'ਮੈਂ ਉਨ੍ਹਾਂ ਨੂੰ ਪਿਆਰ ਕਰਦਾ ਸੀ...' ਦੋ ਮਾਸੂਮ ਧੀਆਂ ਦਾ ਕਤਲ ਕਰਨ ਵਾਲੇ ਪਿਤਾ ਦਾ ਖ਼ੌਫ਼ਨਾਕ ਕਬੂਲਨਾਮਾ
ਜਾਂਚਕਰਤਾਵਾਂ ਨੇ ਦੋਸ਼ੀ ਦੀ ਪਛਾਣ 40 ਸਾਲਾ ਇਮਰਾਨ ਵਜੋਂ ਕੀਤੀ ਹੈ। ਉਹ ਇੱਕ ਲੋਕਲ ਕੈਬ ਕੰਪਨੀ ਵਿੱਚ ਮੈਨੇਜਰ ਦੇ ਅਹੁਦੇ 'ਤੇ ਸੀ। ਪੁਲਿਸ ਨੇ ਜਦੋਂ ਮਾਮਲੇ ਦੀ ਜਾਂਚ ਦੌਰਾਨ ਹੋਟਲ ਦੇ ਕਮਰੇ ’ਚ ਅਪਰਾਧ ਦੇ ਸੀਨ ਨੂੰ ਦੁਬਾਰਾ ਦੁਹਰਾਇਆ (ਰੀਕੰਸਟ੍ਰਕਸ਼ਨ), ਤਾਂ ਉਹ ਟੁੱਟ ਗਿਆ।
Publish Date: Fri, 11 Sep 2026 11:25 AM (IST)
Updated Date: Fri, 11 Sep 2026 11:29 AM (IST)
ਡਿਜੀਟਲ ਡੈਸਕ, ਬੈਂਗਲੁਰੂ। ਬੈਂਗਲੁਰੂ ਵਿੱਚ ਕੈਂਪੇਗੌੜਾ ਇੰਟਰਨੈਸ਼ਨਲ ਏਅਰਪੋਰਟ ਦੇ ਨੇੜੇ ਇੱਕ 5-ਸਟਾਰ ਹੋਟਲ ’ਚ ਮਿਲੀਆਂ ਦੋ ਧੀਆਂ ਦੀਆਂ ਲਾਸ਼ਾਂ ਨੇ ਸਨਸਨੀ ਮਚਾ ਦਿੱਤੀ ਸੀ। ਬੱਚੀਆਂ ਦਾ ਗਲਾ ਵੱਢਣ ਤੋਂ ਬਾਅਦ ਪਿਤਾ ਨੇ ਵੀ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ। ਇਸ ਮਾਮਲੇ 'ਚ ਹੁਣ ਪਿਤਾ ਨੇ ਬੇਟੀਆਂ ਨੂੰ ਮਾਰਨ ਦੀ ਗੱਲ ਕਬੂਲੀ ਹੈ।
ਜਾਂਚਕਰਤਾਵਾਂ ਨੇ ਦੋਸ਼ੀ ਦੀ ਪਛਾਣ 40 ਸਾਲਾ ਇਮਰਾਨ ਵਜੋਂ ਕੀਤੀ ਹੈ। ਉਹ ਇੱਕ ਲੋਕਲ ਕੈਬ ਕੰਪਨੀ ਵਿੱਚ ਮੈਨੇਜਰ ਦੇ ਅਹੁਦੇ 'ਤੇ ਸੀ। ਪੁਲਿਸ ਨੇ ਜਦੋਂ ਮਾਮਲੇ ਦੀ ਜਾਂਚ ਦੌਰਾਨ ਹੋਟਲ ਦੇ ਕਮਰੇ ’ਚ ਅਪਰਾਧ ਦੇ ਸੀਨ ਨੂੰ ਦੁਬਾਰਾ ਦੁਹਰਾਇਆ (ਰੀਕੰਸਟ੍ਰਕਸ਼ਨ), ਤਾਂ ਉਹ ਟੁੱਟ ਗਿਆ।
