IIT ਬੰਬੇ ਖ਼ੁਦਕੁਸ਼ੀ ਮਾਮਲਾ: ਸਾਹਿਲ ਦੇ ਆਈਫੋਨ ’ਚ ਕਿਹੜੇ ਰਾਜ਼ ਹਨ ਬੰਦ? ਮੁੰਬਈ ਕ੍ਰਾਈਮ ਬ੍ਰਾਂਚ ਕਰ ਰਹੀ ਹੈ ਜਾਂਚ ਸੂਤਰਾਂ ਮੁਤਾਬਕ ਸਾਹਿਲ ਦਾ ਆਈਫੋਨ ਮਿਲਿਆ ਹੈ, ਜਿਸ ਵਿੱਚ ਘਟਨਾ ਨਾਲ ਜੁੜੀ ਕਈ ਜਾਣਕਾਰੀ ਹੋ ਸਕਦੀ ਹੈ ਪਰ ਇਹ ਆਈਫੋਨ ਪੈਟਰਨ ਲਾਕ ਨਾਲ ਸੁਰੱਖਿਅਤ ਹੈ। ਇਸ ਵਜ੍ਹਾ ਕਰਕੇ ਜਾਂਚਕਰਤਾਵਾਂ ਨੂੰ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਉਸਨੇ ਕਿਸ ਨੂੰ ਕਾਲ ਕੀਤੀ ਸੀ ਜਾਂ ਕਿਸ ਨੇ ਉਸਨੂੰ ਕਾਲ ਕੀਤੀ ਸੀ, ਜਿਸ ਨਾਲ ਡਿਵਾਈਸ ਦੇ ਡਾਟਾ ਤੱਕ ਪਹੁੰਚਣਾ ਜਾਂਚਕਰਤਾਵਾਂ ਲਈ ਮੁਸ਼ਕਲ ਹੋ ਗਿਆ ਹੈ।
Publish Date: Fri, 25 Sep 2026 05:00 PM (IST)
Updated Date: Fri, 25 Sep 2026 05:03 PM (IST)
ਡਿਜੀਟਲ ਡੈਸਕ, ਮੁੰਬਈ। IIT ਬੰਬੇ (IIT Bombay) ਦੇ ਵਿਦਿਆਰਥੀ ਸਾਹਿਲ ਵਾਕੋਡੇ ਦੇ ਖ਼ੁਦਕੁਸ਼ੀ ਮਾਮਲੇ ਵਿੱਚ ਜਾਂਚ ਲਗਾਤਾਰ ਜਾਰੀ ਹੈ। ਹੁਣ ਇਸ ਜਾਂਚ ਵਿੱਚ ਇੱਕ ਆਈਫੋਨ (iPhone) ਸਾਹਮਣੇ ਆਇਆ ਹੈ, ਜੋ ਇਸ ਜਾਂਚ ਦੀ ਹਰ ਇੱਕ ਕੜੀ ਨੂੰ ਸੁਲਝਾਉਣ ਵਿੱਚ ਅਹਿਮ ਭੂਮਿਕਾ ਨਿਭਾ ਸਕਦਾ ਹੈ।
ਕਿਸਦਾ ਹੈ iPhone ਅਤੇ ਜਾਂਚ ’ਚ ਕਿਵੇਂ ਬਣਿਆ ਅਹਿਮ? ਸੂਤਰਾਂ ਮੁਤਾਬਕ ਸਾਹਿਲ ਦਾ ਆਈਫੋਨ ਮਿਲਿਆ ਹੈ, ਜਿਸ ਵਿੱਚ ਘਟਨਾ ਨਾਲ ਜੁੜੀ ਕਈ ਜਾਣਕਾਰੀ ਹੋ ਸਕਦੀ ਹੈ ਪਰ ਇਹ ਆਈਫੋਨ ਪੈਟਰਨ ਲਾਕ ਨਾਲ ਸੁਰੱਖਿਅਤ ਹੈ। ਇਸ ਵਜ੍ਹਾ ਕਰਕੇ ਜਾਂਚਕਰਤਾਵਾਂ ਨੂੰ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਉਸਨੇ ਕਿਸ ਨੂੰ ਕਾਲ ਕੀਤੀ ਸੀ ਜਾਂ ਕਿਸ ਨੇ ਉਸਨੂੰ ਕਾਲ ਕੀਤੀ ਸੀ, ਜਿਸ ਨਾਲ ਡਿਵਾਈਸ ਦੇ ਡਾਟਾ ਤੱਕ ਪਹੁੰਚਣਾ ਜਾਂਚਕਰਤਾਵਾਂ ਲਈ ਮੁਸ਼ਕਲ ਹੋ ਗਿਆ ਹੈ।
ਸੂਤਰਾਂ ਨੇ ਦੱਸਿਆ ਕਿ ਕ੍ਰਾਈਮ ਬ੍ਰਾਂਚ ਕੋਲ ਪੁਰਾਣੇ ਆਈਫੋਨ ਮਾਡਲ ਤੋਂ ਡਾਟਾ ਕੱਢਣ ਲਈ ਫੋਰੈਂਸਿਕ ਟੂਲ ਹਨ ਪਰ ਨਵੇਂ ਆਈਫੋਨ ਤੋਂ ਡਾਟਾ ਕੱਢਣ ਦੀ ਕੋਸ਼ਿਸ਼ ’ਚ ਤਕਨੀਕੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਫ਼ੋਨ ਦਾ ਪੂਰਾ ਡਾਟਾ ਐਨਕ੍ਰਿਪਟਡ ਹੈ, ਇਸ ਲਈ ਬਿਨਾਂ ਪੈਟਰਨ ਦੇ ਡਿਵਾਈਸ ਤੱਕ ਪਹੁੰਚਣਾ ਮੁਸ਼ਕਲ ਹੈ। ਇਸ ਦੇ ਚਲਦਿਆਂ ਕ੍ਰਾਈਮ ਬ੍ਰਾਂਚ ਦੂਜੀਆਂ ਏਜੰਸੀਆਂ ਜਾਂ ਐਡਵਾਂਸਡ ਡਿਜੀਟਲ-ਫੋਰੈਂਸਿਕ ਸਮਰੱਥਾਵਾਂ ਵਾਲੇ ਖ਼ਾਸ ਮਾਹਿਰਾਂ ਦੀ ਮਦਦ ਲੈਣ 'ਤੇ ਵਿਚਾਰ ਕਰ ਰਹੀ ਹੈ।
ਸਾਹਿਲ ਦਾ ਲੈਪਟਾਪ ਵੀ ਜ਼ਬਤ ਕਰ ਲਿਆ ਗਿਆ ਹੈ ਅਤੇ ਉਸਨੂੰ ਫੋਰੈਂਸਿਕ ਜਾਂਚ ਲਈ ਭੇਜਿਆ ਗਿਆ ਹੈ। ਉੱਥੇ ਹੀ ਨਾਲ ਹੀ ਪ੍ਰੀਖਿਆ ਹਾਲ, ਆਈ.ਆਈ.ਟੀ. ਬੰਬੇ ਕੈਂਪਸ ਅਤੇ ਹਾਸਟਲ ਦੇ ਸੀ.ਸੀ.ਟੀ.ਵੀ. (CCTV) ਫੁਟੇਜ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਕ੍ਰਾਈਮ ਬ੍ਰਾਂਚ ਇਸ ਪੂਰੇ ਮਾਮਲੇ ਦੀ ਤਹਿ ਤੱਕ ਪਹੁੰਚਣ ਲਈ ਫ਼ੋਨ ਦੇ ਡਾਟਾ, ਲੈਪਟਾਪ ਤੋਂ ਮਿਲੇ ਸਬੂਤਾਂ, ਸੀ.ਸੀ.ਟੀ.ਵੀ. ਫੁਟੇਜ, ਕਾਲ ਡਿਟੇਲ ਅਤੇ ਗਵਾਹਾਂ ਦੇ ਬਿਆਨਾਂ ਜ਼ਰੀਏ 18 ਸਤੰਬਰ ਨੂੰ ਹੋਏ ਪੂਰੇ ਘਟਨਾਕ੍ਰਮ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੀ ਹੈ।
ਅਜੇ ਤੱਕ ਮਿਲੀ ਜਾਣਕਾਰੀ ਮੁਤਾਬਕ ਸਾਹਿਲ ਦੁਪਹਿਰ 12:38 ਵਜੇ ਪ੍ਰੀਖਿਆ ਹਾਲ ਤੋਂ ਬਾਹਰ ਨਿਕਲਿਆ ਅਤੇ ਦੁਪਹਿਰ 1:25 ਵਜੇ ਆਪਣੇ ਹਾਸਟਲ ਦੇ ਕਮਰੇ ’ਚ ਪਹੁੰਚਿਆ, ਯਾਨੀ ਦੋਵਾਂ ਦੇ ਵਿਚਕਾਰ ਲਗਪਗ 47 ਮਿੰਟ ਦਾ ਅੰਤਰ ਸੀ। ਹੁਣ ਕ੍ਰਾਈਮ ਬ੍ਰਾਂਚ ਉਨ੍ਹਾਂ 47 ਮਿੰਟਾਂ ’ਚ ਕੀ ਹੋਇਆ, ਇਸਦੀ ਜਾਂਚ ਕਰਨ ਦੀ ਕੋਸ਼ਿਸ਼ ਵਿੱਚ ਜੁੱਟੀ ਹੈ।
ਵਿਵਾਦ ਦੇ ਵਿਚਕਾਰ ਸੀ.ਸੀ.ਟੀ.ਵੀ. ਫੁਟੇਜ ਵਾਇਰਲ ਸਾਹਿਲ ਵਾਕੋਡੇ ਦੀ ਮੌਤ ਤੋਂ ਪਹਿਲਾਂ ਵਾਪਰੀਆਂ ਘਟਨਾਵਾਂ ਨੂੰ ਲੈ ਕੇ ਵਧ ਰਹੇ ਵਿਵਾਦ ਦੇ ਵਿਚਕਾਰ ਆਈ.ਆਈ.ਟੀ. ਬੰਬੇ ਦੇ ਪ੍ਰੀਖਿਆ ਹਾਲ ਦੀ ਇੱਕ ਸੀ.ਸੀ.ਟੀ.ਵੀ. ਕਲਿੱਪ ਵਾਇਰਲ ਹੋ ਗਈ ਹੈ। ਇਹ ਫੁਟੇਜ ਤਦ ਸਾਹਮਣੇ ਆਈ ਹੈ ਜਦੋਂ ਮਾਮਲੇ ਦੀ ਜਾਂਚ ਕਰ ਰਹੀ ਮੁੰਬਈ ਪੁਲਿਸ ਦੀ ਕ੍ਰਾਈਮ ਬ੍ਰਾਂਚ ਵਾਕੋਡੇ ਦੀ ਮੌਤ ਦੇ ਦਿਨ ਦੀਆਂ ਗਤੀਵਿਧੀਆਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਵੀਡੀਓ ਕਲਿੱਪ ’ਚ ਪਹਿਲੀ ਲਾਈਨ ’ਚ ਬੈਠਾ ਇੱਕ ਵਿਦਿਆਰਥੀ ਪ੍ਰੀਖਿਆ ਹਾਲ ਤੋਂ ਬਾਹਰ ਜਾਂਦਾ ਦਿਖ ਰਿਹਾ ਹੈ, ਜਦੋਂ ਕਿ ਬਾਕੀ ਵਿਦਿਆਰਥੀ ਪੇਪਰ ਦਿੰਦੇ ਦਿਖ ਰਹੇ ਹਨ। ਸੋਸ਼ਲ ਮੀਡੀਆ ਅਕਾਊਂਟਸ ਨੇ ਹਾਲ ਤੋਂ ਬਾਹਰ ਜਾ ਰਹੇ ਵਿਦਿਆਰਥੀ ਦੀ ਪਛਾਣ ਸਾਹਿਲ ਵਜੋਂ ਕੀਤੀ ਹੈ। ਹਾਲਾਂਕਿ ਕਲਿੱਪ ਤੋਂ ਉਸਦੀ ਪਛਾਣ ਦੀ ਸਹੀ ਪੁਸ਼ਟੀ ਨਹੀਂ ਹੋ ਸਕੀ ਹੈ।
