- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਚਾਰਜਸ਼ੀਟ ਦੇ ਮੁਤਾਬਕ, ਸਿਆ, ਚੇਤਨ ਅਤੇ ਚੇਤਨ ਦੇ ਕਲਾਸਮੇਟ ਰਿਤੇਸ਼ ਹਾਂਗੇ ਨੇ ਮਿਲ ਕੇ ਇਹ ਫ਼ੇਕ ਸੋਸ਼ਲ ਮੀਡੀਆ ਅਕਾਊਂਟ ਬਣਾਇਆ ਸੀ। ਉਨ੍ਹਾਂ ਨੇ ਇਸ ਅਕਾਊਂਟ ਦੀ ਵਰਤੋਂ ਕੇਤਨ ਨਾਲ ਚੈਟ ਕਰਨ ਅਤੇ ਸਿਆ ਦੀ ਦੋਸਤ ਬਣ ਕੇ ਗੱਲ ਕਰਨ ਲਈ ਕੀਤੀ। ਤਿੰਨਾਂ ਨੇ ਕਥਿਤ ਤੌਰ ਉੱਤੇ ਇਸ ਅਕਾਊਂਟ ਦੀ ਵਰਤੋਂ ਕੇਤਨ ਨੂੰ ਇਹ ਮਨਾਉਣ ਲਈ ਕੀਤੀ ਕਿ ਉਹ ਸਿਆ ਦੇ ਜਨਮਦਿਨ ਤੋਂ ਇੱਕ ਦਿਨ ਪਹਿਲਾਂ ਸਰਪ੍ਰਾਈਜ਼ ਵਜੋਂ ਉਸਦੇ ਨਾਲ ਲੋਹਾਗੜ੍ਹ ਚੱਲੇ।

18 ਜੂਨ ਨੂੰ ਕੇਤਨ ਦੀ ਹੱਤਿਆ, 19 ਨੂੰ ਸਿਆ ਦਾ ਜਨਮਦਿਨ: 'ਆਪ੍ਰੇਸ਼ਨ ਹਨੀਮੂਨ' ਤਹਿਤ ਰਚੀ ਗਈ ਸੀ ਸਾਜ਼ਿਸ਼
ਸਿਆ ਦਾ ਜਨਮਦਿਨ 19 ਜੂਨ ਨੂੰ ਹੁੰਦਾ ਹੈ। 18 ਜੂਨ ਨੂੰ ਲੋਹਾਗੜ੍ਹ ਕਿਲ੍ਹੇ ਵਿੱਚ ਇੱਕ ਖੱਡ ਵਿੱਚ ਡਿੱਗਣ ਨਾਲ ਕੇਤਨ ਦੀ ਮੌਤ ਹੋ ਗਈ ਸੀ। ਪੁਲਿਸ ਦੀ ਜਾਂਚ ਵਿੱਚ ਸਾਹਮਣੇ ਆਇਆ ਕਿ ਇਹ ਕੋਈ ਹਾਦਸਾ ਨਹੀਂ, ਸਗੋਂ ਕਤਲ ਸੀ। ਇਸ ਮਾਮਲੇ ਵਿੱਚ ਸਿਆ, ਚੇਤਨ ਅਤੇ ਰਿਤੇਸ਼ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਉਹ ਇਸ ਸਮੇਂ ਨਿਆਂਇਕ ਹਿਰਾਸਤ ਵਿੱਚ ਹਨ।
