- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਲਈ ਹੈਲੀਕਾਪਟਰ ’ਚ ਜਾਣ ਵਾਲੇ ਸ਼ਰਧਾਲੂਆਂ ਨੂੰ ਆਉਣ ਵਾਲੇ ਦਿਨਾਂ ’ਚ ਆਪਣੀ ਜੇਬ ਥੋੜ੍ਹੀ ਹੋਰ ਢਿੱਲੀ ਕਰਨੀ ਪਵੇਗੀ। ਹੈਲੀਕਾਪਟਰ ਸੇਵਾ ਦੇ ਇਕ ਪਾਸੇ ਦੇ ਕਿਰਾਏ ’ਚ ਕਰੀਬ 15 ਫ਼ੀਸਦੀ ਵਾਧੇ ਦੀ ਸੰਭਾਵਨਾ ਹੈ।

ਰਾਕੇਸ਼ ਸ਼ਰਮਾ, ਜਾਗਰਣ, ਕਟੜਾ: ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਲਈ ਹੈਲੀਕਾਪਟਰ ’ਚ ਜਾਣ ਵਾਲੇ ਸ਼ਰਧਾਲੂਆਂ ਨੂੰ ਆਉਣ ਵਾਲੇ ਦਿਨਾਂ ’ਚ ਆਪਣੀ ਜੇਬ ਥੋੜ੍ਹੀ ਹੋਰ ਢਿੱਲੀ ਕਰਨੀ ਪਵੇਗੀ। ਹੈਲੀਕਾਪਟਰ ਸੇਵਾ ਦੇ ਇਕ ਪਾਸੇ ਦੇ ਕਿਰਾਏ ’ਚ ਕਰੀਬ 15 ਫ਼ੀਸਦੀ ਵਾਧੇ ਦੀ ਸੰਭਾਵਨਾ ਹੈ। ਇਸ ਸਮੇਂ ਪ੍ਰਤੀ ਸ਼ਰਧਾਲੂ ਇਕ ਪਾਸੇ ਦਾ ਕਿਰਾਇਆ 2320 ਰੁਪਏ ਹੈ, ਜਿਹੜਾ ਤਜਵੀਜ਼ਸ਼ੁਦਾ ਵਾਧੇ ਤੋਂ ਬਾਅਦ ਕਰੀਬ 2700 ਰੁਪਏ ਹੋ ਸਕਦਾ ਹੈ। ਯਾਨੀ ਇਕ ਪਾਸੇ ਦੀ ਯਾਤਰਾ ’ਤੇ ਕਰੀਬ 380 ਰੁਪਏ ਵਾਧੂ ਦੇਣੇ ਪੈ ਸਕਦੇ ਹਨ। ਇਸੇ ਤਰ੍ਹਾਂ ਇਸ ਸਮੇਂ ਦੋਵੇਂ ਪਾਸੇ ਤੋਂ ਆਉਣ-ਜਾਣ ’ਤੇ ਪ੍ਰਤੀ ਸ਼ਰਧਾਲੂ ਨੂੰ 4640 ਰੁਪਏ ਦੇਣੇ ਪੈ ਰਹੇ ਹਨ, ਜਿਹੜਾ ਵੱਧ ਕੇ ਕਰੀਬ 5400 ਰੁਪਏ ਹੋ ਜਾਏਗਾ।
ਸੂਤਰਾਂ ਦੇ ਮੁਤਾਬਕ, ਨਵਾਂ ਕਿਰਾਇਆ 16 ਅਕਤੂਬਰ ਤੋਂ ਸ਼ੁਰੂ ਹੋਣ ਵਾਲੇ ਸਰਦ ਰੁੱਤ ਦੇ ਨਰਾਤਿਆਂ ਜਾਂ ਇਕ ਨਵੰਬਰ ਤੋਂ ਲਾਗੂ ਹੋਣ ਦੀ ਸੰਭਾਵਨਾ ਹੈ। ਕਿਰਾਏ ’ਚ ਵਾਧੇ ਦਾ ਮੁੱਖ ਕਾਰਨ ਏਵੀਏਸ਼ਨ ਟਰਬਾਈਨ ਫਿਊਲ (ਏਟੀਐੱਫ) ਦੀਆਂ ਕੀਮਤਾਂ ’ਚ ਵਾਧਾ ਦੱਸਿਆ ਜਾ ਰਿਹਾ ਹੈ। ਹਾਲਾਂਕਿ ਸ੍ਰੀ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਨੇ ਹਾਲੇ ਕਿਰਾਏ ’ਚ ਵਾਧੇ ਜਾਂ ਇਸ ਨੂੰ ਲਾਗੂ ਕਰਨ ਦੀ ਤਰੀਕ ਦੀ ਅਧਿਕਾਰਕ ਪੁਸ਼ਟੀ ਨਹੀਂ ਕੀਤੀ। ਮੌਜੂਦਾ ਸਮੇਂ ’ਚ ਦੋ ਕੰਪਨੀਆਂ ਹੈਲੀਕਾਪਟਰ ਸੇਵਾ ਉਪਲਬਧ ਕਰਵਾ ਰਹੀਆਂ ਹਨ। ਆਮ ਦਿਨਾਂ ’ਚ ਦੋਵੇਂ ਕੰਪਨੀਆਂ ਦੇ ਹੈਲੀਕਾਪਟਰ ਹਰ ਰੋਜ਼ 60 ਤੋਂ 70 ਉਡਾਣਾਂ ਭਰਦੇ ਹਨ। ਸੇਵਾ ਸਵੇਰੇ ਕਰੀਬ ਸੱਤ ਵਜੇ ਤੋਂ ਸ਼ਾਮ ਪੰਜ ਵਜੇ ਤੱਕ ਚੱਲਦੀ ਹੈ। ਇਕ ਉਡਾਣ ’ਚ ਕਰੀਬ ਪੰਜ ਤੋਂ ਛੇ ਸ਼ਰਧਾਲੂ ਸਵਾਰ ਹੁੰਦੇ ਹਨ। ਕਟੜਾ ਤੋਂ ਉਡਾਣ ਭਰਨ ਤੋਂ ਬਾਅਦ ਹੈਲੀਕਾਪਟਰ ਸਾਂਝੀ ਛੱਤ ਸਥਿਤ ਹੈਲੀਪੈਡ ’ਤੇ ਉਤਰਦਾ ਹੈ। ਉੱਥੋਂ ਭਵਨ ਦੀ ਦੂਰੀ ਕਰੀਬ ਡੇਢ ਕਿਲੋਮੀਟਰ ਹੈ। ਜ਼ਰੂਰਤ ਪੈਣ ’ਤੇ ਸ਼ਰਧਾਲੂਆਂ ਲਈ ਘੋੜਾ, ਪਿੱਠੂ ਤੇ ਪਾਲਕੀ ਦੀ ਸਹੂਲਤ ਵੀ ਉਪਲਬਧ ਰਹਿੰਦੀ ਹੈ।