ਪਾਕਿਸਤਾਨ ’ਚ ਨਹੀਂ ਵਹੇਗਾ ਭਾਰਤ ਦਾ ਪਾਣੀ, ਲੱਦਾਖ ਦੀ ਬੰਜਰ ਜ਼ਮੀਨ ਨੂੰ ਹਰਾ-ਭਰਾ ਕਰਨਗੇ ਗਲੇਸ਼ੀਅਰ; 5 ਮਹੀਨਿਆਂ ’ਚ ਤਿਆਰ ਹੋਣਗੇ ਚਾਰ ਤਲਾਬ
ਪ੍ਰੋਜੈਕਟ ਹਿਮ ਸਰੋਵਰ ਤਹਿਤ ਪੰਜ ਮਹੀਨਿਆਂ ’ਚ ਗਲੇਸ਼ੀਅਰ ਦੇ ਪਾਣੀ ਨੂੰ ਇਗੂ-ਫੇ ਨਦੀ ਵੱਲ ਮੋੜ ਕੇ ਚਾਰ ਜਲਾਸ਼ਾਅ (ਤਲਾਬ) ਤਿਆਰ ਕਰਕੇ ਉਨ੍ਹਾਂ ਨੂੰ ਭਰਿਆ ਗਿਆ ਹੈ। ਹੁਣ, ਇਹ ਜਲ ਭੰਡਾਰ ਸੈਂਕੜੇ ਏਕੜ ਜ਼ਮੀਨ ਨੂੰ ਖੇਤੀਬਾੜੀ ਲਈ ਯੋਗ ਬਣਾ ਰਹੇ ਹਨ। ਪਹਿਲਾਂ, ਇਸ ਗਲੇਸ਼ੀਅਰ ਦਾ ਪਾਣੀ ਨਦੀਆਂ ਅਤੇ ਨਾਲਿਆਂ ਰਾਹੀਂ ਵਗਦਾ ਸੀ, ਸਿੰਧ ਨਦੀ ’ਚ ਸ਼ਾਮਲ ਹੁੰਦਾ ਸੀ ਅਤੇ ਪਾਕਿਸਤਾਨ ’ਚ ਵਗਦਾ ਸੀ।
Publish Date: Thu, 17 Sep 2026 11:49 AM (IST)
Updated Date: Thu, 17 Sep 2026 11:52 AM (IST)
ਰਾਜ ਬਿਊਰੋ, ਜੰਮੂ। ਲੱਦਾਖ ਪ੍ਰਸ਼ਾਸਨ ਨੇ ਜਲ ਸੰਭਾਲ ਦੀ ਦਿਸ਼ਾ ’ਚ ਵੱਡਾ ਕਦਮ ਚੁੱਕਿਆ ਹੈ। ਲੇਹ ਜ਼ਿਲ੍ਹੇ ਦੇ ਸਪਿਤੁਕ ਫਰਕਾ ’ਚ ਅਜਾਈਂ ਵਹਿਣ ਵਾਲੇ ਸਟੋਕ ਗਲੇਸ਼ੀਅਰ ਦੇ ਪਾਣੀ ਨਾਲ ਬੰਜਰ ਜ਼ਮੀਨ ਨੂੰ ਹਰਾ-ਭਰਾ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ।
ਪ੍ਰੋਜੈਕਟ ਹਿਮ ਸਰੋਵਰ ਤਹਿਤ ਪੰਜ ਮਹੀਨਿਆਂ ’ਚ ਗਲੇਸ਼ੀਅਰ ਦੇ ਪਾਣੀ ਨੂੰ ਇਗੂ-ਫੇ ਨਦੀ ਵੱਲ ਮੋੜ ਕੇ ਚਾਰ ਜਲਾਸ਼ਾਅ (ਤਲਾਬ) ਤਿਆਰ ਕਰਕੇ ਉਨ੍ਹਾਂ ਨੂੰ ਭਰਿਆ ਗਿਆ ਹੈ।
