'ਪਿਆਰ, ਨੁਕਸਾਨ ਤੇ ‘ਖ਼ਰਾਬ ਚਿਕਨ’... ਸੋਨੀਆ ਗਾਂਧੀ ਦੀ ਕਿਤਾਬ ਲਾਂਚਿੰਗ ਮੌਕੇ ਗਾਂਧੀ ਪਰਿਵਾਰ ਨੇ ਖੋਲ੍ਹੇ ਜ਼ਿੰਦਗੀ ਦੇ ਕਈ ਅਣਸੁਣੇ ਤੇ ਪੁਰਾਣੇ ਰਾਜ਼ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਦਿੱਲੀ ’ਚ ਆਪਣੀ ਮਾਂ ਸੋਨੀਆ ਗਾਂਧੀ ਦੀ ਕਿਤਾਬ ਬਿਲੌਂਗਿੰਗ: ਏ ਜਰਨੀ ਆਫ਼ ਲਵ ਦੀ ਲਾਂਚਿੰਗ ਦੌਰਾਨ ਮਜ਼ਾਕੀਆ ਅੰਦਾਜ਼ ’ਚ ਸਾਰਿਆਂ ਨੂੰ ਇੱਕ ਸਲਾਹ ਦਿੱਤੀ। ਉਨ੍ਹਾਂ ਕਿਹਾ, “ਸੁਣੋ, ਜੇਕਰ ਤੁਸੀਂ ਪਿਆਰ ’ਚ ਪੈਣਾ ਚਾਹੁੰਦੇ ਹੋ ਤਾਂ ਕੈਂਬ੍ਰਿਜ ਦੇ ਵਰਸਿਟੀ ਰੈਸਟੋਰੈਂਟ ਜਾਓ, ਪਰ ਉੱਥੇ ਕਦੇ ਵੀ ਚਿਕਨ ਚੈਸਰ ਨਾ ਖਾਇਓ, ਠੀਕ ਹੈ?”
Publish Date: Tue, 17 Nov 2026 07:55 AM (IST)
Updated Date: Tue, 17 Nov 2026 07:57 AM (IST)
ਡਿਜੀਟਲ ਡੈਸਕ, ਨਵੀਂ ਦਿੱਲੀ - ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਦਿੱਲੀ ’ਚ ਆਪਣੀ ਮਾਂ ਸੋਨੀਆ ਗਾਂਧੀ ਦੀ ਕਿਤਾਬ ਬਿਲੌਂਗਿੰਗ: ਏ ਜਰਨੀ ਆਫ਼ ਲਵ ਦੀ ਲਾਂਚਿੰਗ ਦੌਰਾਨ ਮਜ਼ਾਕੀਆ ਅੰਦਾਜ਼ ’ਚ ਸਾਰਿਆਂ ਨੂੰ ਇੱਕ ਸਲਾਹ ਦਿੱਤੀ। ਉਨ੍ਹਾਂ ਕਿਹਾ, “ਸੁਣੋ, ਜੇਕਰ ਤੁਸੀਂ ਪਿਆਰ ’ਚ ਪੈਣਾ ਚਾਹੁੰਦੇ ਹੋ ਤਾਂ ਕੈਂਬ੍ਰਿਜ ਦੇ ਵਰਸਿਟੀ ਰੈਸਟੋਰੈਂਟ ਜਾਓ, ਪਰ ਉੱਥੇ ਕਦੇ ਵੀ ਚਿਕਨ ਚੈਸਰ ਨਾ ਖਾਇਓ, ਠੀਕ ਹੈ?”
