- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਾਲ ਸੁਧਾਰ ਘਰ ਗੋਲੀਕਾਂਡ ਦੇ ਮੁੱਖ ਮੁਲਜ਼ਮ ਕਰਨਜੀਤ ਸਿੰਘ ਉਰਫ਼ ਗੁੱਗਾ ਨੂੰ ਜੰਮੂ-ਕਸ਼ਮੀਰ ਪੁਲਿਸ ਦੀ SOG ਟੀਮ ਨੇ ਦਿੱਲੀ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਇਹ ਗ੍ਰਿਫ਼ਤਾਰੀ ਆਰਐੱਸਪੁਰਾ ਬਾਲ ਸੁਧਾਰ ਘਰ ਤੋਂ ਦੋ ਪਾਕਿਸਤਾਨੀ ਕੈਦੀਆਂ ਨਾਲ ਉਸ ਦੇ ਫਰਾਰ ਹੋਣ ਦੇ ਮਾਮਲੇ ’ਚ ਕੀਤੀ ਗਈ ਹੈ।

ਜਾਗਰਣ ਸੰਵਾਦਦਾਤਾ, ਆਰਐੱਸਪੁਰਾ : ਆਰਐੱਸਪੁਰਾ ਬਾਲ ਸੁਧਾਰ ਘਰ ’ਚ ਪੁਲਿਸ ਮੁਲਾਜ਼ਮਾਂ 'ਤੇ ਗੋਲੀ ਚਲਾ ਕੇ ਦੋ ਪਾਕਿਸਤਾਨੀ ਕੈਦੀਆਂ ਨਾਲ ਫਰਾਰ ਹੋਣ ਦੇ ਮਾਮਲੇ ’ਚ ਪੁਲਿਸ ਨੂੰ ਆਖ਼ਿਰਕਾਰ ਵੱਡੀ ਕਾਮਯਾਬੀ ਮਿਲੀ ਹੈ। ਕਈ ਦਿਨਾਂ ਤੋਂ ਪੁਲਿਸ ਨੂੰ ਚਕਮਾ ਦੇ ਰਹੇ ਇਸ ਪੂਰੇ ਘਟਨਾਕ੍ਰਮ ਦੇ ਮੁੱਖ ਮੁਲਜ਼ਮ ਤੇ ਕਥਿਤ ਮਾਸਟਰਮਾਈਂਡ ਕਰਨਜੀਤ ਸਿੰਘ ਉਰਫ਼ ਗੁੱਗਾ ਨੂੰ ਜੰਮੂ-ਕਸ਼ਮੀਰ ਪੁਲਿਸ ਦੀ SOG ਟੀਮ ਨੇ ਦਿੱਲੀ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਉਸ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੁਲਿਸ ਹੁਣ ਇਸ ਪੂਰੇ ਮਾਮਲੇ ਦੀਆਂ ਕੜੀਆਂ ਜੋੜਨ ’ਚ ਜੁਟ ਗਈ ਹੈ ਕਿ ਬਾਲ ਸੁਧਾਰ ਘਰ ਦੇ ਅੰਦਰ ਹਥਿਆਰ ਕਿਵੇਂ ਪਹੁੰਚਿਆ, ਫਰਾਰੀ ਦੀ ਯੋਜਨਾ ’ਚ ਕੌਣ-ਕੌਣ ਲੋਕ ਸ਼ਾਮਲ ਸਨ ਤੇ ਫਰਾਰ ਹੋਣ ਤੋਂ ਬਾਅਦ ਮੁਲਜ਼ਮਾਂ ਨੂੰ ਆਰਥਿਕ ਤੇ ਹੋਰ ਮਦਦ ਕਿਸ ਨੈੱਟਵਰਕ ਤੋਂ ਮਿਲੀ।
ਗੁੱਗਾ ਤੋਂ ਪੁੱਛਗਿੱਛ 'ਚ ਖੁੱਲ੍ਹਣਗੇ ਫਰਾਰੀ ਦੇ ਕਈ ਰਾਜ਼
ਕਰਨਜੀਤ ਸਿੰਘ ਉਰਫ਼ ਗੁੱਗਾ ਦੀ ਗ੍ਰਿਫ਼ਤਾਰੀ ਇਸ ਲਈ ਵੀ ਮਹੱਤਵਪੂਰਨ ਮੰਨੀ ਜਾ ਰਹੀ ਹੈ ਕਿਉਂਕਿ ਬਾਲ ਸੁਧਾਰ ਘਰ ਤੋਂ ਫਰਾਰ ਹੋਏ ਤਿੰਨ ਮੁਲਜ਼ਮਾਂ ’ਚੋਂ ਉਹ ਸਥਾਨਕ ਮੁਲਜ਼ਮ ਸੀ। ਉਸ ਦੇ ਨਾਲ ਫਰਾਰ ਹੋਏ ਦੋਵੇਂ ਪਾਕਿਸਤਾਨੀ ਨਾਗਰਿਕ ਮੁਹੰਮਦ ਸਨਾਉੱਲਾਹ ਤੇ ਅਹਿਸਾਨ ਅਲੀ ਨੂੰ ਪੁਲਿਸ ਪਹਿਲਾਂ ਹੀ ਗ੍ਰਿਫ਼ਤਾਰ ਕਰ ਚੁੱਕੀ ਹੈ। ਦੋਵਾਂ ਤੋਂ ਪੁੱਛਗਿੱਛ ਦੌਰਾਨ ਪੁਲਿਸ ਦੇ ਸਾਹਮਣੇ ਫਰਾਰੀ ਦੀ ਯੋਜਨਾ, ਪੰਜਾਬ ਤੱਕ ਪਹੁੰਚਣ, ਮੋਬਾਈਲ ਫੋਨ ਤੇ ਪੈਸਿਆਂ ਦੀ ਵਿਵਸਥਾ ਸਮੇਤ ਕਈ ਅਹਿਮ ਜਾਣਕਾਰੀਆਂ ਸਾਹਮਣੇ ਆਈਆਂ ਸਨ। ਹੁਣ ਪੁਲਿਸ ਕੋਲ ਗੁੱਗਾ ਤੋਂ ਸਿੱਧੀ ਪੁੱਛਗਿੱਛ ਕਰਕੇ ਉਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਹਾਸਲ ਕਰਨ ਦਾ ਮੌਕਾ ਹੈ, ਜਿਨ੍ਹਾਂ ਦੇ ਸੁਰਾਗ ਹੁਣ ਤੱਕ ਗ੍ਰਿਫ਼ਤਾਰ ਮੁਲਜ਼ਮਾਂ ਤੋਂ ਮਿਲੀ ਜਾਣਕਾਰੀ ਦੇ ਆਧਾਰ 'ਤੇ ਲੱਭੇ ਜਾ ਰਹੇ ਸਨ।
ਪੁਲਿਸ ਮੁਲਾਜ਼ਮਾਂ ਨੂੰ ਜ਼ਖ਼ਮੀ ਕਰਕੇ ਫਰਾਰ ਹੋਏ ਸਨ ਤਿੰਨੇ
16 ਫਰਵਰੀ ਨੂੰ ਆਰਐੱਸਪੁਰਾ ਬਾਲ ਸੁਧਾਰ ਘਰ ’ਚ ਹੋਏ ਘਟਨਾਕ੍ਰਮ ਦੌਰਾਨ ਗੁੱਗਾ ਤੇ ਦੋਵੇਂ ਪਾਕਿਸਤਾਨੀ ਕੈਦੀਆਂ ਨੇ ਕਥਿਤ ਤੌਰ 'ਤੇ ਡਿਊਟੀ 'ਤੇ ਤਾਇਨਾਤ ਪੁਲਿਸ ਮੁਲਾਜ਼ਮਾਂ 'ਤੇ ਹਮਲਾ ਕੀਤਾ ਸੀ। ਘਟਨਾ ਦੌਰਾਨ ਗੋਲੀਬਾਰੀ ਵੀ ਹੋਈ ਤੇ ਦੋ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ ਸਨ। ਇਸ ਤੋਂ ਬਾਅਦ ਤਿੰਨੇ ਬਾਲ ਸੁਧਾਰ ਘਰ ਤੋਂ ਫਰਾਰ ਹੋ ਗਏ ਸਨ। ਭੱਜਣ ਦੌਰਾਨ ਆਰਐੱਸਪੁਰਾ-ਅਰਨੀਆ ਮਾਰਗ 'ਤੇ ਇੱਕ ਰਾਹਗੀਰ ਤੋਂ ਹਥਿਆਰ ਦੀ ਨੋਕ 'ਤੇ ਮੋਟਰਸਾਈਕਲ ਖੋਹਣ ਦੀ ਗੱਲ ਵੀ ਜਾਂਚ ’ਚ ਸਾਹਮਣੇ ਆਈ ਸੀ। ਘਟਨਾ ਤੋਂ ਬਾਅਦ ਜੰਮੂ-ਕਸ਼ਮੀਰ ਪੁਲਿਸ ਨੇ ਵੱਡੇ ਪੱਧਰ 'ਤੇ ਤਲਾਸ਼ੀ ਮੁਹਿੰਮ ਚਲਾਈ ਤੇ ਸੁਰੱਖਿਆ ’ਚ ਲਾਪਰਵਾਹੀ ਦੇ ਦੋਸ਼ ਹੇਠ ਬਾਲ ਸੁਧਾਰ ਘਰ ’ਚ ਤਾਇਨਾਤ ਛੇ ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕੀਤਾ ਗਿਆ ਸੀ।
'ਗੁੱਗਾ ਨੇ ਬਣਾਈ ਸੀ ਫਰਾਰੀ ਦੀ ਪਲਾਨਿੰਗ'
ਦੋਵੇਂ ਪਾਕਿਸਤਾਨੀ ਮੁਲਜ਼ਮਾਂ ਨੂੰ ਪੁਲਿਸ ਨੇ ਫਰਾਰੀ ਤੋਂ ਬਾਅਦ ਅੰਬਾਲਾ ਖੇਤਰ ਤੋਂ ਗ੍ਰਿਫ਼ਤਾਰ ਕਰ ਲਿਆ ਸੀ। ਪੁੱਛਗਿੱਛ ਦੌਰਾਨ ਉਨ੍ਹਾਂ ਨੇ ਕਥਿਤ ਤੌਰ 'ਤੇ ਦੱਸਿਆ ਸੀ ਕਿ ਫਰਾਰੀ ਦੀ ਪੂਰੀ ਯੋਜਨਾ ਕਰਨਜੀਤ ਸਿੰਘ ਉਰਫ਼ ਗੁੱਗਾ ਨੇ ਤਿਆਰ ਕੀਤੀ ਸੀ ਤੇ ਉਸ ਨੇ ਉਨ੍ਹਾਂ ਨੂੰ ਅੱਗੇ ਸੁਰੱਖਿਅਤ ਥਾਂ ਤੱਕ ਪਹੁੰਚਾਉਣ ਦਾ ਭਰੋਸਾ ਦਿੱਤਾ ਸੀ। ਇਸ ਤੋਂ ਬਾਅਦ ਪੁਲਿਸ ਨੇ ਗੁੱਗਾ ਦੀ ਭਾਲ ’ਚ ਜੰਮੂ-ਕਸ਼ਮੀਰ ਤੋਂ ਇਲਾਵਾ ਪੰਜਾਬ ਸਮੇਤ ਕਈ ਥਾਵਾਂ 'ਤੇ ਛਾਪੇਮਾਰੀ ਕੀਤੀ। ਉਸ ਦੀ ਮਾਂ ਸਮੇਤ ਕਈ ਲੋਕਾਂ ਤੋਂ ਪੁੱਛਗਿੱਛ ਕੀਤੀ ਗਈ, ਜਦਕਿ ਸੁਚੇਤਗੜ੍ਹ ਵਾਸੀ ਰਾਹੁਲ ਉਰਫ਼ ਲੱਟੂ ਨੂੰ ਵੀ ਹਥਿਆਰ ਮੁਹੱਈਆ ਕਰਵਾਉਣ ਦੇ ਦੋਸ਼ ਹੇਠ ਹਿਰਾਸਤ ’ਚ ਲੈ ਕੇ ਪੁੱਛਗਿੱਛ ਕੀਤੀ ਗਈ ਸੀ।
'ਖੌਫ ਗੈਂਗ' ਨਾਲ ਨਾਮ ਜੁੜਨ ਦਾ ਦਾਅਵਾ
