- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨੰਦਨਕਾਨਨ ਜੂਲੌਜੀਕਲ ਪਾਰਕ ’ਚ ਸ਼ੇਰਨੀ ਮਾਇਆ ਦੇ ਦੋਵੇਂ ਨਵਜਾਤ ਬੱਚਿਆਂ ਦੀ ਮੌਤ ਹੋ ਗਈ ਹੈ। ਇੱਕ ਬੱਚਾ ਜਨਮ ਸਮੇਂ ਹੀ ਮ੍ਰਿਤਕ ਸੀ, ਜਦਕਿ ਦੂਜੇ ਨੇ ਜਨਮਜਾਤ ਬਿਮਾਰੀ (ਕਲੇਫਟ ਪੈਲੇਟ) ਕਾਰਨ ਤਿੰਨ ਦਿਨ ਬਾਅਦ ਦਮ ਤੋੜ ਦਿੱਤਾ।

ਜਾਗਰਣ ਸੰਵਾਦਦਾਤਾ, ਭੁਵਨੇਸ਼ਵਰ : ਨੰਦਨਕਾਨਨ ਜੂਲੌਜੀਕਲ ਪਾਰਕ ਤੋਂ ਜੰਗਲੀ ਜੀਵ ਪ੍ਰੇਮੀਆਂ ਲਈ ਨਿਰਾਸ਼ਾਜਨਕ ਖ਼ਬਰ ਸਾਹਮਣੇ ਆਈ ਹੈ। ਸ਼ੇਰਨੀ ਮਾਇਆ ਵੱਲੋਂ ਜਨਮੇ ਦੋਵੇਂ ਨਵਜਾਤ ਬੱਚਿਆਂ ਦੀ ਮੌਤ ਹੋ ਗਈ ਹੈ।
ਇਨ੍ਹਾਂ ’ਚੋਂ ਇੱਕ ਬੱਚਾ ਜਨਮ ਸਮੇਂ ਹੀ ਮ੍ਰਿਤਕ ਪਾਇਆ ਗਿਆ, ਜਦਕਿ ਦੂਜੇ ਨਰ ਬੱਚੇ ਨੇ ਤਿੰਨ ਦਿਨ ਤੱਕ ਜ਼ਿੰਦਗੀ ਲਈ ਸੰਘਰਸ਼ ਕਰਨ ਤੋਂ ਬਾਅਦ ਦਮ ਤੋੜ ਦਿੱਤਾ। ਪੋਸਟਮਾਰਟਮ ਰਿਪੋਰਟ ’ਚ ਦੂਜੇ ਬੱਚੇ ਦੀ ਮੌਤ ਦਾ ਕਾਰਨ ਜਨਮਜਾਤ ਬਿਮਾਰੀ ਦੱਸਿਆ ਗਿਆ ਹੈ।
ਜਾਣਕਾਰੀ ਮੁਤਾਬਕ, ਸ਼ੇਰਨੀ ਮਾਇਆ ਨੇ 7 ਸਤੰਬਰ ਨੂੰ ਪਹਿਲੀ ਵਾਰ ਦੋ ਬੱਚਿਆਂ ਨੂੰ ਜਨਮ ਦਿੱਤਾ ਸੀ। ਇਹ ਉਸ ਦਾ ਪਹਿਲਾ ਪ੍ਰਸਵ ਸੀ। ਬੱਚਿਆਂ ਦੇ ਜਨਮ ਤੋਂ ਬਾਅਦ ਨੰਦਨਕਾਨਨ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀ ਵਿਸ਼ੇਸ਼ ਨਿਗਰਾਨੀ ਕੀਤੀ ਜਾ ਰਹੀ ਸੀ। ਹਾਲਾਂਕਿ ਜਨਮ ਤੋਂ ਹੀ ਦੋਵੇਂ ਬੱਚਿਆਂ ਦੀ ਸਿਹਤ ਚਿੰਤਾਜਨਕ ਬਣੀ ਹੋਈ ਸੀ।
ਨੱਕ ਰਾਹੀਂ ਬਾਹਰ ਨਿਕਲ ਰਿਹਾ ਸੀ ਦੁੱਧ
Zoo ਅਧਿਕਾਰੀਆਂ ਮੁਤਾਬਕ, ਪਹਿਲਾ ਬੱਚਾ ਮ੍ਰਿਤਕ ਹਾਲਤ ’ਚ ਪੈਦਾ ਹੋਇਆ ਸੀ। ਇਸ ਤੋਂ ਬਾਅਦ ਦੂਜੇ ਬੱਚੇ ਨੂੰ ਬਚਾਉਣ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਗਈਆਂ, ਪਰ ਉਸ ਦੀ ਹਾਲਤ ਵੀ ਸਧਾਰਨ ਨਹੀਂ ਸੀ। ਜਨਮ ਤੋਂ ਹੀ ਉਸ ਨੂੰ ਮਾਂ ਦਾ ਦੁੱਧ ਪੀਣ ’ਚ ਦਿੱਕਤ ਆ ਰਹੀ ਸੀ।
