ਅਦਾਲਤ ਦਾ ਵੱਡਾ ਫੈਸਲਾ, ਪੀਓਜੇਕੇ ’ਚ ਲੁਕਿਆ ਮੁਸ਼ਤਾਕ ਮੀਰ ਭਗੌੜਾ ਕਰਾਰ; 1995 ’ਚ LoC ਪਾਰ ਕਰਕੇ ਬਣਿਆ ਸੀ ਅੱਤਵਾਦੀ
ਜੰਮੂ ਦੀ ਵਿਸ਼ੇਸ਼ NIA ਅਦਾਲਤ ਨੇ ਰਾਜੌਰੀ ਦੇ ਰਹਿਣ ਵਾਲੇ ਮੁਸ਼ਤਾਕ ਅਹਿਮਦ ਮੀਰ ਨੂੰ ਭਗੌੜਾ ਕਰਾਰ ਦਿੱਤਾ ਹੈ। ਉਸ ’ਤੇ ਦੋਸ਼ ਹੈ ਕਿ ਉਸ ਨੇ 1995-96 ਦੌਰਾਨ ਕੰਟਰੋਲ ਰੇਖਾ (LoC) ਪਾਰ ਕਰਕੇ ਅੱਤਵਾਦੀ ਗਤੀਵਿਧੀਆਂ ’ਚ ਹਿੱਸਾ ਲਿਆ ਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਜੰਮੂ-ਕਸ਼ਮੀਰ (ਪੀਓਜੇਕੇ) ’ਚ ਰਹਿਣ ਲੱਗ ਪਿਆ। ਇਸ ਮਾਮਲੇ ’ਚ ਉਹ ਅਦਾਲਤ ’ਚ ਪੇਸ਼ ਨਹੀਂ ਹੋਇਆ।
Publish Date: Thu, 15 Oct 2026 12:46 PM (IST)
Updated Date: Thu, 15 Oct 2026 12:49 PM (IST)
ਜਾਗਰਣ ਸੰਵਾਦਦਾਤਾ, ਜੰਮੂ: ਜੰਮੂ ਦੀ ਵਿਸ਼ੇਸ਼ NIA ਅਦਾਲਤ ਨੇ ਜ਼ਿਲ੍ਹਾ ਰਾਜੌਰੀ ਦੇ ਵਸਨੀਕ ਮੁਸ਼ਤਾਕ ਅਹਿਮਦ ਮੀਰ ਨੂੰ ਭਗੌੜਾ ਐਲਾਨ ਦਿੱਤਾ ਹੈ। ਮੁਲਜ਼ਮ ’ਤੇ ਦੋਸ਼ ਹੈ ਕਿ ਉਸ ਨੇ ਸਾਲ 1995-96 ਦੌਰਾਨ ਕੰਟਰੋਲ ਰੇਖਾ (LoC) ਪਾਰ ਕਰਕੇ ਅੱਤਵਾਦੀ ਗਤੀਵਿਧੀਆਂ ’ਚ ਸ਼ਮੂਲੀਅਤ ਕੀਤੀ ਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਜੰਮੂ-ਕਸ਼ਮੀਰ (ਪੀਓਜੇਕੇ) ’ਚ ਪਨਾਹ ਲੈ ਲਈ ਸੀ।
ਅਦਾਲਤ ’ਚ ਵਾਰ-ਵਾਰ ਕਾਨੂੰਨੀ ਕਾਰਵਾਈ ਹੋਣ ਦੇ ਬਾਵਜੂਦ ਪੇਸ਼ ਨਾ ਹੋਣ ਕਾਰਨ ਇਹ ਹੁਕਮ ਜਾਰੀ ਕੀਤਾ ਗਿਆ ਹੈ। ਮੁਸ਼ਤਾਕ ਅਹਿਮਦ ਮੀਰ ਪੁੱਤਰ ਗੁਲਾਮ ਰਸੂਲ ਮੀਰ, ਜ਼ਿਲ੍ਹਾ ਰਾਜੌਰੀ ਦੇ ਦਰਹਾਲ ਇਲਾਕੇ ’ਚ ਪੈਂਦੇ ਥਾਨਾਮੰਗ ਦੇ ਕਸ਼ਮੀਰੀ ਮੁਹੱਲੇ ਦਾ ਰਹਿਣ ਵਾਲਾ ਹੈ। ਦਰਹਾਲ ਪੁਲਿਸ ਥਾਣੇ ਦੇ ਐੱਸਐੱਚਓ ਵੱਲੋਂ ਪੇਸ਼ ਕੀਤੀ ਗਈ ਰਿਪੋਰਟ ਮੁਤਾਬਕ, ਮੁਲਜ਼ਮ ਨੇ ਕਥਿਤ ਤੌਰ ’ਤੇ 1995-96 ’ਚ ਕੰਟਰੋਲ ਰੇਖਾ ਪਾਰ ਕੀਤੀ ਸੀ ਤੇ ਅੱਤਵਾਦੀ ਗਤੀਵਿਧੀਆਂ ’ਚ ਸ਼ਾਮਲ ਹੋ ਗਿਆ ਸੀ। ਰਿਪੋਰਟ ’ਚ ਇਹ ਵੀ ਕਿਹਾ ਗਿਆ ਹੈ ਕਿ ਉਹ ਪੀਓਜੇਕੇ ’ਚ ਰਹਿ ਰਿਹਾ ਹੈ।
ਗ੍ਰਿਫ਼ਤਾਰੀ ਦੇ ਗੈਰ-ਜ਼ਮਾਨਤੀ ਵਾਰੰਟ ਵੀ ਨਹੀਂ ਹੋ ਸਕੇ ਤਾਮੀਲ
ਅਦਾਲਤ ਨੂੰ ਦੱਸਿਆ ਗਿਆ ਕਿ ਮੁਲਜ਼ਮ ਖ਼ਿਲਾਫ਼ ਗ੍ਰਿਫ਼ਤਾਰੀ ਲਈ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਗਏ ਸਨ, ਪਰ ਉਨ੍ਹਾਂ ਦੀ ਤਾਮੀਲ ਨਹੀਂ ਹੋ ਸਕੀ। ਇਸ ਤੋਂ ਬਾਅਦ 20 ਜੁਲਾਈ 2026 ਨੂੰ ਉਸ ਨੂੰ ਅਦਾਲਤ ’ਚ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਗਏ। ਪੂਰੇ ਮਾਮਲੇ ’ਤੇ ਵਿਚਾਰ ਕਰਨ ਤੋਂ ਬਾਅਦ ਅਦਾਲਤ ਨੇ ਕਿਹਾ ਕਿ ਮੁਲਜ਼ਮ ਕਥਿਤ ਤੌਰ ’ਤੇ ਫ਼ਰਾਰ ਹੈ ਤੇ ਜਾਣਬੁੱਝ ਕੇ ਕਾਨੂੰਨੀ ਕਾਰਵਾਈ ਤੋਂ ਬਚ ਰਿਹਾ ਹੈ।
ਮੁਸ਼ਤਾਕ ਅਹਿਮਦ ਮੀਰ ਨੂੰ ਭਗੌੜਾ ਐਲਾਨਿਆ
ਅਦਾਲਤ ਨੇ ਇਹ ਵੀ ਪਾਇਆ ਕਿ ਜਾਂਚ ਏਜੰਸੀ ਵੱਲੋਂ ਕੀਤੀਆਂ ਗਈਆਂ ਕੋਸ਼ਿਸ਼ਾਂ ਦੇ ਬਾਵਜੂਦ ਨੇੜਲੇ ਭਵਿੱਖ ’ਚ ਉਸ ਦੀ ਗ੍ਰਿਫ਼ਤਾਰੀ ਦੀ ਕੋਈ ਸੰਭਾਵਨਾ ਦਿਖਾਈ ਨਹੀਂ ਦੇ ਰਹੀ। ਇਸ ਤੋਂ ਬਾਅਦ ਅਦਾਲਤ ਨੇ ਮੁਸ਼ਤਾਕ ਅਹਿਮਦ ਮੀਰ ਨੂੰ ਭਗੌੜਾ ਕਰਾਰ ਦਿੰਦਿਆਂ ਹੁਕਮ ਦੀ ਇੱਕ ਕਾਪੀ ਜੰਮੂ ਸਥਿਤ ਸਰਕਾਰੀ ਰਣਬੀਰ ਪ੍ਰੈੱਸ ਨੂੰ ਭੇਜਣ ਦੇ ਨਿਰਦੇਸ਼ ਦਿੱਤੇ, ਤਾਂ ਜੋ ਇਸ ਨੂੰ ਸਰਕਾਰੀ ਗਜ਼ਟ ਦੇ ਅਗਲੇ ਅੰਕ ’ਚ ਪ੍ਰਕਾਸ਼ਿਤ ਕੀਤਾ ਜਾ ਸਕੇ।