ਦਿੱਲੀ ’ਚ ਨਸ਼ਿਆਂ ਦੀ ਵੱਡੀ ਸਪਲਾਈ ਚੇਨ ਦਾ ਪਰਦਾਫਾਸ਼, ਔਰਤ ਸਮੇਤ ਚਾਰ ਵਿਦੇਸ਼ੀ ਨਾਗਰਿਕ ਗ੍ਰਿਫ਼ਤਾਰ ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ 168 ਗ੍ਰਾਮ ਕੋਕੀਨ, 35,900 ਰੁਪਏ ਨਕਦ, ਤੋਲਣ ਵਾਲੀਆਂ ਮਸ਼ੀਨਾਂ ਤੇ ਪੈਕਿੰਗ ਦਾ ਸਾਮਾਨ ਬਰਾਮਦ ਕੀਤਾ ਹੈ। ਇਸ ਤੋਂ ਇਲਾਵਾ ਇੱਕ ਟੀਵੀਐੱਸ ਐੱਨਟਾਰਕ ਸਕੂਟੀ ਤੇ ਮੋਬਾਈਲ ਫ਼ੋਨ ਵੀ ਜ਼ਬਤ ਕੀਤੇ ਗਏ ਹਨ।
Publish Date: Fri, 16 Oct 2026 03:04 PM (IST)
Updated Date: Fri, 16 Oct 2026 03:07 PM (IST)
ਜਾਗਰਣ ਸੰਵਾਦਦਾਤਾ, ਬਾਹਰੀ ਦਿੱਲੀ। ਦਿੱਲੀ ’ਚ ਰੋਹਿਣੀ ਜ਼ਿਲ੍ਹਾ ਪੁਲਿਸ ਦੇ ਸਪੈਸ਼ਲ ਸਟਾਫ਼ ਨੇ ਨਸ਼ੀਲੇ ਪਦਾਰਥਾਂ ਦੀ ਸਪਲਾਈ ਚੇਨ ਦਾ ਪਰਦਾਫਾਸ਼ ਕਰਦਿਆਂ ਨਾਈਜੀਰੀਆ, ਯੂਗਾਂਡਾ ਤੇ ਸੇਨੇਗਲ ਦੇ ਚਾਰ ਵਿਦੇਸ਼ੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ’ਚ ਇੱਕ ਔਰਤ ਵੀ ਸ਼ਾਮਲ ਹੈ।
ਸਪਲਾਈ ਨੈੱਟਵਰਕ ਤੱਕ ਪਹੁੰਚੀ ਪੁਲਿਸ ਪੁਲਿਸ ਅਨੁਸਾਰ, ਜ਼ਿਲ੍ਹੇ ’ਚ ਨਸ਼ੀਲੇ ਪਦਾਰਥਾਂ ਦੀ ਗੈਰ-ਕਾਨੂੰਨੀ ਵਿਕਰੀ ਤੇ ਤਸਕਰੀ ’ਤੇ ਰੋਕ ਲਗਾਉਣ ਲਈ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਲੜੀ ਤਹਿਤ ਸਪੈਸ਼ਲ ਸਟਾਫ਼ ਦੀ ਟੀਮ ਨੇ ਜਾਂਚ ਤੇ ਖੁਫ਼ੀਆ ਜਾਣਕਾਰੀ ਦੇ ਆਧਾਰ ’ਤੇ ਕੋਕੀਨ ਦੀ ਸਪਲਾਈ ਨਾਲ ਜੁੜੇ ਨੈੱਟਵਰਕ ਤੱਕ ਪਹੁੰਚ ਬਣਾਈ। 17 ਸਤੰਬਰ 2026 ਨੂੰ ਸਾਊਥ ਰੋਹਿਣੀ ਥਾਣੇ ’ਚ ਐੱਨਡੀਪੀਐੱਸ ਐਕਟ ਤਹਿਤ ਐੱਫਆਈਆਰ ਦਰਜ ਕੀਤੀ ਗਈ ਸੀ। ਇਸ ਮਾਮਲੇ ’ਚ ਸੇਨ ਫਾਏ (33) ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਦੇ ਕਬਜ਼ੇ ਵਿੱਚੋਂ 17 ਗ੍ਰਾਮ ਕੋਕੀਨ ਬਰਾਮਦ ਹੋਈ ਸੀ।
