- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਵਾਦ ਉਸ ਸਮੇਂ ਸ਼ੁਰੂ ਹੋਇਆ ਜਦੋਂ ਹਰਿਹਰ ਇਲਾਕੇ ਦੇ ਕਿਸਾਨਾਂ ਦਾ ਇੱਕ ਸਮੂਹ ਸਿੰਚਾਈ ਲਈ ਭਦਰਾ ਜਲ ਭੰਡਾਰ ਤੋਂ ਪਾਣੀ ਦੀ ਮੰਗ ਕਰਨ ਲਈ ਜ਼ਿਲ੍ਹਾ ਮੰਤਰੀ ਮੱਲਿਕਾਰਜੁਨ ਨੂੰ ਮਿਲਣ ਪਹੁੰਚਿਆ।

ਡਿਜ਼ੀਟਲ ਡੈਸਕ, ਬੈਂਗਲੁਰੂ : ਕਰਨਾਟਕ ਦੇ ਮੰਤਰੀ ਐੱਸਐੱਸ ਮੱਲਿਕਾਰਜੁਨ ਨੂੰ ਕੈਮਰੇ ’ਤੇ ਹਰਿਹਰ ਤੋਂ ਭਾਜਪਾ ਵਿਧਾਇਕ ਬੀਪੀ ਹਰੀਸ਼ ਦੇ ਖ਼ਿਲਾਫ਼ ਅਪਮਾਨਜਨਕ ਭਾਸ਼ਾ ਤੇ ਅਪਸ਼ਬਦਾਂ ਦੀ ਵਰਤੋਂ ਕਰਦੇ ਹੋਏ ਦੇਖਿਆ ਗਿਆ। ਇਹ ਘਟਨਾ ਭਦਰਾ ਜਲਾਸ਼ਯ ਤੋਂ ਪਾਣੀ ਛੱਡਣ ਦੇ ਮੁੱਦੇ ’ਤੇ ਸਥਾਨਕ ਕਿਸਾਨਾਂ ਨਾਲ ਗੱਲਬਾਤ ਦੌਰਾਨ ਵਾਪਰੀ।
ਵਿਵਾਦ ਉਸ ਸਮੇਂ ਸ਼ੁਰੂ ਹੋਇਆ ਜਦੋਂ ਹਰਿਹਰ ਇਲਾਕੇ ਦੇ ਕਿਸਾਨਾਂ ਦਾ ਇੱਕ ਸਮੂਹ ਸਿੰਚਾਈ ਲਈ ਭਦਰਾ ਜਲ ਭੰਡਾਰ ਤੋਂ ਪਾਣੀ ਦੀ ਮੰਗ ਕਰਨ ਲਈ ਜ਼ਿਲ੍ਹਾ ਮੰਤਰੀ ਮੱਲਿਕਾਰਜੁਨ ਨੂੰ ਮਿਲਣ ਪਹੁੰਚਿਆ। ਕਿਸਾਨਾਂ ਨੇ ਦੱਸਿਆ ਕਿ ਉਹ ਵਿਧਾਇਕ ਦੀ ਸਲਾਹ ’ਤੇ ਮੰਤਰੀ ਨੂੰ ਮਿਲਣ ਆਏ ਹਨ। ਇਸ ਗੱਲ ’ਤੇ ਮੰਤਰੀ ਨੇ ਅਪਸ਼ਬਦ ਕਹੇ, ਜੋ ਕੈਮਰੇ ’ਚ ਰਿਕਾਰਡ ਹੋ ਗਏ।
‘ਵਿਧਾਇਕ ਨੂੰ ਚੱਪਲਾਂ ਨਾਲ ਮਾਰੋ’
ਕਿਸਾਨਾਂ ਨੇ ਮੱਲਿਕਾਰਜੁਨ ਨੂੰ ਕਿਹਾ ਕਿ ਪੀਣ ਲਈ ਪਾਣੀ ਨਹੀਂ ਹੈ, ਪਸ਼ੂਆਂ ਲਈ ਵੀ ਪਾਣੀ ਨਹੀਂ ਹੈ। ਜਦੋਂ ਅਸੀਂ ਹਰੀਸ਼ ਅੰਨਾ ਨੂੰ ਪੁੱਛਦੇ ਹਾਂ ਤਾਂ ਉਹ ਕਹਿੰਦੇ ਹਨ ਕਿ ਮੰਤਰੀ ਨੂੰ ਪੁੱਛੋ। ਇਸ ਤੋਂ ਬਾਅਦ ਗੁੱਸੇ ’ਚ ਆਏ ਮੰਤਰੀ ਨੇ ਭਾਜਪਾ ਵਿਧਾਇਕ ਲਈ ਅਪਮਾਨਜਨਕ ਭਾਸ਼ਾ ਦੀ ਵਰਤੋਂ ਕੀਤੀ ਤੇ ਪਿੰਡ ਵਾਸੀਆਂ ਨੂੰ ਕਿਹਾ ਕਿ ਉਹ ਉਸ ਨੂੰ ਚੱਪਲਾਂ ਨਾਲ ਕੁੱਟਣ। ਮੰਤਰੀ ਨੇ ਕਿਸਾਨਾਂ ਨੂੰ ਇਹ ਵੀ ਕਿਹਾ ਕਿ ਉਹ ਵਿਧਾਇਕ ਨੂੰ ‘ਅੰਨਾ’ (ਵੱਡੇ ਭਰਾ) ਕਹਿ ਕੇ ਸਨਮਾਨ ਨਾ ਦੇਣ।
ਭਾਜਪਾ ਵਿਧਾਇਕ ਨੇ ਕੀ ਕਿਹਾ?