ਪੁਣੇ ਪੇਂਡੂ ਪੁਲਿਸ ਨੇ ਸ਼ਨੀਵਾਰ ਸ਼ਾਮ 6 ਵਜੇ ਵਡਗਾਉਂ ਮਾਵਲ ਸੈਸ਼ਨ ਕੋਰਟ ਵਿੱਚ ਤਿੰਨਾਂ ਦੇ ਖ਼ਿਲਾਫ਼ 5,053 ਪੰਨਿਆਂ ਦੀ ਚਾਰਜਸ਼ੀਟ ਦਾਖ਼ਲ ਕੀਤੀ ਹੈ। ਇਸ ’ਚ ਕਿਹਾ ਗਿਆ ਹੈ ਕਿ ਦੋਸ਼ੀਆਂ ਨੇ ਕਥਿਤ ਤੌਰ ਉੱਤੇ 2025 ਦੇ ਮੇਘਾਲਿਆ ਮਾਮਲੇ ਦਾ ਅਧਿਐਨ ਕੀਤਾ ਸੀ, ਜਿਸ ਵਿੱਚ ਸੋਨਮ ਰਘੁਵੰਸ਼ੀ ਨਾਮ ਦੀ ਇੱਕ ਨਵੀਂ-ਨਵੀਂ ਵਿਆਹੀ ਔਰਤ ਉੱਤੇ ਆਪਣੇ ਬੁਆਏਫ੍ਰੈਂਡ ਦੀ ਮਦਦ ਨਾਲ ਪਤੀ ਨੂੰ ਖੱਡ ਵਿੱਚ ਧੱਕ ਕੇ ਮਾਰਨ ਦਾ ਦੋਸ਼ ਸੀ।
ਪੁਲਿਸ ਨੇ ਦੱਸਿਆ ਕਿ ਸਿਆ ਅਤੇ ਚੇਤਨ ਨੇ ਉਸੇ ਮਾਮਲੇ ਤੋਂ ਆਈਡੀਆ ਲਿਆ ਸੀ, ਜਿਸਦੀ ਕਾਫ਼ੀ ਚਰਚਾ ਹੋਈ ਸੀ ਅਤੇ ਜਿਸਨੂੰ 'ਆਪ੍ਰੇਸ਼ਨ ਹਨੀਮੂਨ' ਕਿਹਾ ਗਿਆ ਸੀ। ਪੁਣੇ ਦੇ ਪੁਲਿਸ ਸੁਪਰਡੈਂਟ (ਐਸਪੀ) ਸੰਦੀਪ ਸਿੰਘ ਗਿੱਲ ਨੇ ਕਿਹਾ ਕਿ ਦੋਵਾਂ ਨੇ ਕੇਤਨ ਦੇ ਕਤਲ ਦੀ ਯੋਜਨਾ ਬਣਾਉਣ ਤੋਂ ਪਹਿਲਾਂ ਕਥਿਤ ਤੌਰ 'ਤੇ ਕਤਲਾਂ 'ਤੇ ਆਧਾਰਿਤ ਫਿਲਮਾਂ ਦੇਖੀਆਂ ਸਨ। ਐਸਪੀ ਅਤੇ ਉਨ੍ਹਾਂ ਦੀ ਟੀਮ ਨੇ ਮਾਮਲੇ ਵਿੱਚ ਡਿਜੀਟਲ, ਸਾਈਬਰ ਅਤੇ ਫੋਰੈਂਸਿਕ ਸਬੂਤਾਂ 'ਤੇ ਭਰੋਸਾ ਕੀਤਾ, ਜੋ ਕਿ ਚਾਰਜਸ਼ੀਟ ਦਾ ਇੱਕ ਮੁੱਖ ਹਿੱਸਾ ਹੈ।
ਚਾਰਜਸ਼ੀਟ ਦੇ ਮੁਤਾਬਕ, ਸਿਆ ਅਤੇ ਚੇਤਨ ਨੇ ਕੇਤਨ ਦੇ ਕਤਲ ਲਈ ਸਹੀ ਜਗ੍ਹਾ ਲੱਭਣ ਲਈ 21 ਮਈ ਨੂੰ ਲੋਨਾਵਲਾ ਵਿੱਚ ਟਾਈਗਰ ਪੁਆਇੰਟ ਸਮੇਤ ਕਈ ਥਾਵਾਂ ਦਾ ਦੌਰਾ ਕੀਤਾ ਸੀ, ਤਾਂ ਜੋ ਉਸਦੀ ਮੌਤ ਨੂੰ ਇੱਕ ਹਾਦਸੇ ਵਾਂਗ ਦਿਖਾਇਆ ਜਾ ਸਕੇ। ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਇੰਟਰਨੈੱਟ ਤੋਂ ਪਤਾ ਲੱਗਾ ਕਿ ਮਾਰਚ 2025 ਵਿੱਚ ਸਾਂਗਵੀ ਦੀ ਇੱਕ 21 ਸਾਲ ਦੀ ਔਰਤ ਦੀ ਲੋਹਾਗੜ੍ਹ ਕਿਲ੍ਹੇ ਤੋਂ ਡਿੱਗਣ ਨਾਲ ਮੌਤ ਹੋ ਗਈ ਸੀ।
ਚਾਰਜਸ਼ੀਟ ਵਿੱਚ ਕਿਹਾ ਗਿਆ ਹੈ ਕਿ ਇਸ ਤੋਂ ਬਾਅਦ ਸਿਆ ਅਤੇ ਕੇਤਨ 29 ਮਈ ਨੂੰ ਟਰੈਕਿੰਗ ਲਈ ਲੋਹਾਗੜ੍ਹ ਗਏ, ਜਿੱਥੇ ਉਸਨੇ ਕਥਿਤ ਤੌਰ ਉੱਤੇ ਇੱਕ ਅਜਿਹੀ ਜਗ੍ਹਾ ਚੁਣੀ, ਜਿੱਥੋਂ ਉਸਨੂੰ ਖੱਡ ਵਿੱਚ ਧੱਕਾ ਦਿੱਤਾ ਜਾ ਸਕੇ। ਦੋਵੇਂ 14 ਜੂਨ ਨੂੰ ਫਿਰ ਤੋਂ ਲੋਹਾਗੜ੍ਹ ਗਏ, ਜਦੋਂ ਸਿਆ ਨੇ ਕਥਿਤ ਤੌਰ ਉੱਤੇ ਕੇਤਨ ਨੂੰ ਖੱਡ ਵਿੱਚ ਧੱਕਣ ਦੀ ਨਾਕਾਮ ਕੋਸ਼ਿਸ਼ ਕੀਤੀ।
ਚਾਰਜਸ਼ੀਟ ਦੇ ਮੁਤਾਬਕ, ਜਦੋਂ ਉਹ ਆਪਣਾ ਸੰਤੁਲਨ ਵਾਪਸ ਪਾਉਣ ਵਿੱਚ ਕਾਮਯਾਬ ਰਿਹਾ ਤਾਂ ਸਿਆ ਨੇ ਦਾਅਵਾ ਕੀਤਾ ਕਿ ਉਸ ਜਗ੍ਹਾ ਉੱਤੇ ਇੱਕ ਸੱਪ ਆ ਗਿਆ ਸੀ। ਦੋਸ਼ ਹੈ ਕਿ ਸਿਆ ਅਤੇ ਚੇਤਨ ਨੇ ਲੋਹਾਗੜ੍ਹ ਜਾਣ ਦਾ ਇੱਕ ਹੋਰ ਪਲਾਨ ਬਣਾਇਆ। ਇਸ ਵਾਰ ਉਨ੍ਹਾਂ ਨੇ ਕੇਤਨ ਨੂੰ ਸਿਆ ਦੇ ਜਨਮਦਿਨ ਦੇ ਜਸ਼ਨ ਲਈ ਨਾਲ ਚੱਲਣ ਵਾਸਤੇ ਮਨਾਉਣ ਲਈ 'ਮਾਹੀ' ਨਾਮ ਦੇ ਇੱਕ ਫ਼ੇਕ ਅਕਾਊਂਟ ਦੀ ਵਰਤੋਂ ਕੀਤੀ।
