ਜ ਮੁਖੀ ਜਨਰਲ ਉਪੇਂਦਰ ਦਿਵੇਦੀ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਜੇ ਜ਼ਰੂਰਤ ਪਈ ਤਾਂ ਹਥਿਆਰਬੰਦ ਦਸਤੇ ‘ਆਪ੍ਰੇਸ਼ਨ ਸਿੰਧੂਰ 2.0’ ਲਈ ਪੂਰੀ ਤਰ੍ਹਾਂ ਤਿਆਰ ਹਨ। ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ਦੀਆਂ ਹਰਕਤਾਂ ਦੇ ਜਵਾਬ ’ਚ ਫ਼ੌਜ ਨੇ ਜੋ ਰੁਖ਼ ਅਪਣਾਇਆ ਸੀ, ਉਹ ਅਜੇ ਵੀ ਕਾਇਮ ਹੈ।
ਪੁਣੇ (ਪੀਟੀਆਈ) : ਫ਼ੌਜ ਮੁਖੀ ਜਨਰਲ ਉਪੇਂਦਰ ਦਿਵੇਦੀ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਜੇ ਜ਼ਰੂਰਤ ਪਈ ਤਾਂ ਹਥਿਆਰਬੰਦ ਦਸਤੇ ‘ਆਪ੍ਰੇਸ਼ਨ ਸਿੰਧੂਰ 2.0’ ਲਈ ਪੂਰੀ ਤਰ੍ਹਾਂ ਤਿਆਰ ਹਨ। ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ਦੀਆਂ ਹਰਕਤਾਂ ਦੇ ਜਵਾਬ ’ਚ ਫ਼ੌਜ ਨੇ ਜੋ ਰੁਖ਼ ਅਪਣਾਇਆ ਸੀ, ਉਹ ਅਜੇ ਵੀ ਕਾਇਮ ਹੈ। ਨਾਲ ਹੀ ਕਿਹਾ ਕਿ ਤਿੰਨੇ ਫ਼ੌਜਾਂ ਆਧੁਨਿਕ ਬਹੁ-ਪੱਧਰੀ ਜੰਗ (ਮਲਟੀ ਡੋਮੇਨ ਵਾਰਫੇਅਰ) ਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਆਪਸੀ ਤਾਲਮੇਲ ਨੂੰ ਹੋਰ ਮਜ਼ਬੂਤ ਬਣਾ ਰਹੀਆਂ ਹਨ ਜੋ ਹੁਣ ਸਿਰਫ਼ ਜ਼ਮੀਨ, ਪਾਣੀ ਤੇ ਹਵਾ ਤੱਕ ਸੀਮਤ ਨਹੀਂ ਰਹਿ ਗਈ ਹੈ। ਰਾਸ਼ਟਰੀ ਰੱਖਿਆ ਅਕੈਡਮੀ (ਐੱਨਡੀਏ) ਦੇ 150ਵੇਂ ਕੋਰਸ ਦੀ ਪਾਸਿੰਗ ਆਊਟ ਪਰੇਡ ਦੇ ਮੌਕੇ ’ਤੇ ਪ੍ਰੈੱਸ ਕਾਨਫਰੰਸ ’ਚ ਜਨਰਲ ਦਿਵੇਦੀ ਨੇ ਕਿਹਾ, ‘ਜਿੱਥੇ ਤੱਕ ਆਪ੍ਰੇਸ਼ਨ ਸਿੰਧੂਰ ਦਾ ਸਵਾਲ ਹੈ, ਇਹ ਹੁਣ ਵੀ ਜਾਰੀ ਹੈ। ਫ਼ਿਲਹਾਲ ਦੁਸ਼ਮਣੀ ’ਚ ਅਸਥਾਈ ਵਿਰਾਮ ਹੈ, ਪਰ ਜੇ ਅਗਲਾ ਪੜਾਅ ਸ਼ੁਰੂ ਹੁੰਦਾ ਹੈ ਤਾਂ ਉਸ ਨਾਲ ਨਜਿੱਠਣ ਲਈ ਸਾਡੀਆਂ ਤਿੰਨੇ ਫ਼ੌਜਾਂ ਪੂਰੀ ਤਿਆਰੀ ਕਰ ਰਹੀਆਂ ਹਨ।’ ਉਨ੍ਹਾਂ ਨੇ ਕਿਹਾ ਕਿ ਆਪ੍ਰੇਸ਼ਨ ਸਿੰਧੂਰ ’ਚ ਭਾਰਤ ਦੀ ਦ੍ਰਿੜ੍ਹਤਾ ਤੇ ਫ਼ੌਜੀ ਸਮਰੱਥਾ ਨੂੰ ਦੁਨੀਆ ਨੇ ਦੇਖਿਆ। ਇਸ ’ਚ ਦਿਖਾਇਆ ਗਿਆ ਕਿ ਭਾਰਤ ਕਿਸੇ ਵੀ ਉਕਸਾਵੇ ਦੀ ਕਾਰਵਾਈ ਦਾ ਮਜ਼ਬੂਤੀ ਨਾਲ ਜਵਾਬ ਦਿੰਦਾ ਹੈ।
ਜ਼ਿਕਰਯੋਗ ਹੈ ਕਿ ਭਾਰਤ ਨੇ ਪਿਛਲੇ ਸਾਲ ਅਪ੍ਰੈਲ ਨੂੰ ਪਹਿਲਗਾਮ ’ਚ ਅੱਤਵਾਦੀ ਹਮਲੇ ਦੇ ਜਵਾਬ ’ਚ ਸੱਤ ਮਈ ਨੂੰ ਪਾਕਿਸਤਾਨ ਸਥਿਤ ਅੱਤਵਾਦੀ ਟਿਕਾਣਿਆਂ ਨੂੰ ਤਬਾਹ ਕਰਨ ਲਈ ਆਪ੍ਰੇਸ਼ਨ ਸਿੰਧੂਰ ਸ਼ੁਰੂ ਕੀਤਾ ਸੀ ਤੇ ਇਸ ’ਚ 100 ਤੋਂ ਵੱਧ ਅੱਤਵਾਦੀ ਮਾਰ ਸੁੱਟੇ ਸਨ। ਪਹਿਲਗਾਮ ਅੱਤਵਾਦੀ ਹਮਲੇ ’ਚ 26 ਲੋਕਾਂ ਦੀ ਜਾਨ ਗਈ ਸੀ।
ਜਨਰਲ ਦਿਵੇਦੀ ਨੇ ਕਿਹਾ ਕਿ ਭਵਿੱਖ ਦੀਆਂ ਜੰਗਾਂ ’ਤੇ ਪੁਲਾੜ, ਸਾਈਬਰ, ਆਰਟੀਫੀਸ਼ੀਅਲ ਇੰਟੈਲੀਜੈਂਸ ਵਰਗੇ ਉੱਭਰਦੇ ਖੇਤਰਾਂ ਦਾ ਅਸਰ ਲਗਾਤਾਰ ਵਧੇਗਾ। ਉਨ੍ਹਾਂ ਨੇ ਕਿਹਾ ਕਿ ਅੱਜ ਦੀ ਸਥਿਤੀ ’ਚ ਜੰਗੀ ਖੇਤਰ ਹਰ ਸਮੇਂ ਭਾਵ 24 ਘੰਟੇ ਨਿਗਰਾਨੀ ’ਚ ਰਹਿੰਦਾ ਹੈ। ਇਹ ਇੰਨਾ ਪਾਰਦਰਸ਼ੀ ਹੋ ਗਿਆ ਹੈ ਕਿ ਹਰ ਸਰਗਰਮੀ ਵਿਰੋਧੀ ਨੂੰ ਦਿਖਾਈ ਦਿੰਦੀ ਹੈ। ਇਸ ਲਈ ਸਾਨੂੰ ਆਪਣੀ ਤਾਇਨਾਤੀ, ਫ਼ੌਜੀ ਕਾਰਵਾਈ ਤੇ ਫ਼ੌਜੀਆਂ ਦੇ ਨਾਲ-ਨਾਲ ਸਰਹੱਦੀ ਖੇਤਰਾਂ ’ਚ ਰਹਿਣ ਵਾਲੇ ਨਾਗਰਿਕਾਂ ਦੀ ਸੁਰੱਖਿਆ ਦੇ ਸਬੰਧ ’ਚ ਬਹੁਤ ਚੌਕਸੀ ਵਰਤਣੀ ਪਵੇਗੀ।
ਨਾਲ ਹੀ ਉਨ੍ਹਾਂ ਨੇ ਕਿਹਾ ਕਿ ਇਨਫਾਰਮੇਸ਼ਨ ਵਾਰਫੇਅਰ ਤਦ ਸਫ਼ਲ ਹੁੰਦਾ ਹੈ, ਜਦ ਇਹ ਪੂਰੇ ਦੇਸ਼ ਨੂੰ ਇਕ ਸਾਂਝੇ ਨੈਰੇਟਿਵ ਦੇ ਪਿੱਛੇ ਇਕਜੁਟ ਕਰ ਦੇਵੇ। ਭਵਿੱਖ ਦੀਆਂ ਜੰਗਾਂ ’ਚ ਜਨਤਕ ਵਿਸ਼ਵਾਸ ਤੇ ਰਾਸ਼ਟਰੀ ਏਕਤਾ ਫ਼ੈਸਲਾਕੁਨ ਕਾਰਕ ਬਣੇ ਰਹਿਣਗੇ। ਉਨ੍ਹਾਂ ਨੇ ਕਿਹਾ ਕਿ ਜਿੱਤ ਹਮੇਸ਼ਾ ਮਨ ’ਚ ਹੁੰਦੀ ਹੈ। ਇਸ ਲਈ ਇਨਫਾਰਮੇਸ਼ਨ ਵਾਰਫੇਅਰ ਤਦ ਸਫ਼ਲ ਹੁੰਦਾ ਹੈ ਜਦ ਪੂਰਾ ਰਾਸ਼ਟਰ ਇਕਜੁਟ ਹੋਵੇ।
ਹਰ ਫ਼ੌਜੀ ’ਚ ਡ੍ਰੋਨ ਸੰਚਾਲਿਤ ਕਰਨ ਦੀ ਸਮਰੱਥਾ ਹੋਣੀ ਚਾਹੀਦੀ ਹੈ
ਫ਼ੌਜ ਮੁਖੀ ਨੇ ਕਿਹਾ ਕਿ ਭਾਰਤੀ ਹਥਿਆਰਬੰਦ ਦਸਤਿਆਂ ਦੇ ਹਰ ਫ਼ੌਜੀ ’ਚ ਡ੍ਰੋਨ ਸੰਚਾਲਿਤ ਕਰਨ ਦੀ ਸਮਰੱਥਾ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਨਵੇਂ ਕੈਡੇਟਾਂ ਤੇ ਜਵਾਨਾਂ ਨੂੰ ਭਵਿੱਖ ਦੀਆਂ ਜੰਗਾਂ ਲਈ ਤਿਆਰ ਕਰਨ ਲਈ ਉਨ੍ਹਾਂ ਨੂੰ ਡ੍ਰੋਨ ਪ੍ਰਣਾਲੀਆਂ, ਸਿਮੁਲੇਟਰਾਂ ਤੇ ਡ੍ਰੋਨ-ਰੋਕੂ ਤਕਨੀਕਾਂ ਦੀ ਵਿਆਪਕ ਸਿਖਲਾਈ ਪ੍ਰਦਾਨ ਕੀਤੀ ਜਾ ਰਹੀ ਹੈ।