'ਸਮੂਹਿਕ ਜਬਰ-ਜਨਾਹ ਤੋਂ ਬਾਅਦ ਕੀਤੀ ਗਈ ਹੱਤਿਆ', ਹੋਮਸਟੇ ’ਚ ਮ੍ਰਿਤਕ ਮਿਲੀ ਵਿਦਿਆਰਥਣ ਦੇ ਪਿਤਾ ਦੇ ਸਨਸਨੀਖੇਜ਼ ਦੋਸ਼
ਸ਼ਨੀਵਾਰ ਨੂੰ ਗੁਹਾਟੀ ਦੇ ਬਾਹਰੀ ਇਲਾਕੇ ਗਾਰਾਲ ਵਿੱਚ ਇੱਕ ਸਥਾਨਕ ਹੋਮਸਟੇ ਵਿੱਚ ਵਿਦਿਆਰਥਣ ਗੰਭੀਰ ਹਾਲਤ ਵਿੱਚ ਮਿਲੀ ਸੀ ਅਤੇ ਬਾਅਦ ਵਿੱਚ ਉਸ ਦੀ ਮੌਤ ਹੋ ਗਈ। ਪੁਲਿਸ ਨੇ ਉਸ ਦੇ 26 ਸਾਲਾ ਕਥਿਤ ਬੁਆਏਫ੍ਰੈਂਡ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
Publish Date: Sun, 27 Sep 2026 03:25 PM (IST)
Updated Date: Sun, 27 Sep 2026 03:28 PM (IST)
ਡਿਜੀਟਲ ਡੈਸਕ, ਗੁਹਾਟੀ। ਅਸਾਮ ਦੇ ਗੁਹਾਟੀ ਦੇ ਬਾਹਰੀ ਇਲਾਕੇ ਵਿੱਚ ਇੱਕ ਹੋਮਸਟੇ ਵਿੱਚ ਮ੍ਰਿਤਕ ਪਾਈ ਗਈ 22 ਸਾਲਾ ਵਿਦਿਆਰਥਣ ਦੇ ਪਰਿਵਾਰ ਨੇ ਦੋਸ਼ ਲਾਇਆ ਹੈ ਕਿ ਹੱਤਿਆ ਤੋਂ ਪਹਿਲਾਂ ਉਸ ਨਾਲ ਸਮੂਹਿਕ ਜਬਰ-ਜਨਾਹ (Gang Rape) ਕੀਤਾ ਗਿਆ ਸੀ।
ਸ਼ਨੀਵਾਰ ਨੂੰ ਗੁਹਾਟੀ ਦੇ ਬਾਹਰੀ ਇਲਾਕੇ ਗਾਰਾਲ ਵਿੱਚ ਇੱਕ ਸਥਾਨਕ ਹੋਮਸਟੇ ਵਿੱਚ ਵਿਦਿਆਰਥਣ ਗੰਭੀਰ ਹਾਲਤ ਵਿੱਚ ਮਿਲੀ ਸੀ ਅਤੇ ਬਾਅਦ ਵਿੱਚ ਉਸ ਦੀ ਮੌਤ ਹੋ ਗਈ। ਪੁਲਿਸ ਨੇ ਉਸ ਦੇ 26 ਸਾਲਾ ਕਥਿਤ ਬੁਆਏਫ੍ਰੈਂਡ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
'ਉਸ ਦੇ ਸਰੀਰ 'ਤੇ ਮਿਲੇ ਨਿਸ਼ਾਨ'
ਉਸ ਦੇ ਪਿਤਾ ਨੇ ਅੱਜ ਸਵੇਰੇ ਪੱਤਰਕਾਰਾਂ ਨੂੰ ਕਿਹਾ, "ਇਹ ਗੈਂਗਰੇਪ ਦਾ ਮਾਮਲਾ ਹੈ ਕਿਉਂਕਿ ਉਸ ਦੇ ਸਰੀਰ 'ਤੇ ਨਿਸ਼ਾਨ ਹਨ। ਹੱਤਿਆ ਤੋਂ ਪਹਿਲਾਂ ਉਸ ਨਾਲ ਗੈਂਗਰੇਪ ਕੀਤਾ ਗਿਆ ਸੀ।" ਉਨ੍ਹਾਂ ਦੱਸਿਆ ਕਿ ਉਹ ਸ਼ੁੱਕਰਵਾਰ ਸ਼ਾਮ ਕਰੀਬ 5 ਵਜੇ ਇਹ ਕਹਿ ਕੇ ਘਰੋਂ ਨਿਕਲੀ ਸੀ ਕਿ ਉਹ ਦੋਸਤਾਂ ਨਾਲ ਬਾਹਰ ਖਾਣਾ ਖਾਣ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਰਾਤ ਕਰੀਬ 10 ਵਜੇ ਉਸ ਨੇ ਆਪਣੀ ਮਾਂ ਨੂੰ ਫ਼ੋਨ 'ਤੇ ਦੱਸਿਆ ਕਿ ਦੇਰ ਹੋ ਜਾਣ ਕਾਰਨ ਉਹ ਇੱਕ ਦੋਸਤ ਨਾਲ ਯੂਨੀਵਰਸਿਟੀ ਹਾਸਟਲ ਵਿੱਚ ਰੁਕੇਗੀ।