ਪੁਲਿਸ ਦਾ ਦਾਅਵਾ ਹੈ ਕਿ ਇਹ ਪਲਾਨ ਆਖ਼ਿਰਕਾਰ 18 ਜੂਨ ਨੂੰ ਅੰਜਾਮ ਦਿੱਤਾ ਗਿਆ, ਜਦੋਂ ਕੇਤਨ ਨੂੰ ਖੱਡ ਵਿੱਚ ਧੱਕਾ ਦੇ ਦਿੱਤਾ ਗਿਆ। ਚਾਰਜਸ਼ੀਟ ’ਚ ਕਿਹਾ ਗਿਆ ਹੈ ਕਿ ਇਸ ਸਾਜ਼ਿਸ਼ ਵਿੱਚ ਰਿਤੇਸ਼ ਨੇ ਸਲਾਹ ਦੇਣ ਵਾਲੇ ਦੀ ਭੂਮਿਕਾ ਨਿਭਾਈ। ਦੋਸ਼ ਹੈ ਕਿ ਉਹ ਕੇਤਨ ਦੇ ਕਤਲ ਦੇ ਤਰੀਕਿਆਂ ਉੱਤੇ ਹੋਈ ਗੱਲਬਾਤ ਵਿੱਚ ਸ਼ਾਮਲ ਸੀ। ਇਸ ਵਿੱਚ ਇਹ ਵੀ ਸ਼ਾਮਲ ਸੀ ਕਿ ਕੀ ਕੇਤਨ ਦੇ ਹੱਥ-ਪੈਰ ਕੱਟ ਦਿੱਤੇ ਜਾਣ ਜਾਂ ਫਿਰ ਉਸ ਵਪਾਰੀ ਨੂੰ ਮਾਰਨ ਲਈ ਕਿਸੇ ਹੋਰ ਨੂੰ ਕੰਮ ਉੱਤੇ ਰੱਖਿਆ ਜਾਵੇ।
ਪੁਲਿਸ ਨੇ ਦੱਸਿਆ ਕਿ ਰਿਤੇਸ਼ ਨੇ ਚੇਤਨ ਅਤੇ ਸਿਆ ਨੂੰ ਅਪਰਾਧ ਤੋਂ ਬਾਅਦ ਪੁਲਿਸ ਦੀ ਕਾਰਵਾਈ ਤੋਂ ਬਚਣ, ਸੀ.ਸੀ.ਟੀ.ਵੀ. ਸਰਵੀਲਾਂਸ ਤੋਂ ਆਪਣੇ ਆਪ ਨੂੰ ਬਚਾਉਣ ਅਤੇ ਮੋਬਾਈਲ ਫੋਨ ਦੀ ਵਰਤੋਂ ਘੱਟ ਕਰਨ ਬਾਰੇ ਸਲਾਹ ਦਿੱਤੀ ਸੀ।
ਚਾਰਜਸ਼ੀਟ ਵਿੱਚ 100 ਤੋਂ ਵੱਧ ਗਵਾਹਾਂ ਦੇ ਬਿਆਨ ਸ਼ਾਮਲ ਹਨ, ਜਿਨ੍ਹਾਂ ਵਿੱਚ ਕੁਝ ਕਥਿਤ ਚਸ਼ਮਦੀਦ ਗਵਾਹ ਵੀ ਸ਼ਾਮਲ ਹਨ। ਇਸ ਵਿੱਚ ਮੈਡੀਕਲ ਅਤੇ ਪੋਸਟਮਾਰਟਮ ਰਿਪੋਰਟ, ਦੋਸ਼ੀਆਂ ਦੀਆਂ ਗਤੀਵਿਧੀਆਂ ਦਾ ਪਤਾ ਲਗਾਉਣ ਲਈ ਕੀਤਾ ਗਿਆ ਚਾਲ-ਢਾਲ ਦਾ ਵਿਸ਼ਲੇਸ਼ਣ, ਅਪਰਾਧ ਸਥਾਨ ਦਾ ਪੁਨਰ ਨਿਰਮਾਣ, ਸੀ.ਸੀ.ਟੀ.ਵੀ. ਫੁਟੇਜ, ਮੋਬਾਈਲ ਫੋਨ ਕਾਲ ਤੇ ਚੈਟ ਰਿਕਾਰਡ ਅਤੇ ਮੈਡੀਕਲ ਤੇ ਫੋਰੈਂਸਿਕ ਜਾਂਚ ਰਿਪੋਰਟਾਂ ਸ਼ਾਮਲ ਹਨ।