ਹੋਟਲ ਸ਼ੂਟਆਊਟ ਦਾ ਮੁੱਖ ਦੋਸ਼ੀ ਪੁਲਿਸ ਮੁਕਾਬਲੇ 'ਚ ਢੇਰ, ਮਾਲਕ ਸਮੇਤ 5 ਲੋਕਾਂ ਦੀ ਗੋਲੀ ਮਾਰ ਕੇ ਕੀਤੀ ਸੀ ਹੱਤਿਆ
ਗੁਹਾਟੀ ਦੇ 'ਹੋਟਲ ਬਿਲਾਸ ਇਨ' ਹੱਤਿਆਕਾਂਡ ਵਿੱਚ ਹੁਣ ਤੱਕ ਸਾਹਮਣੇ ਆਈ ਜਾਣਕਾਰੀ ਮੁਤਾਬਕ, ਪ੍ਰਾਪਰਟੀ ਦੇ ਪ੍ਰਬੰਧਨ ਅਤੇ ਨਵੀਨੀਕਰਨ ਦੇ ਖ਼ਰਚੇ ਨੂੰ ਲੈ ਕੇ ਗੋਗੋਈ ਅਤੇ ਹੋਟਲ ਮਾਲਕ ਦੇ ਪਰਿਵਾਰ ਵਿਚਕਾਰ ਹੋਏ ਮਤਭੇਦਾਂ ਕਾਰਨ ਟਕਰਾਅ ਹੋਇਆ ਸੀ।
Publish Date: Wed, 04 Nov 2026 11:01 AM (IST)
Updated Date: Wed, 04 Nov 2026 11:11 AM (IST)
ਡਿਜੀਟਲ ਡੈਸਕ, ਗੁਹਾਟੀ : ਗੁਹਾਟੀ ਦੇ 'ਹੋਟਲ ਬਿਲਾਸ ਇਨ' ਵਿੱਚ 26 ਅਕਤੂਬਰ ਨੂੰ ਵਾਪਰੀ ਗੋਲੀਬਾਰੀ ਦੀ ਘਟਨਾ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ ਸੀ। ਇਸ ਹੱਤਿਆਕਾਂਡ ਦਾ ਮੁੱਖ ਦੋਸ਼ੀ ਘਨਕਾਂਤ ਗੋਗੋਈ ਬੁੱਧਵਾਰ ਤੜके ਪੁਲਿਸ ਮੁਕਾਬਲੇ ਵਿੱਚ ਮਾਰਿਆ ਗਿਆ।
ਅਸਮ ਦੇ ਸ਼ਿਵਸਾਗਰ ਜ਼ਿਲ੍ਹੇ ਵਿੱਚ ਇਹ ਮੁਕਾਬਲਾ ਬੁੱਧਵਾਰ ਸਵੇਰੇ ਕਰੀਬ 3:10 ਵਜੇ ਗੌਰੀਸਾਗਰ ਪੁਲਿਸ ਥਾਣਾ ਖੇਤਰ ਦੇ ਅਧੀਨ ਰੋਂਗਮਨ ਢਾਬੇ ਕੋਲ ਫੁੱਲਪਾਨੀਚਿਗਾ ਵਿਖੇ ਹੋਇਆ।
ਪੁਲਿਸ ਮੁਕਾਬਲੇ 'ਚ ਮਾਰਿਆ ਗਿਆ ਹੋਟਲ ਹੱਤਿਆਕਾਂਡ ਦਾ ਦੋਸ਼ੀ ਸ਼ਿਵਸਾਗਰ ਪੁਲਿਸ ਦੀ ਇੱਕ ਟੀਮ ਰਾਤ ਨੂੰ ਇੱਕ ਲੰਬਿਤ ਮਾਮਲੇ ਦੇ ਸਿਲਸਿਲੇ ਵਿੱਚ ਮੁੱਖ ਦੋਸ਼ੀ ਘਨਕਾਂਤ ਗੋਗੋਈ ਨੂੰ ਗੁਹਾਟੀ ਤੋਂ ਵਾਪਸ ਲਿਆ ਰਹੀ ਸੀ। ਪੁਲਿਸ ਮੁਤਾਬਕ, ਗੋਗੋਈ ਨੇ ਪੁਲਿਸ ਕਰਮੀਆਂ ਉੱਤੇ ਹਮਲਾ ਕੀਤਾ ਅਤੇ ਸ਼ੌਚ ਦੇ ਬਹਾਨੇ ਗੱਡੀ ਰੁਕਵਾ ਕੇ ਹਿਰਾਸਤ ਵਿੱਚੋਂ ਭੱਜਣ ਦੀ ਕੋਸ਼ਿਸ਼ ਕੀਤੀ।
