ਹਸਤਕਲਾ (ਹੱਥੀਂ ਕੀਤੀ ਕਾਰੀਗਰੀ) ਲਈ ਵੀਰਵਾਰ ਨੂੰ ਉਹ ਇਤਿਹਾਸਕ ਪਲ ਆਇਆ ਜਦੋਂ ਮੰਡੀ ਦੀ ਸੰਸਦ ਮੈਂਬਰ ਕੰਗਨਾ ਰਣੌਤ ਹੱਥੀਂ ਤਿਆਰ ਕੀਤਾ ਹੋਇਆ ਸ਼ੁੱਧ ਊਨੀ ਹਿਮਾਚਲੀ ਕੋਟ ਪਹਿਨ ਕੇ ਸੰਸਦ ਵਿੱਚ ਪਹੁੰਚੀ। ਦੇਸੀ ਊਨ ਨਾਲ ਤਿਆਰ ਇਹ ਕੋਟ ਕੁਲੂ ਦੀਆਂ ਮਹਿਲਾ ਕਾਰੀਗਰਾਂ ਨੇ ਰਵਾਇਤੀ ਵਿਧੀ (ਹੱਥ-ਖੱਡੀ) ਨਾਲ ਕੱਤਿਆ ਅਤੇ ਬੁਣਿਆ ਹੈ, ਜੋ ਹਿਮਾਚਲ ਦੀ ਅਮੀਰ ਪਹਿਰਾਵਾ ਪਰੰਪਰਾ ਨੂੰ ਆਧੁਨਿਕ ਸ਼ੈਲੀ ਵਿੱਚ ਦਰਸਾਉਂਦਾ ਹੈ।

ਕੁਲਵੀ ਵਿਮਸ ਸੰਸਥਾ ਦੀਆਂ ਦੋ ਮਹਿਲਾ ਕਾਰੀਗਰਾਂ ਨੇ ਇਹ ਕੋਟ ਬਣਾਇਆ ਸੀ। ਸੰਸਥਾ ਦੇ ਸੰਸਥਾਪਕ ਭ੍ਰਿਗੂ ਰਾਜ ਆਚਾਰੀਆ ਅਤੇ ਨਿਸ਼ਾ ਸੁਬਰਾਮਨੀਅਮ ਨੇ ਦੱਸਿਆ ਕਿ ਇਸ ਕੋਟ ਨੂੰ ਬਣਾਉਣ ਵਿੱਚ ਲਗਪਗ ਦੋ ਮਹੀਨੇ ਲੱਗੇ ਹਨ।
ਕੀਮਤ 16 ਹਜ਼ਾਰ ਰੁਪਏ
ਇਹ ਪਹਿਰਾਵਾ ਸੰਸਦ ਵਰਗੇ ਰਾਸ਼ਟਰੀ ਮੰਚ 'ਤੇ ਪਹਿਨਿਆ ਜਾਣਾ ਮਹਿਲਾ ਕਾਰੀਗਰਾਂ ਲਈ ਵਿਸ਼ੇਸ਼ ਸਨਮਾਨ ਹੈ। ਸੰਸਦ ਮੈਂਬਰ ਕੰਗਨਾ ਰਣੌਤ ਨੇ 2025 ਵਿੱਚ ਕੁਲਵੀ ਵਿਮਸ ਸੰਸਥਾ ਦੇ ਸਟੂਡੀਓ ਵਿੱਚ ਆ ਕੇ ਚਾਰ ਕੋਟ ਅਤੇ ਇੱਕ 'ਪਠੰਚੂ' ਖਰੀਦਿਆ ਸੀ। ਇੱਕ ਕੋਟ ਦੀ ਕੀਮਤ 16 ਹਜ਼ਾਰ ਤੋਂ ਸ਼ੁਰੂ ਹੋ ਕੇ 45 ਹਜ਼ਾਰ ਰੁਪਏ ਤੱਕ ਹੈ। ਕੰਗਨਾ ਦੇ ਕੋਟ ਨੂੰ ਦੋ ਮਹਿਲਾ ਕਾਰੀਗਰਾਂ ਨੇ ਤਿਆਰ ਕੀਤਾ ਹੈ। ਇਸ ਪਹਿਰਾਵੇ ਵਿੱਚ ਸ਼ੁੱਧ ਊਨ ਅਤੇ ਵੈਜੀਟੇਬਲ ਰੰਗਾਂ ਦੀ ਵਰਤੋਂ ਕੀਤੀ ਗਈ ਹੈ।
2014 ਵਿੱਚ ਸ਼ੁਰੂ ਹੋਈ ਸੀ ਇਹ ਸੰਸਥਾ
ਭ੍ਰਿਗੂ ਰਾਜ ਨੇ ਦੱਸਿਆ ਕਿ ਕੁਲਵੀ ਵਿਮਸ ਸੰਸਥਾ 2014 ਵਿੱਚ ਸ਼ੁਰੂ ਕੀਤੀ ਗਈ ਸੀ। ਸ਼ੁਰੂਆਤੀ ਦੌਰ ਵਿੱਚ ਸੰਸਥਾ ਵਿੱਚ ਛੇ ਮਹਿਲਾ ਕਾਰੀਗਰ ਸਨ, ਪਰ ਅੱਜ 400 ਮਹਿਲਾ ਕਾਰੀਗਰ ਸੰਸਥਾ ਨਾਲ ਜੁੜੀਆਂ ਹੋਈਆਂ ਹਨ। ਇਨ੍ਹਾਂ ਹੱਥੀਂ ਤਿਆਰ ਕੀਤੇ ਪਹਿਰਾਵਿਆਂ ਦੀ ਮੰਗ ਅਮਰੀਕਾ, ਯੂਕੇ, ਜਾਪਾਨ ਅਤੇ ਆਸਟ੍ਰੇਲੀਆ ਵਿੱਚ ਵੀ ਹੈ। ਉਨ੍ਹਾਂ ਦੇ ਮੁਤਾਬਕ, ਕੁਲਵੀ ਵਿਮਸ ਸੰਸਥਾ ਹਿਮਾਚਲ ਵਿੱਚ ਸਵਦੇਸ਼ੀ ਊਨ ਦੀਆਂ ਪਰੰਪਰਾਵਾਂ ਨੂੰ ਮੁੜ ਸੁਰਜੀਤ ਕਰਨ ਅਤੇ ਔਰਤਾਂ ਲਈ ਸਨਮਾਨਜਨਕ ਰੁਜ਼ਗਾਰ ਪੈਦਾ ਕਰਨ ਲਈ ਕੰਮ ਕਰ ਰਹੀ ਹੈ।