ਕੈਂਬ੍ਰਿਜ ’ਚ ਆਪਣੇ ਮਾਤਾ-ਪਿਤਾ ਦੀ ਪਹਿਲੀ ਮੁਲਾਕਾਤ ਦੀ ਕਹਾਣੀ ਸੁਣਨ ਤੋਂ ਕਈ ਸਾਲਾਂ ਬਾਅਦ ਉਨ੍ਹਾਂ ਨੇ ਦੱਸਿਆ ਕਿ ਕਿਵੇਂ ਉਹ ਆਪਣੀ ਪ੍ਰੇਮਿਕਾ ਨਾਲ ਵਰਸਿਟੀ ਰੈਸਟੋਰੈਂਟ ਗਏ ਸਨ, ਤਾਂ ਜੋ ਦੇਖ ਸਕਣ ਕਿ ਉਨ੍ਹਾਂ ਦੇ ਮਾਤਾ-ਪਿਤਾ ਕਿੱਥੇ ਮਿਲੇ ਸਨ।
ਰਾਹੁਲ ਨੇ ਮਾਤਾ-ਪਿਤਾ ਦੀਆਂ ਯਾਦਾਂ ਅਤੇ ਆਪਣੇ ਤਜਰਬੇ ਦੀ ਕੀਤੀ ਤੁਲਨਾ
ਜਦੋਂ ਰਾਹੁਲ ਨੇ ਰੈਸਟੋਰੈਂਟ ਦੇ ਪ੍ਰਵੇਸ਼ ਦੁਆਰ ’ਤੇ ਮੌਜੂਦ ਵਿਅਕਤੀ ਨੂੰ ਦੱਸਿਆ ਕਿ ਉਨ੍ਹਾਂ ਦੇ ਮਾਤਾ-ਪਿਤਾ ਇੱਥੇ ਮਿਲੇ ਸਨ ਤਾਂ ਉਸ ਵਿਅਕਤੀ ਨੇ ਕਿਹਾ ਕਿ ਉਹ ਚੰਗੀ ਤਰ੍ਹਾਂ ਜਾਣਦਾ ਹੈ ਕਿ ਉਹ ਕੌਣ ਸਨ। ਉਸ ਨੇ ਰਾਹੁਲ ਨੂੰ ਮੇਨੂ ’ਚੋਂ ਚਿਕਨ ਚੈਸਰ ਮੰਗਵਾਉਣ ਦੀ ਸਲਾਹ ਵੀ ਦਿੱਤੀ। ਹਾਲਾਂਕਿ, ਖਾਣਾ ਉਸ ਰੋਮਾਂਟਿਕ ਯਾਦ ਦੇ ਪੱਧਰ ਦਾ ਨਹੀਂ ਸੀ। ਰਾਹੁਲ ਨੇ ਰੈਸਟੋਰੈਂਟ ਬਾਰੇ ਆਪਣੇ ਮਾਤਾ-ਪਿਤਾ ਦੀਆਂ ਯਾਦਾਂ ਅਤੇ ਆਪਣੇ ਤਜਰਬੇ ਦੀ ਤੁਲਨਾ ਕਰਦਿਆਂ ਕਿਹਾ, “ਉਨ੍ਹਾਂ ਨੂੰ ਤਾਂ ਯਾਦ ਹੈ ਕਿ ਖਾਣਾ ਬਹੁਤ ਸ਼ਾਨਦਾਰ ਸੀ, ਪਰ ਖਾਣਾ ਤਾਂ ਬਿਲਕੁਲ ਬੇਕਾਰ ਹੈ!”
ਇਹ ਸੁਣ ਕੇ ਉੱਥੇ ਮੌਜੂਦ ਲੋਕ ਹੱਸ ਪਏ। ਇਹ ਕਿੱਸਾ ਉਨ੍ਹਾਂ ਪਰਿਵਾਰਕ ਯਾਦਾਂ ਦਾ ਹਿੱਸਾ ਸੀ, ਜਿਨ੍ਹਾਂ ਨੂੰ ਵਿਰੋਧੀ ਧਿਰ ਦੇ ਨੇਤਾ ਨੇ ਉਸ ਸਮੇਂ ਸਾਂਝਾ ਕੀਤਾ, ਜਦੋਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਰਾਜਨੀਤੀ ਤੋਂ ਦੂਰ ਰਹਿਣ ਲਈ ਕਿਹਾ ਗਿਆ ਸੀ।
ਬੈਠਣ ਦੇ ਪ੍ਰਬੰਧ ਦੇ ਵੀ ਕੱਢੇ ਗਏ ਸਿਆਸੀ ਮਾਇਨੇ?
ਪਹਿਲੀ ਕਤਾਰ ’ਚ ਵਿਰੋਧੀ ਧਿਰ ਦੇ ਕਈ ਆਗੂ ਮੌਜੂਦ ਸਨ। ਇਨ੍ਹਾਂ ’ਚ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ, ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਅਭਿਸ਼ੇਕ ਬੈਨਰਜੀ, ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ, ਐੱਨਸੀਪੀ-ਐੱਸਪੀ ਦੀ ਸੁਪ੍ਰਿਆ ਸੁਲੇ, ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਅਤੇ ਤਾਮਿਲਨਾਡੂ ਦੇ ਮੁੱਖ ਮੰਤਰੀ ਸੀ. ਜੋਸਫ ਵਿਜੇ ਸ਼ਾਮਲ ਸਨ।
ਇਸੇ ਕਤਾਰ ’ਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਮੌਜੂਦ ਸਨ। ਉਨ੍ਹਾਂ ਨੇ ਗਾਂਧੀ ਪਰਿਵਾਰ ਨਾਲ ਗੰਭੀਰ ਮਤਭੇਦਾਂ ਕਾਰਨ 2021 ’ਚ ਕਾਂਗਰਸ ਛੱਡ ਦਿੱਤੀ ਸੀ।
ਸੋਨੀਆ ਗਾਂਧੀ ਨੇ ਕੀ ਕਿਹਾ? ਜਦੋਂ ਸੋਨੀਆ ਗਾਂਧੀ ਤੋਂ ਪੁੱਛਿਆ ਗਿਆ ਕਿ ਪਹਿਲਾਂ ਆਪਣੀ ਨਿੱਜਤਾ ਨੂੰ ਲੈ ਕੇ ਬੇਹੱਦ ਸਾਵਧਾਨ ਰਹਿਣ ਦੇ ਬਾਵਜੂਦ ਉਨ੍ਹਾਂ ਨੇ ਆਪਣੀਆਂ ਯਾਦਾਂ ’ਤੇ ਆਧਾਰਿਤ ਕਿਤਾਬ ਲਿਖਣ ਦਾ ਫ਼ੈਸਲਾ ਕਿਉਂ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਹ ਆਪਣੇ ਪਰਿਵਾਰ ਬਾਰੇ ਫੈਲਾਈਆਂ ਗਈਆਂ ਮਨਘੜਤ ਕਹਾਣੀਆਂ ਦੇ ਵਿਚਕਾਰ ਸੱਚਾਈ ਸਾਹਮਣੇ ਲਿਆਉਣਾ ਚਾਹੁੰਦੀ ਸਨ।
ਰਾਜ ਸਭਾ ਮੈਂਬਰ ਨੇ ਕਿਹਾ, “ਮੇਰੀ ਸੱਸ, ਪਤੀ, ਪੁੱਤਰ, ਧੀ ਅਤੇ ਮੇਰੇ ਬਾਰੇ ਬਹੁਤ ਕੁਝ ਕਿਹਾ ਗਿਆ ਹੈ ਅਤੇ ਇਨ੍ਹਾਂ ’ਚੋਂ ਜ਼ਿਆਦਾਤਰ ਗੱਲਾਂ ਸੱਚ ਨਹੀਂ ਹਨ। ਅਸਲ ’ਚ ਅਸੀਂ ਜਿਹੋ ਜਿਹੇ ਹਾਂ, ਉਨ੍ਹਾਂ ਗੱਲਾਂ ਦਾ ਉਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਤੁਹਾਡੇ ਬਾਰੇ ਤਰ੍ਹਾਂ-ਤਰ੍ਹਾਂ ਦੀਆਂ ਕਹਾਣੀਆਂ ਘੜੀਆਂ ਜਾਂਦੀਆਂ ਹਨ, ਝੂਠ ਫੈਲਾਏ ਜਾਂਦੇ ਹਨ ਅਤੇ ਅਜਿਹੀਆਂ ਗੱਲਾਂ ਕਹੀਆਂ ਜਾਂਦੀਆਂ ਹਨ, ਜੋ ਬਹੁਤ ਦੁੱਖ ਪਹੁੰਚਾਉਂਦੀਆਂ ਹਨ, ਜਦਕਿ ਉਨ੍ਹਾਂ ਦਾ ਸੱਚਾਈ ਨਾਲ ਕੋਈ ਵਾਸਤਾ ਨਹੀਂ ਹੁੰਦਾ।”