ਪਿਤਾ ਦਾ ਰੱਸਿਆਂ ਨਾਲ ਬੰਨ੍ਹਣ ਦਾ ਦਾਅਵਾ
ਉਨ੍ਹਾਂ ਕਿਹਾ, "ਰਾਤ ਕਰੀਬ 2 ਵਜੇ ਉਸ ਨੇ ਆਪਣੀ ਮਾਂ ਨੂੰ ਫ਼ੋਨ ਕੀਤਾ ਅਤੇ ਦੱਸਿਆ ਕਿ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ ਹੈ। ਇਹ ਕਹਿਣ ਤੋਂ ਬਾਅਦ ਉਸ ਦਾ ਫ਼ੋਨ ਕੱਟ ਗਿਆ। ਮੇਰੀ ਧੀ ਦੀ ਹੱਤਿਆ ਕਰਨ ਤੋਂ ਪਹਿਲਾਂ ਉਨ੍ਹਾਂ ਨੇ ਉਸ ਨਾਲ ਗੈਂਗਰੇਪ ਕੀਤਾ।" ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਉਸ ਨੂੰ ਰੱਸਿਆਂ ਨਾਲ ਬੰਨ੍ਹਿਆ ਗਿਆ ਸੀ। ਉਨ੍ਹਾਂ ਕਿਹਾ, "ਉਸ ਦੇ ਸਰੀਰ 'ਤੇ ਮੌਜੂਦ ਨਿਸ਼ਾਨ ਦੱਸਦੇ ਹਨ ਕਿ ਹੱਤਿਆ ਤੋਂ ਪਹਿਲਾਂ ਉਸ ਨੂੰ ਤਸੀਹੇ ਦਿੱਤੇ ਗਏ ਸਨ।"
ਸ਼ਨੀਵਾਰ ਨੂੰ ਉਨ੍ਹਾਂ ਦੱਸਿਆ ਸੀ ਕਿ ਉਨ੍ਹਾਂ ਦੀ ਧੀ ਨੇ ਅੱਧੀ ਰਾਤ ਨੂੰ ਆਪਣੀ ਮਾਂ ਨੂੰ ਫ਼ੋਨ ਕਰਕੇ ਕਿਹਾ ਸੀ, "ਉਹ ਮੈਨੂੰ ਮਾਰ ਦੇਣਗੇ" ਅਤੇ ਇਸ ਤੋਂ ਬਾਅਦ ਉਸ ਦਾ ਫ਼ੋਨ ਸ਼ਾਇਦ ਖੋਹ ਲਿਆ ਗਿਆ। ਗ੍ਰਿਫ਼ਤਾਰ ਕੀਤੇ ਗਏ ਬੁਆਏਫ੍ਰੈਂਡ ਆਸਿਫ਼ ਅਲੀ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਉਸ ਨੇ ਆਤਮਹੱਤਿਆ ਕੀਤੀ ਹੈ।
ਪੁਲਿਸ ਦਾ ਕੀ ਕਹਿਣਾ ਹੈ?
ਗੁਹਾਟੀ ਵੈਸਟ ਦੇ ਡੀ.ਸੀ.ਪੀ. ਬੋਲਿਨ ਦੇਓਰੀ ਨੇ ਸ਼ਨੀਵਾਰ ਨੂੰ ਦੱਸਿਆ, "ਸਾਨੂੰ ਉਸ ਦੀ ਗੱਲ 'ਤੇ ਯਕੀਨ ਨਹੀਂ ਹੈ। ਸਾਨੂੰ ਆਪਣੀ ਜਾਂਚ ਜਾਰੀ ਰੱਖਣੀ ਪਵੇਗੀ।" ਉਨ੍ਹਾਂ ਕਿਹਾ, "ਜਾਂਚ ਅਜੇ ਸ਼ੁਰੂਆਤੀ ਦੌਰ ਵਿੱਚ ਹੈ ਅਤੇ ਸਾਨੂੰ ਸ਼ੱਕ ਹੈ ਕਿ ਇਹ ਇੱਕ ਤਰ੍ਹਾਂ ਦੀ ਹੱਤਿਆ ਹੈ। ਸਾਨੂੰ ਸਰੀਰ ਜਾਂ ਫਰਸ਼ 'ਤੇ ਖ਼ੂਨ ਨਹੀਂ ਮਿਲਿਆ ਹੈ ਅਤੇ ਸਾਡੀ ਜਾਂਚ ਜਾਰੀ ਹੈ।"