ਹੁਣ, ਇਹ ਜਲ ਭੰਡਾਰ ਸੈਂਕੜੇ ਏਕੜ ਜ਼ਮੀਨ ਨੂੰ ਖੇਤੀਬਾੜੀ ਲਈ ਯੋਗ ਬਣਾ ਰਹੇ ਹਨ। ਪਹਿਲਾਂ, ਇਸ ਗਲੇਸ਼ੀਅਰ ਦਾ ਪਾਣੀ ਨਦੀਆਂ ਅਤੇ ਨਾਲਿਆਂ ਰਾਹੀਂ ਵਗਦਾ ਸੀ, ਸਿੰਧ ਨਦੀ ’ਚ ਸ਼ਾਮਲ ਹੁੰਦਾ ਸੀ ਅਤੇ ਪਾਕਿਸਤਾਨ ’ਚ ਵਗਦਾ ਸੀ।
3200 ਲੀਟਰ ਪਾਣੀ ਨੂੰ ਮੋੜ ਕੇ ਝੀਲ ਨੂੰ ਦਿੱਤਾ ਜਾ ਰਿਹਾ ਨਵਾਂ ਜੀਵਨ
ਲੱਦਾਖ ਪ੍ਰਸ਼ਾਸਨ ਹੁਣ ਆਪਣੇ ਗਲੇਸ਼ੀਅਰਾਂ ਅਤੇ ਨਦੀਆਂ ਦੇ ਬੂੰਦ-ਬੂੰਦ ਪਾਣੀ ਨੂੰ ਲੱਦਾਖ ਦੇ ਲੋਕਾਂ ਦੀ ਲੋੜ ਪੂਰੀ ਕਰਨ ਲਈ ਵਰਤਣ ਦੀ ਮੁਹਿੰਮ ਚਲਾ ਰਿਹਾ ਹੈ।
ਇਸੇ ਲੜੀ ’ਚ ਰੂਪਸ਼ੋ ਖਾਰਨਾਕ ਗਲੇਸ਼ੀਅਰ ਤੋਂ ਰੋਜ਼ਾਨਾ ਵਹਿਣ ਵਾਲੇ 3200 ਲੀਟਰ ਪਾਣੀ ਨੂੰ ਵੀ ਮੋੜ ਕੇ ਸੁੰਗੜ ਰਹੀ 'ਛੋ ਕਰ' ਝੀਲ ਨੂੰ ਨਵਾਂ ਜੀਵਨ ਦਿੱਤਾ ਜਾ ਰਿਹਾ ਹੈ।
ਦੱਸ ਦੇਈਏ ਕਿ ਆਪ੍ਰੇਸ਼ਨ ਸਿੰਦੂਰ ਤੋਂ ਪਹਿਲਾਂ ਆਪਣੀਆਂ ਨਦੀਆਂ ਦੇ ਪਾਣੀ ਦੀ ਵਰਤੋਂ ’ਚ ਪਾਕਿਸਤਾਨ ਨਾਲ ਸਿੰਧੂ ਜਲ ਸਮਝੌਤਾ ਵੱਡੀ ਰੁਕਾਵਟ ਸੀ ਪਰ ਹੁਣ ਅਜਿਹਾ ਨਹੀਂ ਹੈ।
ਉਪ ਰਾਜਪਾਲ ਵਿਨੈ ਕੁਮਾਰ ਸਕਸੈਨਾ ਨੇ ਗਲੇਸ਼ੀਅਰ ਦੇ ਪਾਣੀ ਦੀ ਸੰਭਾਲ ਦੇ ਪ੍ਰੋਜੈਕਟ ਨੂੰ ਪ੍ਰਦੇਸ਼ ’ਚ ਖੇਤੀਬਾੜੀ ਨੂੰ ਮੁੜ ਸੁਰਜੀਤ ਕਰਨ ਦੀ ਦਿਸ਼ਾ ’ਚ ਮਹੱਤਵਪੂਰਨ ਦੱਸਿਆ ਹੈ।
ਉਪ ਰਾਜਪਾਲ ਨੇ ਇਸ ਨੂੰ ਇੱਕ ਵੱਡੀ ਪ੍ਰਾਪਤੀ ਕਰਾਰ ਦਿੰਦਿਆਂ ਦੱਸਿਆ ਕਿ ਅਜਾਈਂ ਜਾਣ ਵਾਲੇ ਇਸ ਪਾਣੀ ਨਾਲ ਇੱਕ ਹਜ਼ਾਰ ਏਕੜ ਜ਼ਮੀਨ 'ਤੇ ਖੇਤੀ ਕਰਨ ’ਚ ਮਦਦ ਮਿਲੇਗੀ।
10 ਅਪ੍ਰੈਲ ਨੂੰ ਹੋਈ ਸੀ ਸ਼ੁਰੂਆਤ
