ਡਿੱਗਣ 'ਤੇ ਕੋਈ ਕਿਸੇ ਨੂੰ ਚੁੰਮਦਾ ਨਹੀਂ', ਮੁੰਬਈ ਅਦਾਲਤ ਨੇ ਸੇਲਜ਼ਵੂਮਨ ਨਾਲ ਛੇੜਛਾੜ ਦੇ ਮਾਮਲੇ 'ਚ ਦੋਸ਼ੀ ਨੂੰ ਸੁਣਾਈ ਸਜ਼ਾ
ਇਹ ਘਟਨਾ 17 ਸਤੰਬਰ 2025 ਨੂੰ ਬੋਰੀਵਲੀ ਵੈਸਟ ਦੇ ਇੱਕ ਮਾਲ ਵਿੱਚ ਵਾਪਰੀ ਸੀ। ਸ਼ਾਮ ਲਗਭਗ 6 ਵਜੇ ਪੀੜਤਾ ਆਪਣੀ ਡਿਊਟੀ ਦੌਰਾਨ ਇੱਕ ਕੋਲਡ ਡ੍ਰਿੰਕ ਦੀ ਬੋਤਲ ਲੈ ਕੇ ਬਿਲਿੰਗ ਕਾਊਂਟਰ ਵੱਲ ਜਾ ਰਹੀ ਸੀ।
Publish Date: Sun, 13 Sep 2026 10:45 AM (IST)
Updated Date: Sun, 13 Sep 2026 10:51 AM (IST)
ਡਿਜੀਟਲ ਡੈਸਕ, ਮੁੰਬਈ : ਮੁੰਬਈ ਦੀ ਇੱਕ ਸੈਸ਼ਨ ਅਦਾਲਤ ਨੇ ਬੋਰੀਵਲੀ ਦੇ ਇੱਕ ਮਾਲ ਵਿੱਚ ਕੰਮ ਕਰਨ ਵਾਲੀ ਸੇਲਜ਼ਵੂਮਨ ਨੂੰ ਜ਼ਬਰਦਸਤੀ ਚੁੰਮਣ ਦੇ ਦੋਸ਼ ਹੇਠ 34 ਸਾਲਾ ਕਲੀਨਰ ਰਿਤੇਸ਼ ਅਰਮੁੱਲਾ ਨੂੰ ਇੱਕ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਦੋਸ਼ੀ ਨੇ ਬਚਾਅ 'ਚ ਕਿਹਾ ਸੀ ਕਿ ਉਹ ਗਲਤੀ ਨਾਲ ਪੀੜਤ ਦੇ ਉੱਪਰ ਫਿਸਲ ਕੇ ਡਿੱਗ ਗਿਆ ਸੀ ਪਰ ਅਦਾਲਤ ਨੇ ਇਸ ਦਲੀਲ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ।
ਜੱਜ ਨੇ ਬਚਾਅ ਪੱਖ ਦੀਆਂ ਦਲੀਲਾਂ ਨੂੰ ਰੱਦ ਕਰਦਿਆਂ ਸਪੱਸ਼ਟ ਕੀਤਾ ਕਿ ਜੇਕਰ ਕੋਈ ਵਿਅਕਤੀ ਫਿਸਲ ਕੇ ਕਿਸੇ ਹੋਰ 'ਤੇ ਡਿੱਗਦਾ ਵੀ ਹੈ ਤਾਂ ਉਸਦੀ ਕੁਦਰਤੀ ਪ੍ਰਤੀਕਿਰਿਆ ਉਸ ਵਿਅਕਤੀ ਨੂੰ ਚੁੰਮਣ ਦੀ ਨਹੀਂ ਹੁੰਦੀ। ਵਾਧੂ ਸੈਸ਼ਨ ਜੱਜ ਪੀ.ਏ. ਸਾਣੇ ਨੇ ਪੀੜਤਾ ਦੀ ਗਵਾਹੀ ਨੂੰ ਪੂਰੀ ਤਰ੍ਹਾਂ ਭਰੋਸੇਯੋਗ ਮੰਨਿਆ।
ਉਨ੍ਹਾਂ ਕਿਹਾ ਕਿ ਅਜਿਹਾ ਕੋਈ ਕਾਰਨ ਜਾਂ ਸਬੂਤ ਰਿਕਾਰਡ 'ਚ ਨਹੀਂ ਹੈ ਜਿਸ ਤੋਂ ਸਾਬਤ ਹੋਵੇ ਕਿ ਪੀੜਤਾ ਦੋਸ਼ੀ ਨੂੰ ਪਹਿਲਾਂ ਤੋਂ ਜਾਣਦੀ ਸੀ ਜਾਂ ਉਹ ਉਸਨੂੰ ਕਿਸੇ ਝੂਠੇ ਕੇਸ 'ਚ ਫਸਾਉਣਾ ਚਾਹੁੰਦੀ ਸੀ।