ਰੀਕੰਸਟ੍ਰਕਸ਼ਨ ਦੌਰਾਨ ਕਬੂਲਿਆ ਗੁਨਾਹ
ਰੀਕੰਸਟ੍ਰਕਸ਼ਨ ਦੌਰਾਨ, ਪੁਲਿਸ ਨੇ ਦੱਸਿਆ ਕਿ ਇਮਰਾਨ ਜ਼ਮੀਨ 'ਤੇ ਡਿੱਗ ਪਿਆ ਅਤੇ ਲਗਾਤਾਰ ਰੋਂਦਾ ਰਿਹਾ। ਜਾਂਚ ਸੰਭਾਲ ਰਹੇ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ, 'ਅਸੀਂ ਉਸ ਨੂੰ ਰੋਕਿਆ ਨਹੀਂ ਅਤੇ ਨਾ ਹੀ ਉਸ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ। ਅਸੀਂ ਜਾਣਦੇ ਸੀ ਕਿ ਉਸ ਨੂੰ ਆਪਣੀਆਂ ਭਾਵਨਾਵਾਂ ਬਾਹਰ ਕੱਢਣੀਆਂ ਸਨ। ਉਹ ਲਗਪਗ 15-20 ਮਿੰਟ ਤੱਕ ਰੋਂਦਾ-ਕੁਰਲਾਉਂਦਾ ਰਿਹਾ ਅਤੇ ਅਸੀਂ ਬੱਸ ਉਸ ਨੂੰ ਦੇਖਦੇ ਰਹੇ।'
ਇਮਰਾਨ ਨੇ ਜਾਂਚਕਰਤਾਵਾਂ ਨੂੰ ਦੱਸਿਆ, ''ਮੈਂ ਉਨ੍ਹਾਂ ਨੂੰ ਇਸ ਲਈ ਮਾਰਿਆ ਕਿਉਂਕਿ ਮੈਂ ਉਨ੍ਹਾਂ ਨੂੰ ਪਿਆਰ ਕਰਦਾ ਸੀ ਅਤੇ ਉਨ੍ਹਾਂ ਦੇ ਭਵਿੱਖ ਨੂੰ ਲੈ ਕੇ ਚਿੰਤਤ ਸੀ।''
ਪੁਲਿਸ ਪੁੱਛਗਿੱਛ ਦੌਰਾਨ, ਇਮਰਾਨ ਨੇ ਦੋਹਰੇ ਕਾਂਡ ਦੀ ਗੱਲ ਕਬੂਲ ਕੀਤੀ ਅਤੇ ਜਾਂਚਕਰਤਾਵਾਂ ਨੂੰ ਦੱਸਿਆ ਕਿ ਵਿਆਹ ਟੁੱਟਣ ਤੋਂ ਬਾਅਦ ਉਹ ਆਪਣੀਆਂ ਧੀਆਂ ਦੀ ਪਰਵਰਿਸ਼ ਨੂੰ ਲੈ ਕੇ ਡਰਿਆ ਹੋਇਆ ਸੀ।
ਬਿਲਾਲਨਗਰ ਦੇ ਰਹਿਣ ਵਾਲੇ ਇਮਰਾਨ ਨੇ 10 ਅਗਸਤ ਨੂੰ ਆਪਣੀਆਂ ਹੀ ਧੀਆਂ ਦਾ ਕਤਲ ਕਰ ਦਿੱਤਾ ਸੀ ਅਤੇ ਫਿਰ ਗਲਾ ਕੱਟ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਸ ਨੂੰ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ ਅਤੇ ਉਹ ਲਗਪਗ ਦੋ ਹਫ਼ਤੇ ਬਾਅਦ ਠੀਕ ਹੋ ਗਿਆ।
