- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪ੍ਰਧਾਨ ਮੰਤਰੀ ਮੋਦੀ ਨੇ 'ਦ ਫਿਊਚਰ ਆਫ ਐਨਵਾਇਰਨਮੈਂਟ ਐਂਡ ਕਲਾਈਮੇਟ ਡਾਇਨਾਮਿਕਸ' ਕਾਨਫਰੰਸ ’ਚ ਭਾਰਤ ਦੀਆਂ ਵਾਤਾਵਰਣ ਨਾਲ ਜੁੜੀਆਂ ਉਪਲਬਧੀਆਂ ਤੇ ਭਵਿੱਖ ਦੀਆਂ ਯੋਜਨਾਵਾਂ ਸਾਂਝੀਆਂ ਕੀਤੀਆਂ।

ਆਈਏਐਨਐਸ, ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 'ਦ ਫਿਊਚਰ ਆਫ ਐਨਵਾਇਰਨਮੈਂਟ ਐਂਡ ਕਲਾਈਮੇਟ ਡਾਇਨਾਮਿਕਸ' ’ਤੇ ਅੰਤਰਰਾਸ਼ਟਰੀ ਕਾਨਫਰੰਸ ’ਚ ਸ਼ਨੀਵਾਰ ਨੂੰ ਭਾਰਤ ਦੀਆਂ ਵਾਤਾਵਰਣ ਨਾਲ ਜੁੜੀਆਂ ਉਪਲਬਧੀਆਂ ਬਾਰੇ ਵਿਸਥਾਰ ਨਾਲ ਦੱਸਿਆ। ਉਨ੍ਹਾਂ ਕਿਹਾ ਕਿ ਭਾਰਤ ਅੱਜ ਕਲੀਨ ਮੋਬਿਲਿਟੀ ਤੇ ਗ੍ਰੀਨ ਹਾਈਡ੍ਰੋਜਨ ਵਰਗੇ ਖੇਤਰਾਂ ’ਚ ਤੇਜ਼ੀ ਨਾਲ ਕੰਮ ਕਰ ਰਿਹਾ ਹੈ। ਪੀਐਮ ਮੋਦੀ ਨੇ ਕਿਹਾ, "ਅਜੇ ਕੁਝ ਦਿਨ ਪਹਿਲਾਂ ਭਾਰਤ ਦੀ ਪਹਿਲੀ ਹਾਈਡ੍ਰੋਜਨ ਟ੍ਰੇਨ ਚੱਲੀ ਹੈ ਤੇ ਇਹ ਦੁਨੀਆ ਦੀ ਸਭ ਤੋਂ ਲੰਬੀ ਹਾਈਡ੍ਰੋਜਨ ਟ੍ਰੇਨ ਹੈ। ਇਹ ਕਲੀਨ ਮੋਬਿਲਿਟੀ ਦੇ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੈ।"
12 ਸਾਲਾਂ ’ਚ 3 ਗੁਣਾ ਵਧੀ ਵਿੰਡ ਐਨਰਜੀ
ਪ੍ਰਧਾਨ ਮੰਤਰੀ ਨੇ ਦੱਸਿਆ ਕਿ ਪਿਛਲੇ 12 ਸਾਲਾਂ ’ਚ ਭਾਰਤ ਦੀ ਵਿੰਡ ਐਨਰਜੀ ਸਮਰੱਥਾ ’ਚ 3 ਗੁਣਾ ਵਾਧਾ ਹੋਇਆ ਹੈ। ਹਾਈਡਰੋ-ਐਨਰਜੀ ਸਮਰੱਥਾ ’ਚ ਵੀ ਮਜ਼ਬੂਤ ਵਾਧਾ ਦੇਖਣ ਨੂੰ ਮਿਲਿਆ ਹੈ। ਨਵਾਂ ਭਾਰਤ ਨਿਊਕਲੀਅਰ ਐਨਰਜੀ ’ਤੇ ਵੀ ਫੋਕਸ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਇਨ੍ਹਾਂ ਖੇਤਰਾਂ ’ਚ ਪ੍ਰਾਈਵੇਟ ਪਲੇਅਰਜ਼ ਲਈ ਵੀ ਰਸਤੇ ਖੋਲ੍ਹ ਰਹੀ ਹੈ। ਇਨ੍ਹਾਂ ਯਤਨਾਂ ਨਾਲ ਭਾਰਤ ਦੀ ਨਾਨ-ਫੌਸਿਲ ਐਨਰਜੀ ਸਮਰੱਥਾ ’ਚ 400 ਫੀਸਦੀ ਦਾ ਵਾਧਾ ਹੋਇਆ ਹੈ।
EV ਦੀ ਵਿਕਰੀ ’ਚ ਜ਼ਬਰਦਸਤ ਵਾਧਾ
ਈ-ਮੋਬਿਲਿਟੀ ਦਾ ਜ਼ਿਕਰ ਕਰਦਿਆਂ ਪੀਐਮ ਮੋਦੀ ਨੇ ਕਿਹਾ ਕਿ 2014 ਤੋਂ ਪਹਿਲਾਂ ਭਾਰਤ ’ਚ ਹਰ ਸਾਲ ਸਿਰਫ਼ 3,000 ਈ-ਵ੍ਹੀਕਲ ਵਿਕਦੇ ਸਨ। ਪਿਛਲੇ ਸਾਲ ਕਰੀਬ 25 ਲੱਖ ਈਵੀ ਦੀ ਵਿਕਰੀ ਹੋਈ, ਜੋ ਇੱਕ ਅਵਿਸ਼ਵਾਸ਼ਯੋਗ ਵਾਧਾ ਹੈ। ਇਸ ਨਾਲ ਵਾਤਾਵਰਣ ਨੂੰ ਮਦਦ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਫਾਸਟੈਗ ਨਾਲ ਟੋਲ ਬੂਥ ’ਤੇ ਇੰਤਜ਼ਾਰ ਦਾ ਸਮਾਂ ਤੇ ਈਂਧਨ ਦੀ ਬਰਬਾਦੀ ਕਾਫੀ ਘੱਟ ਹੋਈ ਹੈ। ਪੀਐਮ ਮੋਦੀ ਨੇ ਦੱਸਿਆ ਕਿ 2014 ਤੱਕ ਦੇਸ਼ ਦੇ ਸਿਰਫ਼ 5 ਸ਼ਹਿਰਾਂ ’ਚ 250 ਕਿਲੋਮੀਟਰ ਤੋਂ ਘੱਟ ਮੈਟਰੋ ਨੈੱਟਵਰਕ ਸੀ। ਅੱਜ ਦੇਸ਼ ਦੇ 20 ਤੋਂ ਵੱਧ ਸ਼ਹਿਰਾਂ ’ਚ ਮੈਟਰੋ ਚੱਲ ਰਹੀ ਹੈ ਤੇ ਭਾਰਤ ਦੁਨੀਆ ਦੇ ਉਨ੍ਹਾਂ ਦੇਸ਼ਾਂ ’ਚ ਸ਼ਾਮਲ ਹੋ ਗਿਆ ਹੈ, ਜਿਨ੍ਹਾਂ ਕੋਲ 1,000 ਕਿਲੋਮੀਟਰ ਤੋਂ ਵੱਧ ਦਾ ਮੈਟਰੋ ਨੈੱਟਵਰਕ ਹੈ।
ਬਿਜਲੀਕਰਨ ਨਾਲ ਵਾਤਾਵਰਣ ਨੂੰ ਹੋਇਆ ਫਾਇਦਾ
