇ ਨੌਜਵਾਨ ਆਗੂਆਂ ਨੂੰ ਕਿਹਾ ਕਿ ਕਾਇਰਾਂ ਅਤੇ ਲਾਲਚੀਆਂ ਦੇ ਪਾਰਟੀ ਛੱਡ ਕੇ ਚਲੇ ਜਾਣ ਤੋਂ ਬਾਅਦ ਹੁਣ ਕਾਂਗਰਸ 'ਚ ਸਿਰਫ਼ ਸ਼ੇਰ ਹੀ ਬਚੇ ਹਨ।
Publish Date: Fri, 16 Oct 2026 11:27 AM (IST)
Updated Date: Fri, 16 Oct 2026 11:28 AM (IST)
ਡਿਜੀਟਲ ਡੈਸਕ, ਨਵੀਂ ਦਿੱਲੀ - ਯੂਥ ਕਾਂਗਰਸ ਦੇ ਵਰਕਰਾਂ ਨਾਲ ਰਾਹੁਲ ਗਾਂਧੀ ਦੀ ਗੱਲਬਾਤ ਦੌਰਾਨ ਉਨ੍ਹਾਂ ਅਤੇ ਪਾਰਟੀ ਪ੍ਰਧਾਨ ਮੱਲਿਕਾਰਜੁਨ ਖੜਗੇ ਵਿਚਾਲੇ ਖੁੱਲ੍ਹ ਕੇ ਚਰਚਾ ਹੋਈ। ਇਸ ਦੌਰਾਨ ਰਾਹੁਲ ਗਾਂਧੀ ਨੇ ਉਨ੍ਹਾਂ ਕਈ ਪ੍ਰਮੁੱਖ ਆਗੂਆਂ ਦਾ ਜ਼ਿਕਰ ਕੀਤਾ, ਜਿਨ੍ਹਾਂ ਨੇ ਪਿਛਲੇ ਕੁਝ ਸਾਲਾਂ ਦੌਰਾਨ ਪਾਰਟੀ ਛੱਡ ਦਿੱਤੀ ਹੈ। ਕੇਂਦਰੀ ਮੰਤਰੀ ਜਯੋਤਿਰਾਦਿੱਤਿਆ ਸਿੰਧੀਆ ਅਤੇ ਸਾਬਕਾ ਕੇਂਦਰੀ ਮੰਤਰੀ ਗੁਲਾਮ ਨਬੀ ਆਜ਼ਾਦ ਦੀ ਉਦਾਹਰਨ ਦਿੰਦਿਆਂ ਰਾਹੁਲ ਗਾਂਧੀ ਨੇ ਨੌਜਵਾਨ ਆਗੂਆਂ ਨੂੰ ਕਿਹਾ ਕਿ ਕਾਇਰਾਂ ਅਤੇ ਲਾਲਚੀਆਂ ਦੇ ਪਾਰਟੀ ਛੱਡ ਕੇ ਚਲੇ ਜਾਣ ਤੋਂ ਬਾਅਦ ਹੁਣ ਕਾਂਗਰਸ 'ਚ ਸਿਰਫ਼ ਸ਼ੇਰ ਹੀ ਬਚੇ ਹਨ।
‘ਰਾਹੁਲ ਦੇ ਦੋਸਤ ਹੀ ਕਾਂਗਰਸ ਛੱਡ ਕੇ ਗਏ’ ਇਕ ਨਿੱਜੀ ਚੈਨਲ ਦੀ ਰਿਪੋਰਟ 'ਚ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਇਸ ਮੌਕੇ ਖੜਗੇ ਨੇ ਗਾਂਧੀ ’ਤੇ ਹਲਕੇ-ਫੁਲਕੇ ਅੰਦਾਜ਼ 'ਚ ਤਨਜ਼ ਕਰਦਿਆਂ ਕਿਹਾ ਕਿ ਜਿਹੜੇ ਆਗੂ ਪਾਰਟੀ ਛੱਡ ਕੇ ਗਏ ਹਨ, ਉਹ ਸਾਰੇ ਉਨ੍ਹਾਂ ਦੇ ਦੋਸਤ ਸਨ। ਕਾਂਗਰਸੀ ਵਰਕਰਾਂ ਨਾਲ ਗੈਰ-ਰਸਮੀ ਗੱਲਬਾਤ ਦੌਰਾਨ ਰਾਹੁਲ ਗਾਂਧੀ ਨੇ ਰਾਜਨੀਤੀ 'ਚ ਦੋਸਤੀ ਅਤੇ ਦੁਸ਼ਮਣੀ ਨੂੰ ਲੈ ਕੇ ਆਪਣੇ ਨਜ਼ਰੀਏ ਬਾਰੇ ਇੱਕ ਦਿਲਚਸਪ ਗੱਲ ਸਾਂਝੀ ਕੀਤੀ।