ਪਰਿਵਾਰ ਨੇ ਉਤਪੀੜਨ ਦਾ ਲਗਾਇਆ ਦੋਸ਼
ਸਾਹਿਲ ਦੇ ਪਰਿਵਾਰ ਨੇ ਜਾਤੀ-ਆਧਾਰਿਤ ਉਤਪੀੜਨ ਦਾ ਦੋਸ਼ ਲਗਾਇਆ ਹੈ ਅਤੇ ਵੀਰਵਾਰ ਨੂੰ ਉਸਦੇ ਮਾਤਾ-ਪਿਤਾ ਨੇ ਉਸਨੂੰ ਪਰੇਸ਼ਾਨ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਭੁੱਖ ਹੜਤਾਲ ਸ਼ੁਰੂ ਕੀਤੀ, ਜਦੋਂ ਕਿ ਵਿਵਾਦ ਦੇ ਵਿਚਕਾਰ ਸੰਸਥਾ ਨੇ ਆਪਣੀਆਂ ਮਿਡ-ਸੈਮੈਸਟਰ ਪ੍ਰੀਖਿਆਵਾਂ ਟਾਲ ਦਿੱਤੀਆਂ।
ਉਸੇ ਦਿਨ ਆਈ.ਆਈ.ਟੀ. ਬੰਬੇ ਨੇ ਆਪਣੇ ਪਿਛਲੇ ਬਿਆਨ ਲਈ ਮੁਆਫ਼ੀ ਮੰਗੀ, ਜਿਸ ਵਿੱਚ ਕਿਹਾ ਗਿਆ ਸੀ ਕਿ ਪ੍ਰੀਖਿਆ ਵਿੱਚ ChatGPT ਦੀ ਵਰਤੋਂ ਕਰਦੇ ਹੋਏ ਫੜੇ ਜਾਣ ਦੇ ਕੁਝ ਘੰਟਿਆਂ ਬਾਅਦ ਸਾਹਿਲ ਨੇ ਖ਼ੁਦਕੁਸ਼ੀ ਕਰ ਲਈ ਸੀ।
ਸਾਹਿਲ ਦੇ ਪਿਤਾ ਨੇ NDTV ਨੂੰ ਇੱਕ ਵਾਇਰਲ ਵੀਡੀਓ ਬਾਰੇ ਪੁੱਛੇ ਜਾਣ 'ਤੇ ਦੱਸਿਆ, 'ਇਹ ਜਾਂਚ ਦਾ ਵਿਸ਼ਾ ਹੈ, ਮੈਂ ਜ਼ਿਆਦਾ ਕੁਝ ਨਹੀਂ ਕਹਾਂਗਾ। ਪੂਰਾ ਵੀਡੀਓ ਲੀਕ ਕਿਉਂ ਨਹੀਂ ਕੀਤਾ ਜਾ ਰਿਹਾ?' ਉਨ੍ਹਾਂ ਨੇ ਅੱਗੇ ਕਿਹਾ ਕਿ ਪਿਛਲੇ ਕੁਝ ਮਹੀਨਿਆਂ ਵਿੱਚ ਇਸ ਵੱਡੇ ਸੰਸਥਾਨ ਦੇ ਕੈਂਪਸ ਵਿੱਚ ਵਿਦਿਆਰਥੀਆਂ ਦੀਆਂ ਖ਼ੁਦਕੁਸ਼ੀਆਂ ਦੀਆਂ ਵਧਦੀਆਂ ਘਟਨਾਵਾਂ ਵੱਲ ਇਸ਼ਾਰਾ ਕੀਤਾ।
ਹੁਣ ਤੱਕ 20 ਲੋਕਾਂ ਦੇ ਬਿਆਨ ਦਰਜ ਸੂਤਰਾਂ ਅਨੁਸਾਰ, ਮੁੰਬਈ ਕ੍ਰਾਈਮ ਬ੍ਰਾਂਚ ਨੇ ਹੁਣ ਤੱਕ ਵਿਦਿਆਰਥੀ ਦੀ ਖ਼ੁਦਕੁਸ਼ੀ ਦੇ ਸਿਲਸਿਲੇ ਵਿੱਚ 20 ਲੋਕਾਂ ਦੇ ਬਿਆਨ ਦਰਜ ਕੀਤੇ ਹਨ। ਇਨ੍ਹਾਂ ਬਿਆਨਾਂ ’ਚ ਸੰਸਥਾਨ ਦੇ ਵਿਦਿਆਰਥੀ ਅਤੇ ਕੁਝ ਸਟਾਫ਼ ਮੈਂਬਰ ਸ਼ਾਮਲ ਹਨ।