ਮੰਤਰੀ ਦੀ ਟਿੱਪਣੀ ’ਤੇ ਨਿਸ਼ਾਨਾ ਸਾਧਦਿਆਂ ਭਾਜਪਾ ਵਿਧਾਇਕ ਨੇ ਕਿਹਾ ਕਿ ਕਿਸਾਨਾਂ ਦੀਆਂ ਚਿੰਤਾਵਾਂ ਸੁਣਨ ਦੀ ਬਜਾਏ ਮੰਤਰੀ ਨੇ ਉਨ੍ਹਾਂ ਖ਼ਿਲਾਫ਼ ਅਪਸ਼ਬਦਾਂ ਦੀ ਵਰਤੋਂ ਕੀਤੀ। ਵਿਧਾਇਕ ਹਰੀਸ਼ ਨੇ ਕਿਹਾ ਕਿ ਕਿਸਾਨਾਂ ਨਾਲ ਠੀਕ ਤਰੀਕੇ ਨਾਲ ਪੇਸ਼ ਆਉਣ ਦੀ ਬਜਾਏ ਉਨ੍ਹਾਂ ਨੇ ਮੇਰੇ ਬਾਰੇ ਅਪਮਾਨਜਨਕ ਭਾਸ਼ਾ ਦੀ ਵਰਤੋਂ ਕੀਤੀ ਹੈ। ਲੋਕ ਉਨ੍ਹਾਂ ਨੂੰ ਸਬਕ ਸਿਖਾਉਣਗੇ। ਕਰਨਾਟਕ ਭਾਜਪਾ ਦੇ ਪ੍ਰਧਾਨ ਬੀਵਾਈ ਵਿਜਯੇਂਦਰ ਨੇ ਵੀ ਮੱਲਿਕਾਰਜੁਨ ਦੀ ਭਾਸ਼ਾ ਨੂੰ ਲੈ ਕੇ ਉਨ੍ਹਾਂ ’ਤੇ ਤਿੱਖਾ ਹਮਲਾ ਕੀਤਾ। ਵਿਜਯੇਂਦਰ ਨੇ ਕਿਹਾ ਕਿ ਦਾਵਣਗੇਰੇ ਦੇ ਮੰਤਰੀ ਨੇ ਸਾਡੇ ਹਰਿਹਰ ਦੇ ਵਿਧਾਇਕ ਬੀਪੀ ਹਰੀਸ਼ ਖ਼ਿਲਾਫ਼ ਗ਼ੈਰਸੰਸਦੀ ਭਾਸ਼ਾ ਦੀ ਵਰਤੋਂ ਕੀਤੀ ਹੈ। ਉਨ੍ਹਾਂ ਨੇ ਵਿਧਾਇਕ ਦੇ ਮਾਤਾ-ਪਿਤਾ ਨੂੰ ਵੀ ਅਪਸ਼ਬਦ ਕਹੇ ਹਨ। ਇਹ ਸਿਰਫ਼ ਹਰੀਸ਼ ਦਾ ਹੀ ਨਹੀਂ, ਸਗੋਂ ਉਨ੍ਹਾਂ ਦੇ ਹਲਕੇ ਦੇ ਲੋਕਾਂ ਦਾ ਵੀ ਅਪਮਾਨ ਹੈ। ਜੇਕਰ ਤੁਸੀਂ ਸਿਰਫ਼ ਇਸ ਲਈ ਇਸ ਤਰ੍ਹਾਂ ਦੀ ਭਾਸ਼ਾ ਦੀ ਵਰਤੋਂ ਕਰਦੇ ਹੋ ਕਿਉਂਕਿ ਤੁਹਾਡੇ ਕੋਲ ਸੱਤਾ ਹੈ, ਤਾਂ ਆਉਣ ਵਾਲੇ ਸਮੇਂ ’ਚ ਜਨਤਾ ਤੁਹਾਡੇ ਬਾਰੇ ਫ਼ੈਸਲਾ ਕਰੇਗੀ।