ਕਾਂਗਰਸ ਉਮੀਦਵਾਰ ਮਿਲਨ ਪ੍ਰਧਾਨ ’ਤੇ 5ਵਾਂ ਕੇਸ ਦਰਜ, ਪਾਰਟੀ ਕਰੇਗੀ ਜਮਾਨਤ ਲਈ ਹਾਈ ਕੋਰਟ ਦਾ ਰੁਖ
ਨੰਦੀਗ੍ਰਾਮ ਉਪਚੋਣ ’ਚ ਕਾਂਗਰਸ ਉਮੀਦਵਾਰ ਮਿਲਨ ਪ੍ਰਧਾਨ ਖ਼ਿਲਾਫ਼ ਪੰਜਵਾਂ ਮਾਮਲਾ ਦਰਜ ਕੀਤਾ ਗਿਆ ਹੈ। ਇਸ ਤੋਂ ਬਾਅਦ ਕਾਂਗਰਸ ਨੇ ਉਨ੍ਹਾਂ ਦੀ ਜ਼ਮਾਨਤ ਲਈ ਕਲਕੱਤਾ ਹਾਈ ਕੋਰਟ ਦਾ ਰੁਖ ਕਰਨ ਦਾ ਫ਼ੈਸਲਾ ਕੀਤਾ ਹੈ।
Publish Date: Mon, 21 Sep 2026 12:51 PM (IST)
Updated Date: Mon, 21 Sep 2026 12:54 PM (IST)
ਡਿਜੀਟਲ ਡੈਸਕ, ਕੋਲਕਾਤਾ: ਕਾਂਗਰਸ ਦੇ ਨੰਦੀਗ੍ਰਾਮ ਉਪਚੋਣ ਉਮੀਦਵਾਰ ਮਿਲਨ ਪ੍ਰਧਾਨ ਖ਼ਿਲਾਫ਼ ਐਤਵਾਰ ਨੂੰ ਇੱਕ ਹੋਰ ਮਾਮਲਾ ਦਰਜ ਕੀਤਾ ਗਿਆ, ਜਿਸ ਨਾਲ ਉਨ੍ਹਾਂ ਖ਼ਿਲਾਫ਼ ਦਰਜ ਮਾਮਲਿਆਂ ਦੀ ਗਿਣਤੀ ਵੱਧ ਕੇ ਪੰਜ ਹੋ ਗਈ ਹੈ। ਇਸ ਤੋਂ ਬਾਅਦ ਕਾਂਗਰਸ ਨੇ ਕਿਹਾ ਹੈ ਕਿ ਉਹ ਪ੍ਰਧਾਨ ਦੀ ਜ਼ਮਾਨਤ ਲਈ ਕਲਕੱਤਾ ਹਾਈ ਕੋਰਟ ਦਾ ਰੁਖ ਕਰੇਗੀ। ਮਿਲਨ ਪ੍ਰਧਾਨ ਪਹਿਲਾਂ ਹੀ 3 ਅਕਤੂਬਰ ਤੱਕ ਨਿਆਂਇਕ ਹਿਰਾਸਤ ’ਚ ਹਨ। ਉਨ੍ਹਾਂ ਖ਼ਿਲਾਫ਼ 2007 ਦੇ ਜ਼ਮੀਨ ਅਧਿਗ੍ਰਹਿਣ ਅੰਦੋਲਨ ਦੌਰਾਨ ਨੰਦੀਗ੍ਰਾਮ ਥਾਣੇ ’ਚ ਕਤਲ ਸਮੇਤ ਹੋਰ ਧਾਰਾਵਾਂ ਤਹਿਤ ਮਾਮਲੇ ਦਰਜ ਕੀਤੇ ਗਏ ਸਨ। ਉਨ੍ਹਾਂ ਨੂੰ ਚਾਰ ਲੰਬਿਤ ਗੈਰ-ਜ਼ਮਾਨਤੀ ਵਾਰੰਟਾਂ ਨਾਲ ਜੁੜੇ ਮਾਮਲਿਆਂ ’ਚ ਗ੍ਰਿਫ਼ਤਾਰ ਕੀਤਾ ਗਿਆ ਸੀ।
ਸ਼ਨੀਵਾਰ ਨੂੰ ਖੇਜੂਰੀ ਪੁਲਿਸ ਨੇ ਉਨ੍ਹਾਂ ਖ਼ਿਲਾਫ਼ ਚੌਥੇ ਮਾਮਲੇ ’ਚ ਗ੍ਰਿਫ਼ਤਾਰੀ ਵਾਰੰਟ ਪੇਸ਼ ਕੀਤਾ ਤੇ ਐਤਵਾਰ ਨੂੰ ਨੰਦੀਗ੍ਰਾਮ ਪੁਲਿਸ ਨੇ ਪੰਜਵਾਂ ਮਾਮਲਾ ਦਰਜ ਕਰ ਦਿੱਤਾ। ਪ੍ਰਧਾਨ ਨੂੰ ਸੋਮਵਾਰ ਨੂੰ ਕਾਂਥੀ ਤੇ ਹਲਦੀਆ ਦੀਆਂ ਉਪ-ਮੰਡਲ ਅਦਾਲਤਾਂ ’ਚ ਪੇਸ਼ ਕੀਤਾ ਜਾਣਾ ਹੈ।
ਕਾਂਗਰਸ ਨੇ ਜਾਣਬੁੱਝ ਕੇ ਫਸਾਉਣ ਦਾ ਦੋਸ਼ ਲਗਾਇਆ ਇਸ ਸਥਿਤੀ ’ਤੇ ਪ੍ਰਤੀਕਿਰਿਆ ਦਿੰਦਿਆਂ ਪੱਛਮੀ ਬੰਗਾਲ ਪ੍ਰਦੇਸ਼ ਕਾਂਗਰਸ ਕਮੇਟੀ ਦੇ ਬੁਲਾਰੇ ਅਜਿਤੇਸ਼ ਪਾਂਡੇ ਨੇ ਦੋਸ਼ ਲਗਾਇਆ ਕਿ ਮਿਲਨ ਪ੍ਰਧਾਨ ਨੂੰ ਜਾਣਬੁੱਝ ਕੇ ਇੱਕ ਤੋਂ ਬਾਅਦ ਇੱਕ ਕਾਨੂੰਨੀ ਮਾਮਲਿਆਂ ’ਚ ਫਸਾਇਆ ਜਾ ਰਿਹਾ ਹੈ।
ਕਾਂਗਰਸ ਦੇ ਮੁਤਾਬਕ, ਨੰਦੀਗ੍ਰਾਮ ਉਪਚੋਣ ਤੋਂ ਠੀਕ ਪਹਿਲਾਂ ਉਨ੍ਹਾਂ ਨੂੰ 19 ਸਾਲ ਪੁਰਾਣੇ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਗਿਆ ਤੇ ਪੁਲਿਸ ਲਗਾਤਾਰ ਨਵੇਂ ਵਾਰੰਟ ਲਿਆ ਰਹੀ ਹੈ। ਪਾਰਟੀ ਨੇ ਕਿਹਾ ਕਿ ਉਹ ਉਨ੍ਹਾਂ ਦੀ ਜ਼ਮਾਨਤ ਲਈ ਸੋਮਵਾਰ ਜਾਂ ਮੰਗਲਵਾਰ ਨੂੰ ਕਲਕੱਤਾ ਹਾਈ ਕੋਰਟ ਜਾਵੇਗੀ। ਪਾਂਡੇ ਨੇ ਇਹ ਵੀ ਖਦਸ਼ਾ ਜ਼ਾਹਰ ਕੀਤਾ ਕਿ ਜਿਸ ਤਰ੍ਹਾਂ ਨਵੇਂ ਮਾਮਲੇ ਦਰਜ ਕੀਤੇ ਜਾ ਰਹੇ ਹਨ, ਉਸ ਨੂੰ ਦੇਖਦੇ ਹੋਏ ਚੋਣ ਤੋਂ ਪਹਿਲਾਂ ਉਨ੍ਹਾਂ ਦਾ ਜੇਲ੍ਹ ਤੋਂ ਬਾਹਰ ਆਉਣਾ ਮੁਸ਼ਕਲ ਹੋ ਸਕਦਾ ਹੈ। ਉਨ੍ਹਾਂ ਸਵਾਲ ਕੀਤਾ ਕਿ ਲਗਭਗ ਹਰ ਮਾਮਲੇ ’ਚ ਕਰੀਬ 40 ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਸੀ। ਪੁਲਿਸ ਦਾ ਦਾਅਵਾ ਹੈ ਕਿ ਉਹ ਉਨ੍ਹਾਂ ’ਚੋਂ 20 ਲੋਕਾਂ ਦਾ ਪਤਾ ਨਹੀਂ ਲਗਾ ਸਕੀ। ਕਾਂਗਰਸ ਨੇ ਸਵਾਲ ਉਠਾਇਆ ਕਿ ਬਾਕੀ 20 ਲੋਕਾਂ ’ਚੋਂ ਪੁਲਿਸ ਨੂੰ ਸਿਰਫ਼ ਮਿਲਨ ਪ੍ਰਧਾਨ ਹੀ ਕਿਵੇਂ ਮਿਲੇ?
ਟੀਐਮਸੀ ਨੇ ਸ਼ੁਭੇਂਦੂ ਨੂੰ ਘੇਰਨ ਲਈ ਮਾਮਲੇ ਮੁੜ ਖੋਲ੍ਹੇ ਸਨ ਪਾਂਡੇ ਨੇ ਅੱਗੇ ਦਾਅਵਾ ਕੀਤਾ ਕਿ ਮੂਲ ਸ਼ਿਕਾਇਤਕਰਤਾਵਾਂ ਨੇ ਖੁਦ ਇਨ੍ਹਾਂ ਮਾਮਲਿਆਂ ਨੂੰ ਵਾਪਸ ਲੈਣ ਦੀ ਇੱਛਾ ਜਤਾਈ ਸੀ। ਉਨ੍ਹਾਂ ਦੇ ਦਾਅਵੇ ਮੁਤਾਬਕ, 2025 ’ਚ ਤ੍ਰਿਣਮੂਲ ਕਾਂਗਰਸ ਨੇ ਉਸ ਸਮੇਂ ਦੇ ਵਿਰੋਧੀ ਧਿਰ ਦੇ ਨੇਤਾ ਸ਼ੁਭੇਂਦੂ ਅਧਿਕਾਰੀ ਤੇ ਉਨ੍ਹਾਂ ਦੇ ਕਰੀਬੀਆਂ ਨੂੰ ਨਿਸ਼ਾਨਾ ਬਣਾਉਣ ਲਈ ਇਨ੍ਹਾਂ ਫਾਈਲਾਂ ਨੂੰ ਮੁੜ ਖੋਲ੍ਹਿਆ ਸੀ। ਹੁਣ ਕਾਂਗਰਸ ਦਾ ਦੋਸ਼ ਹੈ ਕਿ ਉਸੇ ਕਾਨੂੰਨੀ ਪ੍ਰਕਿਰਿਆ ਦੀ ਵਰਤੋਂ ਮਿਲਨ ਪ੍ਰਧਾਨ ਖ਼ਿਲਾਫ਼ ਕੀਤੀ ਜਾ ਰਹੀ ਹੈ।
