'ਨੀਲੇ ਡਰੰਮ' ਕਤਲਕਾਂਡ ਵਰਗਾ ਖ਼ੌਫ਼ਨਾਕ ਸਾਕਾ, ਪ੍ਰੇਮੀ ਨਾਲ ਮਿਲ ਕੇ ਪਤਨੀ ਨੇ ਸਿਲਬੱਟੇ ਨਾਲ ਕੁਚਲਿਆ ਪਤੀ ਦਾ ਸਿਰ,ਹਾਈਵੇਅ 'ਤੇ ਸੁੱਟੀ ਲਾਸ਼ ਮੰਗਲਵਾਰ ਦੁਪਹਿਰ ਇੱਕ ਔਰਤ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਸਿਲਬੱਟੇ ਨਾਲ ਪਤੀ ਦੇ ਸਿਰ ’ਤੇ ਵਾਰ ਕਰਕੇ ਉਸ ਦੀ ਹੱਤਿਆ ਕਰ ਦਿੱਤੀ। ਇਸ ਤੋਂ ਬਾਅਦ ਲਾਸ਼ ਨੂੰ ਇੱਕ ਬਕਸੇ 'ਚ ਪਾ ਕੇ 15 ਕਿਲੋਮੀਟਰ ਦੂਰ ਸਦਰ ਇਲਾਕੇ ਦੇ ਲਲਊਖੇੜਾ 'ਚ ਉੱਨਾਵ-ਲਾਲਗੰਜ ਹਾਈਵੇਅ ਦੀ ਸਰਵਿਸ ਲੇਨ ’ਤੇ ਸੁੱਟ ਦਿੱਤਾ।
Publish Date: Wed, 21 Oct 2026 03:36 PM (IST)
Updated Date: Wed, 21 Oct 2026 03:38 PM (IST)
ਜਾਗਰਣ ਸੰਵਾਦਦਾਤਾ, ਉੱਨਾਵ - ਮੇਰਠ 'ਚ ਨੀਲੇ ਡਰੰਮ ਵਾਲੇ ਕਤਲਕਾਂਡ ਤੋਂ ਬਾਅਦ ਹੁਣ ਉੱਨਾਵ 'ਚ ਬਕਸੇ 'ਚ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਮੰਗਲਵਾਰ ਦੁਪਹਿਰ ਇੱਕ ਔਰਤ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਸਿਲਬੱਟੇ ਨਾਲ ਪਤੀ ਦੇ ਸਿਰ ’ਤੇ ਵਾਰ ਕਰਕੇ ਉਸ ਦੀ ਹੱਤਿਆ ਕਰ ਦਿੱਤੀ। ਇਸ ਤੋਂ ਬਾਅਦ ਲਾਸ਼ ਨੂੰ ਇੱਕ ਬਕਸੇ 'ਚ ਪਾ ਕੇ 15 ਕਿਲੋਮੀਟਰ ਦੂਰ ਸਦਰ ਇਲਾਕੇ ਦੇ ਲਲਊਖੇੜਾ 'ਚ ਉੱਨਾਵ-ਲਾਲਗੰਜ ਹਾਈਵੇਅ ਦੀ ਸਰਵਿਸ ਲੇਨ ’ਤੇ ਸੁੱਟ ਦਿੱਤਾ।
ਜਿਸ ਲੋਡਰ 'ਚ ਬਕਸਾ ਲਿਜਾਇਆ ਗਿਆ ਸੀ, ਪੁਲਿਸ ਨੇ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਉਸ ਦਾ ਪਤਾ ਲਗਾ ਕੇ ਮੁਲਜ਼ਮਾਂ ਦਾ ਪਰਦਾਫਾਸ਼ ਕਰ ਦਿੱਤਾ। ਕਤਲ ਦੀ ਮੁਲਜ਼ਮ ਔਰਤ ਆਪਣੇ ਪਹਿਲੇ ਪਤੀ ਨੂੰ ਛੱਡਣ ਤੋਂ ਬਾਅਦ ਪਿਛਲੇ ਅੱਠ ਸਾਲਾਂ ਤੋਂ ਇਸ ਨੌਜਵਾਨ ਨਾਲ ਪਤਨੀ ਵਜੋਂ ਗੰਗਾਘਾਟ ਇਲਾਕੇ 'ਚ ਰਹਿ ਰਹੀ ਸੀ। ਪੁਲਿਸ ਨੇ ਮੁਲਜ਼ਮ ਔਰਤ, ਉਸ ਦੇ ਪ੍ਰੇਮੀ, ਮਦਦਗਾਰ ਇੱਕ ਯੂਟਿਊਬਰ ਅਤੇ ਲੋਡਰ ਚਾਲਕ ਨੂੰ ਹਿਰਾਸਤ 'ਚ ਲਿਆ ਹੈ। ਬਕਸਾ ਲੋਡਰ 'ਚ ਲਦਵਾਉਣ ਵਾਲੇ ਮਜ਼ਦੂਰਾਂ ਦੀ ਭਾਲ ਕੀਤੀ ਜਾ ਰਹੀ ਹੈ।
