Jio ਤੋਂ Airtel 'ਚ ਨਹੀਂ ਕਰਨ ਦਿੱਤਾ ਨੰਬਰ ਪੋਰਟ, ਕਲਯੁਗੀ ਪੁੱਤ ਨੇ ਚਾਕੂ ਮਾਰ ਕੇ ਮਾਂ-ਪਿਓ ਨੂੰ ਉਤਾਰਿਆ ਮੌਤ ਦੇ ਘਾਟ
ਪੁਲਿਸ ਦੀ ਡੂੰਘੀ ਜਾਂਚ ਵਿੱਚ ਸਾਹਮਣੇ ਆਇਆ ਕਿ ਰੋਹਨ ਨੇ ਅਮਰੀਕਾ ਤੋਂ ਆਰਟੀਫੀਸ਼ੀਅਲ ਇੰਟੈਲੀਜੈਂਸ ਵਿੱਚ ਮਾਸਟਰਜ਼ ਕੀਤੀ ਹੋਈ ਸੀ ਅਤੇ ਉਹ ਆਪਣਾ ਏਆਈ ਟੂਲਸ ਆਧਾਰਿਤ ਸਟਾਰਟਅੱਪ ਸ਼ੁਰੂ ਕਰਨਾ ਚਾਹੁੰਦਾ ਸੀ। ਇਸ ਲਈ ਉਸਨੇ ਆਪਣੇ ਮਾਤਾ-ਪਿਤਾ ਤੋਂ 10 ਲੱਖ ਰੁਪਏ ਦੀ ਮੰਗ ਕੀਤੀ ਸੀ
Publish Date: Wed, 03 Jun 2026 01:52 PM (IST)
Updated Date: Wed, 03 Jun 2026 01:57 PM (IST)
ਡਿਜੀਟਲ ਡੈਸਕ, ਨਵੀਂ ਦਿੱਲੀ : ਬੇਂਗਲੁਰੂ ਵਿੱਚ ਇੱਕ ਦਿਲ ਕੰਬਾਊ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਸਾਫਟਵੇਅਰ ਇੰਜੀਨੀਅਰ ਰੋਹਨ ਚੰਦਰਾ 'ਤੇ ਆਪਣੇ ਹੀ ਮਾਤਾ-ਪਿਤਾ ਦਾ ਬੇਰਹਿਮੀ ਨਾਲ ਕਤਲ ਕਰਨ ਦਾ ਦੋਸ਼ ਲੱਗਾ ਹੈ। ਇਸ ਸਾਲ ਫਰਵਰੀ ਵਿੱਚ ਪੁਲਿਸ ਨੇ ਐਚਏਐਲ (HAL) ਟਾਊਨਸ਼ਿਪ ਨੇੜੇ ਵਿਗਿਆਨ ਨਗਰ ਸਥਿਤ ਇੱਕ ਵਿਲਾ ਵਿੱਚੋਂ ਰਿਟਾਇਰਡ ਨੇਵੀ ਕੈਪਟਨ ਨਵੀਨ ਚੰਦਰਾ ਭਟ ਅਤੇ ਉਨ੍ਹਾਂ ਦੀ ਪਤਨੀ ਸ਼ਿਆਮਲਾ ਭਟ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਸਨ।
ਦੋਵਾਂ ਦੇ ਸਰੀਰ 'ਤੇ ਚਾਕੂਆਂ ਦੇ ਕਈ ਨਿਸ਼ਾਨ ਸਨ। ਗੁਆਂਢ ਵਿੱਚ ਰਹਿਣ ਵਾਲੀ ਡਾਕਟਰ ਮਾਧਵੀ ਨਾਇਰ ਨੇ ਜ਼ਖਮੀ ਜੋੜੇ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਪਰ ਉਦੋਂ ਤੱਕ ਦੋਵੇਂ ਦਮ ਤੋੜ ਚੁੱਕੇ ਸਨ।
ਮੈਡੀਕਲ ਰਿਪੋਰਟ ਨੇ ਖੋਲ੍ਹਿਆ ਰਾਜ਼
ਘਟਨਾ ਤੋਂ ਤੁਰੰਤ ਬਾਅਦ ਸ਼ਿਆਮਲਾ ਭਟ ਦੇ ਬਿਆਨ ਦੇ ਆਧਾਰ 'ਤੇ ਪੁਲਿਸ ਨੇ ਸ਼ੁਰੂਆਤ ਵਿੱਚ ਰੋਹਨ ਨੂੰ 'ਸਿਜ਼ੋਫ੍ਰੇਨੀਆ' ਅਤੇ ਐਂਗਜ਼ਾਇਟੀ ਦਾ ਮਰੀਜ਼ ਮੰਨਦਿਆਂ ਨਿਮਹਾਂਸ ਹਸਪਤਾਲ ਵਿੱਚ ਭਰਤੀ ਕਰਵਾਇਆ ਸੀ ਪਰ ਇੱਕ ਹਫ਼ਤੇ ਦੀ ਨਿਗਰਾਨੀ ਅਤੇ ਜਾਂਚ ਤੋਂ ਬਾਅਦ ਡਾਕਟਰਾਂ ਨੇ ਰੋਹਨ ਨੂੰ ਬਿਲਕੁਲ ਤੰਦਰੁਸਤ ਕਰਾਰ ਦਿੱਤਾ।