ਹਾਈ ਕੋਰਟ ’ਚ ਕੀ ਹੋਵੇਗੀ ਕਾਂਗਰਸ ਦੀ ਦਲੀਲ? ਕਲਕੱਤਾ ਹਾਈ ਕੋਰਟ ’ਚ ਪਾਰਟੀ ਦੀ ਸੰਭਾਵਿਤ ਕਾਨੂੰਨੀ ਰਣਨੀਤੀ ਬਾਰੇ ਕਾਂਗਰਸ ਦੇ ਇੱਕ ਸੀਨੀਅਰ ਨੇਤਾ ਨੇ ਕਿਹਾ ਕਿ ਅਦਾਲਤ ’ਚ ਪੁੱਛਿਆ ਜਾਵੇਗਾ ਕਿ ਘਟਨਾ ਦੇ 19 ਸਾਲ ਬਾਅਦ ਪ੍ਰਧਾਨ ਨੂੰ ਗ੍ਰਿਫ਼ਤਾਰ ਕਰਨ ਦੀ ਕੀ ਲੋੜ ਸੀ? ਖ਼ਾਸ ਤੌਰ ’ਤੇ ਜਦੋਂ ਉਨ੍ਹਾਂ ਨੇ ਹਲਦੀਆ ਐਸਡੀਓ ਦਫ਼ਤਰ ’ਚ ਨਿੱਜੀ ਤੌਰ ’ਤੇ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ ਸੀ ਤੇ ਨੰਦੀਗ੍ਰਾਮ ’ਚ ਸਰਗਰਮੀ ਨਾਲ ਚੋਣ ਪ੍ਰਚਾਰ ਕਰ ਰਹੇ ਸਨ। ਨੇਤਾ ਨੇ ਇਹ ਵੀ ਕਿਹਾ ਕਿ ਜਾਂਚ ਲਈ ਬੁਲਾਏ ਜਾਣ ’ਤੇ ਪ੍ਰਧਾਨ ਕਦੇ ਵੀ ਪੁਲਿਸ ਥਾਣੇ ’ਚ ਹਾਜ਼ਰ ਹੋ ਸਕਦੇ ਸਨ, ਫਿਰ ਵੀ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦਾ ਵਿਕਲਪ ਚੁਣਿਆ।
ਚੋਣ ਪ੍ਰਚਾਰ ’ਤੇ ਪੈ ਰਿਹਾ ਅਸਰ ਕਾਂਗਰਸ ਦੇ ਚੋਣ ਪ੍ਰਚਾਰ ’ਤੇ ਪਏ ਪ੍ਰਭਾਵ ਬਾਰੇ ਪਾਂਡੇ ਨੇ ਕਿਹਾ ਕਿ ਪਾਰਟੀ ਨੇ ਹਾਲੇ ਤੱਕ ਨੰਦੀਗ੍ਰਾਮ ’ਚ ਆਪਣਾ ਪ੍ਰਚਾਰ ਅਭਿਆਨ ਸ਼ੁਰੂ ਨਹੀਂ ਕੀਤਾ ਹੈ, ਕਿਉਂਕਿ ਵਰਕਰ ਇਸ ਸਮੇਂ ਕਾਨੂੰਨੀ ਮਾਮਲਿਆਂ ਨਾਲ ਨਜਿੱਠਣ ’ਚ ਰੁੱਝੇ ਹੋਏ ਹਨ। ਹਾਲਾਂਕਿ, ਮਿਲਨ ਪ੍ਰਧਾਨ ਦੇ ਚੋਣ ਏਜੰਟ ਤੇ ਪਾਰਟੀ ਵਰਕਰ ਜਲਦ ਹੀ ਬੂਥ ਪੱਧਰ ’ਤੇ ਪ੍ਰਚਾਰ ਲਈ ਮੈਦਾਨ ’ਚ ਉਤਰਨਗੇ। ਕਾਂਗਰਸ ਨੇ ਕਿਹਾ ਹੈ ਕਿ ਉਹ ਚੋਣ ’ਚ ਆਪਣੀ ਪੂਰੀ ਤਾਕਤ ਨਾਲ ਪ੍ਰਚਾਰ ਕਰੇਗੀ।