5 ਮਿੰਟ ਦੀ ਵੀਡੀਓ ਕਾਲ ਤੇ 80 ਭਾਰਤੀਆਂ ਦੀਆਂ ਨੌਕਰੀਆਂ ਖ਼ਤਮ, ਅਮਰੀਕੀ ਕੰਪਨੀ ਨੇ ਇੱਕ ਝਟਕੇ 'ਚ ਭਾਰਤ ਦੀ ਪੂਰੀ ਟੀਮ ਨੂੰ ਕੱਢਿਆ
ਕੱਢੇ ਗਏ ਇੱਕ ਕਰਮਚਾਰੀ ਨੇ ਸੋਸ਼ਲ ਮੀਡੀਆ 'ਤੇ ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲਗਪਗ 80 ਕਰਮਚਾਰੀਆਂ ਨੂੰ 'ਓਪਰੇਸ਼ਨਲ ਕਾਰਨਾਂ' ਕਰਕੇ ਉਸ ਦਿਨ ਰਿਮੋਟਲੀ (ਘਰ ਤੋਂ) ਕੰਮ ਕਰਨ ਲਈ ਕਿਹਾ ਗਿਆ ਸੀ। ਉਨ੍ਹਾਂ ਨੂੰ ਆਪਣੀ ਸ਼ਾਮ ਦੀ ਸ਼ਿਫ਼ਟ ਦੇ ਆਖ਼ਰ ’ਚ ਇਹ ਅਚਾਨਕ ਨੌਕਰੀ ਜਾਣ ਦੀ ਖ਼ਬਰ ਮਿਲੀ।
Publish Date: Fri, 18 Sep 2026 12:48 PM (IST)
Updated Date: Fri, 18 Sep 2026 12:51 PM (IST)
ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ। ਇਹ ਏ.ਆਈ. (AI) ਦਾ ਸਾਈਡ ਇਫ਼ੈਕਟ ਹੈ ਜਾਂ ਕੰਪਨੀ ਦੀ ਖ਼ਸਤਾ ਹਾਲਤ, ਕਹਿਣਾ ਮੁਸ਼ਕਲ ਹੈ ਪਰ ਇੱਕ ਅਮਰੀਕੀ ਫਾਈਨੈਂਸ਼ੀਅਲ ਫ਼ਰਮ ਨੇ ਹਾਲ ਹੀ ’ਚ ਪੰਜ ਮਿੰਟ ਦੀ ਗੂਗਲ ਮੀਟ ਦੌਰਾਨ ਖ਼ਰਾਬ ਪਰਫ਼ਾਰਮੈਂਸ ਦਾ ਹਵਾਲਾ ਦੇ ਕੇ ਭਾਰਤੀ ਕਸਟਮਰ ਸਪੋਰਟ ਟੀਮ ਦੇ ਸਾਰੇ 80 ਲੋਕਾਂ ਨੂੰ ਨੌਕਰੀਓਂ ਕੱਢ ਦਿੱਤਾ।
