- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਸ਼ਮੀਰ ਦੇ ਨੌਜਵਾਨ ਕਿਸਾਨ ਹੁਣ ਸੇਬ ਵੇਚਣ ਲਈ ਮੰਡੀਆਂ ਦੀ ਬਜਾਏ ਸਮਾਰਟਫੋਨ ਦੀ ਵਰਤੋਂ ਕਰ ਰਹੇ ਹਨ। ਉਹ ਵਿਚੋਲਿਆਂ ਨੂੰ ਦਰਕਿਨਾਰ ਕਰਕੇ ਸਿੱਧੇ ਗਾਹਕਾਂ ਤੱਕ ਪਹੁੰਚ ਰਹੇ ਹਨ, ਜਿਸ ਨਾਲ ਕਿਸਾਨਾਂ ਨੂੰ ਦੁੱਗਣਾ ਮੁਨਾਫ਼ਾ ਮਿਲ ਰਿਹਾ ਹੈ ਤੇ ਗਾਹਕਾਂ ਨੂੰ ਤਾਜ਼ੇ ਤੇ ਸਸਤੇ ਸੇਬ ਮਿਲ ਰਹੇ ਹਨ।

ਰਾਹੁਲ ਸ਼ਰਮਾ, ਸ੍ਰੀਨਗਰ : ਕਦੇ ਸੇਬ ਵੇਚਣ ਲਈ ਕਸ਼ਮੀਰ ਦਾ ਕਿਸਾਨ ਸਵੇਰੇ 4 ਵਜੇ ਸੋਪੋਰ ਮੰਡੀ ਦੀ ਲਾਈਨ ’ਚ ਲੱਗਦਾ ਸੀ, ਆੜ੍ਹਤੀਏ ਦੀ ਉਡੀਕ ਕਰਦਾ ਸੀ ਤੇ ਫਿਰ ਕਮਿਸ਼ਨ ਕੱਟਣ ਤੋਂ ਬਾਅਦ ਜੋ ਕੁਝ ਬਚਦਾ, ਉਸੇ ’ਚ ਸੰਤੁਸ਼ਟ ਹੋ ਜਾਂਦਾ ਸੀ। ਹੁਣ ਹਾਲਾਤ ਬਦਲ ਗਏ ਹਨ। ਸ਼ੋਪੀਆਂ ਤੇ ਬਡਗਾਮ ਦੇ ਕਈ ਨੌਜਵਾਨ ਕਿਸਾਨਾਂ ਨੇ ਮੰਡੀ ਦੀ ਇਸ ਪੁਰਾਣੀ ਪ੍ਰਣਾਲੀ ਨੂੰ ਪਿੱਛੇ ਛੱਡ ਦਿੱਤਾ ਹੈ। ਉਨ੍ਹਾਂ ਦੇ ਹੱਥ ’ਚ ਹੁਣ ਰਸੀਦ ਬੁੱਕ ਨਹੀਂ, ਸਗੋਂ ਸਮਾਰਟਫੋਨ ਹੈ। ਇੰਸਟਾਗ੍ਰਾਮ ’ਤੇ ਰੀਲਾਂ, ਵਟਸਐਪ ’ਤੇ ਬ੍ਰਾਡਕਾਸਟ ਤੇ ਦੇਸ਼ ਭਰ ’ਚ ਸਿੱਧੀ ਡਿਲੀਵਰੀ।
