'ਮੇਰਾ ਕੰਮ ਅਜੇ ਖ਼ਤਮ ਨਹੀਂ ਹੋਇਆ', ਅਮਰੀਕਾ ਤੋਂ ਪੋਸਟ ਕਰਕੇ ਅਭਿਸ਼ੇਕ ਬੈਨਰਜੀ ਨੇ ਕੀ ਦਿੱਤਾ ਸੰਦੇਸ਼?
ਪਿਛਲੇ ਮਹੀਨੇ ਸੁਪਰੀਮ ਕੋਰਟ ਨੇ 38 ਸਾਲਾ ਸੰਸਦ ਮੈਂਬਰ ਨੂੰ ਆਪਣੀ ਅੱਖ ਦੇ ਇਲਾਜ ਲਈ ਤਿੰਨ ਹਫ਼ਤੇ ਵਿਦੇਸ਼ ਜਾਣ ਦੀ ਇਜਾਜ਼ਤ ਦਿੱਤੀ ਸੀ। ਕੋਰਟ ਨੇ ਕਲਕੱਤਾ ਹਾਈ ਕੋਰਟ ਦੇ ਉਸ ਫ਼ੈਸਲੇ ਨੂੰ ਉਲਟਾ ਦਿੱਤਾ ਸੀ, ਜਿਸ 'ਚ ਸੰਸਦ ਮੈਂਬਰ ਦੇ ਵਿਦੇਸ਼ ਜਾਣ 'ਤੇ ਲੱਗੀ ਰੋਕ 'ਚ ਢਿੱਲ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ।
Publish Date: Wed, 16 Sep 2026 04:02 PM (IST)
Updated Date: Wed, 16 Sep 2026 04:06 PM (IST)
ਡਿਜੀਟਲ ਡੈਸਕ, ਨਵੀਂ ਦਿੱਲੀ: ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਅਭਿਸ਼ੇਕ ਬੈਨਰਜੀ ਅੱਜ-ਕੱਲ੍ਹ ਅਮਰੀਕਾ 'ਚ ਹਨ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇੱਕ ਰਹੱਸਮਈ ਸੰਦੇਸ਼ ਜਾਰੀ ਕਰਦਿਆਂ ਇੱਕ ਤਸਵੀਰ ਪੋਸਟ ਕੀਤੀ ਹੈ। ਉਹ ਚਾਹੁੰਦੇ ਹਨ ਕਿ ਲੋਕ ਉਨ੍ਹਾਂ ਦੇ ਚਿਹਰੇ 'ਤੇ ਬਣੇ ਨਿਸ਼ਾਨ ਨੂੰ ਦੇਖਣ, ਉਹ ਇਸ ਨੂੰ ਛੁਪਾਉਣਾ ਨਹੀਂ ਚਾਹੁੰਦੇ।
ਇਸ ਤਸਵੀਰ 'ਚ ਉਨ੍ਹਾਂ ਦਾ ਚਿਹਰਾ ਅੱਧਾ ਦਿਖਾਈ ਦੇ ਰਿਹਾ ਹੈ। ਇੱਕ ਚੌੜੀ ਖੁੱਲ੍ਹੀ ਅੱਖ ਦੇ ਉੱਪਰ ਪਤਲੀ ਤੇ ਮੁੜੀ ਹੋਈ ਭੌਂ ਹੈ। ਅੱਖ ਦੇ ਹੇਠਾਂ ਲਾਲੀ ਹੈ ਜੋ ਨੱਕ ਦੇ ਨਥਨੇ ਦੇ ਠੀਕ ਉੱਪਰ ਖ਼ਤਮ ਹੁੰਦੀ ਹੈ ਅਤੇ ਚਿਹਰੇ 'ਤੇ ਹਲਕੀ ਦਾੜ੍ਹੀ ਹੈ।
