- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Greater Noida Bus Fire: ਯਮੁਨਾ ਐਕਸਪ੍ਰੈਸਵੇਅ ’ਤੇ ਬੱਸ ਨੂੰ ਅੱਗ ਲੱਗਣ ਕਾਰਨ ਨੌਂ ਯਾਤਰੀਆਂ ਦੀ ਮੌਤ ਹੋ ਗਈ। ਯਾਤਰੀਆਂ ਨੇ ਡਰਾਈਵਰ ਤੇ ਕੰਡਕਟਰ ’ਤੇ ਗੰਭੀਰ ਲਾਪਰਵਾਹੀ ਦੇ ਦੋਸ਼ ਲਗਾਏ ਹਨ। ਉਨ੍ਹਾਂ ਮੁਤਾਬਕ, ਡਰਾਈਵਰ ਨੇ ਸੜਨ ਦੀ ਬਦਬੂ ਨੂੰ ਨਜ਼ਰਅੰਦਾਜ਼ ਕੀਤਾ ਤੇ ਬੱਸ ਰੋਕਣ ਤੋਂ ਇਨਕਾਰ ਕਰ ਦਿੱਤਾ।

ਜਾਗਰਣ ਸੰਵਾਦਦਾਤਾ, ਨੋਇਡਾ : ਯਮੁਨਾ ਐਕਸਪ੍ਰੈਸਵੇਅ ’ਤੇ ਬੱਸ ਨੂੰ ਅੱਗ ਲੱਗਣ ਦੇ ਮਾਮਲੇ ’ਚ ਯਾਤਰੀਆਂ ਨੇ ਡਰਾਈਵਰ ਤੇ ਕੰਡਕਟਰ ’ਤੇ ਗੰਭੀਰ ਲਾਪਰਵਾਹੀ ਦੇ ਦੋਸ਼ ਲਗਾਏ ਹਨ। ਯਾਤਰੀ ਸੁਨੀਲ ਕੁਮਾਰ ਦੀ ਸ਼ਿਕਾਇਤ ਮੁਤਾਬਕ, ਬੱਸ ਦੇ ਡਰਾਈਵਰ ਕੈਬਿਨ ਵੱਲੋਂ ਸੜਨ ਵਰਗੀ ਬਦਬੂ ਆਉਣ ’ਤੇ ਕੁਝ ਯਾਤਰੀਆਂ ਨੇ ਡਰਾਈਵਰ ਤੇ ਕੰਡਕਟਰ ਨੂੰ ਇਸ ਬਾਰੇ ਦੱਸਿਆ ਸੀ। ਦੋਸ਼ ਹੈ ਕਿ ਡਰਾਈਵਰ ਨੇ ਇਸ ਨੂੰ ਆਮ ਗੱਲ ਦੱਸਦਿਆਂ ਬੱਸ ਨਹੀਂ ਰੋਕੀ। ਕੁਝ ਹੀ ਦੇਰ ਬਾਅਦ ਡਰਾਈਵਰ ਦੀ ਸੀਟ ਕੋਲੋਂ ਤੇਜ਼ ਅੱਗ ਦੀਆਂ ਲਪਟਾਂ ਨਿਕਲਣ ਲੱਗੀਆਂ। ਅੱਗ ਤੇ ਧੂੰਆਂ ਫੈਲਣ ਕਾਰਨ ਕੁਝ ਯਾਤਰੀ ਬੱਸ ਦੇ ਅੰਦਰ ਫਸ ਗਏ ਤੇ ਹਾਦਸੇ ’ਚ ਨੌਂ ਲੋਕਾਂ ਦੀ ਮੌਤ ਹੋ ਗਈ। ਮਾਮਲੇ ’ਚ ਡਰਾਈਵਰ ਤੇ ਕੰਡਕਟਰ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।
ਯਾਤਰੀਆਂ ਨੇ ਦਿੱਤੀ ਸੀ ਬਦਬੂ ਦੀ ਜਾਣਕਾਰੀ
