ਲੱਦਾਖ ਲਈ ਇਤਿਹਾਸਕ ਦਿਨ, ਮਿਲਿਆ ਨਵਾਂ ਜ਼ਿਲ੍ਹਾ ਅਤੇ 5 ਨਵੀਆਂ ਤਹਿਸੀਲਾਂ; ਜਾਣੋ ਸਥਾਨਕ ਲੋਕਾਂ ਦੀ ਕਿਸਮਤ ਕਿਵੇਂ ਬਦਲੇਗਾ ਇਹ ਫ਼ੈਸਲਾ ਪੂਰਨ ਰਾਜ ਦਾ ਦਰਜਾ ਦੇਣ ਸਮੇਤ ਕਈ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਨਾਲ ਚੱਲ ਰਹੀ ਗੱਲਬਾਤ ਦੇ ਵਿਚਕਾਰ, ਬੀਤੇ ਸ਼ੁੱਕਰਵਾਰ ਲੱਦਾਖ ਦੇ ਲੋਕਾਂ ਲਈ ਇੱਕ ਨਵਾਂ ਐਲਾਨ ਕੀਤਾ ਗਿਆ। ਉਪ ਰਾਜਪਾਲ ਵਿਨੈ ਸਕਸੈਨਾ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਇੱਕ ਨਵਾਂ ਜ਼ਿਲ੍ਹਾ ਬਣਾਉਣ ਦੇ ਨਾਲ ਪੰਜ ਨਵੀਆਂ ਤਹਿਸੀਲਾਂ ਬਣਾਉਣ ਨੂੰ ਮਨਜ਼ੂਰੀ ਦਿੱਤੀ। ਇਸ ਫ਼ੈਸਲੇ ਤੋਂ ਬਾਅਦ ਹੁਣ ਲੱਦਾਖ ਵਿੱਚ ਜ਼ਿਲ੍ਹਿਆਂ ਦੀ ਗਿਣਤੀ ਅੱਠ ਅਤੇ ਤਹਿਸੀਲਾਂ ਦੀ ਗਿਣਤੀ 37 ਹੋ ਗਈ ਹੈ। ਇਸ ਫ਼ੈਸਲੇ ਨਾਲ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਕੀ-ਕੀ ਬਦਲਾਅ ਹੋਣਗੇ ਅਤੇ ਸਥਾਨਕ ਲੋਕਾਂ ਨੂੰ ਇਸ ਦਾ ਕੀ ਫ਼ਾਇਦਾ ਮਿਲੇਗਾ? ਆਓ ਵਿਸਥਾਰ ਨਾਲ ਜਾਣਦੇ ਹਾਂ।
Publish Date: Sat, 17 Oct 2026 12:03 PM (IST)
Updated Date: Sat, 17 Oct 2026 12:04 PM (IST)
ਡਿਜੀਟਲ ਡੈਸਕ, ਜੰਮੂ - ਪੂਰਨ ਰਾਜ ਦਾ ਦਰਜਾ ਦੇਣ ਸਮੇਤ ਕਈ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਨਾਲ ਚੱਲ ਰਹੀ ਗੱਲਬਾਤ ਦੇ ਵਿਚਕਾਰ, ਬੀਤੇ ਸ਼ੁੱਕਰਵਾਰ ਲੱਦਾਖ ਦੇ ਲੋਕਾਂ ਲਈ ਇੱਕ ਨਵਾਂ ਐਲਾਨ ਕੀਤਾ ਗਿਆ। ਉਪ ਰਾਜਪਾਲ ਵਿਨੈ ਸਕਸੈਨਾ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਇੱਕ ਨਵਾਂ ਜ਼ਿਲ੍ਹਾ ਬਣਾਉਣ ਦੇ ਨਾਲ ਪੰਜ ਨਵੀਆਂ ਤਹਿਸੀਲਾਂ ਬਣਾਉਣ ਨੂੰ ਮਨਜ਼ੂਰੀ ਦਿੱਤੀ। ਇਸ ਫ਼ੈਸਲੇ ਤੋਂ ਬਾਅਦ ਹੁਣ ਲੱਦਾਖ ਵਿੱਚ ਜ਼ਿਲ੍ਹਿਆਂ ਦੀ ਗਿਣਤੀ ਅੱਠ ਅਤੇ ਤਹਿਸੀਲਾਂ ਦੀ ਗਿਣਤੀ 37 ਹੋ ਗਈ ਹੈ। ਇਸ ਫ਼ੈਸਲੇ ਨਾਲ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਕੀ-ਕੀ ਬਦਲਾਅ ਹੋਣਗੇ ਅਤੇ ਸਥਾਨਕ ਲੋਕਾਂ ਨੂੰ ਇਸ ਦਾ ਕੀ ਫ਼ਾਇਦਾ ਮਿਲੇਗਾ? ਆਓ ਵਿਸਥਾਰ ਨਾਲ ਜਾਣਦੇ ਹਾਂ।
1. ਕਿਹੜੀਆਂ ਹਨ ਪੰਜ ਨਵੀਆਂ ਤਹਿਸੀਲਾਂ? ਨਵੀਆਂ ਤਹਿਸੀਲਾਂ ਵਿੱਚ ਸ਼ਾਮ ਜ਼ਿਲ੍ਹੇ ਦੀ ਆਰਯਨ ਵੈਲੀ, ਕਾਰਗਿਲ ਜ਼ਿਲ੍ਹੇ ਦੀ ਸੋਧ, ਜ਼ੰਸਕਾਰ ਦੀ ਫੇ, ਦਰਾਸ ਦੀ ਥਾਸਗਮ ਅਤੇ ਚਾਂਗਥਾਂਗ ਜ਼ਿਲ੍ਹੇ ਦੀ ਹਿਮਯਾ ਤਹਿਸੀਲ ਸ਼ਾਮਲ ਹਨ।
ਉਪ ਰਾਜਪਾਲ ਨੇ ਕਿਹਾ ਕਿ ਇਹ ਕਦਮ ਇਸ ਸਾਲ ਜੁਲਾਈ ਵਿੱਚ 17 ਨਵੀਆਂ ਤਹਿਸੀਲਾਂ ਦੇ ਇਤਿਹਾਸਕ ਗਠਨ ਤੋਂ ਬਾਅਦ ਚੁੱਕਿਆ ਗਿਆ ਹੈ। ਇਸ ਨਾਲ ਹੁਣ ਲੱਦਾਖ ਵਿੱਚ ਕੁੱਲ ਤਹਿਸੀਲਾਂ ਦੀ ਗਿਣਤੀ 37 ਹੋ ਗਈ ਹੈ।
2. ਕਿਹੜਾ ਬਣਿਆ ਨਵਾਂ ਜ਼ਿਲ੍ਹਾ? ਉਪ ਰਾਜਪਾਲ ਵਿਨੈ ਸਕਸੈਨਾ ਨੇ ਸਾਂਕੂ ਨੂੰ ਨਵਾਂ ਜ਼ਿਲ੍ਹਾ ਬਣਾਉਣ ਦਾ ਵੀ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ‘ਸਭ ਦਾ ਸਾਥ, ਸਭ ਦਾ ਵਿਕਾਸ’ ਦੇ ਵਿਜ਼ਨ ਦੇ ਅਨੁਸਾਰ ਸਾਂਕੂ ਜ਼ਿਲ੍ਹੇ ਦੇ ਗਠਨ ਦਾ ਐਲਾਨ ਕਰਦਿਆਂ ਖ਼ੁਸ਼ੀ ਹੋ ਰਹੀ ਹੈ।
ਸਾਂਕੂ ਲੱਦਾਖ ਦਾ ਅੱਠਵਾਂ ਜ਼ਿਲ੍ਹਾ ਹੋਵੇਗਾ। ਇਸ ਤੋਂ ਪਹਿਲਾਂ ਲੱਦਾਖ ਵਿੱਚ ਸੱਤ ਜ਼ਿਲ੍ਹੇ ਸਨ, ਜਿਨ੍ਹਾਂ ਵਿੱਚ ਲੇਹ, ਕਾਰਗਿਲ, ਸ਼ਾਮ, ਨੁਬਰਾ, ਜ਼ੰਸਕਾਰ, ਦਰਾਸ ਅਤੇ ਚਾਂਗਥਾਂਗ ਸ਼ਾਮਲ ਹਨ।
3. ਲੋਕਾਂ ਨੂੰ ਕੀ-ਕੀ ਫ਼ਾਇਦੇ ਹੋਣਗੇ?
