ਸੱਤਾ ਨਹੀਂ, ਵਿਵਸਥਾ ਬਦਲਣਾ ਚਾਹੁੰਦੇ ਸਨ ਜੈਪ੍ਰਕਾਸ਼; ਇੰਦਰਾ ਗਾਂਧੀ ਵਿਰੁੱਧ ‘ਸੰਪੂਰਨ ਕ੍ਰਾਂਤੀ’ ਦਾ ਮੂਲ ਵਿਚਾਰ ਕੀ ਸੀ? ਜੈਪ੍ਰਕਾਸ਼ ਨਾਰਾਇਣ ਦੀ ਸੰਪੂਰਨ ਕ੍ਰਾਂਤੀ ਦਾ ਮੁੱਖ ਉਦੇਸ਼ ਸੱਤਾ ਬਦਲਣ ਦੀ ਬਜਾਏ ਵਿਵਸਥਾ ’ਚ ਤਬਦੀਲੀ ਲਿਆਉਣਾ ਸੀ। ਇਸ ’ਚ ਭ੍ਰਿਸ਼ਟਾਚਾਰ, ਬੇਰੁਜ਼ਗਾਰੀ ਤੇ ਅਸਮਾਨਤਾ ਤੋਂ ਮੁਕਤੀ ਦਿਵਾਉਣਾ ਸ਼ਾਮਲ ਸੀ।
Publish Date: Sat, 10 Oct 2026 01:19 PM (IST)
Updated Date: Sat, 10 Oct 2026 01:21 PM (IST)
ਜ਼ਾਕਿਰ ਅਲੀ, ਛਪਰਾ : ਸੱਤਾ ਬਦਲਣਾ ਆਸਾਨ ਹੋ ਸਕਦਾ ਹੈ, ਪਰ ਵਿਵਸਥਾ ਬਦਲਣ ਲਈ ਸਮਾਜ ਦੀ ਸੋਚ, ਸਿਆਸੀ ਆਚਰਣ ਤੇ ਨਾਗਰਿਕਾਂ ਦੀ ਭਾਗੀਦਾਰੀ ’ਚ ਤਬਦੀਲੀ ਲਿਆਉਣੀ ਜ਼ਰੂਰੀ ਹੈ। ਲੋਕਨਾਇਕ ਜੈਪ੍ਰਕਾਸ਼ ਨਾਰਾਇਣ ਦੀ ਸੰਪੂਰਨ ਕ੍ਰਾਂਤੀ ਦਾ ਮੂਲ ਵਿਚਾਰ ਵੀ ਇਹੀ ਸੀ। ਉਨ੍ਹਾਂ ਦਾ ਅੰਦੋਲਨ ਕਿਸੇ ਇੱਕ ਸਰਕਾਰ ਦੇ ਵਿਰੋਧ ਤੱਕ ਸੀਮਤ ਨਹੀਂ ਸੀ। ਉਹ ਭ੍ਰਿਸ਼ਟਾਚਾਰ, ਬੇਰੁਜ਼ਗਾਰੀ, ਅਸਮਾਨਤਾ ਤੇ ਮਾੜੇ ਸ਼ਾਸਨ ਤੋਂ ਮੁਕਤੀ ਦੇ ਨਾਲ-ਨਾਲ ਅਜਿਹੀ ਵਿਵਸਥਾ ਚਾਹੁੰਦੇ ਸਨ, ਜਿਸ ’ਚ ਲੋਕ ਸਿਰਫ਼ ਵੋਟਰ ਬਣ ਕੇ ਨਾ ਰਹਿਣ, ਸਗੋਂ ਲੋਕਤੰਤਰ ਦੇ ਸੰਚਾਲਨ ’ਚ ਵੀ ਆਪਣੀ ਭੂਮਿਕਾ ਨਿਭਾਉਣ। 1974 ’ਚ ਬਿਹਾਰ ਤੋਂ ਉੱਠੀ ਉਨ੍ਹਾਂ ਦੀ ਆਵਾਜ਼ ਨੇ ਦੇਸ਼-ਵਿਆਪੀ ਅੰਦੋਲਨ ਦਾ ਰੂਪ ਧਾਰ ਲਿਆ ਤੇ ਭਾਰਤੀ ਰਾਜਨੀਤੀ ਦੀ ਦਿਸ਼ਾ ਬਦਲਣ ’ਚ ਅਹਿਮ ਭੂਮਿਕਾ ਨਿਭਾਈ।