ਡਿਪਟੀ ਕਮਿਸ਼ਨਰ ਆਫ਼ ਪੁਲਿਸ ਸੈਦੁਲੂ ਅਦਾਵਤ ਨੇ ਦੱਸਿਆ, "ਡਾਕਟਰਾਂ ਮੁਤਾਬਕ ਰੋਹਨ ਵਿੱਚ ਤਣਾਅ, ਐਂਗਜ਼ਾਇਟੀ ਜਾਂ ਸਿਜ਼ੋਫ੍ਰੇਨੀਆ ਦਾ ਕੋਈ ਲੱਛਣ ਨਹੀਂ ਪਾਇਆ ਗਿਆ। ਇਸ ਰਿਪੋਰਟ ਤੋਂ ਬਾਅਦ ਹੀ ਸਾਨੂੰ ਉਸ ਕੋਲੋਂ ਪੁੱਛਗਿੱਛ ਕਰਨ ਅਤੇ ਅਦਾਲਤੀ ਕਾਰਵਾਈ ਅੱਗੇ ਵਧਾਉਣ ਦੀ ਹਰੀ ਝੰਡੀ ਮਿਲੀ।"
ਕਤਲ ਦੇ ਪਿੱਛੇ ਦੀ ਖ਼ੌਫ਼ਨਾਕ ਵਜ੍ਹਾ
ਪੁਲਿਸ ਦੀ ਡੂੰਘੀ ਜਾਂਚ ਵਿੱਚ ਸਾਹਮਣੇ ਆਇਆ ਕਿ ਰੋਹਨ ਨੇ ਅਮਰੀਕਾ ਤੋਂ ਆਰਟੀਫੀਸ਼ੀਅਲ ਇੰਟੈਲੀਜੈਂਸ ਵਿੱਚ ਮਾਸਟਰਜ਼ ਕੀਤੀ ਹੋਈ ਸੀ ਅਤੇ ਉਹ ਆਪਣਾ ਏਆਈ ਟੂਲਸ ਆਧਾਰਿਤ ਸਟਾਰਟਅੱਪ ਸ਼ੁਰੂ ਕਰਨਾ ਚਾਹੁੰਦਾ ਸੀ। ਇਸ ਲਈ ਉਸਨੇ ਆਪਣੇ ਮਾਤਾ-ਪਿਤਾ ਤੋਂ 10 ਲੱਖ ਰੁਪਏ ਦੀ ਮੰਗ ਕੀਤੀ ਸੀ ਪਰ ਉਨ੍ਹਾਂ ਨੇ ਨੌਕਰੀ ਕਰਨ ਦੀ ਸਲਾਹ ਦਿੰਦੇ ਹੋਏ ਪੈਸੇ ਦੇਣ ਤੋਂ ਮਨ੍ਹਾ ਕਰ ਦਿੱਤਾ।
ਦੂਜਾ ਵਿਵਾਦ ਮੋਬਾਈਲ ਨੰਬਰ ਨੂੰ ਜੀਓ (Jio) ਤੋਂ ਏਅਰਟੈੱਲ (Airtel) ਵਿੱਚ ਪੋਰਟ ਕਰਵਾਉਣ ਨੂੰ ਲੈ ਕੇ ਹੋਇਆ। ਰੋਹਨ ਲੰਬੇ ਸਮੇਂ ਤੋਂ ਵਰਤੇ ਜਾ ਰਹੇ ਨੰਬਰ ਨੂੰ ਬਦਲਣਾ ਚਾਹੁੰਦਾ ਸੀ, ਪਰ ਪਿਤਾ ਨੇ ਇਸਦੀ ਇਜਾਜ਼ਤ ਨਹੀਂ ਦਿੱਤੀ। 11 ਫਰਵਰੀ ਨੂੰ ਇਸੇ ਗੱਲ 'ਤੇ ਹੋਈ ਤਿੱਖੀ ਬਹਿਸ ਨੇ ਖ਼ੂਨੀ ਰੂਪ ਧਾਰਨ ਕਰ ਲਿਆ।
500 ਪੰਨਿਆਂ ਦੀ ਚਾਰਜਸ਼ੀਟ ਤੇ ਮਜ਼ਬੂਤ ਸਬੂਤ
ਪੁਲਿਸ ਨੇ ਇਸ ਮਾਮਲੇ ਵਿੱਚ ਅਦਾਲਤ ਵਿੱਚ 500 ਪੰਨਿਆਂ ਦੀ ਚਾਰਜਸ਼ੀਟ ਦਾਖ਼ਲ ਕੀਤੀ ਹੈ। ਇਸ ਵਿੱਚ 40 ਗਵਾਹਾਂ ਦੇ ਬਿਆਨ ਅਤੇ ਫੋਰੈਂਸਿਕ ਸਾਇੰਸ ਲੈਬਾਰਟਰੀ (FSL) ਦੀ ਰਿਪੋਰਟ ਸ਼ਾਮਲ ਹੈ।
ਫੋਰੈਂਸਿਕ ਰਿਪੋਰਟ ਵਿੱਚ ਪੁਸ਼ਟੀ ਹੋਈ ਹੈ ਕਿ ਰੋਹਨ ਦੇ ਕੱਪੜਿਆਂ 'ਤੇ ਮਿਲੇ ਖ਼ੂਨ ਦੇ ਧੱਬੇ ਉਸ ਦੇ ਮਾਤਾ-ਪਿਤਾ ਦੇ ਹੀ ਸਨ। ਪੁਲਿਸ ਦਾ ਕਹਿਣਾ ਹੈ ਕਿ ਇਹ ਵਿਗਿਆਨਕ ਸਬੂਤ ਰੋਹਨ ਨੂੰ ਗੁਨਾਹਗਾਰ ਸਾਬਤ ਕਰਨ ਲਈ ਪੂਰੀ ਤਰ੍ਹਾਂ ਕਾਫ਼ੀ ਹਨ।