- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਈਆਈਟੀ ਦਿੱਲੀ ਦੇ ਖੋਜਕਰਤਾਵਾਂ ਨੇ ਭਾਰਤ ਦਾ ਪਹਿਲਾ ਸਵਦੇਸ਼ੀ ਮਾਈਕ੍ਰੋ-GPU ਵਿਕਸਿਤ ਕੀਤਾ ਹੈ, ਜੋ ਦੇਸ਼ ਦੀ AI ਤੇ ਐਡਵਾਂਸਡ ਕੰਪਿਊਟਿੰਗ ਸਮਰੱਥਾਵਾਂ ਨੂੰ ਵਧਾਵਾ ਦੇਵੇਗਾ। ਇਸ ਨਾਲ ਭਵਿੱਖ ’ਚ ਗ੍ਰਾਫਿਕਸ ਤਕਨਾਲੋਜੀ ਦੇ ਖੇਤਰ ’ਚ ਆਤਮਨਿਰਭਰਤਾ ਵਧਣ ਦੀ ਉਮੀਦ ਹੈ।

ਜਾਗਰਣ ਸੰਵਾਦਦਾਤਾ, ਨਵੀਂ ਦਿੱਲੀ : ਆਈਆਈਟੀ ਦਿੱਲੀ ਦੇ ਇਲੈਕਟ੍ਰਿਕਲ ਇੰਜੀਨੀਅਰਿੰਗ ਵਿਭਾਗ ਦੇ ਖੋਜਕਰਤਾਵਾਂ ਨੇ ਭਾਰਤ ਦਾ ਪਹਿਲਾ ਕੰਮ ਕਰਨ ਵਾਲਾ ਤੇ ਟੈਸਟ ਕੀਤਾ ਗਿਆ ਸਵਦੇਸ਼ੀ ‘ਮਾਈਕ੍ਰੋ-GPU’ ਤਿਆਰ ਕੀਤਾ ਹੈ। ਦੇਸ਼ ’ਚ ਇਸ ਸਮੇਂ ਵਰਤੇ ਜਾਣ ਵਾਲੇ ਸਾਰੇ GPU ਵਿਦੇਸ਼ਾਂ ਤੋਂ ਆਯਾਤ ਕੀਤੇ ਜਾਂਦੇ ਹਨ। ਅਜਿਹੇ ’ਚ ਇਹ ਨਵੀਂ ਖੋਜ ਭਵਿੱਖ ’ਚ ਦੂਜੇ ਦੇਸ਼ਾਂ ’ਤੇ ਭਾਰਤ ਦੀ ਨਿਰਭਰਤਾ ਘਟਾਉਣ ’ਚ ਵੱਡੀ ਭੂਮਿਕਾ ਨਿਭਾ ਸਕਦੀ ਹੈ।
AI ਤੇ ਐਡਵਾਂਸਡ ਕੰਪਿਊਟਿੰਗ ਨੂੰ ਮਿਲੇਗਾ ਹੁਲਾਰਾ
ਇਹ ਮਾਈਕ੍ਰੋ-GPU ਭਾਰਤ ’ਚ ਆਰਟੀਫਿਸ਼ੀਅਲ ਇੰਟੈਲੀਜੈਂਸ (AI), ਮਸ਼ੀਨ ਲਰਨਿੰਗ ਤੇ ਐਡਵਾਂਸਡ ਕੰਪਿਊਟਿੰਗ ਲਈ ਆਪਣੀ ਗ੍ਰਾਫਿਕਸ ਤਕਨਾਲੋਜੀ ਵਿਕਸਿਤ ਕਰਨ ਦੀ ਦਿਸ਼ਾ ’ਚ ਪਹਿਲਾ ਕਦਮ ਹੈ। ਖੋਜਕਰਤਾ ਨੰਮੀ ਆਕਾਸ਼ ਤੇ ਐੱਮ. ਰਵੀ ਤੇਜਾ ਦਾ ਕਹਿਣਾ ਹੈ ਕਿ ਭਾਰਤ ਦੀ ਕਿਸੇ ਵੀ ਯੂਨੀਵਰਸਿਟੀ ਵੱਲੋਂ ਤਿਆਰ ਕੀਤਾ ਗਿਆ ਇਹ ਪਹਿਲਾ ਕੰਮ ਕਰਨ ਵਾਲਾ ਸਵਦੇਸ਼ੀ ਮਾਈਕ੍ਰੋ-GPU ਹੈ। ਇਸ ਦੀ ਮਦਦ ਨਾਲ ਦੇਸ਼ ’ਚ ਹੀ ਨਵੇਂ ਗ੍ਰਾਫਿਕਸ ਤੇ ਡਿਸਪਲੇ ਸਿਸਟਮ ਤਿਆਰ ਕੀਤੇ ਜਾ ਸਕਣਗੇ।
ਕਿਵੇਂ ਤਿਆਰ ਹੋਇਆ ਇਹ ਖਾਸ GPU?