ਸ਼ੋਪੀਆਂ ਨੂੰ ਇੰਝ ਹੀ 'ਐਪਲ ਟਾਊਨ ਆਫ ਕਸ਼ਮੀਰ’ ਨਹੀਂ ਕਿਹਾ ਜਾਂਦਾ। ਇੱਥੇ ਲਗਭਗ 26 ਹਜ਼ਾਰ ਹੈਕਟੇਅਰ ’ਚ ਸੇਬਾਂ ਦੇ ਬਾਗ ਹਨ ਤੇ ਜ਼ਿਲ੍ਹੇ ਦੀ 75 ਫੀਸਦੀ ਆਬਾਦੀ ਇਸੇ ’ਤੇ ਨਿਰਭਰ ਹੈ। ਸੋਪੋਰ ਦੀ ਮੰਡੀ ਏਸ਼ੀਆ ਦੀਆਂ ਸਭ ਤੋਂ ਵੱਡੀਆਂ ਫਲ ਮੰਡੀਆਂ ’ਚ ਗਿਣੀ ਜਾਂਦੀ ਹੈ। ਪਰ ਇਸੇ ਸਿਸਟਮ ਦੀ ਸਭ ਤੋਂ ਵੱਡੀ ਕਮਜ਼ੋਰੀ ਵਿਚੋਲਾ ਹੈ।
ਕਿਸਾਨ ਤੋਂ ਲੈ ਕੇ ਦਿੱਲੀ ਦੀ ਆਜ਼ਾਦਪੁਰ ਮੰਡੀ ਤੱਕ ਸੇਬ 4 ਤੋਂ 5 ਹੱਥਾਂ ’ਚੋਂ ਲੰਘਦਾ ਹੈ ਤੇ ਹਰ ਪੱਧਰ ’ਤੇ 8-10 ਫੀਸਦੀ ਕਮਿਸ਼ਨ ਲਿਆ ਜਾਂਦਾ ਹੈ। ਹੁਣ ਜਦੋਂ ਕਿਸਾਨ ਸਿੱਧਾ ਸੇਬ ਵੇਚ ਰਿਹਾ ਹੈ ਤਾਂ ਦਿੱਲੀ ਜਾਂ ਨਾਗਪੁਰ ’ਚ ਬੈਠੇ ਗਾਹਕ ਨੂੰ ਮੰਡੀ ਦੇ ਰੇਟ ਨਾਲੋਂ 15-20 ਫੀਸਦੀ ਸਸਤਾ ਤੇ ਬਾਗ ’ਚੋਂ ਤੋੜਿਆ ਹੋਇਆ ਤਾਜ਼ਾ ਸੇਬ ਮਿਲ ਰਿਹਾ ਹੈ।
ਇਸੇ ਸ਼ੋਪੀਆਂ ਦੇ ਇਰਸ਼ਾਦ ਡਾਰ ਨੇ ਕੋਰੋਨਾ ਦੀ ਦੂਜੀ ਲਹਿਰ ਦੌਰਾਨ, ਜਦੋਂ ਟਰੱਕ ਬੰਦ ਸਨ ਤੇ ਮੰਡੀ ਸੁੰਨੀ ਪਈ ਸੀ, ਇੰਸਟਾਗ੍ਰਾਮ ’ਤੇ ‘ਕਸ਼ਮੀਰੀ ਐਪਲ’ ਦੇ ਨਾਮ ਨਾਲ ਇੱਕ ਪੇਜ ਬਣਾਇਆ। ਇਰਸ਼ਾਦ ਦੱਸਦੇ ਹਨ ਕਿ ਸ਼ੁਰੂ ’ਚ 10-20 ਲੋਕ ਪੁੱਛਗਿੱਛ ਕਰਦੇ ਸਨ ਤੇ ਫਿਰ ਸੇਬਾਂ ਦੀਆਂ ਤਸਵੀਰਾਂ ਦੇਖ ਕੇ ਆਰਡਰ ਕਰਨ ਲੱਗੇ। ਅੱਜ ਹਾਲਾਤ ਆਮ ਹੋਣ ਦੇ ਬਾਵਜੂਦ ਸੀਜ਼ਨ ’ਚ ਉਹ 20 ਤੋਂ 25 ਹਜ਼ਾਰ ਪੇਟੀਆਂ ਸਿੱਧੀਆਂ ਆਨਲਾਈਨ ਵੇਚ ਦਿੰਦੇ ਹਨ।