ਪ੍ਰੇਮੀ ਨਾਲ ਨੇੜਤਾ ਕਾਰਨ ਪਤੀ ਨਾਲ ਹੁੰਦਾ ਸੀ ਝਗੜਾ ਗੰਗਾਘਾਟ ਇਲਾਕੇ ਦੇ ਭਾਤੂਫਾਰਮ ਦਾ ਰਹਿਣ ਵਾਲਾ 28 ਸਾਲਾ ਸੋਨੂੰ ਸਵਿਤਾ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਸੀ। ਉਹ ਪਿਛਲੇ ਅੱਠ ਸਾਲਾਂ ਤੋਂ ਨੇਹਾ ਨਾਮ ਦੀ ਔਰਤ ਨਾਲ ਪਤੀ-ਪਤਨੀ ਵਜੋਂ ਰਹਿ ਰਿਹਾ ਸੀ। ਨੇਹਾ ਆਪਣੇ ਪਹਿਲੇ ਪਤੀ ਨੂੰ ਛੱਡ ਕੇ ਉਸ ਕੋਲ ਆਈ ਸੀ। ਕੁਝ ਸਮਾਂ ਪਹਿਲਾਂ ਨੇਹਾ ਦੀ ਕਿਸੇ ਹੋਰ ਨੌਜਵਾਨ ਨਾਲ ਨੇੜਤਾ ਵਧ ਗਈ, ਜਿਸ ਕਾਰਨ ਸੋਨੂੰ ਨਾਲ ਉਸ ਦਾ ਅਕਸਰ ਝਗੜਾ ਹੋਣ ਲੱਗ ਪਿਆ।
ਔਰਤ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਸੋਨੂੰ ਨੂੰ ਰਸਤੇ ਤੋਂ ਹਟਾਉਣ ਦੀ ਸਾਜ਼ਿਸ਼ ਰਚੀ। ਮੰਗਲਵਾਰ ਦੁਪਹਿਰ ਉਸ ਨੇ ਸਿਲਬੱਟੇ ਨਾਲ ਪਤੀ ਦੇ ਸਿਰ ’ਤੇ ਵਾਰ ਕਰਕੇ ਉਸ ਦੀ ਹੱਤਿਆ ਕਰ ਦਿੱਤੀ। ਇਸ ਤੋਂ ਬਾਅਦ ਪ੍ਰੇਮੀ ਦੀ ਮਦਦ ਨਾਲ ਲਾਸ਼ ਨੂੰ ਇੱਕ ਵੱਡੇ ਬਕਸੇ 'ਚ ਪਾ ਦਿੱਤਾ ਅਤੇ ਉੱਪਰ ਕੰਬਲ ਤੇ ਹੋਰ ਸਾਮਾਨ ਰੱਖ ਦਿੱਤਾ।
1,200 ਰੁਪਏ 'ਚ ਬਕਸਾ ਲਿਜਾਣ ਲਈ ਲੋਡਰ ਕੀਤਾ ਬੁੱਕ ਇਸ ਤੋਂ ਬਾਅਦ ਔਰਤ ਨੇ ਸ਼ੁਕਲਾਗੰਜ ਦੇ ਇੱਕ ਯੂਟਿਊਬਰ ਨੂੰ ਬੁਲਾ ਕੇ ਉਸ ਨੂੰ ਪੂਰੀ ਘਟਨਾ ਦੱਸੀ ਅਤੇ ਲਾਸ਼ ਨੂੰ ਟਿਕਾਣੇ ਲਗਾਉਣ 'ਚ ਮਦਦ ਮੰਗੀ। ਯੂਟਿਊਬਰ ਨੇ ਇੱਕ ਲੋਡਰ ਬੁਲਵਾਇਆ ਅਤੇ 1,200 ਰੁਪਏ 'ਚ ਬਕਸਾ ਲਲਊਖੇੜਾ ਨੇੜੇ ਲਿਜਾਣ ਲਈ ਕਿਰਾਏ ’ਤੇ ਤੈਅ ਕਰ ਲਿਆ।
ਦੋ ਮਜ਼ਦੂਰਾਂ ਦੀ ਮਦਦ ਨਾਲ ਬਕਸੇ ਨੂੰ ਲੋਡਰ 'ਚ ਲਦਵਾਇਆ ਗਿਆ। ਇਸ ਤੋਂ ਬਾਅਦ ਉਹ 15 ਕਿਲੋਮੀਟਰ ਦੂਰ ਉੱਨਾਵ-ਲਾਲਗੰਜ ਹਾਈਵੇਅ ’ਤੇ ਲਲਊਖੇੜਾ ਪੁਲਿਸ ਚੌਕੀ ਤੋਂ 300 ਮੀਟਰ ਦੂਰ ਸਰਵਿਸ ਲੇਨ ਦੇ ਕਿਨਾਰੇ ਬਕਸਾ ਉਤਾਰ ਕੇ ਚਲੇ ਗਏ।
ਰਾਤ ਕਰੀਬ 10 ਵਜੇ ਸਥਾਨਕ ਲੋਕਾਂ ਨੇ ਬਕਸਾ ਦੇਖ ਕੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਲੋਡਰ ਦਾ ਪਤਾ ਲਗਾਇਆ ਅਤੇ ਮਾਮਲੇ ਦਾ ਪਰਦਾਫਾਸ਼ ਕਰ ਦਿੱਤਾ। ਐੱਸਪੀ ਜੈਪ੍ਰਕਾਸ਼ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।