LPG ਸਿਲੰਡਰ ਚਾਹੀਦੈ ਤਾਂ ਪਹਿਲਾਂ ਕੰਪਨੀ ਤੋਂ 190 ਰੁਪਏ ਦੀ ਪਾਈਪ ਖਰੀਦੋ! ਕੰਪਨੀ ਦੇ ‘ਨਵੇਂ ਨਿਯਮ’ ਨੇ ਗਾਹਕਾਂ ਨੂੰ ਪਾਇਆ ਚੱਕਰਾਂ ’ਚ
ਤੇਲ ਕੰਪਨੀਆਂ ਗਾਹਕਾਂ ਨੂੰ ਹਰ ਪੰਜ ਸਾਲ ਬਾਅਦ ਆਪਣੀ ਸੇਫਟੀ ਹੋਜ਼ ਪਾਈਪ ਖਰੀਦਣ ਲਈ ਮਜਬੂਰ ਕਰ ਰਹੀਆਂ ਹਨ। ਇਸ ਤੋਂ ਬਿਨਾਂ ਸਿਲੰਡਰ ਦੀ ਡਿਲਿਵਰੀ ਰੋਕੀ ਜਾ ਰਹੀ ਹੈ ਤੇ ਬੀਮਾ ਕਲੇਮ ’ਚ ਵੀ ਦਿੱਕਤ ਆ ਸਕਦੀ ਹੈ। ਬਾਜ਼ਾਰ ’ਚ ਸਸਤੀ ਪਾਈਪ ਉਪਲਬਧ ਹੋਣ ਦੇ ਬਾਵਜੂਦ ਗਾਹਕਾਂ ਨੂੰ 190 ਰੁਪਏ ਦੀ ਕੰਪਨੀ ਵਾਲੀ ਪਾਈਪ ਲੈਣੀ ਪੈ ਰਹੀ ਹੈ, ਜਿਸ ਕਾਰਨ ਖਪਤਕਾਰਾਂ ’ਚ ਉਲਝਣ ਤੇ ਨਾਰਾਜ਼ਗੀ ਹੈ।
Publish Date: Thu, 24 Sep 2026 03:59 PM (IST)
Updated Date: Thu, 24 Sep 2026 04:05 PM (IST)
ਦੁਰਗੇਸ਼ ਤ੍ਰਿਪਾਠੀ, ਗੋਰਖਪੁਰ : ਰਾਪਤੀਨਗਰ ਦੀ ਖਪਤਕਾਰ ਪ੍ਰਿਯੰਕਾ ਦੇ ਘਰ ਡਿਲਿਵਰੀ ਬੁਆਏ ਸਿਲੰਡਰ ਲੈ ਕੇ ਤਾਂ ਪਹੁੰਚਿਆ, ਪਰ ਉਸ ਨੇ ਸਿਲੰਡਰ ਦੇਣ ਤੋਂ ਇਨਕਾਰ ਕਰ ਦਿੱਤਾ। ਪ੍ਰਿਯੰਕਾ ਨੇ ਕਾਰਨ ਪੁੱਛਿਆ ਤਾਂ ਉਸ ਨੇ ਕਿਹਾ ਕਿ ਪਹਿਲਾਂ ਪਾਈਪ ਲੈਣੀ ਪਵੇਗੀ। ਪ੍ਰਿਯੰਕਾ ਨੇ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਹੀ ਨਵੀਂ ਪਾਈਪ ਲਈ ਹੈ ਤੇ ਇਸ ਨੂੰ ਹੁਣ ਬਦਲਣ ਦੀ ਲੋੜ ਨਹੀਂ ਹੈ। ਡਿਲਿਵਰੀ ਬੁਆਏ ਨੇ ਪੁੱਛਿਆ ਕਿ ਕੀ ਪਾਈਪ ਬਾਜ਼ਾਰ ਤੋਂ ਲਈ ਹੈ। ਪ੍ਰਿਯੰਕਾ ਦੇ ਹਾਂ ਕਹਿਣ 'ਤੇ ਉਸ ਨੇ ਕਿਹਾ ਕਿ ਇਹ ਪਾਈਪ ਮਾਨਤਾ ਪ੍ਰਾਪਤ ਨਹੀਂ ਹੋਵੇਗੀ ਤੇ ਕੰਪਨੀ ਦੀ ਪਾਈਪ ਹੀ ਲੈਣੀ ਪਵੇਗੀ। ਕੰਪਨੀ ਤੋਂ ਪਾਈਪ ਲੈਣ ਤੋਂ ਬਾਅਦ ਇਸ ਦਾ ਪੂਰਾ ਵੇਰਵਾ ਗਾਹਕ ਦੇ ਅਕਾਊਂਟ ਨੰਬਰ ’ਚ ਦਰਜ ਕੀਤਾ ਜਾਵੇਗਾ। ਪੰਜ ਸਾਲ ਪੂਰੇ ਹੋਣ ਤੋਂ ਬਾਅਦ ਦੁਬਾਰਾ ਨਵੀਂ ਪਾਈਪ ਲੈਣੀ ਪਵੇਗੀ।
ਪ੍ਰਿਯੰਕਾ ਨੇ ਪਾਈਪ ਦੀ ਕੀਮਤ ਪੁੱਛੀ ਤਾਂ ਡਿਲਿਵਰੀ ਬੁਆਏ ਨੇ ਦੱਸਿਆ ਕਿ ਇਸ ਦੀ ਕੀਮਤ 190 ਰੁਪਏ ਹੈ, ਪਰ ਤੁਹਾਨੂੰ 170 ਰੁਪਏ ’ਚ ਮਿਲ ਜਾਵੇਗੀ। ਪ੍ਰਿਯੰਕਾ ਨੇ ਇਨਕਾਰ ਕੀਤਾ ਤਾਂ ਡਿਲਿਵਰੀ ਬੁਆਏ ਸਿਲੰਡਰ ਵਾਪਸ ਲੈ ਗਿਆ ਤੇ ਬਾਅਦ ’ਚ ਬੁਕਿੰਗ ਵੀ ਰੱਦ ਕਰ ਦਿੱਤੀ ਗਈ। ਆਖ਼ਰਕਾਰ ਪ੍ਰਿਯੰਕਾ ਨੂੰ ਪਾਈਪ ਖਰੀਦਣੀ ਪਈ। ਇਸ ਤੋਂ ਬਾਅਦ ਹੀ ਉਸ ਨੂੰ ਸਿਲੰਡਰ ਮਿਲ ਸਕਿਆ। ਇਹ ਸਮੱਸਿਆ ਸਿਰਫ਼ ਪ੍ਰਿਯੰਕਾ ਦੇ ਸਾਹਮਣੇ ਹੀ ਨਹੀਂ ਆਈ। ਪਾਈਪ ਨਾ ਖਰੀਦਣ ਵਾਲੇ ਗਾਹਕਾਂ ਨੂੰ ਸਿਲੰਡਰ ਨਾ ਦੇਣ ਦੀ ਰੋਜ਼ਾਨਾ ਚਿਤਾਵਨੀ ਦਿੱਤੀ ਜਾ ਰਹੀ ਹੈ। ਜਿਨ੍ਹਾਂ ਗਾਹਕਾਂ ਨੇ ਬਾਜ਼ਾਰ ਤੋਂ ਪਾਈਪ ਖਰੀਦ ਲਈ ਹੈ, ਉਨ੍ਹਾਂ ਨੂੰ ਸਮਝ ਨਹੀਂ ਆ ਰਿਹਾ ਕਿ ਕੀ ਕੀਤਾ ਜਾਵੇ। ਗਾਹਕ ਏਜੰਸੀਆਂ ਕੋਲ ਪਹੁੰਚ ਕੇ ਬੇਨਤੀ ਕਰ ਰਹੇ ਹਨ, ਪਰ ਸੰਚਾਲਕ ਆਪਣੀ ਮਜਬੂਰੀ ਦੱਸ ਕੇ ਪੱਲਾ ਝਾੜ ਰਹੇ ਹਨ।
