‘ਕੱਪੜੇ ਤਾਂ ਪਹਿਨ ਲੈਂਦੇ...’ ਅੰਡਰਗਾਰਮੈਂਟਸ ’ਚ AAP ਵਿਧਾਇਕ ਦਾ ਵੀਡੀਓ ਸਾਹਮਣੇ ਆਉਣ ’ਤੇ ਬੋਲੇ ਮੁੱਖ ਮੰਤਰੀ ਰੇਖਾ ਗੁਪਤਾ
ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਉਸ ਸਮੇਂ ਦੀ ਹੈ, ਜਦੋਂ ਵਿਧਾਇਕ ਔਰਤਾਂ ਨੂੰ ਆਰਥਿਕ ਸਹਾਇਤਾ ਦੇਣ ਨਾਲ ਜੁੜੀ ਯੋਜਨਾ ਦੇ ਐਪਲੀਕੇਸ਼ਨ ਫਾਰਮਾਂ 'ਤੇ ਸਾਈਨ ਕਰ ਰਹੇ ਸਨ। ਉਨ੍ਹਾਂ ਦੇ ਸਾਹਮਣੇ ਕਈ ਔਰਤਾਂ ਸਮੇਤ ਦਰਜਨਾਂ ਲੋਕ ਲਾਈਨ ਵਿੱਚ ਖੜ੍ਹੇ ਸਨ।
Publish Date: Tue, 11 Aug 2026 02:59 PM (IST)
Updated Date: Tue, 11 Aug 2026 03:04 PM (IST)
ਡਿਜੀਟਲ ਡੈਸਕ, ਨਵੀਂ ਦਿੱਲੀ। ਵਿਧਾਨ ਸਭਾ ਦੇ ਮੌਨਸੂਨ ਸੈਸ਼ਨ ਦੌਰਾਨ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਆਮ ਆਦਮੀ ਪਾਰਟੀ (ਆਪ) ਦੇ ਇੱਕ ਵਿਧਾਇਕ ਦੀ ਸਖ਼ਤ ਆਲੋਚਨਾ ਕੀਤੀ ਹੈ। ਦਰਅਸਲ, ਕਿਹਾੜੀ ਤੋਂ ‘ਆਪ’ ਵਿਧਾਇਕ ਅਨਿਲ ਝਾਅ ਵਤਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ ਨੂੰ ਲੈ ਕੇ ਦਿੱਲੀ ਵਿਧਾਨ ਸਭਾ ’ਚ ਭਾਰੀ ਹੰਗਾਮਾ ਹੋਇਆ।
ਵਾਇਰਲ ਵੀਡੀਓ ’ਚ ਵਿਧਾਇਕ ਆਪਣੇ ਇਲਾਕੇ ਦੇ ਲੋਕਾਂ ਅਤੇ ਔਰਤਾਂ ਦੀ ਮੌਜੂਦਗੀ ’ਚ ਕੁਰਸੀ 'ਤੇ ਚੌਂਕੜੀ ਮਾਰ ਕੇ ਸਿਰਫ਼ ਬਨਿਆਨ ਅਤੇ ਸ਼ਾਰਟਸ ਪਹਿਨ ਕੇ ਸਰਕਾਰੀ ਅਰਜ਼ੀਆਂ 'ਤੇ ਦਸਤਖ਼ਤ ਕਰਦੇ ਨਜ਼ਰ ਆ ਰਹੇ ਹਨ।
ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਉਸ ਸਮੇਂ ਦੀ ਹੈ, ਜਦੋਂ ਵਿਧਾਇਕ ਔਰਤਾਂ ਨੂੰ ਆਰਥਿਕ ਸਹਾਇਤਾ ਦੇਣ ਨਾਲ ਜੁੜੀ ਯੋਜਨਾ ਦੇ ਐਪਲੀਕੇਸ਼ਨ ਫਾਰਮਾਂ 'ਤੇ ਸਾਈਨ ਕਰ ਰਹੇ ਸਨ। ਉਨ੍ਹਾਂ ਦੇ ਸਾਹਮਣੇ ਕਈ ਔਰਤਾਂ ਸਮੇਤ ਦਰਜਨਾਂ ਲੋਕ ਲਾਈਨ ਵਿੱਚ ਖੜ੍ਹੇ ਸਨ।
ਵਿਧਾਨ ਸਭਾ ਮੈਂਬਰਸ਼ਿਪ ਰੱਦ ਕਰਨ ਦੀ ਮੰਗ
ਮੁੱਖ ਮੰਤਰੀ ਰੇਖਾ ਗੁਪਤਾ ਨੇ ਵਿਧਾਨ ਸਭਾ ਸੈਸ਼ਨ ਦੌਰਾਨ ਵਿਧਾਇਕ ਦੇ ਇਸ ਪਹਿਰਾਵੇ ਅਤੇ ਵਿਵਹਾਰ 'ਤੇ ਸਖ਼ਤ ਇਤਰਾਜ਼ ਜਤਾਉਂਦਿਆਂ ਇਸ ਨੂੰ ਬਹੁਤ ਸ਼ਰਮਨਾਕ ਕਰਾਰ ਦਿੱਤਾ। ਮੁੱਖ ਮੰਤਰੀ ਨੇ ਸਦਨ ਵਿੱਚ ਕਿਹਾ, "ਜਦੋਂ ਔਰਤਾਂ ਤੁਹਾਡੇ ਕੋਲ ਕੰਮ ਲਈ ਆ ਰਹੀਆਂ ਹਨ ਤਾਂ ਤੁਹਾਨੂੰ ਘੱਟੋ ਘੱਟ ਮਰਿਆਦਾ ’ਚ ਰਹਿੰਦੇ ਹੋਏ ਢੁਕਵਾਂ ਪਹਿਰਾਵਾ ਪਾਉਣਾ ਚਾਹੀਦਾ ਹੈ।"
ਮੁੱਖ ਮੰਤਰੀ ਨੇ ਇਸ ਵਿਵਹਾਰ ਨੂੰ ਔਰਤਾਂ ਦਾ ਅਪਮਾਨ ਦੱਸਿਆ ਅਤੇ ਅਨਿਲ ਝਾਅ ਦੀ ਵਿਧਾਨ ਸਭਾ ਮੈਂਬਰਸ਼ਿਪ ਰੱਦ ਕਰਨ ਦੀ ਮੰਗ ਕੀਤੀ।
ਇੰਨਾ ਹੀ ਨਹੀਂ, ਮੁੱਖ ਮੰਤਰੀ ਨੇ ਵਿਧਾਇਕ 'ਤੇ ਸਦਨ ਦੇ ਅੰਦਰ ਅਸ਼ਲੀਲ ਇਸ਼ਾਰੇ ਕਰਨ ਦਾ ਵੀ ਦੋਸ਼ ਲਾਇਆ।
ਉੱਧਰ ਦੂਜੇ ਪਾਸੇ, ‘ਆਪ’ ਵਿਧਾਇਕ ਅਨਿਲ ਝਾਅ ਵਤਸ ਨੇ ਆਪਣੇ 'ਤੇ ਲੱਗੇ ਸਾਰੇ ਦੋਸ਼ਾਂ ਨੂੰ ਪੂਰੀ ਤਰ੍ਹਾਂ ਖਾਰਜ ਕਰ ਦਿੱਤਾ ਹੈ। ਉਨ੍ਹਾਂ ਨੇ ਚੁਣੌਤੀ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ ਉਨ੍ਹਾਂ ਵੱਲੋਂ ਕੀਤੇ ਗਏ ਕਿਸੇ ਵੀ ਗਲਤ ਇਸ਼ਾਰੇ ਦਾ ਵੀਡੀਓ ਸਬੂਤ ਪੇਸ਼ ਕਰਨ। ਉਨ੍ਹਾਂ ਪਲਟਵਾਰ ਕਰਦਿਆਂ ਕਿਹਾ ਕਿ ਸਰਕਾਰ ਕੋਲ ਜਨਤਕ ਸਮੱਸਿਆਵਾਂ ਦਾ ਕੋਈ ਜਵਾਬ ਨਹੀਂ ਹੈ, ਇਸ ਲਈ ਧਿਆਨ ਭਟਕਾਉਣ ਲਈ ਅਜਿਹੇ ਝੂਠੇ ਦੋਸ਼ ਲਾਏ ਜਾ ਰਹੇ ਹਨ।