ਮੋਹਾਲ ਖੁਸ਼ੀਪੁਰਾ, ਥਾਣਾ ਰਾਠ, ਜ਼ਿਲ੍ਹਾ ਹਮੀਰਪੁਰ ਵਾਸੀ ਸੁਨੀਲ ਕੁਮਾਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਹ ਬੁੱਧਵਾਰ ਰਾਤ ਦਿੱਲੀ ਦੇ ਕਸ਼ਮੀਰੀ ਗੇਟ ਤੋਂ ਰਾਜ ਕਲਪਨਾ ਟਰੈਵਲਜ਼ ਦੀ ਬੱਸ ਨੰਬਰ BR32PA8647 ਰਾਹੀਂ ਰਾਠ ਜਾਣ ਲਈ ਸਵਾਰ ਹੋਇਆ ਸੀ। ਬੱਸ ’ਚ ਕਰੀਬ 30-35 ਯਾਤਰੀ ਸਵਾਰ ਸਨ। ਸ਼ਿਕਾਇਤ ਮੁਤਾਬਕ, ਰਾਤ ਕਰੀਬ 11:30 ਵਜੇ ਬੱਸ ਨੋਇਡਾ ਤੋਂ ਆਗਰਾ ਜਾਣ ਵਾਲੇ ਰਸਤੇ ’ਤੇ ਯਮੁਨਾ ਐਕਸਪ੍ਰੈਸਵੇਅ ਦੇ 33ਵੇਂ ਕਿਲੋਮੀਟਰ ਨੇੜੇ ਪਹੁੰਚੀ। ਇਸੇ ਦੌਰਾਨ ਡਰਾਈਵਰ ਕੈਬਿਨ ਵੱਲੋਂ ਸੜਨ ਵਰਗੀ ਬਦਬੂ ਆਉਣ ਲੱਗੀ। ਕੁਝ ਯਾਤਰੀਆਂ ਨੇ ਡਰਾਈਵਰ ਤੇ ਕੰਡਕਟਰ ਨੂੰ ਇਸ ਦੀ ਜਾਣਕਾਰੀ ਦਿੱਤੀ। ਸੁਨੀਲ ਦਾ ਦੋਸ਼ ਹੈ ਕਿ ਡਰਾਈਵਰ ਨੇ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ ਤੇ ਕਿਹਾ ਕਿ ਬੱਸ ’ਚ ਇਸ ਤਰ੍ਹਾਂ ਦੀ ਸੜਨ ਦੀ ਬਦਬੂ ਆਉਂਦੀ ਰਹਿੰਦੀ ਹੈ। ਇਸ ਦੇ ਬਾਵਜੂਦ ਬੱਸ ਰੋਕ ਕੇ ਜਾਂਚ ਨਹੀਂ ਕੀਤੀ ਗਈ। ਸ਼ਿਕਾਇਤ ’ਚ ਡਰਾਈਵਰ ਤੇ ਕੰਡਕਟਰ ਦੇ ਕੈਬਿਨ ’ਚ ਬੀੜੀ/ਸਿਗਰਟ ਪੀਣ ਦਾ ਵੀ ਦੋਸ਼ ਲਗਾਇਆ ਗਿਆ ਹੈ।
ਡਰਾਈਵਰ ਦੀ ਸੀਟ ਕੋਲ ਲੱਗੀ ਸੀ ਅੱਗ
