'ਮੇਰੀ ਤਾਂ ਪੂਰੀ ਦੁਨੀਆ ਹੀ ਉਜੜ ਗਈ...', ਕੇਤਨ ਦੀ ਮਾਂ ਰਾਖੀ ਅਗਰਵਾਲ ਨੇ PM Modi ਨੂੰ ਲਿਖੀ ਚਿੱਠੀ ਮਹਾਰਾਸ਼ਟਰ ਦੇ ਪੁਣੇ ਦੇ ਰੀਅਲ ਐਸਟੇਟ ਕਾਰੋਬਾਰੀ ਕੇਤਨ ਅਗਰਵਾਲ ਦੇ ਕਤਲ ਮਾਮਲੇ ’ਚ ਉਨ੍ਹਾਂ ਦੀ ਮਾਂ ਰਾਖੀ ਅਗਰਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਪੁੱਤਰ ਲਈ ਇਨਸਾਫ਼ ਦੀ ਗੁਹਾਰ ਲਗਾਈ ਹੈ। ਉਨ੍ਹਾਂ ਕਿਹਾ ਕਿ ਉਹ ਕਿਸੇ ਹਮਦਰਦੀ ਜਾਂ ਵਿਸ਼ੇਸ਼ ਰਿਆਇਤ ਦੀ ਨਹੀਂ, ਸਗੋਂ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਉਣ ਦੀ ਮੰਗ ਕਰ ਰਹੇ ਹਨ।
Publish Date: Tue, 14 Jul 2026 04:49 PM (IST)
Updated Date: Tue, 14 Jul 2026 04:51 PM (IST)
ਡਿਜੀਟਲ ਡੈਸਕ, ਪੁਣੇ। ਮਹਾਰਾਸ਼ਟਰ ਦੇ ਪੁਣੇ ਦੇ ਰੀਅਲ ਐਸਟੇਟ ਕਾਰੋਬਾਰੀ ਕੇਤਨ ਅਗਰਵਾਲ ਦੇ ਕਤਲ ਮਾਮਲੇ ’ਚ ਉਨ੍ਹਾਂ ਦੀ ਮਾਂ ਰਾਖੀ ਅਗਰਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਪੁੱਤਰ ਲਈ ਇਨਸਾਫ਼ ਦੀ ਗੁਹਾਰ ਲਗਾਈ ਹੈ। ਉਨ੍ਹਾਂ ਕਿਹਾ ਕਿ ਉਹ ਕਿਸੇ ਹਮਦਰਦੀ ਜਾਂ ਵਿਸ਼ੇਸ਼ ਰਿਆਇਤ ਦੀ ਨਹੀਂ, ਸਗੋਂ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਉਣ ਦੀ ਮੰਗ ਕਰ ਰਹੇ ਹਨ।
ਪ੍ਰਧਾਨ ਮੰਤਰੀ ਨੂੰ ਈ-ਮੇਲ ਰਾਹੀਂ ਭੇਜੀ ਗਈ ਭਾਵੁਕ ਚਿੱਠੀ ’ਚ ਰਾਖੀ ਅਗਰਵਾਲ ਨੇ ਲਿਖਿਆ ਕਿ ਉਨ੍ਹਾਂ ਨੇ ਕਦੇ ਨਹੀਂ ਸੋਚਿਆ ਸੀ ਕਿ ਉਨ੍ਹਾਂ ਨੂੰ ਆਪਣੇ ਹੀ ਪੁੱਤ ਲਈ ਇਨਸਾਫ਼ ਮੰਗਣ ਦੀ ਨੌਬਤ ਆਵੇਗੀ। ਉਨ੍ਹਾਂ ਲਿਖਿਆ, ‘‘ਹਰ ਮਾਂ ਵਾਂਗ ਮੇਰਾ ਵੀ ਸੁਪਨਾ ਸੀ ਕਿ ਕੇਤਨ ਆਪਣੀ ਜ਼ਿੰਦਗੀ ਖ਼ੁਸ਼ੀ ਨਾਲ ਜੀਵੇ, ਵਿਆਹ ਕਰੇ ਅਤੇ ਸਾਡੇ ਨਾਲ ਰਹੇ ਪਰ ਇਸ ਦੇ ਉਲਟ ਮੈਨੂੰ ਆਪਣੇ ਪੁੱਤ ਦਾ ਅੰਤਿਮ ਸੰਸਕਾਰ ਕਰਨਾ ਪਿਆ।’’