ਉਨ੍ਹਾਂ ਦੱਸਿਆ ਕਿ ਚਾਰਾਂ ਜਲ ਭੰਡਾਰਾਂ 'ਤੇ ਉਸਾਰੀ ਦਾ ਕੰਮ ਇਸ ਸਾਲ 10 ਅਪ੍ਰੈਲ ਨੂੰ ਸ਼ੁਰੂ ਹੋਇਆ ਸੀ। ਪਹਿਲਾ ਜਲ ਭੰਡਾਰ 21 ਜੂਨ ਤੱਕ ਗਲੇਸ਼ੀਅਰ ਦੇ ਪਿਘਲੇ ਹੋਏ ਪਾਣੀ ਨਾਲ ਭਰ ਗਿਆ ਸੀ।
ਦੂਜਾ ਭੰਡਾਰ 19 ਜੁਲਾਈ ਨੂੰ, ਤੀਜਾ 24 ਅਗਸਤ ਤੱਕ ਅਤੇ ਚੌਥਾ 9 ਸਤੰਬਰ ਤੱਕ ਭਰ ਗਿਆ। ਇਸ ਪਾਣੀ ਦੀ ਵਰਤੋਂ ਹੁਣ ਲੋਕਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਕੀਤੀ ਜਾ ਰਹੀ ਹੈ।
ਬਣਾਏ ਜਾ ਰਹੇ ਹਨ ਚੈੱਕ ਡੈਮ
ਲੱਦਾਖ ’ਚ ਸ਼ੁਰੂ ਤੋਂ ਹੀ ਪਾਣੀ ਦੀ ਸਮੱਸਿਆ ਗੰਭੀਰ ਰਹੀ ਹੈ। ਇਸ ਸਮੇਂ ਉਪ ਰਾਜਪਾਲ ਪ੍ਰਸ਼ਾਸਨ ਇਸ ਦੇ ਹੱਲ ’ਚ ਜੁਟਿਆ ਹੋਇਆ ਹੈ। ਇਸ ਮੁਹਿੰਮ ਤਹਿਤ ਨਦੀਆਂ ’ਚ ਪਾਣੀ ਨੂੰ ਸੰਭਾਲਣ ਲਈ ਕੁਦਰਤੀ ਤਰੀਕੇ ਨਾਲ ਚੈੱਕ ਡੈਮ ਬਣਾਏ ਜਾ ਰਹੇ ਹਨ।
ਗਰਮੀ ਦੇ ਮੌਸਮ ’ਚ ਲੱਦਾਖ ਦੇ ਉਪਰਲੇ ਇਲਾਕਿਆਂ ’ਚ ਗਲੇਸ਼ੀਅਰਾਂ ਦੀ ਬਰਫ਼ ਤੇਜ਼ੀ ਨਾਲ ਪਿਘਲਣ ਲੱਗਦੀ ਹੈ। ਚੈੱਕ ਡੈਮਾਂ 'ਤੇ ਜਮ੍ਹਾਂ ਹੋਣ ਵਾਲੇ ਪਾਣੀ ਦੀ ਵਰਤੋਂ ਲੱਦਾਖ ਦੇ ਕਈ ਹਿੱਸਿਆਂ ’ਚ ਪਾਣੀ ਦੀ ਸਮੱਸਿਆ ਨੂੰ ਹੱਲ ਕਰਨ ਲਈ ਕੀਤੀ ਜਾ ਰਹੀ ਹੈ।
24 ਮਿਲੀਅਨ ਲੀਟਰ ਪਾਣੀ ਭੰਡਾਰਨ ਸਮਰੱਥਾ
ਸਪਿਤੁਕ ਫਾਰਕਾ ਵਿਖੇ ਬਣੇ ਚਾਰ ਜਲ ਭੰਡਾਰ 60 ਮੀਟਰ ਲੰਬੇ, 40 ਮੀਟਰ ਚੌੜੇ ਅਤੇ ਦੋ ਮੀਟਰ ਡੂੰਘੇ ਹਨ। ਇਨ੍ਹਾਂ ’ਚ ਲਗਪਗ 6 ਮਿਲੀਅਨ ਲੀਟਰ ਗਲੇਸ਼ੀਅਰ ਪਾਣੀ ਸਟੋਰ ਕਰਨ ਦੀ ਸਮਰੱਥਾ ਹੈ। ਚਾਰਾਂ ਜਲ ਭੰਡਾਰਾਂ ਦੀ ਸੰਯੁਕਤ ਜਲ ਭੰਡਾਰਨ ਸਮਰੱਥਾ ਲਗਪਗ 24 ਮਿਲੀਅਨ ਲੀਟਰ ਹੈ।