ਸ਼ਰਤ ਸਿਰਫ਼ ਇੱਕ ਹੈ ਕਿ ਆਰਡਰ 150 ਪੇਟੀਆਂ ਤੋਂ ਘੱਟ ਨਹੀਂ ਹੋਣਾ ਚਾਹੀਦਾ। ਟਰੱਕ ਸਿੱਧਾ ਬਾਗ ਤੋਂ ਨਿਕਲਦਾ ਹੈ ਤੇ ਦਿੱਲੀ, ਮੁੰਬਈ, ਬੈਂਗਲੁਰੂ ਤੇ ਚੇਨਈ ਤੱਕ ਪਹੁੰਚ ਜਾਂਦਾ ਹੈ। ਇਰਸ਼ਾਦ ਇਕੱਲੇ ਨਹੀਂ ਹਨ। ਬਡਗਾਮ ਦੇ ਫਿਰਦੌਜ਼ ਅਹਿਮਦ ਖਾਨ ਸਮੇਤ ਅੱਧਾ ਦਰਜਨ ਕਿਸਾਨ ਸੋਸ਼ਲ ਮੀਡੀਆ ਦਾ ਪੂਰਾ ਫਾਇਦਾ ਉਠਾ ਰਹੇ ਹਨ।
ਫਿਰਦੌਜ਼ ਨੇ ਸੇਬਾਂ ਦੇ ਨਾਲ ਬਦਾਮ ਤੇ ਅਖਰੋਟ ਵੀ ਆਨਲਾਈਨ ‘ਰੌਇਲ ਕਸ਼ਮੀਰੀ ਡ੍ਰਾਈ ਫਰੂਟ’ ਦੇ ਨਾਮ ਨਾਲ ਵੇਚਣੇ ਸ਼ੁਰੂ ਕਰ ਦਿੱਤੇ ਹਨ। ਉਹ ਕਹਿੰਦੇ ਹਨ ਕਿ ਮੰਗ ਇੰਨੀ ਜ਼ਿਆਦਾ ਹੈ ਕਿ ਹੁਣ ਕਸ਼ਮੀਰ ਦਾ ਸ਼ਹਿਦ ਤੇ ਕੇਸਰ ਵੀ ਇਸ ਪੇਜ ’ਤੇ ਲਿਆਉਣ ਦੀ ਤਿਆਰੀ ਹੈ।
'ਫਾਰਮ-ਟੂ-ਫੋਨ' ਕ੍ਰਾਂਤੀ
ਖੇਤੀਬਾੜੀ ਮਾਹਿਰ ਇਸਨੂੰ ‘ਫਾਰਮ-ਟੂ-ਫੋਨ’ ਕ੍ਰਾਂਤੀ ਕਹਿ ਰਹੇ ਹਨ। ਪਹਿਲਾਂ ਕਿਸਾਨ ਸਿਰਫ਼ ਫਸਲ ਉਗਾਉਂਦਾ ਸੀ, ਪਰ ਹੁਣ ਉਹ ਖੁਦ ਆਪਣੀ ਕੰਪਨੀ ਦਾ ਸੀਈਓ, ਮਾਰਕੀਟਿੰਗ ਹੈੱਡ ਤੇ ਡਿਲੀਵਰੀ ਮੈਨੇਜਰ ਵੀ ਹੈ।
ਸ਼ੋਪੀਆਂ ਤੇ ਸੋਪੋਰ ਦੇ ਇਨ੍ਹਾਂ ਨੌਜਵਾਨਾਂ ਨੇ ਸਾਬਤ ਕਰ ਦਿੱਤਾ ਹੈ ਕਿ ਕਸ਼ਮੀਰ ਦਾ ਸੇਬ ਸਿਰਫ਼ ਇੱਕ ਫਲ ਨਹੀਂ, ਸਗੋਂ ਇੱਕ ਬ੍ਰਾਂਡ ਹੈ ਤੇ ਬ੍ਰਾਂਡ ਨੂੰ ਹੁਣ ਮੰਡੀ ਦੀ ਲੋੜ ਨਹੀਂ ਸਿੱਧਾ ਲੋਕਾਂ ਦੇ ਦਿਲਾਂ ਤੱਕ ਪਹੁੰਚਣ ਲਈ ਇੱਕ ਮੋਬਾਈਲ ਹੀ ਕਾਫ਼ੀ ਹੈ।