ਕੋਲਕਾਤਾ ਹਾਦਸੇ ਦਾ ਅਸਰ, ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਹਸਪਤਾਲ ਪਹੁੰਚ ਕੇ ਜ਼ਖ਼ਮੀਆਂ ਦਾ ਜਾਣਿਆ ਹਾਲ; ਸਾਰੇ ਪ੍ਰੋਗਰਾਮ ਕੀਤੇ ਰੱਦ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਤਵਾਰ ਨੂੰ ਇੱਥੇ ਅਪੋਲੋ ਹਸਪਤਾਲ ਪਹੁੰਚ ਕੇ ਉੱਤਰੀ ਕੋਲਕਾਤਾ ਦੇ ਚੋਰਬਾਗਾਨ ਦੁਰਗਾ ਪੂਜਾ ਪੰਡਾਲ ’ਚ ਮਚੀ ਭਗਦੜ ਦੌਰਾਨ ਜ਼ਖ਼ਮੀ ਹੋਏ ਲੋਕਾਂ ਨਾਲ ਮੁਲਾਕਾਤ ਕੀਤੀ। ਸ਼ਨੀਵਾਰ ਸ਼ਾਮ ਨੂੰ ਮੀਂਹ ਦੌਰਾਨ ਦੁਰਗਾ ਪੂਜਾ ਪੰਡਾਲ ’ਚ ਅਚਾਨਕ ਭੀੜ ਵਧਣ ਕਾਰਨ ਭਗਦੜ ਮਚ ਗਈ ਸੀ। ਇਸ ਹਾਦਸੇ ’ਚ 19 ਲੋਕਾਂ ਦੀ ਮੌਤ ਹੋ ਗਈ, ਜਦਕਿ 25 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ।
Publish Date: Sun, 18 Oct 2026 12:35 PM (IST)
Updated Date: Sun, 18 Oct 2026 12:36 PM (IST)
ਸਟੇਟ ਬਿਊਰੋ, ਕੋਲਕਾਤਾ - ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਤਵਾਰ ਨੂੰ ਇੱਥੇ ਅਪੋਲੋ ਹਸਪਤਾਲ ਪਹੁੰਚ ਕੇ ਉੱਤਰੀ ਕੋਲਕਾਤਾ ਦੇ ਚੋਰਬਾਗਾਨ ਦੁਰਗਾ ਪੂਜਾ ਪੰਡਾਲ ’ਚ ਮਚੀ ਭਗਦੜ ਦੌਰਾਨ ਜ਼ਖ਼ਮੀ ਹੋਏ ਲੋਕਾਂ ਨਾਲ ਮੁਲਾਕਾਤ ਕੀਤੀ। ਸ਼ਨੀਵਾਰ ਸ਼ਾਮ ਨੂੰ ਮੀਂਹ ਦੌਰਾਨ ਦੁਰਗਾ ਪੂਜਾ ਪੰਡਾਲ ’ਚ ਅਚਾਨਕ ਭੀੜ ਵਧਣ ਕਾਰਨ ਭਗਦੜ ਮਚ ਗਈ ਸੀ। ਇਸ ਹਾਦਸੇ ’ਚ 19 ਲੋਕਾਂ ਦੀ ਮੌਤ ਹੋ ਗਈ, ਜਦਕਿ 25 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ।