'ਮੇਰੀ ਤਾਂ ਪੂਰੀ ਦੁਨੀਆ ਹੀ ਚਲੀ ਗਈ' ਉਨ੍ਹਾਂ ਕਿਹਾ, ‘‘ਮੇਰੇ ਪੁੱਤ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਅਤੇ ਉਸ ਦੇ ਨਾਲ ਹੀ ਮੇਰੀ ਪੂਰੀ ਦੁਨੀਆ ਚਲੀ ਗਈ। ਘਰ ਦਾ ਹਰ ਕੋਨਾ ਉਸ ਦੀ ਯਾਦ ਦਿਵਾਉਂਦਾ ਹੈ… ਉਸ ਦੇ ਹਾਸੇ ਦੀ ਜਗ੍ਹਾ ਜੋ ਸੰਨਾਟਾ ਹੈ, ਉਹ ਹਰ ਰੋਜ਼ ਯਾਦ ਦਿਵਾਉਂਦਾ ਹੈ ਕਿ ਉਹ ਕਦੇ ਪਰਤ ਕੇ ਨਹੀਂ ਆਵੇਗਾ।’’
ਰਾਖੀ ਅਗਰਵਾਲ ਨੇ ਪੱਤਰ ਵਿੱਚ ਪਰਿਵਾਰ ਦੇ ਇੱਕ ਹੋਰ ਦੁਖਾਂਤ ਦਾ ਜ਼ਿਕਰ ਕਰਦਿਆਂ ਕਿਹਾ ਕਿ ਕੇਤਨ ਦੀ ਮੌਤ ਦੇ 20 ਦਿਨਾਂ ਬਾਅਦ ਉਨ੍ਹਾਂ ਦੇ ਸਹੁਰੇ ਦਾ ਵੀ ਦੇਹਾਂਤ ਹੋ ਗਿਆ, ਕਿਉਂਕਿ ਉਹ ਆਪਣੇ ਪੋਤੇ ਨੂੰ ਖੋਹਣ ਦਾ ਗ਼ਮ ਸਹਿਣ ਨਹੀਂ ਕਰ ਸਕੇ। ਉਨ੍ਹਾਂ ਲਿਖਿਆ, ‘‘ਮੋਦੀ ਜੀ, ਮੈਂ ਸਿਰਫ਼ ਇੱਕ ਮਾਂ ਹਾਂ। ਮੈਂ ਤੁਹਾਡੇ ਤੋਂ ਨਾ ਹਮਦਰਦੀ ਮੰਗ ਰਹੀ ਹਾਂ ਅਤੇ ਨਾ ਹੀ ਕੋਈ ਵਿਸ਼ੇਸ਼ ਰਿਆਇਤ। ਮੈਂ ਸਿਰਫ਼ ਇਨਸਾਫ਼ ਮੰਗ ਰਹੀ ਹਾਂ।’’
'ਕੇਤਨ ਨੂੰ ਸਿਰਫ਼ ਇੱਕ ਕੇਸ ਫਾਈਲ ਬਣ ਕੇ ਨਾ ਰਹਿਣ ਦਿਓ' ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਮਾਮਲੇ ਵਿੱਚ ਜਲਦੀ ਇਨਸਾਫ਼ ਯਕੀਨੀ ਬਣਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾਵੇ ਅਤੇ ਬਿਨਾਂ ਕਿਸੇ ਬੇਲੋੜੀ ਦੇਰੀ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਈ ਜਾਵੇ।
