- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੌਨਸੂਨੀ ਹਵਾਵਾਂ ਨੇ ਪੱਛਮ ਤੋਂ ਆਉਣ ਵਾਲੀਆਂ ਖੁਸ਼ਕ ਹਵਾਵਾਂ ਨੂੰ ਪਿੱਛੇ ਧੱਕ ਦਿੱਤਾ ਹੈ। ਇਸੇ ਦੌਰਾਨ ਮੱਧ ਪ੍ਰਦੇਸ਼ ਦੇ ਆਸ-ਪਾਸ ਬਣੇ ਘੱਟ ਦਬਾਅ ਵਾਲੇ ਖੇਤਰ ਦੇ ਪ੍ਰਭਾਵ ਕਾਰਨ ਗੁਜਰਾਤ, ਰਾਜਸਥਾਨ ਅਤੇ ਮੱਧ ਭਾਰਤ ਦੇ ਵੱਡੇ ਹਿੱਸੇ ’ਚ ਮੀਂਹ ਦਾ ਦੌਰ ਮੁੜ ਤੇਜ਼ ਹੋਇਆ ਹੈ।

ਜਾਗਰਣ ਬਿਊਰੋ, ਨਵੀਂ ਦਿੱਲੀ : ਮੌਨਸੂਨੀ ਹਵਾਵਾਂ ਨੇ ਪੱਛਮ ਤੋਂ ਆਉਣ ਵਾਲੀਆਂ ਖੁਸ਼ਕ ਹਵਾਵਾਂ ਨੂੰ ਪਿੱਛੇ ਧੱਕ ਦਿੱਤਾ ਹੈ। ਇਸੇ ਦੌਰਾਨ ਮੱਧ ਪ੍ਰਦੇਸ਼ ਦੇ ਆਸ-ਪਾਸ ਬਣੇ ਘੱਟ ਦਬਾਅ ਵਾਲੇ ਖੇਤਰ ਦੇ ਪ੍ਰਭਾਵ ਕਾਰਨ ਗੁਜਰਾਤ, ਰਾਜਸਥਾਨ ਅਤੇ ਮੱਧ ਭਾਰਤ ਦੇ ਵੱਡੇ ਹਿੱਸੇ ’ਚ ਮੀਂਹ ਦਾ ਦੌਰ ਮੁੜ ਤੇਜ਼ ਹੋਇਆ ਹੈ।
ਅਜਿਹੇ ’ਚ ਮੌਨਸੂਨ ਦੀ ਵਾਪਸੀ ਲਈ ਲੋੜੀਂਦੀਆਂ ਸਥਿਤੀਆਂ ਅਜੇ ਪੂਰੀ ਤਰ੍ਹਾਂ ਨਹੀਂ ਬਣੀਆਂ ਹਨ। ਬੰਗਾਲ ਦੀ ਖਾੜੀ ’ਚ 20 ਸਤੰਬਰ ਦੇ ਆਸ-ਪਾਸ ਇਕ ਹੋਰ ਮੌਸਮੀ ਸਿਸਟਮ ਬਣਨ ਦੀ ਸੰਭਾਵਨਾ ਹੈ, ਜੋ ਮੌਨਸੂਨੀ ਗਤੀਵਿਧੀਆਂ ਨੂੰ ਅੱਗੇ ਵੀ ਬਣਾਈ ਰੱਖ ਸਕਦਾ ਹੈ। ਇਹੀ ਕਾਰਨ ਹੈ ਕਿ ਇਸ ਵਾਰ ਮੌਨਸੂਨ ਦੀ ਵਾਪਸੀ 17 ਸਤੰਬਰ ਤੋਂ ਅੱਗੇ ਖਿਸਕ ਸਕਦੀ ਹੈ। ਪਿਛਲੇ ਸਾਲ ਆਮ ਤਰੀਕ ਤੋਂ ਤਿੰਨ ਦਿਨ ਪਹਿਲਾਂ ਵਾਪਸੀ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਸੀ।