ਕੱਢੇ ਗਏ ਇੱਕ ਕਰਮਚਾਰੀ ਨੇ ਸੋਸ਼ਲ ਮੀਡੀਆ 'ਤੇ ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲਗਪਗ 80 ਕਰਮਚਾਰੀਆਂ ਨੂੰ 'ਓਪਰੇਸ਼ਨਲ ਕਾਰਨਾਂ' ਕਰਕੇ ਉਸ ਦਿਨ ਰਿਮੋਟਲੀ (ਘਰ ਤੋਂ) ਕੰਮ ਕਰਨ ਲਈ ਕਿਹਾ ਗਿਆ ਸੀ। ਉਨ੍ਹਾਂ ਨੂੰ ਆਪਣੀ ਸ਼ਾਮ ਦੀ ਸ਼ਿਫ਼ਟ ਦੇ ਆਖ਼ਰ ’ਚ ਇਹ ਅਚਾਨਕ ਨੌਕਰੀ ਜਾਣ ਦੀ ਖ਼ਬਰ ਮਿਲੀ।
ਕਰਮਚਾਰੀ ਨੇ ਦੱਸਿਆ ਕਿ ਸਾਰੇ ਲੋਕ ਨੌਕਰੀ ਜਾਣ ਦੇ ਡਰੋਂ ਦਿਨ-ਰਾਤ ਕੰਮ ਕਰ ਰਹੇ ਸਨ। ਉਸ ਦੇ ਬਾਵਜੂਦ ਕੰਪਨੀ ਨੇ ਤਰਸ ਨਹੀਂ ਦਿਖਾਇਆ। ਕਰਮਚਾਰੀ ਨੇ ਲਿਖਿਆ ਕਿ ਮੈਂ ਮੰਗਲਵਾਰ ਤੱਕ ਇੱਕ ਅਮਰੀਕੀ ਬੈਂਕ ਲਈ ਕਸਟਮਰ ਸਪੋਰਟ ਟੀਮ ਦਾ ਹਿੱਸਾ ਸੀ। ਉਨ੍ਹਾਂ ਨੇ ਓਪਰੇਸ਼ਨਲ ਕਾਰਨਾਂ ਕਰਕੇ ਸਾਨੂੰ ਘਰ ਤੋਂ ਕੰਮ ਕਰਨ ਲਈ ਕਿਹਾ ਸੀ।
ਪ੍ਰਭਾਵਿਤ ਕਰਮਚਾਰੀ ਨੇ ਦੱਸਿਆ ਕਿ ਉਹ ਆਪਣੀ ਸ਼ਾਮ 6:30 ਵਜੇ ਦੀ ਸ਼ਿਫ਼ਟ ਵਿੱਚ ਤਿੰਨ ਘੰਟੇ ਕੰਮ ਕਰ ਚੁੱਕੇ ਸਨ, ਉਦੋਂ ਹੀ ਰਾਤ 9:30 ਵਜੇ ਸੀਨੀਅਰ ਮੈਨੇਜਮੈਂਟ ਨੇ ਟੀਮ ਨੂੰ ਇੱਕ ਵਰਚੁਅਲ ਕਾਲ ਲਈ ਬੁਲਾਇਆ, ਜਿਸ ਵਿੱਚ ਨੌਕਰੀਓਂ ਕੱਢੇ ਜਾਣ ਦੀ ਖ਼ਬਰ ਦਿੱਤੀ ਗਈ।
ਸਿਰਫ਼ ਪੰਜ ਮਿੰਟ ਦੀ ਕਾਲ ਨਾਲ 80 ਪਰਿਵਾਰ ਪ੍ਰਭਾਵਿਤ ਹੋਏ ਹਨ। ਮੈਨੂੰ ਬੁਰਾ ਲੱਗਦਾ ਹੈ ਕਿ ਅਸੀਂ ਅਜਿਹੀਆਂ ਕਾਰਪੋਰੇਟ ਕੰਪਨੀਆਂ ਲਈ ਕੰਮ ਕਰਦੇ ਹਾਂ ਜੋ ਸਾਨੂੰ ਕਦੇ ਵੀ ਕੱਢ ਸਕਦੀਆਂ ਹਨ। ਮੈਨੂੰ ਅਫ਼ਸੋਸ ਹੈ ਕਿ ਮੈਂ ਆਪਣੀ ਨੌਕਰੀ ’ਚ ਇੰਨੀ ਮਿਹਨਤ ਕਰਦਾ ਸੀ।
'ਦੁਖਦ ਅਤੇ ਨਿਰਾਸ਼ਾਜਨਕ'