ਪੀਐਮ ਮੋਦੀ ਨੇ ਕਿਹਾ ਕਿ ਰੇਲਵੇ ਦੇ 100 ਫੀਸਦੀ ਬਿਜਲੀਕਰਨ ਨਾਲ ਕਰੋੜਾਂ ਲੀਟਰ ਡੀਜ਼ਲ ਦੀ ਬਚਤ ਹੋਈ ਹੈ, ਜਿਸ ਨਾਲ ਵਾਤਾਵਰਣ ਨੂੰ ਵੀ ਫਾਇਦਾ ਹੋਇਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡਾ ਵਿਕਾਸ ਤੇਜ਼ ਵੀ ਹੈ ਤੇ ਟਿਕਾਊ ਵੀ। ਅੱਜ ਜਲ ਸੰਭਾਲ ਦੇ ਖੇਤਰ ’ਚ ਵੀ ਬੇਮਿਸਾਲ ਕੰਮ ਹੋ ਰਿਹਾ ਹੈ।
70,000 ਤੋਂ ਵੱਧ ਅੰਮ੍ਰਿਤ ਸਰੋਵਰ ਬਣਾਏ ਗਏ
70,000 ਤੋਂ ਵੱਧ ਅੰਮ੍ਰਿਤ ਸਰੋਵਰ ਬਣਾਏ ਗਏ ਹਨ। 'ਕੈਚ ਦ ਰੇਨ' ਪਹਿਲਕਦਮੀ ਤਹਿਤ ਦੇਸ਼ ਭਰ ’ਚ ਕਰੀਬ 1.5 ਕਰੋੜ ਜਲ ਸੰਚੈ ਢਾਂਚੇ ਬਣਾਏ ਗਏ ਹਨ। ਨੈਸ਼ਨਲ ਮਿਸ਼ਨ ਆਨ ਨੈਚੁਰਲ ਫਾਰਮਿੰਗ ਨਾਲ ਵੱਡਾ ਬਦਲਾਅ ਆਇਆ ਹੈ। 12.5 ਲੱਖ ਹੈਕਟੇਅਰ ’ਚ ਨੈਚੁਰਲ ਫਾਰਮਿੰਗ ਦੇ ਕਲੱਸਟਰ ਬਣਾਏ ਗਏ ਹਨ। ਕਰੀਬ 3,000 ਕਿਸਮਾਂ ਦੀਆਂ ਜਲਵਾਯੂ-ਅਨੁਕੂਲ ਫਸਲਾਂ ਵਿਕਸਿਤ ਕੀਤੀਆਂ ਗਈਆਂ ਹਨ। ਪੀਐਮ ਮੋਦੀ ਨੇ ਕਿਹਾ ਕਿ ਅਸੀਂ ਐਗਰੋਫੌਰੈਸਟਰੀ ਨੂੰ ਉਤਸ਼ਾਹਿਤ ਕਰਕੇ ਕਾਰਬਨ ਫੁੱਟਪ੍ਰਿੰਟ ਘੱਟ ਕਰ ਰਹੇ ਹਾਂ। ਪਿਛਲੇ 12 ਸਾਲਾਂ ’ਚ ਸਾਡਾ ਬਹੁਤ ਘਣਾ ਜੰਗਲੀ ਖੇਤਰ 22 ਫੀਸਦੀ ਵਧਿਆ ਹੈ। ਪਲਾਸਟਿਕ ਵੇਸਟ ਦੀ ਚੁਣੌਤੀ ’ਤੇ ਪੀਐਮ ਮੋਦੀ ਨੇ ਕਿਹਾ ਕਿ ਇਸ ਲਈ ਭਾਰਤ ਨੇ ਸਿੰਗਲ ਯੂਜ਼ ਪਲਾਸਟਿਕ ’ਤੇ ਰੋਕ ਲਗਾਈ ਹੈ। ਅਸੀਂ 'ਰਿਡਿਊਸ, ਰੀਯੂਜ਼ ਤੇ ਰੀਸਾਈਕਲ' ਦੇ ਮੰਤਰ ਨਾਲ ਸਰਕੁਲਰ ਇਕਾਨਮੀ ਨੂੰ ਉਤਸ਼ਾਹਿਤ ਕੀਤਾ ਹੈ। ਅੱਜ ਭਾਰਤ ’ਚ ਹਰ ਰੋਜ਼ ਹਜ਼ਾਰਾਂ ਟਨ ਕਚਰੇ ਨੂੰ ਰੀਸਾਈਕਲ ਕੀਤਾ ਜਾ ਰਿਹਾ ਹੈ। ਗੋਬਰਧਨ ਯੋਜਨਾ ਰਾਹੀਂ ਪਿੰਡਾਂ ’ਚ ਗੋਬਰ ਤੇ ਹੋਰ ਆਰਗੈਨਿਕ ਵੇਸਟ ਨੂੰ ਵੀ ਉਪਯੋਗੀ ਸਰੋਤ ’ਚ ਬਦਲਿਆ ਜਾ ਰਿਹਾ ਹੈ।