ਬਾਜ਼ਾਰ ’ਚ 120, ਏਜੰਸੀ 'ਤੇ 190 ਰੁਪਏ ਤੇਲ ਕੰਪਨੀਆਂ ਵੱਲੋਂ ਉਪਲਬਧ ਕਰਵਾਈ ਜਾ ਰਹੀ ਸੇਫਟੀ ਹੋਜ਼ ਪਾਈਪ ਦੀ ਕੀਮਤ ਜ਼ਿਆਦਾ ਹੈ। ਡੇਢ ਮੀਟਰ ਲੰਬੀ ਤਿੰਨ ਲੇਅਰ ਵਾਲੀ ਪਾਈਪ ਤੇਲ ਕੰਪਨੀਆਂ 190 ਰੁਪਏ ’ਚ ਵੇਚ ਰਹੀਆਂ ਹਨ, ਜਦਕਿ ਬਾਜ਼ਾਰ ’ਚ ਇਹੀ ਪਾਈਪ 120 ਰੁਪਏ ’ਚ ਆਸਾਨੀ ਨਾਲ ਉਪਲਬਧ ਹੈ। ਅਜਿਹੇ ’ਚ ਗਾਹਕ ਸਵਾਲ ਕਰ ਰਹੇ ਹਨ ਕਿ ਕੀ ਕੰਪਨੀਆਂ ਆਪਣੀ ਕਮਾਈ ਦੇ ਚੱਕਰ ’ਚ ਗਾਹਕਾਂ ਨੂੰ ਨੁਕਸਾਨ ਪਹੁੰਚਾ ਰਹੀਆਂ ਹਨ। ਪਾਈਪ ਖਰੀਦਣ ਲਈ ਸਖ਼ਤੀ ਨਹੀਂ ਹੋਣੀ ਚਾਹੀਦੀ। ਗਾਹਕ ਬਾਜ਼ਾਰ ਤੋਂ ਪਾਈਪ ਖਰੀਦ ਕੇ ਉਸ ਦੀ ਰਸੀਦ ਏਜੰਸੀ 'ਤੇ ਦਿਖਾਉਣ ਤਾਂ ਇਸ ਦੇ ਆਧਾਰ 'ਤੇ ਅਕਾਊਂਟ ’ਚ ਵੇਰਵਾ ਅਪਡੇਟ ਕੀਤਾ ਜਾਣਾ ਚਾਹੀਦਾ ਹੈ।
ਦਾਅਵਾ—ਅਸੀਂ ਕੋਈ ਦਬਾਅ ਨਹੀਂ ਪਾਉਂਦੇ ਇੱਕ ਪਾਸੇ ਤੇਲ ਕੰਪਨੀਆਂ ਗਾਹਕਾਂ ਨੂੰ ਹਰ ਪੰਜ ਸਾਲ ਬਾਅਦ ਆਪਣੇ ਡਿਸਟ੍ਰੀਬਿਊਟਰ ਤੋਂ ਸੇਫਟੀ ਹੋਜ਼ ਪਾਈਪ ਲੈਣ ਲਈ ਦਬਾਅ ਬਣਾ ਰਹੀਆਂ ਹਨ, ਤਾਂ ਦੂਜੇ ਪਾਸੇ ਉਨ੍ਹਾਂ ਦਾ ਦਾਅਵਾ ਹੈ ਕਿ ਕੰਪਨੀ ਕਿਸੇ ਵੀ ਗਾਹਕ 'ਤੇ ਕੋਈ ਉਤਪਾਦ ਖਰੀਦਣ ਲਈ ਦਬਾਅ ਨਹੀਂ ਬਣਾਉਂਦੀ। ਕੰਪਨੀ ਦਾ ਕਹਿਣਾ ਹੈ ਕਿ ਉਹ ਸਿਰਫ਼ ਗਾਹਕਾਂ ਨੂੰ ਇਹ ਸਲਾਹ ਦਿੰਦੀ ਹੈ ਕਿ ਕਿਹੜਾ ਉਤਪਾਦ ਜ਼ਿਆਦਾ ਵਧੀਆ ਹੈ। ਇਸ ਨੂੰ ਲੈ ਕੇ ਗਾਹਕਾਂ ’ਚ ਵੀ ਉਲਝਣ ਦੀ ਸਥਿਤੀ ਪੈਦਾ ਹੋ ਰਹੀ ਹੈ।
