IIT ’ਚ ਵਿਦਿਆਰਥੀ ਨੇ ਕੀਤੀ ਖੁਦਕੁਸ਼ੀ, ਪ੍ਰੀਖਿਆ ਦੌਰਾਨ AI ਦੀ ਵਰਤੋਂ ਕਰਦੇ ਫੜਿਆ ਗਿਆ ਸੀ; ਨਾਰਾਜ਼ ਵਿਦਿਆਰਥੀਆਂ ਨੇ ਕੀਤਾ ਪ੍ਰਦਰਸ਼ਨ
IIT ਬੰਬੇ ਵਿੱਚ ਬੀ.ਟੈਕ ਦੇ ਇੱਕ ਵਿਦਿਆਰਥੀ ਨੇ ਖੁਦਕੁਸ਼ੀ ਕਰ ਲਈ ਹੈ, ਜਿਸ ਤੋਂ ਬਾਅਦ ਵਿਦਿਆਰਥੀ ਸੰਸਥਾ ਦੇ ਪ੍ਰਸ਼ਾਸਨ ਤੋਂ ਜਵਾਬਦੇਹੀ ਅਤੇ ਪਾਰਦਰਸ਼ਤਾ ਦੀ ਮੰਗ ਕਰਦਿਆਂ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ।
Publish Date: Sat, 19 Sep 2026 10:36 AM (IST)
Updated Date: Sat, 19 Sep 2026 10:40 AM (IST)
ਡਿਜੀਟਲ ਡੈਸਕ, ਮੁੰਬਈ : ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ ਬੰਬੇ (IIT ਬੰਬੇ) ’ਚ ਬੀ.ਟੈਕ ਦੇ ਦੂਜੇ ਸਾਲ ਦੇ ਇੱਕ ਵਿਦਿਆਰਥੀ ਨੇ ਖੁਦਕੁਸ਼ੀ ਕਰ ਲਈ ਹੈ। IIT ਪਵਈ ਕੈਂਪਸ ’ਚ ਛੇ ਮਹੀਨਿਆਂ ਦੇ ਅੰਦਰ ਖੁਦਕੁਸ਼ੀ ਦਾ ਇਹ ਤੀਜਾ ਮਾਮਲਾ ਹੈ। ਜਾਣਕਾਰੀ ਸਾਹਮਣੇ ਆਈ ਹੈ ਕਿ ਇਸ ਵਿਦਿਆਰਥੀ ਨੂੰ ਪ੍ਰੀਖਿਆ ਦੌਰਾਨ ChatGPT ਦੀ ਵਰਤੋਂ ਕਰਦੇ ਹੋਏ ਫੜਿਆ ਗਿਆ ਸੀ। ਉਸੇ ਸ਼ਾਮ ਵਿਦਿਆਰਥੀ ਹੋਸਟਲ ਦੇ ਕਮਰੇ ’ਚ ਮ੍ਰਿਤਕ ਪਾਇਆ ਗਿਆ।
ਵਿਦਿਆਰਥੀ ਦੀ ਖੁਦਕੁਸ਼ੀ ਦੀ ਘਟਨਾ ਤੋਂ ਬਾਅਦ ਕੈਂਪਸ ’ਚ ਵਿਦਿਆਰਥੀ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ ਤੇ ਸੰਸਥਾ ਦੇ ਪ੍ਰਸ਼ਾਸਨ ਤੋਂ ਜਵਾਬਦੇਹੀ ਦੀ ਮੰਗ ਕੀਤੀ ਜਾ ਰਹੀ ਹੈ। IIT ਬੰਬੇ ਨੇ ਵਿਦਿਆਰਥੀ ਦੀ ਮੌਤ ਦੇ ਮਾਮਲੇ ’ਚ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਹ ਇਸ ਦੁਖਦਾਈ ਘਟਨਾ ਤੋਂ ਬਹੁਤ ਦੁਖੀ ਹੈ। IIT ਬੰਬੇ ਵੱਲੋਂ ਕਿਹਾ ਗਿਆ, “ਸੰਸਥਾ ਵਿਦਿਆਰਥੀ ਦੇ ਦੋਸਤਾਂ, ਸਹਿਪਾਠੀਆਂ, ਫੈਕਲਟੀ ਮੈਂਬਰਾਂ ਤੇ ਇਸ ਦੁਖਦਾਈ ਘਟਨਾ ਤੋਂ ਪ੍ਰਭਾਵਿਤ ਹੋਰ ਲੋਕਾਂ ਨੂੰ ਸਹਾਇਤਾ ਪ੍ਰਦਾਨ ਕਰ ਰਹੀ ਹੈ। ਸਬੰਧਤ ਅਧਿਕਾਰੀ ਮੌਤ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਨ।”
ਵਿਦਿਆਰਥੀਆਂ ਤੇ ਪ੍ਰਸ਼ਾਸਨ ਵਿਚਕਾਰ ਗੱਲਬਾਤ ਦੌਰਾਨ ਸਥਿਤੀ ਨੂੰ ਕਾਬੂ ’ਚ ਰੱਖਣ ਲਈ ਪੁਲਿਸ ਨੇ ਕੈਂਪਸ ’ਚ ਭਾਰੀ ਸੁਰੱਖਿਆ ਬਲ ਤਾਇਨਾਤ ਕੀਤਾ ਹੈ।
ਹੋਸਟਲ ਦੇ ਕਮਰੇ ’ਚ ਕੀਤੀ ਖੁਦਕੁਸ਼ੀ ਸੰਸਥਾ ਨੇ ਦੱਸਿਆ ਕਿ ਊਰਜਾ ਵਿਗਿਆਨ ਤੇ ਇੰਜੀਨੀਅਰਿੰਗ ਵਿਭਾਗ ਦੇ ਇਸ ਵਿਦਿਆਰਥੀ ਨੇ ਪ੍ਰੀਖਿਆ ਦੌਰਾਨ ਪ੍ਰਸ਼ਨ ਪੱਤਰ ChatGPT ’ਤੇ ਅਪਲੋਡ ਕੀਤਾ ਸੀ, ਤਾਂ ਜੋ ਉਸ ਨੂੰ ਜਵਾਬ ਮਿਲ ਸਕਣ।
ਅਧਿਕਾਰੀਆਂ ਨੇ ਦੱਸਿਆ ਕਿ ਵਿਦਿਆਰਥੀ ਵਿਰੁੱਧ ਕੋਈ ਅਨੁਸ਼ਾਸਨਾਤਮਕ ਕਾਰਵਾਈ ਨਹੀਂ ਕੀਤੀ ਗਈ ਸੀ। ਇੰਸਟ੍ਰਕਟਰ ਤੇ ਵਿਭਾਗ ਮੁਖੀ ਨੇ ਵੀ ਇਸ ਮਾਮਲੇ ’ਤੇ ਵਿਦਿਆਰਥੀ ਨਾਲ ਗੱਲਬਾਤ ਕੀਤੀ ਸੀ। ਉਨ੍ਹਾਂ ਨੇ ਉਸ ਨੂੰ ਸਮਝਾਇਆ ਤੇ ਭਰੋਸਾ ਦਿੱਤਾ ਕਿ ਇਸ ਘਟਨਾ ਦਾ ਉਸ ਦੇ ਅਕਾਦਮਿਕ ਕਰੀਅਰ ’ਤੇ ਕੋਈ ਮਾੜਾ ਪ੍ਰਭਾਵ ਨਹੀਂ ਪਵੇਗਾ। ਵਿਭਾਗ ਮੁਖੀ ਨਾਲ ਗੱਲਬਾਤ ਤੋਂ ਬਾਅਦ ਵਿਦਿਆਰਥੀ ਆਪਣੇ ਹੋਸਟਲ ਦੇ ਕਮਰੇ ’ਚ ਚਲਾ ਗਿਆ ਤੇ ਸ਼ਾਮ ਨੂੰ ਉਹ ਆਪਣੇ ਕਮਰੇ ’ਚ ਮ੍ਰਿਤਕ ਪਾਇਆ ਗਿਆ।