ਲੰਬੇ ਸਫ਼ਰ ਅਤੇ ਸਮੇਂ ਦੀ ਬਰਬਾਦੀ ਤੋਂ ਮਿਲੇਗੀ ਰਾਹਤ ਪਹਿਲਾਂ ਸਾਂਕੂ ਅਤੇ ਆਲੇ-ਦੁਆਲੇ ਦੇ ਦੂਰ-ਦੁਰਾਡੇ ਇਲਾਕਿਆਂ ਦੇ ਲੋਕਾਂ ਨੂੰ ਆਮ ਸਰਕਾਰੀ ਕੰਮਾਂ, ਜਿਵੇਂ ਆਮਦਨ ਸਰਟੀਫਿਕੇਟ, ਮਾਲ ਵਿਭਾਗ ਦੇ ਦਸਤਾਵੇਜ਼ ਅਤੇ ਵਿਕਾਸ ਯੋਜਨਾਵਾਂ ਨਾਲ ਸਬੰਧਤ ਕੰਮਾਂ ਲਈ ਕਾਰਗਿਲ ਦੇ ਜ਼ਿਲ੍ਹਾ ਹੈੱਡਕੁਆਰਟਰ ਤੱਕ ਲੰਮਾ ਸਫ਼ਰ ਕਰਨਾ ਪੈਂਦਾ ਸੀ।
ਪਰ ਸਾਂਕੂ ਦੇ ਜ਼ਿਲ੍ਹਾ ਬਣਨ ਨਾਲ ਲੋਕਾਂ ਨੂੰ ਹੁਣ ਇੰਨੀ ਦੂਰ ਜਾਣ ਦੀ ਲੋੜ ਨਹੀਂ ਪਵੇਗੀ। ਜ਼ਿਲ੍ਹਾ ਅਤੇ ਤਹਿਸੀਲ ਪੱਧਰ ਦੇ ਅਧਿਕਾਰੀ ਸਥਾਨਕ ਪੱਧਰ ’ਤੇ ਹੀ ਉਪਲਬਧ ਹੋਣਗੇ।
ਸਰਕਾਰੀ ਸੇਵਾਵਾਂ ਲੋਕਾਂ ਤੱਕ ਪਹੁੰਚਣਗੀਆਂ ਨਵੇਂ ਜ਼ਿਲ੍ਹੇ ਅਤੇ ਤਹਿਸੀਲਾਂ ਬਣਨ ਨਾਲ ਸਾਂਕੂ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਜ਼ਿਲ੍ਹਾ ਹਸਪਤਾਲ, ਵਿਦਿਅਕ ਸੰਸਥਾਵਾਂ ਅਤੇ ਤਕਨੀਕੀ ਕੇਂਦਰ ਖੋਲ੍ਹਣ ਦਾ ਰਾਹ ਸਾਫ਼ ਹੋਵੇਗਾ।
ਇਸ ਦੇ ਨਾਲ ਹੀ ਨਵੇਂ ਜ਼ਿਲ੍ਹੇ ਲਈ ਬਜਟ ਦੀ ਰਕਮ ਸਿੱਧੇ ਜਾਰੀ ਹੋਵੇਗੀ। ਇਸ ਦੀ ਵਰਤੋਂ ਨਾਲ ਸੜਕਾਂ ਦੀ ਸੰਪਰਕ ਸਹੂਲਤ, ਬਿਜਲੀ ਦੀ ਸਪਲਾਈ ਅਤੇ ਪੀਣ ਵਾਲੇ ਪਾਣੀ ਵਰਗੀਆਂ ਬੁਨਿਆਦੀ ਸਹੂਲਤਾਂ ਲੋਕਾਂ ਤੱਕ ਪਹੁੰਚਾਉਣਾ ਆਸਾਨ ਹੋਵੇਗਾ।
ਸਥਾਨਕ ਲੋਕਾਂ ਲਈ ਰੁਜ਼ਗਾਰ ਦੇ ਮੌਕੇ ਨਵਾਂ ਪ੍ਰਸ਼ਾਸਕੀ ਢਾਂਚਾ ਬਣਨ ਨਾਲ ਨਵੇਂ ਸਰਕਾਰੀ ਦਫ਼ਤਰ ਖੁੱਲ੍ਹਣਗੇ। ਇਸ ਨਾਲ ਨੌਜਵਾਨਾਂ ਲਈ ਪ੍ਰਸ਼ਾਸਕੀ ਅਤੇ ਸਹਾਇਕ ਸਟਾਫ਼ ਦੀਆਂ ਅਸਾਮੀਆਂ ’ਤੇ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ।
ਇਸ ਤੋਂ ਇਲਾਵਾ, ਨਵਾਂ ਜ਼ਿਲ੍ਹਾ ਹੈੱਡਕੁਆਰਟਰ ਬਣਨ ਨਾਲ ਸਾਂਕੂ ਵਿੱਚ ਬਾਜ਼ਾਰ ਦਾ ਵਿਸਥਾਰ ਹੋਵੇਗਾ। ਇਸ ਨਾਲ ਦੁਕਾਨਦਾਰਾਂ, ਟਰਾਂਸਪੋਰਟਰਾਂ ਅਤੇ ਉਸਾਰੀ ਖੇਤਰ ਨਾਲ ਜੁੜੇ ਲੋਕਾਂ ਦੀ ਆਮਦਨ ਵਿੱਚ ਵਾਧਾ ਹੋ ਸਕਦਾ ਹੈ।