ਪ੍ਰੋਫੈਸਰ ਜੈਦੇਵਾ ਤੇ ਪ੍ਰੋਫੈਸਰ ਕੌਸ਼ਿਕ ਸਾਹਾ ਦੀ ਦੇਖ-ਰੇਖ ਹੇਠ ਐੱਮਟੈਕ ਦੇ ਵਿਦਿਆਰਥੀਆਂ ਨੰਮੀ ਆਕਾਸ਼ ਤੇ ਐੱਮ. ਰਵੀ ਤੇਜਾ ਨੇ ਇਸ ਪ੍ਰੋਜੈਕਟ ’ਤੇ ਕੰਮ ਕੀਤਾ। ਟੀਮ ਨੇ ਪੂਰੇ ਸਿਸਟਮ ਨੂੰ ‘ਰਜਿਸਟਰ ਟ੍ਰਾਂਸਫਰ ਲੈਂਗਵੇਜ’ (RTL) ’ਤੇ ਤਿਆਰ ਕੀਤਾ। ਇਸ ਤੋਂ ਬਾਅਦ Spartan-7 FPGA ਪਲੇਟਫਾਰਮ ਦੀ ਮਦਦ ਨਾਲ ਗ੍ਰਾਫਿਕਸ ਰੈਂਡਰਿੰਗ ਦਾ ਸਫਲ ਟੈਸਟ ਕੀਤਾ ਗਿਆ।
ਇਨ੍ਹਾਂ ਥਾਵਾਂ ’ਤੇ ਹੋ ਸਕੇਗਾ ਇਸਤੇਮਾਲ
ਇਸ ਤਕਨਾਲੋਜੀ ਦੀ ਵਰਤੋਂ ਘੱਟ ਲਾਗਤ ਵਾਲੇ ਡਿਸਪਲੇ ਸਿਸਟਮਾਂ ’ਚ ਕੀਤੀ ਜਾ ਸਕਦੀ ਹੈ। ਇਨ੍ਹਾਂ ’ਚ ਉਦਯੋਗਾਂ ਦੇ ਕੰਟਰੋਲ ਡਿਸਪਲੇ, ਈ-ਰਿਕਸ਼ਾ ਦੇ ਡੈਸ਼ਬੋਰਡ, ਛੋਟੀਆਂ ਮੱਛੀ ਫੜਨ ਵਾਲੀਆਂ ਕਿਸ਼ਤੀਆਂ ਦੀਆਂ ਨੇਵੀਗੇਸ਼ਨ ਸਕ੍ਰੀਨਾਂ, ਸਸਤੇ ਈ-ਬੁੱਕ ਰੀਡਰ ਤੇ ਮਸ਼ੀਨ-ਹਿਊਮਨ ਇੰਟਰਫੇਸ (HMI) ਸ਼ਾਮਲ ਹਨ। ਇਸ ਨੂੰ ASIC ਤੇ FPGA ਵਰਗੇ ਹਾਰਡਵੇਅਰ ’ਤੇ ਵੀ ਵਰਤਿਆ ਜਾ ਸਕਦਾ ਹੈ।
ਭਵਿੱਖ ਦੀ ਤਿਆਰੀ ਤੇ ਅਗਲੀ ਯੋਜਨਾ
ਖੋਜਕਰਤਾਵਾਂ ਦੀ ਟੀਮ ਹੁਣ 8 ਤੋਂ 16 ਕੋਰ ਵਾਲੇ ਐਡਵਾਂਸ ਗ੍ਰਾਫਿਕਸ ਪ੍ਰੋਸੈਸਰ ’ਤੇ ਕੰਮ ਕਰ ਰਹੀ ਹੈ। ਇਸ ਦੇ ਨਾਲ ਹੀ 65 ਨੈਨੋਮੀਟਰ ਪ੍ਰੋਸੈਸ ’ਤੇ ਨਵਾਂ ਸਿਸਟਮ ਤੇ ਲੋੜੀਂਦੇ ਸਾਫਟਵੇਅਰ ਟੂਲ ਤਿਆਰ ਕਰਨ ਦੀ ਯੋਜਨਾ ਹੈ। ਟੀਮ ਹੁਣ ਇਸ ਤਕਨਾਲੋਜੀ ਨੂੰ ਬਾਜ਼ਾਰ ਤੱਕ ਲਿਜਾਣ, ਸਿਸਟਮਾਂ ਨਾਲ ਜੋੜਨ ਤੇ ਵਪਾਰਕ ਪੱਧਰ ’ਤੇ ਵਿਕਸਿਤ ਕਰਨ ਲਈ ਵਿੱਤੀ ਸਹਾਇਤਾ ਜੁਟਾਉਣ ਦੀ ਤਿਆਰੀ ਕਰ ਰਹੀ ਹੈ।