ਵਿਦਿਆਰਥੀਆਂ ਵੱਲੋਂ ਪ੍ਰਦਰਸ਼ਨ ਬੀ.ਟੈਕ ਵਿਦਿਆਰਥੀ ਦੀ ਖੁਦਕੁਸ਼ੀ ਤੋਂ ਬਾਅਦ ਕਈ ਵਿਦਿਆਰਥੀ ਵਿਰੋਧ ਪ੍ਰਦਰਸ਼ਨ ਲਈ ਇਕੱਠੇ ਹੋਏ ਤੇ ਸੰਸਥਾ ਦੇ ਪ੍ਰਸ਼ਾਸਨ ਤੋਂ ਜਵਾਬਦੇਹੀ ਦੀ ਮੰਗ ਕੀਤੀ। ਇੱਕ ਵਿਦਿਆਰਥੀ ਨੇ ਕਿਹਾ, “ਸਾਡੇ ਵਿਰੋਧ ਦਾ ਕਾਰਨ ਇਹ ਹੈ ਕਿ ਅੱਜ ਸਾਡੇ ਕਾਲਜ ’ਚ ਇੱਕ ਵਿਦਿਆਰਥੀ ਨੇ ਖੁਦਕੁਸ਼ੀ ਕਰ ਲਈ ਹੈ। ਇਸੇ ਲਈ ਅਸੀਂ ਵਿਰੋਧ ਕਰਨ ਲਈ ਇਕੱਠੇ ਹੋਏ ਹਾਂ, ਤਾਂ ਜੋ ਪ੍ਰਸ਼ਾਸਨ ਤੋਂ ਜਵਾਬਦੇਹੀ, ਪਾਰਦਰਸ਼ਤਾ ਤੇ ਆਪਣੇ ਸਵਾਲਾਂ ਦੇ ਜਵਾਬ ਮੰਗ ਸਕੀਏ।”
ਵਿਦਿਆਰਥੀ ਨੇ ਅੱਗੇ ਕਿਹਾ, “ਇਹ ਪਹਿਲੀ ਘਟਨਾ ਨਹੀਂ ਹੈ। ਇਕੱਲੇ ਇਸ ਸਾਲ ਅਜਿਹੀਆਂ ਚਾਰ ਘਟਨਾਵਾਂ ਹੋ ਚੁੱਕੀਆਂ ਹਨ ਤੇ ਇਨ੍ਹਾਂ ਵਿੱਚੋਂ ਦੋ ਤਾਂ ਪਿਛਲੇ ਦੋ ਮਹੀਨਿਆਂ ’ਚ ਹੀ ਹੋਈਆਂ ਹਨ। ਸਾਨੂੰ ਨਹੀਂ ਪਤਾ ਕਿ ਅਜਿਹਾ ਕਿਉਂ ਹੋ ਰਿਹਾ ਹੈ ਤੇ ਇਸ ਦੇ ਪਿੱਛੇ ਕੀ ਕਾਰਨ ਹਨ।”
ਕੈਂਪਸ ’ਚ ਭਾਰੀ ਸੁਰੱਖਿਆ ਬਲ ਤਾਇਨਾਤ
ਸੀਨੀਅਰ ਪੁਲਿਸ ਅਧਿਕਾਰੀ ਦੱਤਾਤ੍ਰੇਯ ਨਲਾਵੜੇ ਨੇ ਕਿਹਾ, “ਅੱਜ IIT ਪਵਈ ’ਚ ਇੱਕ ਵਿਦਿਆਰਥੀ ਨੇ ਖੁਦਕੁਸ਼ੀ ਕਰ ਲਈ। ਇਸ ਤੋਂ ਬਾਅਦ ਕੁਝ IIT ਵਿਦਿਆਰਥੀ ਇਕੱਠੇ ਹੋਏ ਤੇ ਆਪਣੀਆਂ ਮੰਗਾਂ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। IIT ਪ੍ਰਸ਼ਾਸਨ ਉਨ੍ਹਾਂ ਨਾਲ ਗੱਲਬਾਤ ਕਰ ਰਿਹਾ ਹੈ, ਤਾਂ ਜੋ ਕੋਈ ਤਸੱਲੀਬਖਸ਼ ਹੱਲ ਕੱਢਿਆ ਜਾ ਸਕੇ।”