ਜਾਂਚ ’ਚ ਇਹ ਵੀ ਸਾਹਮਣੇ ਆਇਆ ਸੀ ਕਿ ਵਾਰਦਾਤ ’ਚ ਵਰਤਿਆ ਗਿਆ ਦੇਸੀ ਕੱਟਾ ਕਥਿਤ ਤੌਰ 'ਤੇ ਘਟਨਾ ਤੋਂ ਕੁਝ ਸਮਾਂ ਪਹਿਲਾਂ ਬਾਲ ਸੁਧਾਰ ਘਰ ਤੱਕ ਪਹੁੰਚਾਇਆ ਗਿਆ ਸੀ। ਪੁਲਿਸ ਨੇ ਇਸ ਗੱਲ ਦੀ ਜਾਂਚ ਕੀਤੀ ਕਿ ਹਥਿਆਰ ਕਿੱਥੇ ਲੁਕਾਇਆ ਗਿਆ ਸੀ ਤੇ ਕਿਸ ਵਿਅਕਤੀ ਰਾਹੀਂ ਇਹ ਗੁੱਗਾ ਤੱਕ ਪਹੁੰਚਾਇਆ ਗਿਆ। ਇਸੇ ਮਾਮਲੇ ’ਚ SOG ਦੀ ਭੂਮਿਕਾ ਵੀ ਵਧਾਈ ਗਈ ਸੀ ਤਾਂ ਜੋ ਹਥਿਆਰਾਂ ਦੀ ਸਪਲਾਈ ਤੇ ਮੁਲਜ਼ਮਾਂ ਦੇ ਬਾਹਰੀ ਸੰਪਰਕਾਂ ਦੀ ਪੂਰੀ ਕੜੀ ਸਾਹਮਣੇ ਆ ਸਕੇ। ਗੁੱਗਾ ਨੂੰ ਲੈ ਕੇ ਜਾਂਚ ਏਜੰਸੀਆਂ ਦੇ ਸਾਹਮਣੇ ਇੱਕ ਹੋਰ ਗੰਭੀਰ ਪੱਖ ਉਸ ਦਾ ਪੁਰਾਣਾ ਅਪਰਾਧਿਕ ਰਿਕਾਰਡ ਹੈ। ਕਰਨਜੀਤ ਸਿੰਘ ਉਰਫ਼ ਗੁੱਗਾ ਖ਼ਿਲਾਫ਼ ਵੱਖ-ਵੱਖ ਥਾਣਿਆਂ ’ਚ ਕਰੀਬ 11 ਅਪਰਾਧਿਕ ਮਾਮਲੇ ਦਰਜ ਹੋਣ ਦੀ ਗੱਲ ਕਹੀ ਗਈ ਹੈ ਤੇ ਉਸ ਦਾ ਨਾਮ ਕਥਿਤ ਤੌਰ 'ਤੇ 'ਖੌਫ ਗੈਂਗ' ਨਾਲ ਵੀ ਜੋੜਿਆ ਗਿਆ ਹੈ। ਰਿਪੋਰਟਾਂ ਮੁਤਾਬਕ ਉਹ ਆਰਐੱਸਪੁਰਾ ਦੇ ਦਬਲਹਰ ਖੇਤਰ ਦਾ ਰਹਿਣ ਵਾਲਾ ਹੈ ਤੇ ਪਹਿਲਾਂ ਇੱਕ ਗੰਭੀਰ ਅਪਰਾਧਿਕ ਮਾਮਲੇ ’ਚ ਗ੍ਰਿਫ਼ਤਾਰ ਹੋਣ ਤੋਂ ਬਾਅਦ ਉਸ ਨੂੰ ਬਾਲ ਸੁਧਾਰ ਘਰ ’ਚ ਰੱਖਿਆ ਗਿਆ ਸੀ। ਹੁਣ ਕਰਨਜੀਤ ਸਿੰਘ ਉਰਫ਼ ਗੁੱਗਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੁਲਿਸ ਦੀ ਜਾਂਚ ਉਸ ਪੂਰੇ ਨੈੱਟਵਰਕ ਤੱਕ ਪਹੁੰਚਣ ਦੀ ਕੋਸ਼ਿਸ਼ ਕਰੇਗੀ, ਜਿਸ ਨੇ ਕਥਿਤ ਤੌਰ 'ਤੇ ਬਾਲ ਸੁਧਾਰ ਘਰ ਦੇ ਅੰਦਰੋਂ ਫਰਾਰੀ ਨੂੰ ਅੰਜਾਮ ਦੇਣ ’ਚ ਮਦਦ ਕੀਤੀ।