600 ਰੁਪਏ ਵੀ ਕੀਤੇ ਗਏ ਸਨ ਜ਼ਬਤ ਪੁਲਿਸ ਨੇ ਇੱਕ ਟੀਵੀਐੱਸ ਐੱਨਟਾਰਕ ਸਕੂਟੀ, ਮੋਬਾਈਲ ਫ਼ੋਨ ਤੇ 600 ਰੁਪਏ ਵੀ ਜ਼ਬਤ ਕੀਤੇ ਸਨ। ਜਾਂਚ ਦੌਰਾਨ ਮੁਲਜ਼ਮ ਤੋਂ ਮਿਲੀ ਜਾਣਕਾਰੀ ਤੇ ਖੁਫ਼ੀਆ ਸੂਚਨਾਵਾਂ ਦੇ ਆਧਾਰ ’ਤੇ ਪੁਲਿਸ ਨੇ ਨੈੱਟਵਰਕ ਨਾਲ ਜੁੜੇ ਹੋਰ ਲੋਕਾਂ ਦੀ ਭਾਲ ਸ਼ੁਰੂ ਕਰ ਦਿੱਤੀ।
ਪੈਕਿੰਗ ਦਾ ਸਾਮਾਨ ਵੀ ਬਰਾਮਦ 9 ਅਕਤੂਬਰ 2026 ਨੂੰ ਸਪੈਸ਼ਲ ਸਟਾਫ਼ ਦੀ ਟੀਮ ਨੇ ਤਿੰਨ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ। ਉਨ੍ਹਾਂ ਦੇ ਕਬਜ਼ੇ ਵਿੱਚੋਂ 151 ਗ੍ਰਾਮ ਕੋਕੀਨ, 35,300 ਰੁਪਏ ਨਕਦ, ਤੋਲਣ ਵਾਲੀਆਂ ਮਸ਼ੀਨਾਂ ਤੇ ਪੈਕਿੰਗ ਦਾ ਸਾਮਾਨ ਬਰਾਮਦ ਕੀਤਾ ਗਿਆ। ਪੁਲਿਸ ਅਨੁਸਾਰ, ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਨਾਈਜੀਰੀਆ ਦੇ ਨਾਗਰਿਕ ਓਕੋਲੀ ਇਫੇਚੁਕਵੂ ਬ੍ਰਾਈਟ (35), ਯੂਗਾਂਡਾ ਦੀ ਨਾਗਰਿਕ ਨਸੀਮਾ ਅਮੀਨਾ ਉਰਫ਼ ਨਲੁਬਗਾ ਮਰਿਯਮ (35), ਨਾਈਜੀਰੀਆ ਦੇ ਨਾਗਰਿਕ ਉਚੇਚੁਕਵੂ ਜੌਨ (35) ਤੇ ਸੇਨੇਗਲ ਦੇ ਰਹਿਣ ਵਾਲੇ ਸੇਨ ਫਾਏ ਵਜੋਂ ਹੋਈ ਹੈ।
ਇਹ ਕਾਰਵਾਈ ਇੰਸਪੈਕਟਰ ਸੰਦੀਪ ਗੋਦਾਰਾ ਦੀ ਅਗਵਾਈ ਤੇ ਏਸੀਪੀ ਆਪ੍ਰੇਸ਼ਨ ਅਜਮੇਰ ਸਿੰਘ ਦੀ ਨਿਗਰਾਨੀ ਹੇਠ ਕੀਤੀ ਗਈ। ਟੀਮ ’ਚ ਐੱਸਆਈ ਕਰਮਬੀਰ, ਹੈੱਡ ਕਾਂਸਟੇਬਲ ਮਨਜੀਤ, ਪ੍ਰਕਾਸ਼, ਯਸ਼ਪਾਲ, ਅਮਰਜੀਤ, ਅਤੁਲ, ਮਹਿਲਾ ਕਾਂਸਟੇਬਲ ਅਨੀਤਾ ਤੇ ਸੁਜੀਤ ਸ਼ਾਮਲ ਸਨ।
ਜ਼ਿਲ੍ਹੇ ’ਚ ਨਸ਼ੀਲੇ ਪਦਾਰਥਾਂ ਦੀ ਗੈਰ-ਕਾਨੂੰਨੀ ਵਿਕਰੀ ਤੇ ਢੋਆ-ਢੁਆਈ ’ਤੇ ਰੋਕ ਲਗਾਉਣ ਲਈ ਮੁਹਿੰਮ ਚਲਾਈ ਜਾ ਰਹੀ ਹੈ। ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ। ਪੁਲਿਸ ਨੈੱਟਵਰਕ ਨਾਲ ਜੁੜੇ ਹੋਰ ਪਹਿਲੂਆਂ ਦੀ ਵੀ ਜਾਂਚ ਕਰ ਰਹੀ ਹੈ।
— ਸ਼ਸ਼ਾਂਕ ਜਾਇਸਵਾਲ, ਡਿਪਟੀ ਕਮਿਸ਼ਨਰ ਆਫ਼ ਪੁਲਿਸ, ਰੋਹਿਣੀ ਜ਼ਿਲ੍ਹਾ