ਰਾਖੀ ਨੇ ਲਿਖਿਆ, ‘‘ਕਿਰਪਾ ਕਰਕੇ ਕੇਤਨ ਨੂੰ ਮਹਿਜ਼ ਇੱਕ ‘ਕੇਸ ਫਾਈਲ’ ਬਣ ਕੇ ਨਾ ਰਹਿ ਜਾਣ ਦਿਓ। ਉਹ ਕਿਸੇ ਦਾ ਪੁੱਤ, ਕਿਸੇ ਦਾ ਪੋਤਾ ਅਤੇ ਕਿਸੇ ਦਾ ਭਰਾ ਸੀ, ਪਰ ਮੇਰੇ ਲਈ ਉਹ ਮੇਰੀ ਪੂਰੀ ਦੁਨੀਆ ਸੀ।’’
ਉਨ੍ਹਾਂ ਕਿਹਾ ਕਿ ਉਹ ਹਰ ਰਾਤ ਪੁੱਤ ਦੀ ਤਸਵੀਰ ਦੇਖ ਕੇ ਉਸ ਨੂੰ ਕਹਿੰਦੇ ਹਨ ਕਿ ਉਸ ਦੀ ਮਾਂ ਅੱਜ ਵੀ ਉਸ ਦੇ ਲਈ ਲੜ ਰਹੀ ਹੈ। ਉਨ੍ਹਾਂ ਲਿਖਿਆ, ‘‘ਮੈਨੂੰ ਉਮੀਦ ਹੈ ਕਿ ਇੱਕ ਦਿਨ ਮੈਂ ਤੈਨੂੰ ਕਹਿ ਸਕਾਂਗੀ ਕਿ ਤੈਨੂੰ ਇਨਸਾਫ਼ ਮਿਲ ਗਿਆ ਹੈ।’’
ਕੇਤਨ ਅਗਰਵਾਲ ਕੇਸ ਕੇਤਨ ਅਗਰਵਾਲ (26) ਦੀ 18 ਜੂਨ ਨੂੰ ਪੁਣੇ ਜ਼ਿਲ੍ਹੇ ਦੇ ਲੋਹਗੜ੍ਹ ਕਿਲ੍ਹੇ ਦੇ ਕੋਲ ਇੱਕ ਖੱਡ ਵਿੱਚ ਡਿੱਗਣ ਕਾਰਨ ਮੌਤ ਹੋ ਗਈ ਸੀ। ਸ਼ੁਰੂਆਤ ਵਿੱਚ ਪੁਲਿਸ ਨੇ ਇਸ ਸਬੰਧੀ ਹਾਦਸਾਗ੍ਰਸਤ ਮੌਤ ਦਾ ਮਾਮਲਾ ਦਰਜ ਕੀਤਾ ਸੀ ਪਰ ਬਾਅਦ ਦੀ ਜਾਂਚ ’ਚ ਇਸ ਨੂੰ ਯੋਜਨਾਬੱਧ ਕਤਲ ਕਰਾਰ ਦਿੱਤਾ।
ਇਸ ਤੋਂ ਬਾਅਦ ਪੁਲਿਸ ਨੇ ਕੇਤਨ ਦੀ ਮੰਗੇਤਰ ਸਿਆ ਗੋਇਲ ਅਤੇ ਉਸ ਦੇ ਕਥਿਤ ਪ੍ਰੇਮੀ ਚੇਤਨ ਚੌਧਰੀ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਦਾ ਦੋਸ਼ ਹੈ ਕਿ ਦੋਵਾਂ ਨੇ ਸਾਜ਼ਿਸ਼ ਤਹਿਤ ਲੋਹਗੜ੍ਹ ਕਿਲ੍ਹੇ ਦੀ ਸੈਰ ਦੌਰਾਨ ਕੇਤਨ ਨੂੰ ਚੱਟਾਨ ਤੋਂ ਧੱਕਾ ਦੇ ਕੇ ਉਸ ਦਾ ਕਤਲ ਕਰ ਦਿੱਤਾ।
ਪੁਲਿਸ ਅਨੁਸਾਰ, ਜਾਂਚ ਵਿੱਚ ਡਿਜੀਟਲ ਸਬੂਤ, ਸੀਸੀਟੀਵੀ ਫੁਟੇਜ, ਚਸ਼ਮਦੀਦਾਂ ਦੇ ਬਿਆਨ ਅਤੇ ਹੋਰ ਸਬੂਤ ਮਿਲੇ ਹਨ, ਜੋ ਕਿ ਕਤਲ ਦੀ ਪਹਿਲਾਂ ਤੋਂ ਤੈਅ ਸਾਜ਼ਿਸ਼ ਵੱਲ ਇਸ਼ਾਰਾ ਕਰਦੇ ਹਨ। ਦੋਵੇਂ ਦੋਸ਼ੀ ਫਿਲਹਾਲ ਨਿਆਇਕ ਹਿਰਾਸਤ ਵਿੱਚ ਹਨ ਅਤੇ ਮਾਮਲੇ ਦੀ ਜਾਂਚ ਜਾਰੀ ਹੈ।