ਪਤਨੀ ਦੀ ਬੇਵਫਾਈ ਦੇ ਚਲਦਿਆਂ ਧੀਆਂ ਦਾ ਕਤਲ
ਪੁਲਿਸ ਮੁਤਾਬਕ, ਇਮਰਾਨ ਨੇ ਜਾਂਚ ਦੌਰਾਨ ਦੱਸਿਆ ਕਿ ਉਸ ਦੀ ਪਤਨੀ ਨੂੰ ਨੌਕਰੀ ਮਿਲਣ ਤੋਂ ਬਾਅਦ ਘਟਨਾ ਤੋਂ ਕਰੀਬ 15 ਮਹੀਨੇ ਪਹਿਲਾਂ ਤੋਂ ਉਸ ਦੇ ਵਿਆਹ ਵਿੱਚ ਖਟਾਸ ਆਉਣ ਲੱਗੀ ਸੀ। ਇਮਰਾਨ ਨੇ ਆਪਣੀ ਪਤਨੀ 'ਤੇ ਦੋਸ਼ ਲਾਇਆ ਕਿ ਉਸ ਦਾ ਇੱਕ ਪੁਰਸ਼ ਸਹਿਕਰਮੀ ਨਾਲ ਅਫੇਅਰ ਚੱਲ ਰਿਹਾ ਸੀ।
ਇਮਰਾਨ ਅਤੇ ਉਸ ਦੀ ਪਤਨੀ ਵਿਚਕਾਰ ਆਫਿਸ ਦੇ ਕਲੀਗ ਨਾਲ ਵਟਸਐਪ ਚੈਟ ਨੂੰ ਲੈ ਕੇ ਵੀ ਕਈ ਵਾਰ ਝਗੜਾ ਹੋਇਆ ਅਤੇ ਘਟਨਾ ਤੋਂ ਦੋ ਮਹੀਨੇ ਪਹਿਲਾਂ ਉਹ ਦੋਵੇਂ ਵੱਖ ਹੋ ਗਏ। ਇੱਕ ਅਨੋਖੇ ਸਮਝੌਤੇ ਤਹਿਤ, ਬੱਚੇ ਹਫ਼ਤੇ ਦੇ ਦਿਨਾਂ ਵਿੱਚ ਆਪਣੀ ਮਾਂ ਨਾਲ ਰਹਿੰਦੇ ਸਨ ਅਤੇ ਵੀਕੈਂਡ 'ਤੇ ਇਮਰਾਨ ਨੂੰ ਮਿਲਣ ਜਾਂਦੇ ਸਨ।
ਪੁਲਿਸ ਨੇ ਹੋਟਲ ਦੇ ਕਮਰੇ ਵਿੱਚੋਂ ਇੱਕ ਸੁਸਾਈਡ ਨੋਟ ਵੀ ਬਰਾਮਦ ਕੀਤਾ, ਜਿਸ ਵਿੱਚ ਇਮਰਾਨ ਨੇ ਆਪਣੀ ਪਤਨੀ ਦੀ ਬੇਵਫਾਈ, ਵਿਆਹੁਤਾ ਕਲੇਸ਼ ਅਤੇ ਕਸਟਡੀ ਦੇ ਵਿਵਾਦ ਬਾਰੇ ਲਿਖਿਆ ਸੀ।
ਇਮਰਾਨ ਨੇ 10 ਅਗਸਤ ਨੂੰ ਆਪਣੀ 10 ਸਾਲ ਦੀ ਬੇਟੀ ਸ਼ੇਖ ਜੋਇਆ ਅਤੇ 5 ਸਾਲ ਦੀ ਬੇਟੀ ਸ਼ੇਖ ਜ਼ੇਹਰਾ ਦਾ ਕਤਲ ਕੀਤਾ ਸੀ। ਉਹ ਖ਼ੁਦ ਵੀ ਹੋਟਲ ਦੇ ਕਮਰੇ ਦੇ ਵਾਸ਼ਰੂਮ ਵਿੱਚ ਖ਼ੂਨ ਨਾਲ ਲੱਥਪੱਥ ਮਿਲਿਆ ਸੀ, ਕਿਉਂਕਿ ਉਸ ਦਾ ਗਲਾ ਕੱਟਿਆ ਹੋਇਆ ਸੀ।