ਉਨ੍ਹਾਂ ਅੱਗੇ ਕਿਹਾ, “ਮੈਂ ਸੋਚਿਆ ਕਿ ਸ਼ਾਇਦ ਇਹ ਆਪਣੀਆਂ ਭਾਵਨਾਵਾਂ ਜ਼ਾਹਰ ਕਰਨ ਦਾ ਇੱਕ ਜ਼ਰੀਆ ਹੋ ਸਕਦਾ ਹੈ। ਮੈਂ ਆਪਣੇ ਪਰਿਵਾਰ ਬਾਰੇ ਕੀ ਜਾਣਦੀ ਹਾਂ, ਇਹ ਦੱਸ ਸਕਦੀ ਹਾਂ ਅਤੇ ਸ਼ਾਇਦ ਲੋਕ ਮੇਰੀ ਕਹਾਣੀ ਸੁਣਨ ਲਈ ਵੀ ਤਿਆਰ ਹੋਣ।” ਉਨ੍ਹਾਂ ਯਾਦ ਕੀਤਾ ਕਿ ਜਦੋਂ ਉਹ ਪਹਿਲੀ ਵਾਰ ਭਾਰਤ ਆਈਆਂ ਸਨ ਤਾਂ ਉਨ੍ਹਾਂ ਨੂੰ ਇੱਕ ਬਾਹਰੀ ਵਿਅਕਤੀ ਹੋਣ ਦਾ ਅਹਿਸਾਸ ਹੁੰਦਾ ਸੀ। ਉਨ੍ਹਾਂ ਨੂੰ ਹਮੇਸ਼ਾ ਇਹ ਡਰ ਰਹਿੰਦਾ ਸੀ ਕਿ ਕਿਤੇ ਉਨ੍ਹਾਂ ਤੋਂ ਕੋਈ ਗ਼ਲਤੀ ਨਾ ਹੋ ਜਾਵੇ। ਉਨ੍ਹਾਂ ਨੇ ਇਸ ਤਜਰਬੇ ਦੀ ਤੁਲਨਾ ਉਨ੍ਹਾਂ ਭਾਰਤੀ ਔਰਤਾਂ ਨਾਲ ਕੀਤੀ, ਜੋ ਵਿਆਹ ਤੋਂ ਬਾਅਦ ਇੱਕ ਨਵੇਂ ਪਰਿਵਾਰ ’ਚ ਜਾਂਦੀਆਂ ਹਨ ਅਤੇ ਉੱਥੋਂ ਦੇ ਰਹਿਣ-ਸਹਿਣ ਤੇ ਰੀਤੀ-ਰਿਵਾਜਾਂ ਮੁਤਾਬਕ ਖ਼ੁਦ ਨੂੰ ਢਾਲਣਾ ਪੈਂਦਾ ਹੈ।
'ਮੰਮੀ ਪਾਪਾ ਦੀ ਗੋਦ ’ਚ ਬੈਠਦੀ ਸੀ' ਜਦੋਂ ਸੋਨੀਆ ਗਾਂਧੀ ਇਹ ਕਿੱਸਾ ਸੁਣਾ ਰਹੀਆਂ ਸਨ ਕਿ ਕਿਵੇਂ ਉਹ ਅਤੇ ਰਾਜੀਵ ਗਾਂਧੀ ਇੰਡੀਆ ਗੇਟ ’ਤੇ ਆਈਸਕ੍ਰੀਮ ਖਾਣ ਜਾਂਦੇ ਸਨ, ਜਿੱਥੇ ਉਨ੍ਹਾਂ ਦਾ ਇੱਕ ਪਸੰਦੀਦਾ ਸਰਦਾਰ ਜੀ ਆਈਸਕ੍ਰੀਮ ਵੇਚਣ ਵਾਲਾ ਸੀ, ਤਾਂ ਰਾਹੁਲ ਨੇ ਆਪਣੇ ਮਾਤਾ-ਪਿਤਾ ਦੇ ਪਿਆਰ ਅਤੇ ਇੱਕ ਅਜਿਹੀ ਆਦਤ ਬਾਰੇ ਦੱਸਿਆ, ਜਿਸ ਨੂੰ ਉਹ ਹਰ ਘਰ ’ਚ ਆਮ ਸਮਝਦੇ ਸਨ।
ਰਾਹੁਲ ਨੇ ਕਿਹਾ, “ਹਰ ਵਾਰ ਖਾਣਾ ਖਾਣ ਸਮੇਂ ਪਾਪਾ ਉੱਥੇ ਹੁੰਦੇ ਸਨ ਅਤੇ ਮੰਮੀ ਪਾਪਾ ਦੀ ਗੋਦ ’ਚ ਬੈਠੀ ਹੁੰਦੀ ਸੀ।”
ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਇਸ ਗੱਲ ਦਾ ਅਹਿਸਾਸ ਉਦੋਂ ਹੋਇਆ ਕਿ ਇਹ ਕੋਈ ਆਮ ਗੱਲ ਨਹੀਂ ਹੈ, ਜਦੋਂ ਉਹ ਆਪਣੇ ਦੋਸਤਾਂ ਦੇ ਘਰ ਗਏ।