ਸ਼ਿਕਾਇਤ ’ਚ ਦੋਸ਼ ਲਗਾਇਆ ਗਿਆ ਹੈ ਕਿ ਉਸ ਸਮੇਂ ਡਰਾਈਵਰ ਤੇ ਕੰਡਕਟਰ ਆਪਸ ’ਚ ਹੱਸ ਰਹੇ ਸਨ ਤੇ ਯਾਤਰੀਆਂ ਨੂੰ ਧਮਕਾ ਰਹੇ ਸਨ ਕਿ 'ਮਰਨਾ ਹੈ ਤਾਂ ਮਰੋ, ਬੱਸ ਨਹੀਂ ਰੋਕਾਂਗੇ।' ਸੁਨੀਲ ਮੁਤਾਬਕ, ਕੁਝ ਹੀ ਸਮੇਂ ਬਾਅਦ ਡਰਾਈਵਰ ਦੀ ਸੀਟ ਕੋਲੋਂ ਅਚਾਨਕ ਤੇਜ਼ ਅੱਗ ਦੀਆਂ ਲਪਟਾਂ ਨਿਕਲਣ ਲੱਗੀਆਂ। ਯਾਤਰੀਆਂ ਨੇ ਰੌਲਾ ਪਾ ਕੇ ਬੱਸ ਰੋਕਣ ਲਈ ਕਿਹਾ। ਇਸੇ ਦੌਰਾਨ ਅੱਗ ਤੇਜ਼ੀ ਨਾਲ ਬੱਸ ’ਚ ਫੈਲ ਗਈ ਤੇ ਅੰਦਰ ਧੂੰਆਂ ਭਰ ਗਿਆ। ਬੱਸ ਰੁਕਣ ਤੋਂ ਬਾਅਦ ਸੁਨੀਲ ਤੇ ਹੋਰ ਯਾਤਰੀਆਂ ਨੇ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ। ਸੁਨੀਲ ਸਮੇਤ ਕਈ ਯਾਤਰੀ ਕਿਸੇ ਤਰ੍ਹਾਂ ਬੱਸ ਤੋਂ ਬਾਹਰ ਨਿਕਲ ਆਏ, ਪਰ ਕੁਝ ਯਾਤਰੀ ਅੱਗ ਤੇ ਧੂੰਏਂ ਕਾਰਨ ਬੱਸ ਦੇ ਅੰਦਰ ਫਸ ਗਏ।
ਝੁਲਸੇ ਯਾਤਰੀਆਂ ਨੂੰ ਹਸਪਤਾਲ ਲਿਜਾਇਆ ਗਿਆ
ਅੱਗ ’ਚ ਕਈ ਯਾਤਰੀ ਗੰਭੀਰ ਰੂਪ ’ਚ ਝੁਲਸ ਗਏ। ਉਨ੍ਹਾਂ ਨੂੰ ਇਲਾਜ ਲਈ ਕੈਲਾਸ਼ ਹਸਪਤਾਲ, ਜੇਵਰ ਲਿਜਾਇਆ ਗਿਆ। ਸੁਨੀਲ ਮੁਤਾਬਕ, ਹਸਪਤਾਲ ਪਹੁੰਚਣ ’ਤੇ ਪਤਾ ਲੱਗਾ ਕਿ ਡਾਕਟਰਾਂ ਨੇ ਨੌਂ ਯਾਤਰੀਆਂ ਨੂੰ ਮ੍ਰਿਤਕ ਐਲਾਨ ਦਿੱਤਾ। ਸੁਨੀਲ ਨੇ ਘਟਨਾ ਸਬੰਧੀ ਜੇਵਰ ਥਾਣੇ ’ਚ ਸ਼ਿਕਾਇਤ ਦਰਜ ਕਰਵਾਈ। ਪੁਲਿਸ ਨੇ ਡਰਾਈਵਰ ਤੇ ਕੰਡਕਟਰ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਸ਼ਿਕਾਇਤ ’ਚ ਦੋਵਾਂ ’ਤੇ ਲਾਪਰਵਾਹੀ ਨਾਲ ਬੱਸ ਚਲਾਉਣ ਤੇ ਯਾਤਰੀਆਂ ਵੱਲੋਂ ਸੜਨ ਵਰਗੀ ਬਦਬੂ ਦੀ ਜਾਣਕਾਰੀ ਦਿੱਤੇ ਜਾਣ ਦੇ ਬਾਵਜੂਦ ਬੱਸ ਨਾ ਰੋਕਣ ਦੇ ਦੋਸ਼ ਲਗਾਏ ਗਏ ਹਨ।