ਵੱਡਾ ਬਾਜ਼ਾਰ, ਸੂਬੇ ’ਚ ਕਰੀਬ ਪੰਜ ਕਰੋੜ ਖਪਤਕਾਰ ਉੱਤਰ ਪ੍ਰਦੇਸ਼ ’ਚ ਰਸੋਈ ਗੈਸ ਗਾਹਕਾਂ ਦੀ ਗਿਣਤੀ ਕਰੀਬ ਪੰਜ ਕਰੋੜ ਹੈ। ਅਜਿਹੇ ’ਚ ਤੇਲ ਕੰਪਨੀਆਂ ਲਈ ਪਾਈਪ ਦਾ ਇਹ ਬਹੁਤ ਵੱਡਾ ਬਾਜ਼ਾਰ ਹੈ। ਇਸ ਹਿਸਾਬ ਨਾਲ ਹਰ ਪੰਜ ਸਾਲ ’ਚ ਤੇਲ ਕੰਪਨੀਆਂ ਨੂੰ ਕਰੀਬ ਸਾਢੇ ਨੌਂ ਅਰਬ ਰੁਪਏ ਦਾ ਬਾਜ਼ਾਰ ਮਿਲ ਜਾਂਦਾ ਹੈ। ਅਰਥਾਤ ਹਰ ਸਾਲ ਕਰੀਬ 1.90 ਅਰਬ ਰੁਪਏ ਦਾ ਕਾਰੋਬਾਰ ਹੋ ਸਕਦਾ ਹੈ। ਤੇਲ ਕੰਪਨੀਆਂ ਦੀ ਰਿਸਰਚ ਵਿੰਗ ਉੱਚ ਗੁਣਵੱਤਾ ਵਾਲੀ ਸੇਫਟੀ ਹੋਜ਼ ਪਾਈਪ ਤਿਆਰ ਕਰਦੀ ਹੈ। ਤਿੰਨ ਲੇਅਰ ਵਾਲੀ ਇਸ ਪਾਈਪ ਨੂੰ ਜੇਕਰ ਚੂਹੇ ਕੱਟ ਵੀ ਲੈਣ ਤਾਂ ਗੈਸ ਲੀਕ ਨਹੀਂ ਹੁੰਦੀ। ਜਿਸ ਤਰ੍ਹਾਂ ਹੋਰ ਕੰਪਨੀਆਂ ਆਪਣੇ ਜੈਨੁਇਨ ਸਪੇਅਰ ਪਾਰਟਸ ਦੀ ਵਰਤੋਂ ਕਰਨ ਦੀ ਸਲਾਹ ਦਿੰਦੀਆਂ ਹਨ, ਉਸੇ ਤਰ੍ਹਾਂ ਤੇਲ ਕੰਪਨੀਆਂ ਵੀ ਆਪਣੀ ਉੱਚ ਗੁਣਵੱਤਾ ਵਾਲੀ ਪਾਈਪ ਵਰਤਣ ਦੀ ਸਲਾਹ ਦਿੰਦੀਆਂ ਹਨ।
ਪਾਈਪ ਦਾ ਵੇਰਵਾ ਗਾਹਕ ਦੇ ਅਕਾਊਂਟ ਨੰਬਰ ’ਚ ਵੀ ਦਰਜ ਕੀਤਾ ਜਾਂਦਾ ਹੈ। ਇਸ ਨਾਲ ਪਤਾ ਲੱਗਦਾ ਹੈ ਕਿ ਗਾਹਕ ਨੂੰ ਪਾਈਪ ਕਦੋਂ ਬਦਲਣੀ ਹੈ। ਹਰ ਗਾਹਕ ਦਾ ਬੀਮਾ ਹੁੰਦਾ ਹੈ। ਜੇਕਰ ਕੋਈ ਹਾਦਸਾ ਵਾਪਰਦਾ ਹੈ ਤਾਂ ਇਸ ਪਾਈਪ ਦੀ ਵਰਤੋਂ ਕਰਨ ਵਾਲੇ ਗਾਹਕਾਂ ਨੂੰ ਕਲੇਮ ਲੈਣ ’ਚ ਦਿੱਕਤ ਨਹੀਂ ਹੁੰਦੀ।
— ਭੋਦ੍ਰੋ ਲਾਕਰਾ, ਸਟੇਟ LPG ਹੈੱਡ, ਉੱਤਰ ਪ੍ਰਦੇਸ਼ ਰਾਜ ਦਫ਼ਤਰ-1