ਤਸਵੀਰ ਰਾਹੀਂ ਕੀ ਦਿੱਤਾ ਸੰਦੇਸ਼? ਉਨ੍ਹਾਂ ਦੇ ਅੱਧੇ ਚਿਹਰੇ ਦੀ ਇਸ ਸਾਫ਼ ਤਸਵੀਰ ਨਾਲ ਲਿਖਿਆ ਸੰਦੇਸ਼ ਕਹਿੰਦਾ ਹੈ, "ਇਹ ਨਿਸ਼ਾਨ ਦੱਸਦਾ ਹੈ ਕਿ ਮੈਂ ਕਿਨ੍ਹਾਂ ਹਾਲਾਤਾਂ 'ਚੋਂ ਲੰਘਿਆ ਹਾਂ। ਮੇਰੀਆਂ ਅੱਖਾਂ ਦੱਸਦੀਆਂ ਹਨ ਕਿ ਮੇਰਾ ਸਫ਼ਰ ਅਜੇ ਖ਼ਤਮ ਨਹੀਂ ਹੋਇਆ!" ਉਨ੍ਹਾਂ ਦੇ ਇਸ ਸੰਦੇਸ਼ ਦਾ ਜੇਕਰ ਸਿਆਸੀ ਮਾਇਨਾ ਕੱਢਿਆ ਜਾਵੇ ਤਾਂ ਸਾਫ਼ ਪਤਾ ਲੱਗਦਾ ਹੈ ਕਿ ਉਹ ਝੁਕਣਗੇ ਨਹੀਂ।
ਹਾਲ ਹੀ ਦੇ ਸਮੇਂ 'ਚ ਅਭਿਸ਼ੇਕ ਬੈਨਰਜੀ ਨੂੰ ਕਈ ਤਰ੍ਹਾਂ ਦੇ ਹਮਲਿਆਂ ਦਾ ਸਾਹਮਣਾ ਕਰਨਾ ਪਿਆ ਹੈ, ਜਿਨ੍ਹਾਂ 'ਚ ਜਾਂਚ ਏਜੰਸੀਆਂ ਦੀ ਕਾਰਵਾਈ, ਜਾਨਲੇਵਾ ਹਮਲੇ, ਕਤਲ ਦੀ ਕੋਸ਼ਿਸ਼ ਅਤੇ ਉਨ੍ਹਾਂ ਦੇ ਦਫ਼ਤਰ 'ਚ ਤੋੜ-ਭੰਨ ਸ਼ਾਮਲ ਹੈ।
ਅੱਖ ਦੇ ਇਲਾਜ ਲਈ ਸੁਪਰੀਮ ਕੋਰਟ ਨੇ ਦਿੱਤੀ ਵਿਦੇਸ਼ ਜਾਣ ਦੀ ਇਜਾਜ਼ਤ
ਪਿਛਲੇ ਮਹੀਨੇ ਸੁਪਰੀਮ ਕੋਰਟ ਨੇ 38 ਸਾਲਾ ਸੰਸਦ ਮੈਂਬਰ ਨੂੰ ਆਪਣੀ ਅੱਖ ਦੇ ਇਲਾਜ ਲਈ ਤਿੰਨ ਹਫ਼ਤੇ ਵਿਦੇਸ਼ ਜਾਣ ਦੀ ਇਜਾਜ਼ਤ ਦਿੱਤੀ ਸੀ। ਕੋਰਟ ਨੇ ਕਲਕੱਤਾ ਹਾਈ ਕੋਰਟ ਦੇ ਉਸ ਫ਼ੈਸਲੇ ਨੂੰ ਉਲਟਾ ਦਿੱਤਾ ਸੀ, ਜਿਸ 'ਚ ਸੰਸਦ ਮੈਂਬਰ ਦੇ ਵਿਦੇਸ਼ ਜਾਣ 'ਤੇ ਲੱਗੀ ਰੋਕ 'ਚ ਢਿੱਲ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ।
ਬੈਨਰਜੀ ਨੇ ਇੱਕ ਪਟੀਸ਼ਨ ਦਾਇਰ ਕਰਕੇ ਕਲਕੱਤਾ ਹਾਈ ਕੋਰਟ ਵੱਲੋਂ ਨਫ਼ਰਤ ਫੈਲਾਉਣ ਵਾਲੇ ਭਾਸ਼ਣ (ਹੇਟ ਸਪੀਚ) ਦੇ ਇੱਕ ਕਥਿਤ ਮਾਮਲੇ 'ਚ ਉਨ੍ਹਾਂ 'ਤੇ ਲਗਾਈਆਂ ਗਈਆਂ ਸ਼ਰਤਾਂ ਨੂੰ ਹਟਾਉਣ ਦੀ ਮੰਗ ਕੀਤੀ ਸੀ। ਇਹ ਦੂਜੀ ਵਾਰ ਸੀ ਜਦੋਂ ਬੈਨਰਜੀ ਨੇ ਵਿਦੇਸ਼ ਯਾਤਰਾ ਦੀ ਇਜਾਜ਼ਤ ਲਈ ਸੁਪਰੀਮ ਕੋਰਟ ਦਾ ਰੁਖ਼ ਕੀਤਾ।