ਰਿਪੋਰਟ ਮੁਤਾਬਕ, ਰਾਹੁਲ ਗਾਂਧੀ ਨੇ ਨੌਜਵਾਨ ਆਗੂਆਂ ਨੂੰ ਕਿਹਾ ਕਿ ਜਿਹੜੇ ਲੋਕ ਲਾਲਚੀ ਜਾਂ ਡਰਪੋਕ ਸਨ, ਉਨ੍ਹਾਂ ਨੇ ਪਾਰਟੀ ਛੱਡ ਦਿੱਤੀ। ਕੁਝ ਲੋਕ ਸਹੂਲਤਾਂ ਅਤੇ ਸੁਰੱਖਿਆ ਦੀ ਇੱਛਾ ਕਾਰਨ ਚਲੇ ਗਏ, ਜਦਕਿ ਕੁਝ ਨੇ ਇਨਫੋਰਸਮੈਂਟ ਡਾਇਰੈਕਟੋਰੇਟ (ED) ਅਤੇ ਕੇਂਦਰੀ ਜਾਂਚ ਬਿਊਰੋ (CBI) ਦੇ ਡਰ ਕਾਰਨ ਪਾਰਟੀ ਛੱਡ ਦਿੱਤੀ।
ਇਸ ’ਤੇ ਖੜਗੇ ਨੇ ਮਜ਼ਾਕੀਆ ਅੰਦਾਜ਼ 'ਚ ਕਿਹਾ, “ਉਹ ਸਾਰੇ ਤੁਹਾਡੇ ਦੋਸਤ ਸਨ।” ਇਸ ਟਿੱਪਣੀ ’ਤੇ ਕੁਝ ਅਸਹਿਜ ਹੁੰਦਿਆਂ ਰਾਹੁਲ ਗਾਂਧੀ ਨੇ ਜਵਾਬ ਦਿੱਤਾ, “ਮੇਰੀ ਭੈਣ (ਪ੍ਰਿਯੰਕਾ ਗਾਂਧੀ) ਇੱਥੇ ਹੀ ਬੈਠੀ ਹੈ। ਉਸ ਨੂੰ ਪਤਾ ਹੈ ਕਿ ਉਹ (ਸਿੰਧੀਆ) ਮੇਰਾ ਦੋਸਤ ਨਹੀਂ ਸੀ।”
ਰਾਹੁਲ ਗਾਂਧੀ ਨੇ ਸੁਣਾਇਆ ਦਾਦੀ ਇੰਦਰਾ ਗਾਂਧੀ ਨਾਲ ਜੁੜਿਆ ਕਿੱਸਾ
ਇਸ ਤੋਂ ਬਾਅਦ ਗਾਂਧੀ ਨੇ ਰਾਜਨੀਤਿਕ ਸਬੰਧਾਂ ਬਾਰੇ ਆਪਣੀ ਸੋਚ ਸਪੱਸ਼ਟ ਕਰਨ ਲਈ ਆਪਣੀ ਦਾਦੀ ਅਤੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨਾਲ ਜੁੜਿਆ ਇੱਕ ਕਿੱਸਾ ਸੁਣਾਇਆ। ਉਨ੍ਹਾਂ ਕਿਹਾ, “ਮੈਨੂੰ ਰਾਜਨੀਤੀ ਦੀ ਸਿੱਖਿਆ ਆਪਣੀ ਦਾਦੀ ਤੋਂ ਮਿਲੀ। ਇੱਕ ਵਾਰ ਮੈਂ ਉਨ੍ਹਾਂ ਨੂੰ ਪੁੱਛਿਆ ਕਿ ਤੁਹਾਡੀ ਸਭ ਤੋਂ ਚੰਗੀ ਦੋਸਤ ਕੌਣ ਹੈ? ਉਨ੍ਹਾਂ ਜਵਾਬ ਦਿੱਤਾ ਕਿ ਉਨ੍ਹਾਂ ਦੀ ਕੋਈ ਸਭ ਤੋਂ ਚੰਗੀ ਦੋਸਤ ਨਹੀਂ ਹੈ। ਮੈਂ ਇੱਕ ਅਜਿਹੀ ਮਹਿਲਾ ਦਾ ਨਾਂ ਲਿਆ, ਜੋ ਅਕਸਰ ਸਾਡੇ ਘਰ ਆਉਂਦੀ ਸੀ, ਅਤੇ ਪੁੱਛਿਆ ਕਿ ਕੀ ਉਹ ਤੁਹਾਡੀ ਸਭ ਤੋਂ ਚੰਗੀ ਦੋਸਤ ਨਹੀਂ ਹੈ? ਮੇਰੀ ਦਾਦੀ ਨੇ ਕਿਹਾ ਕਿ ਹੋ ਸਕਦਾ ਹੈ ਮੈਂ ਉਸ ਦੀ ਸਭ ਤੋਂ ਚੰਗੀ ਦੋਸਤ ਹੋਵਾਂ, ਪਰ ਉਹ ਮੇਰੀ ਸਭ ਤੋਂ ਚੰਗੀ ਦੋਸਤ ਨਹੀਂ ਹੈ।”
