ਨਸ਼ੇ 'ਚ ਟਲੀ ਟਰੱਕ ਡਰਾਈਵਰ ਨੇ ਭਾਜਪਾ ਵਿਧਾਇਕ 'ਤੇ ਕੀਤਾ ਜਾਨਲੇਵਾ ਹਮਲਾ, ਮੌਕੇ 'ਤੇ ਮੱਚੀ ਹਫੜਾ-ਦਫੜੀ; ਪੁਲਿਸ ਨੇ ਕੀਤਾ ਕਾਬੂ ਡਰਾਈਵਰ ਨੇ ਟਰੱਕ ਵਿੱਚੋਂ ਇੱਕ ਛੁਰੀ ਕੱਢ ਲਈ ਅਤੇ ਵਿਧਾਇਕ ਤੇ ਉਨ੍ਹਾਂ ਦੇ ਵਰਕਰਾਂ ’ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਸੋਸ਼ਲ ਮੀਡੀਆ ’ਤੇ ਸਾਹਮਣੇ ਆਈ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਮੌਕੇ ’ਤੇ ਮੌਜੂਦ ਭੀੜ ਉਸ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਸੀ, ਪਰ ਇਸ ਦੇ ਬਾਵਜੂਦ ਉਹ ਵਿਧਾਇਕ ਅਤੇ ਹੋਰ ਲੋਕਾਂ ਵੱਲ ਝਪਟਦਾ ਨਜ਼ਰ ਆਇਆ।
Publish Date: Sun, 04 Oct 2026 03:45 PM (IST)
Updated Date: Sun, 04 Oct 2026 03:46 PM (IST)
ਡਿਜੀਟਲ ਡੈਸਕ, ਦਿਸਪੁਰ - ਅਸਾਮ ਦੇ ਸੋਨਿਤਪੁਰ ਜ਼ਿਲ੍ਹੇ ਵਿੱਚ ਸ਼ਨੀਵਾਰ ਨੂੰ ਨਸ਼ੇ ਵਿੱਚ ਧੁੱਤ ਇੱਕ ਟਰੱਕ ਡਰਾਈਵਰ ਨੇ ਭਾਜਪਾ ਵਿਧਾਇਕ ਰਿਤੁ ਬਰਨ ਸਰਮਾ ’ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਘਟਨਾ ਸਮੇਂ ਬਰਚੱਲਾ ਵਿਧਾਨ ਸਭਾ ਹਲਕੇ ਦੇ ਵਿਧਾਇਕ ਆਪਣੇ ਦਫ਼ਤਰ ਦੇ ਬਾਹਰ ਕੁਝ ਪਾਰਟੀ ਵਰਕਰਾਂ ਨਾਲ ਮੌਜੂਦ ਸਨ। ਘਟਨਾ ਉਸ ਸਮੇਂ ਸ਼ੁਰੂ ਹੋਈ ਜਦੋਂ ਇੱਕ ਤੇਜ਼ ਰਫ਼ਤਾਰ ਟਰੱਕ ਨੇ ਵਿਧਾਇਕ ਦੇ ਦਫ਼ਤਰ ਦੇ ਸਾਹਮਣੇ ਖੜ੍ਹੀ ਇੱਕ ਗੱਡੀ ਨੂੰ ਟੱਕਰ ਮਾਰ ਦਿੱਤੀ। ਇਹ ਗੱਡੀ ਪਾਰਟੀ ਦੇ ਹੀ ਇੱਕ ਵਰਕਰ ਦੀ ਸੀ।
ਵਿਧਾਇਕ ਰਿਤੁ ਬਰਨ ਸਰਮਾ ਨੇ ਦੱਸਿਆ ਕਿ ਉਨ੍ਹਾਂ ਅਤੇ ਉਨ੍ਹਾਂ ਦੇ ਵਰਕਰਾਂ ਨੇ ਸ਼ਾਂਤ ਰਹਿੰਦਿਆਂ ਟਰੱਕ ਡਰਾਈਵਰ ਨਾਲ ਗੱਲ ਕੀਤੀ ਅਤੇ ਮਾਮਲਾ ਸੁਲਝਾਉਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਨਸ਼ੇ ਵਿੱਚ ਹੋਣ ਕਾਰਨ ਡਰਾਈਵਰ ਭੜਕ ਗਿਆ।
ਛੁਰੀ ਕੱਢ ਕੇ ਜਾਨਲੇਵਾ ਹਮਲੇ ਦੀ ਕੋਸ਼ਿਸ਼
ਡਰਾਈਵਰ ਨੇ ਟਰੱਕ ਵਿੱਚੋਂ ਇੱਕ ਛੁਰੀ ਕੱਢ ਲਈ ਅਤੇ ਵਿਧਾਇਕ ਤੇ ਉਨ੍ਹਾਂ ਦੇ ਵਰਕਰਾਂ ’ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਸੋਸ਼ਲ ਮੀਡੀਆ ’ਤੇ ਸਾਹਮਣੇ ਆਈ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਮੌਕੇ ’ਤੇ ਮੌਜੂਦ ਭੀੜ ਉਸ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਸੀ, ਪਰ ਇਸ ਦੇ ਬਾਵਜੂਦ ਉਹ ਵਿਧਾਇਕ ਅਤੇ ਹੋਰ ਲੋਕਾਂ ਵੱਲ ਝਪਟਦਾ ਨਜ਼ਰ ਆਇਆ।
ਘਟਨਾ ਸਥਾਨ ’ਤੇ ਇਕੱਠੇ ਹੋਏ ਸਥਾਨਕ ਲੋਕਾਂ ਨੇ ਮੁਲਜ਼ਮ ਡਰਾਈਵਰ ਨੂੰ ਕਾਬੂ ਕਰ ਲਿਆ ਅਤੇ ਉਸ ਦੀ ਕੁੱਟਮਾਰ ਕੀਤੀ। ਇਸ ਤੋਂ ਬਾਅਦ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਇਸ ਹਮਲੇ ਵਿੱਚ ਵਿਧਾਇਕ ਸਰਮਾ ਵਾਲ-ਵਾਲ ਬਚ ਗਏ ਅਤੇ ਉਨ੍ਹਾਂ ਨੂੰ ਕੋਈ ਸੱਟ ਨਹੀਂ ਲੱਗੀ। ਹਾਲਾਂਕਿ ਡਰਾਈਵਰ ਦੇ ਹਮਲੇ ਵਿੱਚ ਇੱਕ ਹੋਮਗਾਰਡ ਅਤੇ ਪਾਰਟੀ ਦੇ ਦੋ ਵਰਕਰ ਜ਼ਖਮੀ ਹੋ ਗਏ।