ਅਦਾਲਤ ਨੇ ਮੰਨਿਆ ਕਿ ਇਹ ਕਾਰਾ ਪੂਰੀ ਤਰ੍ਹਾਂ ਜਾਣਬੁੱਝ ਕੇ ਕੀਤਾ ਗਿਆ ਸੀ ਅਤੇ ਦੋਸ਼ੀ ਨੇ ਸਪੱਸ਼ਟ ਜਿਨਸੀ ਮਨਸ਼ਾ ਨਾਲ ਅਣਚਾਹਿਆ ਸਰੀਰਕ ਸੰਪਰਕ ਬਣਾਇਆ।
ਭਾਰਤੀ ਨਿਆਏ ਸੰਹਿਤਾ ਤਹਿਤ ਸਜ਼ਾ ਦਾ ਐਲਾਨ
ਇਹ ਮਾਮਲਾ ਭਾਰਤੀ ਡੰਡ ਸੰਹਿਤਾ (IPC) ਦੀ ਜਗ੍ਹਾ ਲਾਗੂ ਹੋਈ ਨਵੀਂ ਭਾਰਤੀ ਨਿਆਏ ਸੰਹਿਤਾ (BNS) ਤਹਿਤ ਦਰਜ ਸ਼ੁਰੂਆਤੀ ਦੋਸ਼-ਸਿੱਧੀ (ਦੋਸ਼ੀ ਕਰਾਰ ਦੇਣ) ਦੇ ਮਾਮਲਿਆਂ ਵਿੱਚੋਂ ਇੱਕ ਹੈ।
ਅਦਾਲਤ ਨੇ ਦੋਸ਼ੀ ਨੂੰ ਬੀ.ਐੱਨ.ਐੱਸ. ਦੀ ਧਾਰਾ 74, ਜੋ ਔਰਤ ਦੀ ਸ਼ਾਨ ਨੂੰ ਠੇਸ ਪਹੁੰਚਾਉਣ ਦੇ ਇਰਾਦੇ ਨਾਲ ਅਪਰਾਧਿਕ ਬਲ ਦੀ ਵਰਤੋਂ ਨਾਲ ਸਬੰਧਤ ਹੈ, ਤਹਿਤ ਇੱਕ ਸਾਲ ਦੀ ਸਖ਼ਤ ਕੈਦ ਅਤੇ 1,000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ।
ਇਸਦੇ ਨਾਲ ਹੀ, ਧਾਰਾ 75 (ਜਿਨਸੀ ਸ਼ੋਸ਼ਣ) ਤਹਿਤ ਇੱਕ ਸਾਲ ਦੀ ਸਾਧਾਰਨ ਕੈਦ ਅਤੇ 500 ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ। ਅਦਾਲਤ ਦੇ ਹੁਕਮਾਂ ਅਨੁਸਾਰ ਦੋਵੇਂ ਸਜ਼ਾਵਾਂ ਇਕੱਠੀਆਂ ਚੱਲਣਗੀਆਂ ਅਤੇ ਦੋਸ਼ੀ ਵੱਲੋਂ ਹਿਰਾਸਤ 'ਚ ਬਿਤਾਏ ਸਮੇਂ ਨੂੰ ਸਜ਼ਾ 'ਚ ਸਮਾਯੋਜਿਤ (ਐਡਜਸਟ) ਕੀਤਾ ਜਾਵੇਗਾ।
ਮਾਲ 'ਚ ਹੋਈ ਸੀ ਛੇੜਛਾੜ ਦੀ ਘਟਨਾ
ਇਹ ਘਟਨਾ 17 ਸਤੰਬਰ 2025 ਨੂੰ ਬੋਰੀਵਲੀ ਵੈਸਟ ਦੇ ਇੱਕ ਮਾਲ ਵਿੱਚ ਵਾਪਰੀ ਸੀ। ਸ਼ਾਮ ਲਗਭਗ 6 ਵਜੇ ਪੀੜਤਾ ਆਪਣੀ ਡਿਊਟੀ ਦੌਰਾਨ ਇੱਕ ਕੋਲਡ ਡ੍ਰਿੰਕ ਦੀ ਬੋਤਲ ਲੈ ਕੇ ਬਿਲਿੰਗ ਕਾਊਂਟਰ ਵੱਲ ਜਾ ਰਹੀ ਸੀ।