ਮੌਸਮ ਵਿਭਾਗ ਅਨੁਸਾਰ, ਦੇਸ਼ ’ਚ ਅਜੇ ਕੁੱਲ ਮੀਂਹ ਆਮ ਨਾਲੋਂ ਕਰੀਬ 15 ਫ਼ੀਸਦ ਘੱਟ ਹੈ, ਪਰ ਕਈ ਸੂਬਿਆਂ ’ਚ ਕਮੀ 40 ਤੋਂ 45 ਫ਼ੀਸਦ ਤੱਕ ਹੈ। ਅਜਿਹੇ ’ਚ ਸਤੰਬਰ ਦਾ ਮੀਂਹ ਖੇਤੀ ਦੇ ਲਿਹਾਜ਼ ਨਾਲ ਮਹੱਤਵਪੂਰਨ ਹੋ ਗਿਆ ਹੈ। ਪਿਛਲੇ ਸਾਲ ਪੱਛਮੀ ਰਾਜਸਥਾਨ ਤੋਂ 14 ਸਤੰਬਰ ਨੂੰ ਮੌਨਸੂਨ ਦੀ ਵਾਪਸੀ ਸ਼ੁਰੂ ਹੋ ਗਈ ਸੀ। ਇਸ ਵਾਰ ਅਜੇ ਤੱਕ ਅਜਿਹੀਆਂ ਸਥਿਤੀਆਂ ਨਹੀਂ ਬਣੀਆਂ ਹਨ।
ਮੌਜੂਦਾ ਸੰਕੇਤਾਂ ਨੂੰ ਦੇਖਦਿਆਂ ਅਗਲੇ ਕਰੀਬ ਦਸ ਦਿਨਾਂ ਤੱਕ ਮੌਨਸੂਨ ਦੀ ਵਾਪਸੀ ਦੀ ਸੰਭਾਵਨਾ ਘੱਟ ਹੈ।
ਆਈਐੱਮਡੀ ਦੇ ਅਨੁਸਾਰ ਉੱਤਰੀ ਭਾਰਤ ’ਚ ਅਗਲੇ ਕੁਝ ਦਿਨ ਮੌਨਸੂਨ ਦੀ ਸਰਗਰਮੀ ਦੇ ਲਿਹਾਜ਼ ਨਾਲ ਮਹੱਤਵਪੂਰਨ ਰਹਿਣਗੇ। ਹਿਮਾਚਲ ਤੋਂ ਲੈ ਕੇ ਉੱਤਰਾਖੰਡ, ਉੱਤਰ ਪ੍ਰਦੇਸ਼ ਅਤੇ ਬਿਹਾਰ ਤੱਕ ਤਰਾਈ ਅਤੇ ਆਸ-ਪਾਸ ਦੇ ਖੇਤਰਾਂ ’ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਉੱਤਰਾਖੰਡ ’ਚ ਕੁਝ ਥਾਵਾਂ ’ਤੇ ਤੇਜ਼ ਮੀਂਹ ਦਾ ਖ਼ਤਰਾ ਬਣਿਆ ਰਹੇਗਾ। ਹਾਲਾਂਕਿ ਪੂਰੇ ਖੇਤਰ ’ਚ ਮੀਂਹ ਇਕਸਾਰ ਨਹੀਂ ਪਵੇਗਾ ਅਤੇ ਕਈ ਥਾਵਾਂ ’ਤੇ ਇਸ ਦਾ ਰੂਪ ਖੰਡਿਤ ਰਹਿ ਸਕਦਾ ਹੈ।