ਵਿਦਿਆਰਥੀ ਅੰਦੋਲਨ ’ਚੋਂ ਨਿਕਲਿਆ ਵਿਵਸਥਾ ਬਦਲਣ ਦਾ ਵਿਚਾਰ
1974 ’ਚ ਬਿਹਾਰ ਦੇ ਵਿਦਿਆਰਥੀ ਭ੍ਰਿਸ਼ਟਾਚਾਰ, ਮਹਿੰਗਾਈ, ਬੇਰੁਜ਼ਗਾਰੀ ਤੇ ਸਿੱਖਿਆ ਪ੍ਰਣਾਲੀ ਦੀਆਂ ਬੇਤਰਤੀਬੀਆਂ ਵਿਰੁੱਧ ਅੰਦੋਲਨ ਕਰ ਰਹੇ ਸਨ। ਵਿਦਿਆਰਥੀਆਂ ਨੇ ਜੇਪੀ ਨੂੰ ਇਸ ਅੰਦੋਲਨ ਦੀ ਅਗਵਾਈ ਕਰਨ ਦੀ ਅਪੀਲ ਕੀਤੀ। ਲੰਮੇ ਸਮੇਂ ਤੋਂ ਸਰਗਰਮ ਪਾਰਟੀ ਰਾਜਨੀਤੀ ਤੋਂ ਦੂਰ ਰਹਿ ਰਹੇ ਜੇਪੀ ਨੇ ਅੰਦੋਲਨ ਦੀ ਅਗਵਾਈ ਸਵੀਕਾਰ ਕਰ ਲਈ, ਪਰ ਇਹ ਸ਼ਰਤ ਰੱਖੀ ਕਿ ਸੰਘਰਸ਼ ਅਹਿੰਸਕ ਰਹੇਗਾ ਤੇ ਇਸ ਦਾ ਉਦੇਸ਼ ਸਿਰਫ਼ ਸਰਕਾਰ ਨੂੰ ਡੇਗਣਾ ਨਹੀਂ ਹੋਵੇਗਾ। 5 ਜੂਨ 1974 ਨੂੰ ਪਟਨਾ ਦੇ ਗਾਂਧੀ ਮੈਦਾਨ ’ਚ ਉਨ੍ਹਾਂ ਨੇ ਸੰਪੂਰਨ ਕ੍ਰਾਂਤੀ ਦਾ ਸੱਦਾ ਦਿੱਤਾ। ਉਨ੍ਹਾਂ ਦੀ ਆਵਾਜ਼ ਬਿਹਾਰ ਦੀਆਂ ਹੱਦਾਂ ਤੋਂ ਬਾਹਰ ਨਿਕਲ ਕੇ ਦੇਸ਼ ਦੇ ਹੋਰਨਾਂ ਹਿੱਸਿਆਂ ਤੱਕ ਪਹੁੰਚ ਗਈ।
ਸੱਤ ਖੇਤਰਾਂ ’ਚ ਤਬਦੀਲੀ ਦੀ ਪਰਿਕਲਪਨਾ ਜੇਪੀ ਦੀ ਸੰਪੂਰਨ ਕ੍ਰਾਂਤੀ ਦਾ ਅਰਥ ਸਿਆਸੀ ਤਬਦੀਲੀ ਦੇ ਨਾਲ-ਨਾਲ ਸਮਾਜ ਦੇ ਵੱਖ-ਵੱਖ ਖੇਤਰਾਂ ’ਚ ਬਦਲਾਅ ਲਿਆਉਣਾ ਸੀ। ਇਸ ’ਚ ਸਮਾਜਿਕ, ਆਰਥਿਕ, ਸਿਆਸੀ, ਸੱਭਿਆਚਾਰਕ, ਬੌਧਿਕ, ਵਿੱਦਿਅਕ ਤੇ ਨੈਤਿਕ ਕ੍ਰਾਂਤੀ ਦੀ ਪਰਿਕਲਪਨਾ ਸ਼ਾਮਲ ਸੀ। ਉਨ੍ਹਾਂ ਦਾ ਮੰਨਣਾ ਸੀ ਕਿ ਸਿਰਫ਼ ਸਰਕਾਰ ਬਦਲਣ ਨਾਲ ਭ੍ਰਿਸ਼ਟਾਚਾਰ ਤੇ ਅਸਮਾਨਤਾ ਵਰਗੀਆਂ ਸਮੱਸਿਆਵਾਂ ਖ਼ਤਮ ਨਹੀਂ ਹੋਣਗੀਆਂ। ਇਸ ਲਈ ਨਾਗਰਿਕਾਂ ਦੇ ਆਚਰਣ, ਪ੍ਰਸ਼ਾਸਨ ਦੀ ਜਵਾਬਦੇਹੀ, ਸਿੱਖਿਆ ਦੀ ਦਿਸ਼ਾ ਤੇ ਸਮਾਜਿਕ ਸਬੰਧਾਂ ’ਚ ਵੀ ਸੁਧਾਰ ਜ਼ਰੂਰੀ ਹੈ। ਉਹ ਸੱਤਾ ਦੀ ਤਾਕਤ ਦੇ ਮੁਕਾਬਲੇ ਲੋਕ-ਸ਼ਕਤੀ ਨੂੰ ਮਹੱਤਵਪੂਰਨ ਮੰਨਦੇ ਸਨ। ਉਨ੍ਹਾਂ ਲਈ ਲੋਕਤੰਤਰ ਦਾ ਅਰਥ ਸਿਰਫ਼ ਚੋਣਾਂ ਕਰਵਾਉਣਾ ਨਹੀਂ ਸੀ, ਸਗੋਂ ਆਮ ਲੋਕਾਂ ਨੂੰ ਫ਼ੈਸਲਾ ਲੈਣ ਦੀ ਪ੍ਰਕਿਰਿਆ ’ਚ ਭਾਗੀਦਾਰੀ ਦੇਣਾ ਵੀ ਸੀ।
ਅੱਜ ਵੀ ਵਿਚਾਰਾਂ ਦੇ ਮੁਲਾਂਕਣ ਦੀ ਲੋੜ ਜੇਪੀ ਦੇ ਅੰਦੋਲਨ ਨੇ 1975 ’ਚ ਐਮਰਜੈਂਸੀ ਦੇ ਦੌਰ ਦੌਰਾਨ ਲੋਕਤੰਤਰੀ ਅਧਿਕਾਰਾਂ ਤੇ ਨਾਗਰਿਕ ਆਜ਼ਾਦੀ ਦੀ ਬਹਿਸ ਨੂੰ ਪ੍ਰਮੁੱਖਤਾ ਦਿੱਤੀ। ਐਮਰਜੈਂਸੀ ਤੋਂ ਬਾਅਦ 1977 ਦੀਆਂ ਆਮ ਚੋਣਾਂ ’ਚ ਕੇਂਦਰ ’ਚ ਪਹਿਲੀ ਗ਼ੈਰ-ਕਾਂਗਰਸੀ ਸਰਕਾਰ ਬਣੀ। ਹਾਲਾਂਕਿ, ਸੱਤਾ ਤਬਦੀਲੀ ਤੋਂ ਬਾਅਦ ਵੀ ਜੇਪੀ ਦਾ ਜ਼ੋਰ ਰਚਨਾਤਮਕ ਸਮਾਜਿਕ ਕਾਰਜਾਂ, ਲੋਕਾਂ ਦੀ ਭਾਗੀਦਾਰੀ ਤੇ ਵਿਵਸਥਾ ’ਚ ਜਵਾਬਦੇਹੀ ’ਤੇ ਬਣਿਆ ਰਿਹਾ। 8 ਅਕਤੂਬਰ 1979 ਨੂੰ ਪਟਨਾ ’ਚ ਉਨ੍ਹਾਂ ਦਾ ਦੇਹਾਂਤ ਹੋ ਗਿਆ, ਪਰ ਸੰਪੂਰਨ ਕ੍ਰਾਂਤੀ ਦਾ ਵਿਚਾਰ ਅੱਜ ਵੀ ਇਸ ਸਵਾਲ ਨਾਲ ਜੁੜਿਆ ਹੋਇਆ ਹੈ ਕਿ ਲੋਕਤੰਤਰ ਨੂੰ ਹੋਰ ਪਾਰਦਰਸ਼ੀ, ਜਵਾਬਦੇਹ ਤੇ ਲੋਕ-ਕੇਂਦਰਿਤ ਕਿਵੇਂ ਬਣਾਇਆ ਜਾਵੇ। ਲੋਕਨਾਇਕ ਦੀ ਵਿਰਾਸਤ ਨੂੰ ਸਮਝਣ ਦਾ ਅਰਥ ਸਿਰਫ਼ ਉਨ੍ਹਾਂ ਦੇ ਅੰਦੋਲਨ ਨੂੰ ਯਾਦ ਕਰਨਾ ਨਹੀਂ, ਸਗੋਂ ਉਨ੍ਹਾਂ ਮੂਲ ਸਮੱਸਿਆਵਾਂ ਤੇ ਕਦਰਾਂ-ਕੀਮਤਾਂ ’ਤੇ ਵਿਚਾਰ ਕਰਨਾ ਵੀ ਹੈ, ਜਿਨ੍ਹਾਂ ਲਈ ਉਨ੍ਹਾਂ ਨੇ ਆਵਾਜ਼ ਉਠਾਈ ਸੀ।
ਸਿਤਾਬਦਿਆਰਾ ਤੋਂ ਅਮਰੀਕਾ ਤੱਕ ਸੰਘਰਸ਼ ਭਰਿਆ ਸਫ਼ਰ ਲੋਕਨਾਇਕ ਜੈਪ੍ਰਕਾਸ਼ ਨਾਰਾਇਣ ਦਾ ਜਨਮ 11 ਅਕਤੂਬਰ 1903 ਨੂੰ ਸਾਰਣ ਜ਼ਿਲ੍ਹੇ ਦੇ ਸਿਤਾਬਦਿਆਰਾ ਸਥਿਤ ਲਾਲਾ ਟੋਲਾ ’ਚ ਹੋਇਆ ਸੀ। ਉਨ੍ਹਾਂ ਦੇ ਪਿਤਾ ਹਰਸੂ ਦਿਆਲ ਸ਼੍ਰੀਵਾਸਤਵ ਤੇ ਮਾਤਾ ਫੂਲ ਰਾਣੀ ਦੇਵੀ ਸਨ। 1920 ’ਚ ਉਨ੍ਹਾਂ ਦਾ ਵਿਆਹ ਆਜ਼ਾਦੀ ਘੁਲਾਟੀਏ ਬ੍ਰਜਕਿਸ਼ੋਰ ਪ੍ਰਸਾਦ ਦੀ ਧੀ ਪ੍ਰਭਾਵਤੀ ਦੇਵੀ ਨਾਲ ਹੋਇਆ। ਨੌਂ ਸਾਲ ਦੀ ਉਮਰ ’ਚ ਪੜ੍ਹਾਈ ਲਈ ਪਟਨਾ ਪਹੁੰਚੇ ਜੇਪੀ ਨੇ ਮੈਟ੍ਰਿਕ ਤੋਂ ਬਾਅਦ ਬਿਹਾਰ ਨੈਸ਼ਨਲ ਕਾਲਜ ’ਚ ਦਾਖ਼ਲਾ ਲਿਆ। ਮਹਾਤਮਾ ਗਾਂਧੀ ਦੇ ਨਾ-ਮਿਲਵਰਤਣ ਅੰਦੋਲਨ ਤੇ ਮੌਲਾਨਾ ਅਬੁਲ ਕਲਾਮ ਆਜ਼ਾਦ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਨੇ ਪੜ੍ਹਾਈ ਛੱਡ ਦਿੱਤੀ। ਅੱਗੇ ਦੀ ਪੜ੍ਹਾਈ ਲਈ ਉਹ ਅਮਰੀਕਾ ਗਏ, ਜਿੱਥੇ ਖੇਤਾਂ ’ਚ ਮਜ਼ਦੂਰੀ ਕਰਨ, ਹੋਟਲਾਂ ’ਚ ਭਾਂਡੇ ਧੋਣ ਤੇ ਹੋਰ ਕੰਮ ਕਰਕੇ ਆਪਣੀ ਪੜ੍ਹਾਈ ਦਾ ਖ਼ਰਚਾ ਪੂਰਾ ਕੀਤਾ। ਉੱਥੇ ਸਮਾਜ ਸ਼ਾਸਤਰ ਦੀ ਪੜ੍ਹਾਈ ਕਰਦਿਆਂ ਉਨ੍ਹਾਂ ਦਾ ਝੁਕਾਅ ਮਾਰਕਸਵਾਦ ਵੱਲ ਹੋ ਗਿਆ।