ਜਿਵੇਂ-ਜਿਵੇਂ ਪੋਸਟ ਵਾਇਰਲ ਹੋਈ, ਸੋਸ਼ਲ ਮੀਡੀਆ ਯੂਜ਼ਰਸ ਨੇ ਕਿਹਾ ਕਿ ਇਹ ਇੱਕ 'ਦੁਖਦ' ਅਤੇ 'ਨਿਰਾਸ਼ਾਜਨਕ' ਘਟਨਾ ਹੈ ਜਿਸ ਨਾਲ ਵੱਡੀ ਗਿਣਤੀ ਵਿੱਚ ਕਰਮਚਾਰੀ ਪ੍ਰਭਾਵਿਤ ਹੋਏ ਹਨ। ਜਦੋਂ ਇੱਕ ਯੂਜ਼ਰ ਨੇ ਪੁੱਛਿਆ ਕਿ ਇੰਨੀ ਬੇਰਹਿਮੀ ਨਾਲ ਨੌਕਰੀਓਂ ਕੱਢਣ ਲਈ ਕਿਹੜਾ ਬੈਂਕ ਜ਼ਿੰਮੇਵਾਰ ਸੀ, ਤਾਂ ਪ੍ਰਭਾਵਿਤ ਕਰਮਚਾਰੀ ਨੇ ਦੱਸਿਆ ਕਿ ਉਹ 'ਬਲੂਵਾਈਨ' (Bluevine) ਸੀ।
ਇਹ ਇੱਕ ਡਿਜੀਟਲ ਬੈਂਕਿੰਗ ਪਲੇਟਫ਼ਾਰਮ ਹੈ ਜੋ ਛੋਟੇ ਕਾਰੋਬਾਰਾਂ ਲਈ ਆਨਲਾਈਨ ਬਿਜ਼ਨਸ ਚੈਕਿੰਗ ਅਕਾਊਂਟ, ਪੇਮੈਂਟ ਟੂਲ ਅਤੇ ਕ੍ਰੈਡਿਟ ਲਾਈਨ ਵਰਗੀਆਂ ਸਹੂਲਤਾਂ ਦਿੰਦਾ ਹੈ।
ਕਰਮਚਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਕਿਹਾ ਗਿਆ ਸੀ ਕਿ ਭਾਰਤੀ ਟੀਮ ਉਮੀਦ ਮੁਤਾਬਕ ਕੰਮ ਨਹੀਂ ਕਰ ਰਹੀ ਸੀ, ਜਿਸ ਦੀ ਵਜ੍ਹਾ ਕਰਕੇ ਉਨ੍ਹਾਂ ਨੂੰ ਨੌਕਰੀਓਂ ਕੱਢ ਦਿੱਤਾ ਗਿਆ। ਉਨ੍ਹਾਂ ਨੂੰ ਭਾਰਤੀ ਟੀਮ ਤੋਂ ਉਮੀਦ ਮੁਤਾਬਕ ਨਤੀਜੇ ਨਹੀਂ ਮਿਲ ਰਹੇ ਸਨ। ਬਕਵਾਸ! ਕਿਉਂਕਿ ਉਨ੍ਹਾਂ ਦੀ ਅਮਰੀਕੀ ਟੀਮ ਵਿੱਚ ਸਭ ਤੋਂ ਜ਼ਿਆਦਾ ਲੋਕ ਨੌਕਰੀ ਛੱਡਦੇ ਸਨ। ਉਹ ਮਨਮਰਜ਼ੀ ਨਾਲ ਸਮਾਂ ਬਿਤਾਉਂਦੇ ਸਨ ਅਤੇ ਮੁਸ਼ਕਲ ਨਾਲ ਹੀ ਕੋਈ ਕੰਮ ਠੀਕ ਨਾਲ ਕਰ ਪਾਉਂਦੇ ਸਨ। ਜਦੋਂ ਕਿ ਅਸੀਂ, ਨੌਕਰੀ ਦੀ ਸੁਰੱਖਿਆ ਕਰਕੇ, ਹਮੇਸ਼ਾ ਖ਼ੁਦ ਨੂੰ ਜ਼ਿਆਦਾ ਕੰਮ ਕਰਨ ਲਈ ਤਿਆਰ ਰੱਖਦੇ ਸਾਂ।