ਉਦੋਂ ਹੀ ਗੁਲਾਬੀ ਸ਼ਰਟ ਪਾਏ ਦੋਸ਼ੀ ਨੇ ਉਸ ਤੋਂ ਵਾਸ਼ਰੂਮ ਦਾ ਰਸਤਾ ਪੁੱਛਿਆ। ਪੀੜਤਾ ਦੁਆਰਾ ਦਿਸ਼ਾ ਦੱਸਣ ਦੇ ਬਾਵਜੂਦ, ਉਹ ਲਗਾਤਾਰ ਜ਼ਿੱਦ ਕਰਨ ਲੱਗਾ ਕਿ ਉਹ ਉਸਨੂੰ ਉੱਥੇ ਛੱਡ ਕੇ ਆਵੇ।
ਜਦੋਂ ਪੀੜਤਾ ਨੇ ਉਸਦੀ ਗੱਲ ਅਣਸੁਣੀ ਕਰ ਦਿੱਤੀ ਅਤੇ ਅੱਗੇ ਵਧ ਗਈ, ਤਾਂ ਦੋਸ਼ੀ ਨੇ ਪਿੱਛੋਂ ਆ ਕੇ ਉਸਨੂੰ ਧੱਕਾ ਮਾਰਿਆ ਅਤੇ ਜ਼ਬਰਦਸਤੀ ਚੁੰਮ ਲਿਆ।
ਪੀੜਤਾ ਦੇ ਹੇਠਾਂ ਡਿੱਗਣ 'ਤੇ ਉਸਨੇ ਇਸ ਹਰਕਤ ਨੂੰ ਦੁਬਾਰਾ ਦੁਹਰਾਇਆ। ਇਸ ਤੋਂ ਤੁਰੰਤ ਬਾਅਦ ਮਾਲ ਦੇ ਕਰਮਚਾਰੀਆਂ ਅਤੇ ਹੋਰ ਲੋਕਾਂ ਨੇ ਉਸਨੂੰ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ।
ਪੁਲਿਸ ਨੇ ਕੀਤੀ ਸੀ ਤੁਰੰਤ ਕਾਰਵਾਈ ਘਟਨਾ ਵਾਲੇ ਦਿਨ ਹੀ ਪੁਲਿਸ ਨੇ ਐੱਫ.ਆਈ.ਆਰ. ਦਰਜ ਕਰ ਲਈ ਸੀ। ਪੁਲਿਸ ਨੇ ਮੌਕੇ ਦਾ ਪੰਚਨਾਮਾ ਕੀਤਾ, ਸੀ.ਸੀ.ਟੀ.ਵੀ. ਫੁਟੇਜ ਇਕੱਠੀ ਕੀਤੀ ਅਤੇ 11 ਨਵੰਬਰ 2025 ਨੂੰ ਚਾਰਜਸ਼ੀਟ ਦਾਖਲ ਕਰ ਦਿੱਤੀ। ਇਸ ਤੋਂ ਬਾਅਦ 4 ਜੁਲਾਈ 2026 ਨੂੰ ਦੋਸ਼ੀ 'ਤੇ ਦੋਸ਼ ਤੈਅ ਕੀਤੇ ਗਏ।
ਮਹਿਜ਼ ਦੋ ਮਹੀਨੇ ਚੱਲੇ ਇਸ ਮੁਕੱਦਮੇ 'ਚ ਸਰਕਾਰੀ ਪੱਖ (ਅਭਿਯੋਜਨ) ਨੇ ਪੀੜਤਾ, ਇੱਕ ਚਸ਼ਮਦੀਦ ਗਵਾਹ, ਤਫਤੀਸ਼ੀ ਅਧਿਕਾਰੀ ਅਤੇ ਸੀ.ਸੀ.ਟੀ.ਵੀ. ਫੁਟੇਜ ਨਾਲ ਜੁੜੇ ਇੱਕ ਕਰਮਚਾਰੀ ਨੂੰ ਪੇਸ਼ ਕੀਤਾ।
ਬਚਾਅ ਪੱਖ ਨੇ ਘਟਨਾ ਨੂੰ ਮਹਿਜ਼ ਇੱਕ ਹਾਦਸਾ ਦੱਸਦਿਆਂ ਇਰਾਦੇ ਅਤੇ ਸੀ.ਸੀ.ਟੀ.ਵੀ. ਫੁਟੇਜ ਦੇ ਸਬੂਤਾਂ 'ਤੇ ਸਵਾਲ ਚੁੱਕੇ ਸਨ, ਪਰ ਅਦਾਲਤ ਨੇ ਚਸ਼ਮਦੀਦ ਅਤੇ ਪੀੜਤਾ ਦੇ ਜ਼ੁਬਾਨੀ ਸਬੂਤਾਂ ਨੂੰ ਕਾਫੀ ਅਤੇ ਭਰੋਸੇਯੋਗ ਮੰਨਦਿਆਂ ਦੋਸ਼ੀ ਨੂੰ ਦੋਸ਼ੀ ਕਰਾਰ ਦਿੱਤਾ।