ਗ੍ਰਹਿ ਮੰਤਰੀ ਨੇ ਜ਼ਖ਼ਮੀਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦਾ ਹਾਲ-ਚਾਲ ਪੁੱਛਿਆ ਅਤੇ ਡਾਕਟਰਾਂ ਨਾਲ ਵੀ ਉਨ੍ਹਾਂ ਦੀ ਸਿਹਤ ਬਾਰੇ ਗੱਲਬਾਤ ਕੀਤੀ। ਇਸ ਦੌਰਾਨ ਮੁੱਖ ਮੰਤਰੀ ਸ਼ੁਭੇਂਦੂ ਅਧਿਕਾਰੀ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ। ਹਸਪਤਾਲ ’ਚ ਜ਼ਖ਼ਮੀਆਂ ਨੂੰ ਮਿਲਣ ਤੋਂ ਪਹਿਲਾਂ ਗ੍ਰਹਿ ਮੰਤਰੀ ਮੁੱਖ ਮੰਤਰੀ ਸ਼ੁਭੇਂਦੂ ਅਧਿਕਾਰੀ ਨਾਲ ਚੋਰਬਾਗਾਨ ਸਥਿਤ ਪੂਜਾ ਪੰਡਾਲ ’ਚ ਹਾਦਸੇ ਵਾਲੀ ਥਾਂ ’ਤੇ ਵੀ ਪਹੁੰਚੇ ਅਤੇ ਉੱਥੇ ਦੇ ਹਾਲਾਤ ਦਾ ਜਾਇਜ਼ਾ ਲਿਆ।
ਇਸ ਤੋਂ ਪਹਿਲਾਂ ਸਵੇਰੇ ਗ੍ਰਹਿ ਮੰਤਰੀ ਨੇ ਕਾਲੀਘਾਟ ਮੰਦਰ ’ਚ ਜਾ ਕੇ ਮੱਥਾ ਟੇਕਿਆ ਅਤੇ ਪੂਜਾ-ਅਰਚਨਾ ਕੀਤੀ। ਜ਼ਿਕਰਯੋਗ ਹੈ ਕਿ ਸ਼ਾਹ ਸ਼ਨੀਵਾਰ ਰਾਤ ਨੂੰ ਕੋਲਕਾਤਾ ਦੌਰੇ ’ਤੇ ਪਹੁੰਚੇ ਸਨ। ਇਸ ਹਾਦਸੇ ਤੋਂ ਬਾਅਦ ਉਨ੍ਹਾਂ ਨੇ ਐਤਵਾਰ ਨੂੰ ਪੱਛਮੀ ਬੰਗਾਲ ’ਚ ਹਾਵੜਾ ਦੇ ਬੇਲੂਰ ਮਠ ਸਮੇਤ ਵੱਖ-ਵੱਖ ਦੁਰਗਾ ਪੂਜਾ ਪੰਡਾਲਾਂ ’ਚ ਜਾਣ ਦੇ ਆਪਣੇ ਸਾਰੇ ਪ੍ਰੋਗਰਾਮ ਮੁਲਤਵੀ ਕਰ ਦਿੱਤੇ ਸਨ।
ਸ਼ਾਹ ਦੇ ਪਹਿਲਾਂ ਤੋਂ ਤੈਅ ਪ੍ਰੋਗਰਾਮ ਅਨੁਸਾਰ, ਉਨ੍ਹਾਂ ਨੇ ਐਤਵਾਰ ਸਵੇਰੇ ਬੇਲੂਰ ਮਠ ਸਥਿਤ ਰਾਮਕ੍ਰਿਸ਼ਨ ਮਿਸ਼ਨ ਦੇ ਮੁੱਖ ਦਫ਼ਤਰ ਜਾਣਾ ਸੀ। ਇਸ ਤੋਂ ਬਾਅਦ ਦਿਨ ਵੇਲੇ ਹਾਵੜਾ ਅਤੇ ਕੋਲਕਾਤਾ ’ਚ ਹੋਣ ਵਾਲੇ ਕਈ ਦੁਰਗਾ ਪੂਜਾ ਸਮਾਗਮਾਂ ’ਚ ਸ਼ਾਮਲ ਹੋਣਾ ਸੀ। ਉਨ੍ਹਾਂ ਨੇ ਉੱਤਰੀ ਕੋਲਕਾਤਾ ਦੇ ਸ਼ੋਭਾਬਾਜ਼ਾਰ ਰਾਜਬਾੜੀ ’ਚ ਹੋਣ ਵਾਲੀ ਦੁਰਗਾ ਪੂਜਾ ’ਚ ਵੀ ਸ਼ਾਮਲ ਹੋਣਾ ਸੀ। ਸ਼ੋਭਾਬਾਜ਼ਾਰ ਰਾਜਬਾੜੀ ’ਚ 250 ਸਾਲ ਤੋਂ ਵੱਧ ਸਮੇਂ ਤੋਂ ਦੁਰਗਾ ਪੂਜਾ ਦਾ ਆਯੋਜਨ ਕੀਤਾ ਜਾ ਰਿਹਾ ਹੈ। ਰਾਜਬਾੜੀ ਇੱਕ ਸ਼ਾਹੀ ਮਹਿਲ ਹੈ, ਜਿੱਥੇ ਰਾਜਾ ਨਵਕ੍ਰਿਸ਼ਨ ਦੇਬ ਦੇ ਵੰਸ਼ਜ ਰਹਿੰਦੇ ਹਨ। ਸ਼ਾਹ ਦੇ ਦੁਪਹਿਰ ਵੇਲੇ ਦਿੱਲੀ ਵਾਪਸ ਪਰਤਣ ਦਾ ਪ੍ਰੋਗਰਾਮ ਹੈ।