ਇਸ ਕਿੱਸੇ ਤੋਂ ਸਬਕ ਲੈਂਦਿਆਂ ਰਾਹੁਲ ਗਾਂਧੀ ਨੇ ਖੜਗੇ ਵੱਲ ਮੁੜ ਕੇ ਕਿਹਾ, “ਮੈਂ ਇੱਕ ਰਾਜਨੀਤਿਕ ਵਿਅਕਤੀ ਹਾਂ। ਜਿਹੜਾ ਮੇਰਾ ਦੋਸਤ ਦਿਖਾਈ ਦਿੰਦਾ ਹੈ, ਜ਼ਰੂਰੀ ਨਹੀਂ ਕਿ ਉਹ ਅਸਲ 'ਚ ਮੇਰਾ ਦੋਸਤ ਹੋਵੇ। ਇਸੇ ਤਰ੍ਹਾਂ ਜਿਹੜਾ ਮੇਰਾ ਦੁਸ਼ਮਣ ਲੱਗਦਾ ਹੈ, ਜ਼ਰੂਰੀ ਨਹੀਂ ਕਿ ਉਹ ਸੱਚਮੁੱਚ ਮੇਰਾ ਦੁਸ਼ਮਣ ਹੋਵੇ। ਤੁਹਾਡੇ ਲਈ ਇਹ ਪਛਾਣਨਾ ਬਹੁਤ ਮੁਸ਼ਕਲ ਹੈ ਕਿ ਮੇਰੇ ਅਸਲ ਦੋਸਤ ਕੌਣ ਹਨ।” ਸਿੰਧੀਆ ਹੁਣ ਨਰਿੰਦਰ ਮੋਦੀ ਸਰਕਾਰ 'ਚ ਮੰਤਰੀ ਹਨ। ਉਨ੍ਹਾਂ ਨੇ 2020 ਦੀ ਸ਼ੁਰੂਆਤ 'ਚ ਕਾਂਗਰਸ ਛੱਡ ਕੇ ਭਾਜਪਾ ਦਾ ਪੱਲਾ ਫੜ ਲਿਆ ਸੀ। ਪਾਰਟੀ ਛੱਡਣ ਤੋਂ ਪਹਿਲਾਂ ਉਨ੍ਹਾਂ ਨੂੰ ਰਾਹੁਲ ਗਾਂਧੀ ਦਾ ਕਰੀਬੀ ਦੋਸਤ ਮੰਨਿਆ ਜਾਂਦਾ ਸੀ।
ਰਾਹੁਲ ਗਾਂਧੀ ਨੇ ਵਰਕਰਾਂ ਨੂੰ ਖੜਗੇ ਦੀ ਦਿੱਤੀ ਉਦਾਹਰਨ ਗੱਲਬਾਤ ਦੌਰਾਨ ਰਾਹੁਲ ਗਾਂਧੀ ਨੇ ਖੜਗੇ ਦੀ ਉਦਾਹਰਨ ਦਿੰਦਿਆਂ ਦੱਸਿਆ ਕਿ ਦੋ ਵਾਰ ਮੁੱਖ ਮੰਤਰੀ ਬਣਨ ਦਾ ਮੌਕਾ ਗੁਆਉਣ ਦੇ ਬਾਵਜੂਦ ਕਾਂਗਰਸ ਪ੍ਰਧਾਨ ਨੇ ਕਦੇ ਵੀ ਆਪਣੀ ਵਿਚਾਰਧਾਰਾ ਨਾਲ ਸਮਝੌਤਾ ਨਹੀਂ ਕੀਤਾ। ਰਾਹੁਲ ਗਾਂਧੀ ਨੇ ਇਹ ਦਾਅਵਾ ਵੀ ਕੀਤਾ ਕਿ ਮੋਦੀ ਸਰਕਾਰ ਕੋਲ ਹੁਣ ਸਿਰਫ਼ ਅੱਠ ਤੋਂ ਦਸ ਮਹੀਨੇ ਬਾਕੀ ਹਨ।
ਰਾਹੁਲ ਗਾਂਧੀ ਨੇ ਯੂਥ ਕਾਂਗਰਸ, ਨੈਸ਼ਨਲ ਸਟੂਡੈਂਟਸ ਯੂਨੀਅਨ ਆਫ਼ ਇੰਡੀਆ (NSUI) ਅਤੇ ਸੇਵਾ ਦਲ ਦੇ ਲਗਭਗ 60 ਵਰਕਰਾਂ ਨੂੰ ਚਾਹ ’ਤੇ ਪਾਰਟੀ ਦੇ ਮੁੱਖ ਦਫ਼ਤਰ 'ਚ ਸੱਦਿਆ ਸੀ। ਉਨ੍ਹਾਂ ਨੇ ਵਰਕਰਾਂ ਨੂੰ ਆਪਣਾ ਕੰਮ ਜਾਰੀ ਰੱਖਣ ਲਈ ਉਤਸ਼ਾਹਿਤ ਕੀਤਾ ਅਤੇ ਕਿਹਾ ਕਿ ਵਿਰੋਧ ਪ੍ਰਦਰਸ਼ਨ ਅਤੇ ਸੰਘਰਸ਼ ਉਨ੍ਹਾਂ ਦੀ ਰਾਜਨੀਤਿਕ ਸਿਖਲਾਈ ਦਾ ਇੱਕ ਅਹਿਮ ਹਿੱਸਾ ਹਨ।