ਉਨ੍ਹਾਂ ਦੀ ਪਿਛਲੀ ਪਟੀਸ਼ਨ 'ਤੇ ਸੁਪਰੀਮ ਕੋਰਟ ਨੇ ਕਲਕੱਤਾ ਹਾਈ ਕੋਰਟ ਨੂੰ ਕਿਹਾ ਸੀ ਕਿ ਉਹ ਉਨ੍ਹਾਂ ਦੀ ਵਿਦੇਸ਼ ਯਾਤਰਾ ਦੀ ਅਰਜ਼ੀ 'ਤੇ ਫ਼ੈਸਲਾ ਕਰੇ। ਇਸ ਤੋਂ ਬਾਅਦ ਹਾਈ ਕੋਰਟ ਨੇ ਯਾਤਰਾ 'ਤੇ ਲੱਗੀ ਰੋਕ ਹਟਾਉਣ ਤੋਂ ਇਨਕਾਰ ਕਰ ਦਿੱਤਾ, ਜਿਸ ਦੇ ਚੱਲਦਿਆਂ ਬੈਨਰਜੀ ਨੂੰ ਫਿਰ ਤੋਂ ਸੁਪਰੀਮ ਕੋਰਟ ਜਾਣਾ ਪਿਆ।
ਚੀਫ਼ ਜਸਟਿਸ ਸੂਰਿਆ ਕਾਂਤ ਦੀ ਅਗਵਾਈ ਵਾਲੀ ਬੈਂਚ ਨੇ ਪੱਛਮੀ ਬੰਗਾਲ ਸਰਕਾਰ ਵੱਲੋਂ ਬੈਨਰਜੀ ਦੀ ਵਿਦੇਸ਼ ਯਾਤਰਾ 'ਤੇ ਉਠਾਏ ਗਏ ਇਤਰਾਜ਼ਾਂ 'ਤੇ ਵਿਚਾਰ ਕਰਨ ਤੋਂ ਇਨਕਾਰ ਕਰ ਦਿੱਤਾ। ਬੈਂਚ ਨੇ ਕਿਹਾ ਕਿ ਹਰ ਵਿਅਕਤੀ ਨੂੰ ਵਿਦੇਸ਼ ਯਾਤਰਾ ਕਰਨ ਅਤੇ ਆਪਣਾ ਇਲਾਜ ਚੁਣਨ ਦਾ ਅਧਿਕਾਰ ਹੈ।
ਸੁਣਵਾਈ ਦੌਰਾਨ ਪੱਛਮੀ ਬੰਗਾਲ ਸਰਕਾਰ ਵੱਲੋਂ ਪੇਸ਼ ਹੋਏ ਐਡੀਸ਼ਨਲ ਸਾਲਿਸਟਰ ਜਨਰਲ ਐੱਸ.ਵੀ. ਰਾਜੂ ਨੇ ਪਟੀਸ਼ਨ ਦਾ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਬੈਨਰਜੀ ਖ਼ਿਲਾਫ਼ ਕਈ ਮਾਮਲੇ ਦਰਜ ਹਨ ਅਤੇ ਖ਼ਦਸ਼ਾ ਜਤਾਇਆ ਕਿ ਜੇਕਰ ਉਨ੍ਹਾਂ ਨੂੰ ਵਿਦੇਸ਼ ਯਾਤਰਾ ਦੀ ਇਜਾਜ਼ਤ ਦਿੱਤੀ ਗਈ ਤਾਂ ਹੋ ਸਕਦਾ ਹੈ ਕਿ ਉਹ ਵਾਪਸ ਨਾ ਪਰਤਣ।
ਸੁਪਰੀਮ ਕੋਰਟ ਨੇ ਮੰਗੀ ਪੂਰੀ ਜਾਣਕਾਰੀ ਸੁਪਰੀਮ ਕੋਰਟ ਨੇ ਬੈਨਰਜੀ ਤੋਂ ਉਨ੍ਹਾਂ ਦੇ ਯਾਤਰਾ ਪ੍ਰੋਗਰਾਮ ਦੀ ਜਾਣਕਾਰੀ ਦੇਣ ਲਈ ਕਿਹਾ, ਜਿਸ 'ਚ ਵਿਦੇਸ਼ 'ਚ ਉਨ੍ਹਾਂ ਦੇ ਰਹਿਣ ਦੀ ਜਗ੍ਹਾ ਇਲਾਜ ਕਰਵਾਉਣ ਲਈ ਚੁਣੇ ਗਏ ਡਾਕਟਰ ਜਾਂ ਹਸਪਤਾਲ, ਉੱਥੇ ਰਹਿਣ ਦੀ ਮਿਆਦ ਅਤੇ ਫਲਾਈਟ ਦੀ ਜਾਣਕਾਰੀ ਸ਼ਾਮਲ ਹੋਵੇ। ਪਟੀਸ਼ਨ 'ਚ ਬੈਨਰਜੀ ਨੇ ਦੱਸਿਆ ਕਿ ਅਕਤੂਬਰ 2016 'ਚ ਸੜਕ ਹਾਦਸੇ 'ਚ ਅੱਖ 'ਚ ਗੰਭੀਰ ਸੱਟ ਲੱਗਣ ਤੋਂ ਬਾਅਦ ਤੋਂ ਉਹ ਲਗਪਗ ਇੱਕ ਦਹਾਕੇ ਤੋਂ ਅਮਰੀਕਾ 'ਚ ਇਲਾਜ ਕਰਵਾ ਰਹੇ ਹਨ।