MBA ਸਟੂਡੈਂਟ ਦੀ ਕਰਤੂਤ: ਪੈਂਚਰ ਦੀ ਦੁਕਾਨ ਤੋਂ ਕਿਰਾਏ 'ਤੇ ਲੈਂਦਾ ਸੀ ਔਜ਼ਾਰ, CCTV ਫੁਟੇਜ ਨੇ ਖੁੱਲ੍ਹਿਆ ਰਾਜ਼
ਇਸ ਮਾਮਲੇ ਦੀ ਜਾਂਚ 20 ਅਕਤੂਬਰ ਨੂੰ ਰੇਤੀਬਾਊਲੀ ਸਥਿਤ ਗੈਲੇਕਸੀ ਐਂਕਲੇਵ ਅਪਾਰਟਮੈਂਟ ਦੇ ਬਾਹਰ ਖੜ੍ਹੀ ਮਹਿਦਰਾ ਥਾਰ ਤੋਂ ਸਟੈਪਨੀ ਚੋਰੀ ਹੋਣ ਦੀ ਸ਼ਿਕਾਇਤ ਤੋਂ ਬਾਅਦ ਸ਼ੁਰੂ ਹੋਈ। ਪੁਲਿਸ ਨੇ ਮਾਮਲਾ ਦਰਜ ਕਰਕੇ ਇਲਾਕੇ ਦੇ ਸੀਸੀਟੀਵੀ (CCTV) ਕੈਮਰਿਆਂ ਦੀ ਜਾਂਚ ਕੀਤੀ। ਫੁਟੇਜ ਵਿੱਚ ਦਿਖਿਆ ਕਿ ਮੁਲਜ਼ਮ ਆਪਣੇ ਸਕੂਟਰ 'ਤੇ ਬੈਠ ਕੇ ਮੋਬਾਈਲ ਚਲਾ ਰਿਹਾ ਸੀ।
Publish Date: Sun, 01 Nov 2026 12:08 PM (IST)
Updated Date: Sun, 01 Nov 2026 12:13 PM (IST)
ਡਿਜੀਟਲ ਡੈਸਕ, ਹੈਦਰਾਬਾਦ। ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ ’ਚ ਖੜ੍ਹੀਆਂ ਗੱਡੀਆਂ ਤੋਂ ਸਟੈਪਨੀ ਅਤੇ ਰਿਮ ਚੋਰੀ ਕਰਨ ਦੇ ਦੋਸ਼ ਵਿੱਚ ਪੁਲਿਸ ਨੇ 23 ਸਾਲਾ ਇੱਕ ਐੱਮਬੀਏ (MBA) ਵਿਦਿਆਰਥੀ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਸੋਬਨ ਅਲੀ ਖ਼ਾਨ ਵਜੋਂ ਹੋਈ ਹੈ।
ਪੁਲਿਸ ਨੇ ਉਸ ਦੇ ਕਬਜ਼ੇ ਵਿੱਚੋਂ 15 ਪਹੀਏ ਬਰਾਮਦ ਕੀਤੇ ਹਨ, ਜਿਨ੍ਹਾਂ ਵਿੱਚੋਂ 12 ਪਹੀਏ ਇਕੱਲੇ ਮਹਿਦਰਾ ਥਾਰ ਗੱਡੀਆਂ ਦੇ ਹਨ। ਇਸ ਤੋਂ ਇਲਾਵਾ ਦੋ ਫੋਰਡ ਐਂਡੇਵਰ ਅਤੇ ਇੱਕ ਫੋਰਡ ਈਕੋਸਪੋਰਟ ਦਾ ਪਹੀਆ ਵੀ ਜ਼ਬਤ ਕੀਤਾ ਗਿਆ ਹੈ।
ਇਸ ਮਾਮਲੇ ਦੀ ਜਾਂਚ 20 ਅਕਤੂਬਰ ਨੂੰ ਰੇਤੀਬਾਊਲੀ ਸਥਿਤ ਗੈਲੇਕਸੀ ਐਂਕਲੇਵ ਅਪਾਰਟਮੈਂਟ ਦੇ ਬਾਹਰ ਖੜ੍ਹੀ ਮਹਿਦਰਾ ਥਾਰ ਤੋਂ ਸਟੈਪਨੀ ਚੋਰੀ ਹੋਣ ਦੀ ਸ਼ਿਕਾਇਤ ਤੋਂ ਬਾਅਦ ਸ਼ੁਰੂ ਹੋਈ। ਪੁਲਿਸ ਨੇ ਮਾਮਲਾ ਦਰਜ ਕਰਕੇ ਇਲਾਕੇ ਦੇ ਸੀਸੀਟੀਵੀ (CCTV) ਕੈਮਰਿਆਂ ਦੀ ਜਾਂਚ ਕੀਤੀ। ਫੁਟੇਜ ਵਿੱਚ ਦਿਖਿਆ ਕਿ ਮੁਲਜ਼ਮ ਆਪਣੇ ਸਕੂਟਰ 'ਤੇ ਬੈਠ ਕੇ ਮੋਬਾਈਲ ਚਲਾ ਰਿਹਾ ਸੀ।
ਮੌਕਾ ਤਾੜ ਕੇ ਉਹ ਥਾਰ ਦੇ ਪਿੱਛੇ ਬੱਝੀ ਸਟੈਪਨੀ ਖੋਲ੍ਹਣ ਦੀ ਕੋਸ਼ਿਸ਼ ਕਰਦਾ ਹੈ ਪਰ ਕਿਸੇ ਦੇ ਆਉਣ 'ਤੇ ਵਾਪਸ ਸਕੂਟਰ 'ਤੇ ਆ ਜਾਂਦਾ ਹੈ। ਕੁਝ ਦੇਰ ਗਲੀ 'ਤੇ ਨਜ਼ਰ ਰੱਖਣ ਤੋਂ ਬਾਅਦ, ਉਸ ਨੇ ਕੁਝ ਹੀ ਸਕਿੰਟਾਂ ਵਿੱਚ ਟਾਇਰ ਖੋਲ੍ਹਿਆ ਅਤੇ ਸਕੂਟਰ 'ਤੇ ਰੱਖ ਕੇ ਫ਼ਰਾਰ ਹੋ ਗਿਆ। ਫੁਟੇਜ ਦੇ ਆਧਾਰ 'ਤੇ ਪੁਲਿਸ ਨੇ ਉਸ ਨੂੰ ਸ਼ਨੀਵਾਰ ਨੂੰ ਕਾਬੂ ਕਰ ਲਿਆ ਹੈ।
ਪੈਂਚਰ ਦੁਕਾਨਾਂ ਤੋਂ ਔਜ਼ਾਰ ਕਿਰਾਏ 'ਤੇ ਲਏ
ਜਾਂਚ ਤੋਂ ਪਤਾ ਲੱਗਾ ਕਿ ਦੋਸ਼ੀ ਟਾਇਰ ਖੋਲ੍ਹਣ ਲਈ ਇੱਕ ਵਿਲੱਖਣ ਤਰੀਕਾ ਵਰਤਦਾ ਸੀ। ਉਹ ਪੈਂਚਰ ਦੁਕਾਨਾਂ 'ਤੇ ਜਾਂਦਾ ਸੀ ਅਤੇ ਪੈਂਚਰ ਹੋਈ ਕਾਰ ਹੋਣ ਦਾ ਦਿਖਾਵਾ ਕਰਕੇ 200 ਤੋਂ 300 ਰੁਪਏ ਦੀ ਸੁਰੱਖਿਆ ਜਮ੍ਹਾਂ ਰਕਮ ਦੇ ਕੇ ਇੱਕ ਔਜ਼ਾਰ ਕਿਰਾਏ 'ਤੇ ਲੈਂਦਾ ਸੀ।
ਇਸ ਤੋਂ ਬਾਅਦ ਉਹ ਖੜ੍ਹੀਆਂ ਗੱਡੀਆਂ ਤੋਂ ਸਟੈਪਨੀ ਖੋਲ੍ਹਦਾ ਅਤੇ ਔਜ਼ਾਰ ਵਾਪਸ ਮੋੜ ਕੇ ਆਪਣੇ ਪੈਸੇ ਵਾਪਸ ਲੈ ਲੈਂਦਾ ਸੀ। ਮੁਲਜ਼ਮ ਦੇ ਪਿਤਾ ਵੀਲ੍ਹ-ਅਲਾਇਨਮੈਂਟ ਦੀ ਦੁਕਾਨ 'ਤੇ ਕੰਮ ਕਰਦੇ ਹਨ, ਜਿਸ ਕਾਰਨ ਉਸ ਨੂੰ ਗੱਡੀਆਂ ਦੇ ਪਹੀਏ ਖੋਲ੍ਹਣ ਦੀ ਚੰਗੀ ਜਾਣਕਾਰੀ ਸੀ।
10 ਥਾਣਾ ਖੇਤਰਾਂ ਵਿੱਚ ਦਰਜ ਹਨ 11 ਮਾਮਲੇ
ਪੁੱਛਗਿੱਛ ਦੌਰਾਨ ਮੁਲਜ਼ਮ ਨੇ ਦੱਸਿਆ ਕਿ ਉਹ 10 ਵੱਖ-ਵੱਖ ਥਾਣਾ ਖੇਤਰਾਂ ਵਿੱਚ ਚੋਰੀ ਦੀਆਂ 11 ਵਾਰਦਾਤਾਂ ਵਿੱਚ ਸ਼ਾਮਲ ਰਿਹਾ ਹੈ। ਇਨ੍ਹਾਂ ਵਿੱਚ ਅੱਟਾਪੁਰ ਦੇ ਦੋ ਮਾਮਲਿਆਂ ਤੋਂ ਇਲਾਵਾ ਫ਼ਿਲਮ ਨਗਰ, ਲੰਗਰ ਹਾਊਸ, ਗੁਡੀਮਲਕਾਪੁਰ, ਸੈਫ਼ਾਬਾਦ, ਚੰਦਰਯਾਨਗੁੱਟਾ, ਚਾਦਰਘਾਟ, ਛੱਤਰੀਨਾਕਾ, ਮੀਰਪੇਟ ਅਤੇ ਨਾਰਾਇਣਗੁੜਾ ਸ਼ਾਮਲ ਹਨ।
ਪੁਲਿਸ ਹੁਣ ਉਸ ਨੂੰ ਹਿਰਾਸਤ ਵਿੱਚ ਲੈ ਕੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਉਸ ਨੇ ਇਹ ਚੋਰੀਆਂ ਕਦੋਂ ਸ਼ੁਰੂ ਕੀਤੀਆਂ ਸਨ ਅਤੇ ਉਹ ਚੋਰੀ ਕੀਤੇ ਟਾਇਰਾਂ ਨੂੰ ਕਿਨ੍ਹਾਂ ਕਬਾੜੀਆਂ ਜਾਂ ਖ਼ਰੀਦਦਾਰਾਂ ਨੂੰ ਵੇਚਦਾ ਸੀ।