ਰਾਸ਼ਟਰਪਤੀ ਮੁਰਮੂ ਵੱਲੋਂ ਝੰਡਾ ਲਹਿਰਾਉਣ ਨਾਲ ਨਾਸਿਕ ਕੁੰਭ ਦਾ ਆਰੰਭ, 24 ਜੁਲਾਈ 2028 ਨੂੰ ਹੋਵੇਗੀ ਸਮਾਪਤੀ
ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਸ਼ਨਿੱਚਰਵਾਰ ਨੂੰ ਗੋਦਾਵਰੀ ਨਦੀ ਦੇ ਕੰਢੇ ਸਥਿਤ ਰਾਮਕੁੰਡ ਵਿਚ ਝੰਡਾ ਲਹਿਰਾ ਕੇ ਇਤਿਹਾਸਕ ਨਾਸਿਕ-ਤ੍ਰਿੰਬਕੇਸ਼ਵਰ ਸਿੰਹਸਥ ਕੁੰਭ ਮੇਲੇ ਦੀ ਸ਼ੁਰੂਆਤ ਕੀਤੀ। ਵੈਦਿਕ ਮੰਤਰਾਂ ਦੇ ਉਚਾਰਨ ਦਰਮਿਆਨ ਰਾਸ਼ਟਰਪਤੀ ਨੇ ਪੂਜਾ-ਅਰਚਨਾ ਕੀਤੀ
Publish Date: Sun, 01 Nov 2026 12:26 PM (IST)
Updated Date: Sun, 01 Nov 2026 12:31 PM (IST)
ਸਟੇਟ ਬਿਊਰੋ, ਮੁੰਬਈ : ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਸ਼ਨਿੱਚਰਵਾਰ ਨੂੰ ਗੋਦਾਵਰੀ ਨਦੀ ਦੇ ਕੰਢੇ ਸਥਿਤ ਰਾਮਕੁੰਡ ਵਿਚ ਝੰਡਾ ਲਹਿਰਾ ਕੇ ਇਤਿਹਾਸਕ ਨਾਸਿਕ-ਤ੍ਰਿੰਬਕੇਸ਼ਵਰ ਸਿੰਹਸਥ ਕੁੰਭ ਮੇਲੇ ਦੀ ਸ਼ੁਰੂਆਤ ਕੀਤੀ। ਵੈਦਿਕ ਮੰਤਰਾਂ ਦੇ ਉਚਾਰਨ ਦਰਮਿਆਨ ਰਾਸ਼ਟਰਪਤੀ ਨੇ ਪੂਜਾ-ਅਰਚਨਾ ਕੀਤੀ ਅਤੇ ਧਾਰਮਿਕ ਝੰਡਾ ਲਹਿਰਾਇਆ। ਇਸ ਮੌਕੇ ਮਹਾਰਾਸ਼ਟਰ ਦੇ ਰਾਜਪਾਲ ਜਿਸ਼ਣੁਦੇਵ ਵਰਮਾ, ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਅਤੇ ਸੁਨੇਤਰਾ ਪਵਾਰ ਸਮੇਤ ਕਈ ਸੀਨੀਅਰ ਅਧਿਕਾਰੀ ਮੌਜੂਦ ਸਨ।
ਇਸ ਮੌਕੇ ਨਾਸਿਕ ਸ਼ਹਿਰ ਤੋਂ ਕਰੀਬ 30 ਕਿੱਲੋਮੀਟਰ ਦੂਰ ਤ੍ਰਿੰਬਕੇਸ਼ਵਰ ਵਿਖੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਦੁਪਹਿਰ 12:02 ਵਜੇ ਰਵਾਇਤੀ ਝੰਡਾ ਲਹਿਰਾਇਆ। ਇਸ ਮੌਕੇ ਸ਼੍ਰਿੰਗੇਰੀ ਬੈਂਚ ਦੇ ਸ਼ੰਕਰਾਚਾਰਯ ਵਿਧੁਸ਼ੇਖਰ ਭਾਰਤੀ ਵੀ ਖ਼ਾਸ ਤੌਰ ’ਤੇ ਹਾਜ਼ਰ ਸਨ। ਰਾਮਕੁੰਡ ਵਿਖੇ ਰਸਮਾਂ ਪੁਰੋਹਿਤ ਸੰਘ ਦੇ ਪ੍ਰਧਾਨ ਚੰਦਰਸ਼ੇਖਰ ਪੰਚਾਕਸ਼ਰੀ ਅਤੇ ਸਿੰਹਸਥ ਕਮੇਟੀ ਦੇ ਮੁੱਖ ਟਰੱਸਟੀ ਸਤੀਸ਼ ਸ਼ੁਕਲਾ ਨੇ ਸੰਪੰਨ ਕਰਵਾਈਆਂ। ਕੁੰਭ ਮੇਲੇ ਦੇ ਇਸ ਪਵਿੱਤਰ ਆਗਾਜ਼ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਤਪੋਵਨ ਮੈਦਾਨ ਤੋਂ ਰਾਮਤੀਰਥ ਪੰਚਵਟੀ ਹੁੰਦੇ ਹੋਏ ਰਾਮਕੁੰਡ ਤੱਕ ਵਿਸ਼ਾਲ ‘ਮਹਾਧਵਜ ਗ੍ਰਾਮ ਪਰਿਕਰਮਾ’ ਕੱਢੀ ਗਈ। ਇਸ ਵਿਚ ਹਜ਼ਾਰਾਂ ਸ਼ਰਧਾਲੂਆਂ ਅਤੇ ਸਾਧੂ-ਸੰਤਾਂ ਨੇ ਹਿੱਸਾ ਲਿਆ।
ਸ਼ਨਿੱਚਰਵਾਰ ਤੋਂ ਸ਼ੁਰੂ ਹੋਇਆ ਇਹ ਸਿੰਹਸਥ ਕੁੰਭ ਮੇਲਾ ਅਗਲੇ 21 ਮਹੀਨਿਆਂ ਤੱਕ ਚੱਲੇਗਾ ਅਤੇ 24 ਜੁਲਾਈ 2028 ਨੂੰ ਸਮਾਪਤ ਹੋਵੇਗਾ। ਤ੍ਰਿੰਬਕੇਸ਼ਵਰ ਵਿਖੇ ਇਸ ਦੀ ਸਮਾਪਤੀ 27 ਫਰਵਰੀ 2028 ਨੂੰ ਹੋਵੇਗੀ। ਮੇਲੇ ਦਾ ਪਹਿਲਾ ‘ਅੰਮ੍ਰਿਤ ਇਸ਼ਨਾਨ’ ਅਗਲੇ ਸਾਲ 2 ਅਗਸਤ ਨੂੰ ਹਾੜ ਸੋਮਵਤੀ ਅਮਾਵੱਸਿਆ ਮੌਕੇ ਹੋਵੇਗਾ। ਦੂਜਾ ਅੰਮ੍ਰਿਤ ਇਸ਼ਨਾਨ 31 ਅਗਸਤ (ਸਾਵਣ ਅਮਾਵੱਸਿਆ) ਅਤੇ ਤੀਜਾ 11 ਸਤੰਬਰ (ਭਾਦੋਂ ਸ਼ੁੱਧ ਇਕਾਦਸ਼ੀ) ਨੂੰ ਨਿਰਧਾਰਤ ਕੀਤਾ ਗਿਆ ਹੈ। ਰਵਾਇਤ ਮੁਤਾਬਕ ਵੈਸ਼ਣਵ ਅਖਾੜੇ 11 ਸਤੰਬਰ ਨੂੰ ਨਾਸਿਕ ਦੇ ਰਾਮਕੁੰਡ ਵਿਚ ਇਸ਼ਨਾਨ ਕਰਨਗੇ, ਜਦਕਿ ਸ਼ੈਵ ਅਖਾੜੇ ਅਗਲੇ ਦਿਨ ਤ੍ਰਿੰਬਕੇਸ਼ਵਰ ਦੇ ਕੁਸ਼ਾਵਰਤ ਕੁੰਡ ਵਿਚ ਇਸ਼ਨਾਨ ਕਰਨਗੇ।
ਦੇਸ਼ ਵਿਚ ਲੱਗਣ ਵਾਲੇ ਕੁੰਭ ਮੇਲਿਆਂ ਵਿਚ ਨਾਸਿਕ ਦਾ ਸਿੰਹਸਥ ਕੁੰਭ ਹੀ ਇਕੱਲਾ ਅਜਿਹਾ ਹੈ, ਜਿੱਥੇ ਵੈਸ਼ਣਵ ਅਖਾੜੇ ਨਾਸਿਕ ਵਿਚ ਗੋਦਾਵਰੀ ਨਦੀ ਵਿੱਚ ਜਦਕਿ ਸ਼ੈਵ ਅਖਾੜੇ ਉੱਥੋਂ 30 ਕਿੱਲੋਮੀਟਰ ਦੂਰ ਤ੍ਰਿੰਬਕੇਸ਼ਵਰ ਦੇ ਕੁਸ਼ਾਵਰਤ ਕੁੰਡ ਵਿਚ ਇਸ਼ਨਾਨ ਕਰਦੇ ਹਨ।