ਸ਼ਿਵਸਾਗਰ ਦੀ ਪੁਲਿਸ ਸੁਪਰਡੈਂਟ ਪਾਪੋਰੀ ਚੇਤਿਆ ਨੇ ਦੱਸਿਆ ਕਿ ਪੰਜਾਬ ਨੈਸ਼ਨਲ ਬੈਂਕ ਲੋਨ ਧੋਖਾਧੜੀ ਨਾਲ ਜੁੜੇ ਇੱਕ ਲੰਬਿਤ ਮਾਮਲੇ ਵਿੱਚ ਗੁਹਾਟੀ ਦੀ ਅਦਾਲਤ ਤੋਂ ਪ੍ਰੋਡਕਸ਼ਨ ਵਾਰੰਟ ਮਿਲਣ ਤੋਂ ਬਾਅਦ ਪੁਲਿਸ ਗੋਗੋਈ ਨੂੰ ਜ਼ਿਲ੍ਹੇ ਵਿੱਚ ਲਾ ਰਹੀ ਸੀ।
ਪੁਲਿਸ ਸੁਪਰਡੈਂਟ ਨੇ ਕਿਹਾ, 'ਉਸ ਨੂੰ ਇੱਥੇ ਲਿਆਉਂਦੇ ਸਮੇਂ ਉਸ ਨੇ ਅਚਾਨਕ ਭੱਜਣ ਦੀ ਕੋਸ਼ਿਸ਼ ਕੀਤੀ। ਹੱਥੋਪਾਈ ਦੌਰਾਨ ਉਸ ਨੇ ਇੱਕ ਅਧਿਕਾਰੀ ਦੀ ਸਰਵਿਸ ਰਿਵਾਲਵਰ ਖੋਹਣ ਦਾ ਯਤਨ ਕੀਤਾ। ਇਸੇ ਦੌਰਾਨ, ਸਰਵਿਸ ਰਿਵਾਲਵਰ ਵਿੱਚੋਂ ਤਿੰਨ ਗੋਲੀਆਂ ਚੱਲ ਗਈਆਂ, ਜਿਸ ਨਾਲ ਸਾਡਾ ਇੱਕ ਅਧਿਕਾਰੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ।'
ਐੱਸ.ਐੱਸ.ਪੀ. ਨੇ ਕਿਹਾ, 'ਉਹ ਇੱਕ ਲੋੜੀਂਦਾ ਦੋਸ਼ੀ ਸੀ, ਇਸ ਲਈ ਅਸੀਂ ਇਹਤਿਆਤੀ ਕਦਮ ਚੁੱਕੇ ਸਨ। ਹਾਲਾਂਕਿ, ਉਸ ਦੇ ਵਰਤਾਅ ਨਾਲ ਅਧਿਕਾਰੀ ਦੀ ਜਾਨ ਨੂੰ ਖ਼ਤਰਾ ਪੈਦਾ ਹੋ ਗਿਆ ਸੀ ਖ਼ਾਸਕਰ ਇਸ ਲਈ ਕਿਉਂਕਿ ਉਸ ਨੇ ਪੰਜ ਲੋਕਾਂ ਉੱਤੇ ਖੁੱਲ੍ਹੇਆਮ ਗੋਲੀ ਚਲਾਈ ਸੀ।'
ਪੁਲਿਸ ਸੁਪਰਡੈਂਟ ਨੇ ਦੱਸਿਆ ਕਿ ਟੀਮ ਦੇ ਨਾਲ ਮੌਜੂਦ ਸ਼ਿਵਸਾਗਰ ਸਦਰ ਪੁਲਿਸ ਥਾਣਾ ਇੰਚਾਰਜ ਦੇ ਪਰਸਨਲ ਸਕਿਉਰਿਟੀ ਆਫ਼ੀਸਰ (PSO) ਨੂੰ ਗੋਗੋਈ ਨੂੰ ਭੱਜਣ ਤੋਂ ਰੋਕਣ ਲਈ ਆਪਣੀ ਸਰਵਿਸ ਗਨ ਦੀ ਵਰਤੋਂ ਕਰਨੀ ਪਈ।
ਮੁਕਾਬਲੇ ਵਿੱਚ ਸ਼ਿਵਸਾਗਰ ਟਾਊਨ ਪੁਲਿਸ ਦੇ ਸਬ-ਇੰਸਪੈਕਟਰ ਦੇਬਾਸ਼ੀਸ਼ ਸ਼ਰਮਾ ਵੀ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਸ਼ਿਵਸਾਗਰ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਪੰਜ ਲੋਕਾਂ ਦੀ ਗੋਲੀ ਚਲਾ ਕੇ ਕੀਤੀ ਸੀ ਹੱਤਿਆ
ਗੁਹਾਟੀ ਦੇ 'ਹੋਟਲ ਬਿਲਾਸ ਇਨ' ਹੱਤਿਆਕਾਂਡ ਵਿੱਚ ਹੁਣ ਤੱਕ ਸਾਹਮਣੇ ਆਈ ਜਾਣਕਾਰੀ ਮੁਤਾਬਕ, ਪ੍ਰਾਪਰਟੀ ਦੇ ਪ੍ਰਬੰਧਨ ਅਤੇ ਨਵੀਨੀਕਰਨ ਦੇ ਖ਼ਰਚੇ ਨੂੰ ਲੈ ਕੇ ਗੋਗੋਈ ਅਤੇ ਹੋਟਲ ਮਾਲਕ ਦੇ ਪਰਿਵਾਰ ਵਿਚਕਾਰ ਹੋਏ ਮਤਭੇਦਾਂ ਕਾਰਨ ਟਕਰਾਅ ਹੋਇਆ ਸੀ।
ਰਿਪੋਰਟਾਂ ਮੁਤਾਬਕ, ਇਸ ਵਿਵਾਦ ਨੂੰ ਸੁਲਝਾਉਣ ਲਈ 26 ਅਕਤੂਬਰ ਨੂੰ ਇੱਕ ਮੀਟਿੰਗ ਤੈਅ ਕੀਤੀ ਗਈ ਸੀ। ਹਾਲਾਂਕਿ, ਦੱਸਿਆ ਜਾ ਰਿਹਾ ਹੈ ਕਿ ਗੱਲਬਾਤ ਦੌਰਾਨ ਬਹਿਸ ਇੰਨੀ ਵਧ ਗਈ ਕਿ ਗੋਲੀਬਾਰੀ ਹੋ ਗਈ।
ਹੋਟਲ ਵਿੱਚ ਹੋਈ ਗੋਲੀਬਾਰੀ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ। ਫ਼ਾਇਰਿੰਗ ਵਿੱਚ ਮਾਰੇ ਗਏ ਪੰਜ ਲੋਕਾਂ ਦੀ ਪਛਾਣ ਹੋਟਲ ਮਾਲਕਣ ਹੇਲੇਨਾ ਭਰਾਲੀ (58), ਉਨ੍ਹਾਂ ਦੇ ਵੱਡੇ ਭਾਈ ਭੂਦੇਵ ਭਰਾਲੀ (65), ਉਨ੍ਹਾਂ ਦੇ ਪੁੱਤਰ ਦੇਬਰਸ਼ੀ ਕਸ਼ਯਪ (39), ਨੂੰਹ ਰਿਨਿਕਾ ਕਸ਼ਯਪ (30) ਅਤੇ ਪਰਿਵਾਰ ਨਾਲ ਜੁੜੇ ਨਾਰਾਇਣ ਦਾਸ (48) ਵਜੋਂ ਹੋਈ ਹੈ।
ਪਰਿਵਾਰ ਦਾ ਡਰਾਈਵਰ ਸਤੇਂਦਰ ਪਾਠਕ ਵੀ ਗੋਲੀਬਾਰੀ ਵਿੱਚ ਜ਼ਖ਼ਮੀ ਹੋ ਗਿਆ ਪਰ ਉਹ ਬਚ ਗਿਆ। ਉਸ ਨੂੰ ਇਲਾਜ ਲਈ ਗੁਹਾਟੀ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਰਿਪੋਰਟਾਂ ਦੇ ਅਨੁਸਾਰ, .32 ਬੋਰ ਦੀ ਜਿਸ ਪਿਸਤੌਲ ਨਾਲ ਫ਼ਾਇਰਿੰਗ ਹੋਈ, ਉਹ 16 ਅਕਤੂਬਰ 2024 ਨੂੰ ਦੀਮਾਪੁਰ ਦੇ 'ਸਵਸਤੀ ਗਨ ਹਾਊਸ' ਤੋਂ ਖ਼ਰੀਦੀ ਗਈ ਸੀ। ਇਸ ਦੇ ਨਾਲ 40 ਰਾਊਂਡ ਕਾਰਤੂਸ ਵੀ ਲਏ ਗਏ ਸਨ ਅਤੇ ਇਸ ਦੀ ਕੀਮਤ ਲਗਪਗ 3 ਲੱਖ ਰੁਪਏ ਸੀ।