ਜਾਂਚਕਰਤਾਵਾਂ ਨੇ ਉਨ੍ਹਾਂ ਵਿਦਿਆਰਥੀਆਂ ਦੇ ਬਿਆਨ ਵੀ ਦਰਜ ਕੀਤੇ ਹਨ ਜੋ ਪ੍ਰੀਖਿਆ ਹਾਲ ਵਿੱਚ ਮੌਜੂਦ ਸਨ ਅਤੇ ਪ੍ਰੀਖਿਆ ਦੀ ਨਿਗਰਾਨੀ ਕਰਨ ਵਾਲੇ ਅਧਿਆਪਕਾਂ ਤੋਂ ਵੀ ਮਾਮਲੇ ਵਿੱਚ ਪੁੱਛਗਿੱਛ ਕੀਤੀ ਹੈ। ਜਾਂਚ ਦੇ ਹਿੱਸੇ ਵਜੋਂ ਹਾਸਟਲ ਸਟਾਫ਼ ਮੈਂਬਰਾਂ ਦੇ ਬਿਆਨ ਵੀ ਦਰਜ ਕੀਤੇ ਗਏ ਹਨ। ਹਾਲਾਂਕਿ ਪ੍ਰੋਫੈਸਰ ਡੂਲਾ, ਜਿਨ੍ਹਾਂ 'ਤੇ ਖ਼ੁਦਕੁਸ਼ੀ ਲਈ ਉਕਸਾਉਣ ਦਾ ਦੋਸ਼ ਹੈ, ਉਨ੍ਹਾਂ ਦਾ ਬਿਆਨ ਅਜੇ ਤੱਕ ਦਰਜ ਨਹੀਂ ਕੀਤਾ ਗਿਆ ਹੈ।
ਪ੍ਰੋਫੈਸਰ ਡੂਲਾ ਨੂੰ ਛੁੱਟੀ 'ਤੇ ਭੇਜਿਆ ਆਈ.ਆਈ.ਟੀ. ਬੰਬੇ ਦੇ ਫੈਕਲਟੀ ਮੈਂਬਰ ਸੂਰਿਆਨਾਰਾਇਣ ਡੂਲਾ, ਜਿਨ੍ਹਾਂ ਦਾ ਨਾਮ FIR ’ਚ ਜਾਤੀਗਤ ਭੇਦਭਾਵ ਦੇ ਆਧਾਰ 'ਤੇ ਖ਼ੁਦਕੁਸ਼ੀ ਲਈ ਉਕਸਾਉਣ ਦੇ ਦੋਸ਼ ’ਚ ਸ਼ਾਮਲ ਹੈ, ਉਨ੍ਹਾਂ ਨੂੰ ਮਾਮਲੇ ਦੀ ਨਿਰਪੱਖ ਜਾਂਚ ਲਈ ਛੁੱਟੀ 'ਤੇ ਭੇਜ ਦਿੱਤਾ ਗਿਆ ਹੈ।
ਕੀ ਹੈ ਸਾਹਿਲ ਸੁਸਾਈਡ ਕੇਸ
18 ਸਤੰਬਰ ਨੂੰ ਐਨਰਜੀ ਸਾਇੰਸ ਐਂਡ ਇੰਜੀਨੀਅਰਿੰਗ ਵਿਭਾਗ ਦੇ 22 ਸਾਲਾ ਸੈਕਿੰਡ-ਈਅਰ ਦੇ ਵਿਦਿਆਰਥੀ ਸਾਹਿਲ ਦੀ ਲਾਸ਼ ਸ਼ਾਮ ਨੂੰ ਉਸਦੇ ਹਾਸਟਲ ਦੇ ਕਮਰੇ ’ਚ ਫਾਹੇ ਨਾਲ ਲਟਕੀ ਮਿਲੀ ਸੀ। ਉਸਤੋਂ ਕੁਝ ਘੰਟੇ ਪਹਿਲਾਂ ਹੀ ਮਿਡ-ਸੈਮੈਸਟਰ ਪ੍ਰੀਖਿਆ ਦੌਰਾਨ Chat-GPT ਦੀ ਵਰਤੋਂ ਕਰਦੇ ਹੋਏ ਕਥਿਤ ਤੌਰ 'ਤੇ ਫੜਿਆ ਗਿਆ ਸੀ।