ਸੈਰ-ਸਪਾਟੇ ਨੂੰ ਮਿਲੇਗਾ ਹੁਲਾਰਾ ਸਾਂਕੂ ਅਤੇ ਸੁਰੂ ਘਾਟੀ ਵਰਗੇ ਇਲਾਕੇ ਆਪਣੀ ਕੁਦਰਤੀ ਸੁੰਦਰਤਾ ਲਈ ਦੁਨੀਆ ਭਰ ਵਿੱਚ ਮਸ਼ਹੂਰ ਹਨ। ਜ਼ਿਲ੍ਹਾ ਬਣਨ ਤੋਂ ਬਾਅਦ ਇੱਥੇ ਸੈਰ-ਸਪਾਟੇ ਨਾਲ ਸਬੰਧਤ ਬੁਨਿਆਦੀ ਢਾਂਚਾ ਮਜ਼ਬੂਤ ਹੋ ਸਕਦਾ ਹੈ, ਜਿਸ ਨਾਲ ਸਥਾਨਕ ਲੋਕਾਂ ਨੂੰ ਆਰਥਿਕ ਲਾਭ ਮਿਲੇਗਾ।
ਐਮਰਜੈਂਸੀ ਵਿੱਚ ਤੁਰੰਤ ਮਿਲੇਗੀ ਮਦਦ ਸਰਦੀਆਂ ਵਿੱਚ ਭਾਰੀ ਬਰਫ਼ਬਾਰੀ ਕਾਰਨ ਲੱਦਾਖ ਦੇ ਕਈ ਇਲਾਕਿਆਂ ਦਾ ਸੰਪਰਕ ਬਾਕੀ ਖੇਤਰਾਂ ਨਾਲ ਟੁੱਟ ਜਾਂਦਾ ਹੈ। ਸਥਾਨਕ ਪੱਧਰ ’ਤੇ ਜ਼ਿਲ੍ਹਾ ਪ੍ਰਸ਼ਾਸਨ ਹੋਣ ਨਾਲ ਐਮਰਜੈਂਸੀ ਜਾਂ ਕੁਦਰਤੀ ਆਫ਼ਤ ਦੌਰਾਨ ਰਾਹਤ ਅਤੇ ਬਚਾਅ ਕਾਰਜ ਤੁਰੰਤ ਸ਼ੁਰੂ ਕੀਤੇ ਜਾ ਸਕਣਗੇ।
4. ਪ੍ਰਸ਼ਾਸਕੀ ਕੰਮਕਾਜ ਹੋਵੇਗਾ ਆਸਾਨ ਪ੍ਰਸ਼ਾਸਕੀ ਢਾਂਚੇ ਵਿੱਚ ਕੀਤੇ ਗਏ ਇਨ੍ਹਾਂ ਬਦਲਾਵਾਂ ਨਾਲ ਲੋਕਾਂ ਲਈ ਸਰਕਾਰੀ ਸੇਵਾਵਾਂ ਹਾਸਲ ਕਰਨਾ ਆਸਾਨ ਹੋਵੇਗਾ। ਇਸ ਨਾਲ ਵਿਕਾਸ ਯੋਜਨਾਵਾਂ ਨੂੰ ਤੇਜ਼ੀ ਨਾਲ ਲਾਗੂ ਕਰਨ ਵਿੱਚ ਵੀ ਮਦਦ ਮਿਲੇਗੀ।
ਦੂਰ-ਦੁਰਾਡੇ ਅਤੇ ਸਰਹੱਦੀ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਸਰਕਾਰੀ ਸਹੂਲਤਾਂ ਦਾ ਲਾਭ ਲੈਣ ਲਈ ਪਹਿਲਾਂ ਵਾਂਗ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ।
5. ਦੁਰਬੁਕ ਵਿੱਚ ਵੀ ਪ੍ਰਸ਼ਾਸਕੀ ਕੰਮਕਾਜ ਹੋਵੇਗਾ ਸੁਖਾਲਾ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਆਸਾਨ ਬਣਾਉਣ ਲਈ ਦੁੁਰਬੁਕ ਦੇ ਵਧੀਕ ਡਿਪਟੀ ਕਮਿਸ਼ਨਰ ਦੀਆਂ ਸ਼ਕਤੀਆਂ ਹੁਣ ਉੱਥੋਂ ਦੇ ਐੱਸਡੀਐੱਮ ਨੂੰ ਸੌਂਪ ਦਿੱਤੀਆਂ ਗਈਆਂ ਹਨ। ਇਸ ਨਾਲ ਸਥਾਨਕ ਪੱਧਰ ’ਤੇ ਪ੍ਰਸ਼ਾਸਕੀ ਕੰਮਕਾਜ ਨੂੰ ਸੁਖਾਲਾ ਬਣਾਉਣ ਵਿੱਚ ਮਦਦ ਮਿਲੇਗੀ।