ਐੱਨਸੀਆਰ ’ਚ ਅਗਲੇ ਕੁਝ ਦਿਨਾਂ ’ਚ ਮੌਸਮ ਪੂਰੀ ਤਰ੍ਹਾਂ ਖੁਸ਼ਕ ਰਹਿਣ ਦੀ ਸਥਿਤੀ ਨਹੀਂ ਹੈ। ਸਥਾਨਕ ਹਾਲਾਤ ਦੇ ਨਾਲ ਮੌਨਸੂਨੀ ਹਵਾਵਾਂ ਦੀ ਸਰਗਰਮੀ ਵਧਣ ’ਤੇ ਕੁਝ ਖੇਤਰਾਂ ’ਚ ਮੀਂਹ ਪੈ ਸਕਦਾ ਹੈ। ਪੰਜਾਬ ਅਤੇ ਹਰਿਆਣਾ ਦੇ ਪੱਛਮੀ ਹਿੱਸਿਆਂ ’ਚ ਫ਼ਿਲਹਾਲ ਖੁਸ਼ਕ ਮੌਸਮ ਰਹਿਣ ਦੀ ਸੰਭਾਵਨਾ ਹੈ। ਹਾਲਾਂਕਿ ਅਗਲੇ ਹਫ਼ਤੇ ਹਵਾਵਾਂ ਦੀ ਦਿਸ਼ਾ ਅਤੇ ਨਮੀ ਦੀ ਸਥਿਤੀ ਨਾਲ ਉੱਤਰੀ ਭਾਰਤ ’ਚ ਮੌਨਸੂਨ ਦੇ ਠਹਿਰਾਅ ਦੀ ਤਸਵੀਰ ਹੋਰ ਸਪੱਸ਼ਟ ਹੋਵੇਗੀ।
ਪੱਛਮੀ ਅਤੇ ਮੱਧ ਭਾਰਤ ’ਚ ਫ਼ਿਲਹਾਲ ਮੀਂਹ ਦਾ ਵਧੇਰੇ ਪ੍ਰਭਾਵ ਬਣਿਆ ਹੋਇਆ ਹੈ। ਮੱਧ ਪ੍ਰਦੇਸ਼ ਦੇ ਜ਼ਿਆਦਾਤਰ ਹਿੱਸਿਆਂ ਦੇ ਨਾਲ ਰਾਜਸਥਾਨ ਅਤੇ ਪੂਰਬੀ ਗੁਜਰਾਤ ’ਚ ਕਈ ਥਾਵਾਂ ’ਤੇ ਭਾਰੀ ਮੀਂਹ ਪੈ ਸਕਦਾ ਹੈ। ਤਿੰਨ ਹਫ਼ਤਿਆਂ ਤੱਕ ਲਗਾਤਾਰ ਖੁਸ਼ਕੀ ਤੋਂ ਬਾਅਦ ਗੁਜਰਾਤ ’ਚ ਮੀਂਹ ਦੀ ਵਾਪਸੀ ਹੋ ਸਕਦੀ ਹੈ। ਹਾਲਾਂਕਿ ਸੌਰਾਸ਼ਟਰ ਅਤੇ ਕੱਛ ’ਚ ਮੀਂਹ ਦੀ ਕਮੀ ਅਜੇ ਵੀ ਚਿੰਤਾ ਦਾ ਵਿਸ਼ਾ ਹੈ।
ਮੌਸਮ ਵਿਭਾਗ ਮੁਤਾਬਕ ਮੌਨਸੂਨ ਦੀ ਵਾਪਸੀ ਸਿਰਫ਼ ਮੀਂਹ ਰੁਕ ਜਾਣ ਨਾਲ ਤੈਅ ਨਹੀਂ ਹੁੰਦੀ। ਕਿਸੇ ਖੇਤਰ ਤੋਂ ਵਾਪਸੀ ਲਈ ਲਗਾਤਾਰ ਮੀਂਹ ਦੀ ਗਤੀਵਿਧੀ ’ਚ ਕਮੀ ਦੇ ਨਾਲ ਹੇਠਲੇ ਵਾਯੂਮੰਡਲ ’ਚ ਚੱਕਰਵਾਤ ਅਤੇ ਨਮੀ ’ਚ ਕਾਫ਼ੀ ਕਮੀ ਵਰਗੇ ਸੰਕੇਤ ਜ਼ਰੂਰੀ ਹੁੰਦੇ ਹਨ। ਅਜੇ ਦੇਸ਼ ਦੇ ਕਈ ਹਿੱਸਿਆਂ ’ਚ ਮੀਂਹ ਅਤੇ ਨਮੀ ਦਾ ਪ੍ਰਭਾਵ ਬਣਿਆ ਹੋਇਆ ਹੈ।