ਉਹ ਦੁੱਧ ਪੀਣ ਦੀ ਕੋਸ਼ਿਸ਼ ਕਰਦਾ ਸੀ, ਪਰ ਦੁੱਧ ਪੇਟ ’ਚ ਜਾਣ ਦੀ ਬਜਾਏ ਨੱਕ ਰਾਹੀਂ ਬਾਹਰ ਨਿਕਲ ਜਾਂਦਾ ਸੀ। ਇਸ ਕਾਰਨ ਉਸ ਨੂੰ ਲੋੜੀਂਦਾ ਪੋਸ਼ਣ ਨਹੀਂ ਮਿਲ ਸਕਿਆ ਤੇ ਉਸ ਦੀ ਹਾਲਤ ਲਗਾਤਾਰ ਕਮਜ਼ੋਰ ਹੁੰਦੀ ਗਈ।
ਤੀਜੇ ਦਿਨ ਬੱਚੇ ਦੀ ਮੌਤ ਤੋਂ ਬਾਅਦ ਉਸ ਦਾ ਪੋਸਟਮਾਰਟਮ ਕਰਵਾਇਆ ਗਿਆ। ਰਿਪੋਰਟ ’ਚ ਸਾਹਮਣੇ ਆਇਆ ਕਿ ਉਹ ਕਲੇਫਟ ਪੈਲੇਟ (ਤਾਲੂ ਦਾ ਜਨਮਜਾਤ ਦੋਸ਼) ਤੋਂ ਪੀੜਤ ਸੀ।
ਇਸ ਬਿਮਾਰੀ ’ਚ ਮੂੰਹ ਦੇ ਉੱਪਰਲੇ ਹਿੱਸੇ, ਯਾਨੀ ਤਾਲੂ ਦਾ ਵਿਕਾਸ ਪੂਰੀ ਤਰ੍ਹਾਂ ਨਹੀਂ ਹੋ ਪਾਉਂਦਾ, ਜਿਸ ਕਾਰਨ ਨਵਜਾਤ ਲਈ ਦੁੱਧ ਨਿਗਲਣਾ ਮੁਸ਼ਕਲ ਹੋ ਜਾਂਦਾ ਹੈ। ਕਈ ਮਾਮਲਿਆਂ ’ਚ ਦੁੱਧ ਨੱਕ ਰਾਹੀਂ ਬਾਹਰ ਆਉਣ ਲੱਗਦਾ ਹੈ। ਮਾਇਆ ਦੇ ਬੱਚੇ ’ਚ ਵੀ ਇਹੀ ਲੱਛਣ ਦਿਖਾਈ ਦੇ ਰਹੇ ਸਨ।
ਪਹਿਲੀ ਵਾਰ ਮਾਂ ਬਣੀ ਸੀ ਮਾਇਆ
ਮਾਹਿਰਾਂ ਦਾ ਕਹਿਣਾ ਹੈ ਕਿ ਲੋੜੀਂਦਾ ਪੋਸ਼ਣ ਨਾ ਮਿਲਣ ਤੇ ਜਨਮਜਾਤ ਸਰੀਰਕ ਦੋਸ਼ ਕਾਰਨ ਬੱਚੇ ਦੀ ਹਾਲਤ ਲਗਾਤਾਰ ਵਿਗੜਦੀ ਗਈ। ਹਰ ਸੰਭਵ ਕੋਸ਼ਿਸ਼ ਦੇ ਬਾਵਜੂਦ ਉਸ ਨੂੰ ਬਚਾਇਆ ਨਹੀਂ ਜਾ ਸਕਿਆ।
ਮਾਇਆ ਲਈ ਇਹ ਪਹਿਲੀ ਵਾਰ ਮਾਂ ਬਣਨ ਦਾ ਅਨੁਭਵ ਸੀ। ਉਸ ਨੇ ਪਹਿਲੀ ਵਾਰ ਦੋ ਸ਼ਾਵਕਾਂ ਨੂੰ ਜਨਮ ਦੇ ਕੇ ਮਾਂ ਬਣਨ ਦਾ ਸੁਖ ਪ੍ਰਾਪਤ ਕੀਤਾ ਸੀ, ਪਰ ਕੁਝ ਹੀ ਦਿਨਾਂ ’ਚ ਉਸ ਨੇ ਆਪਣੇ ਦੋਵੇਂ ਬੱਚਿਆਂ ਨੂੰ ਗੁਆ ਦਿੱਤਾ।
ਇਸ ਘਟਨਾ ਨਾਲ ਨਾ ਸਿਰਫ਼ ਨੰਦਨਕਾਨਨ ਪ੍ਰਸ਼ਾਸਨ, ਸਗੋਂ ਜੰਗਲੀ ਜੀਵ ਪ੍ਰੇਮੀਆਂ ’ਚ ਵੀ ਮਾਯੂਸੀ ਛਾ ਗਈ ਹੈ। ਸ਼ੇਰਾਂ ਦੀ ਸੰਭਾਲ ਤੇ ਪ੍ਰਜਨਨ ਪ੍ਰੋਗਰਾਮਾਂ ਦੇ ਲਿਹਾਜ਼ ਨਾਲ ਨਵਜਾਤ ਬੱਚਿਆਂ ਦਾ ਜਨਮ ਮਹੱਤਵਪੂਰਨ ਮੰਨਿਆ ਜਾਂਦਾ ਹੈ। ਅਜਿਹੇ ’ਚ ਦੋਵੇਂ ਬੱਚਿਆਂ ਦਾ ਜ਼ਿੰਦਾ ਨਾ ਰਹਿ ਪਾਉਣਾ ਨੰਦਨਕਾਨਨ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ।