- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗ੍ਰਹਿ ਮੰਤਰੀ ਨੇ ਕਿਹਾ ਕਿ ਹਿੰਦੀ ਨੂੰ ਭਾਰਤੀ ਭਾਸ਼ਾਵਾਂ ਦੇ ’ਚਕਾਰ ਮੁਕਾਬਲੇ ਦਾ ਜ਼ਰੀਆ ਨਹੀਂ, ਸਗੋਂ ਸੰਵਾਦ ਤੇ ਸੰਪਰਕ ਦੀ ਭਾਸ਼ਾ ਬਣਨਾ ਚਾਹੀਦਾ ਹੈ। ਉਨ੍ਹਾਂ ਨੇ ਦੱਸਿਆ ਕਿ ‘ਹਿੰਦੀ ਸ਼ਬਦ ਸਿੰਧੂ’ ’ਚ ਸ਼ੁਰੂ ’ਚ 51 ਹਜ਼ਾਰ ਸ਼ਬਦ ਸਨ, ਜੋ ਹੁਣ ਵੱਧ ਕੇ ਅੱਠ ਲੱਖ ਹੋ ਗਏ ਹਨ।

ਸਟੇਟ ਬਿਊਰੋ, ਮੁੰਬਈ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਭਾਰਤ ਦੀ ਸੱਭਿਆਚਾਰਕ ਭਿੰਨਤਾ ਉਸ ਦੀ ਤਾਕਤ ਹੈ। ਦੇਸ਼ ਦੀਆਂ ਭਾਸ਼ਾਵਾਂ ਤੇ ਉਨ੍ਹਾਂ ਦੇ ਸੁਰ ਵੱਖਰੇ ਹੋ ਸਕਦੇ ਹਨ ਪਰ ਰਾਸ਼ਟਰੀ ਭਾਵਨਾ ਇਕ-ਜਿਹੀ ਰਹਿਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤੀ ਭਾਸ਼ਾਵਾਂ ਨੂੰ ਉਤਸ਼ਾਹਤ ਕਰਨ ਲਈ ਸਾਰੇ ਰਾਜਨੀਤਕ ਵਿਰੋਧਾਂ ਨੂੰ ਕਿਨਾਰੇ ਰੱਖਣਾ ਹੋਵੇਗਾ। ਬੱਚੇ ਨੂੰ ਭਾਰਤ ਦੀ ਅਸਲੀ ਸਮਝ ਉਸ ਦੀ ਮਾਂ-ਬੋਲੀ ਦੇ ਜ਼ਰੀਏ ਹੋ ਸਕਦੀ ਹੈ। ਛੇਵੇਂ ਕੁਲ ਹਿੰਦ ਰਾਜ ਭਾਸ਼ਾ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਸ਼ਾਹ ਨੇ ਕਿਹਾ ਕਿ ਸੱਭਿਆਚਾਰਕ ਰਾਸ਼ਟਰਵਾਦ ਦਾ ਮਤਲਬ ਦੇਸ਼ ਦੇ ਸੱਭਿਆਚਾਰ ਤੇ ਇਤਿਹਾਸ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਹੈ। ਉਨ੍ਹਾਂ ਨੇ ਆਜ਼ਾਦੀ ਅੰਦੋਲਨ ਦੌਰਾਨ ਬਾਲ ਗੰਗਾਧਰ ਤਿਲਕ ਦੇ ਯਤਨਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਤਿਲਕ ਨੇ ਜਨਤਕ ਗਣੇਸ਼ ਉਤਸਵ ਤੇ ਛਤਰਪਤੀ ਸ਼ਿਵਾਜੀ ਮਹਾਰਾਜ ਦੀ ਜੈਅੰਤੀ ਸਬੰਧੀ ਪ੍ਰੋਗਰਾਮ ਸ਼ੁਰੂ ਕੀਤੇ। ਬਾਅਦ ’ਚ ਇਹ ਉਤਸਵ ਮਹਾਰਾਸ਼ਟਰ ਤੋਂ ਬਾਹਰ ਵੀ ਫੈਲੇ ਤੇ ਮੁਲਕ ’ਚ ਰਾਸ਼ਟਰਭਗਤੀ ਦੀ ਭਾਵਨਾ ਨੂੰ ਮਜ਼ਬੂਤ ਕਰਨ ’ਚ ਮਦਦ ਕੀਤੀ।
ਗ੍ਰਹਿ ਮੰਤਰੀ ਨੇ ਕਿਹਾ ਕਿ ਹਿੰਦੀ ਨੂੰ ਭਾਰਤੀ ਭਾਸ਼ਾਵਾਂ ਦੇ ’ਚਕਾਰ ਮੁਕਾਬਲੇ ਦਾ ਜ਼ਰੀਆ ਨਹੀਂ, ਸਗੋਂ ਸੰਵਾਦ ਤੇ ਸੰਪਰਕ ਦੀ ਭਾਸ਼ਾ ਬਣਨਾ ਚਾਹੀਦਾ ਹੈ। ਉਨ੍ਹਾਂ ਨੇ ਦੱਸਿਆ ਕਿ ‘ਹਿੰਦੀ ਸ਼ਬਦ ਸਿੰਧੂ’ ’ਚ ਸ਼ੁਰੂ ’ਚ 51 ਹਜ਼ਾਰ ਸ਼ਬਦ ਸਨ, ਜੋ ਹੁਣ ਵੱਧ ਕੇ ਅੱਠ ਲੱਖ ਹੋ ਗਏ ਹਨ। ਉਨ੍ਹਾਂ ਨੇ ਵਿਸ਼ਵਾਸ ਜਤਾਇਆ ਕਿ 2029 ਤੱਕ ਇਹ ਸੰਸਾਰ ਦਾ ਸਭ ਤੋਂ ਵੱਡਾ ਸ਼ਬਦਕੋਸ਼ ਬਣ ਜਾਵੇਗਾ।
ਸ਼ਾਹ ਮੁਤਾਬਕ ਹਿੰਦੀ ’ਚ ਜਿਨ੍ਹਾਂ ਸ਼ਬਦਾਂ ਦੀ ਕਮੀ ਸੀ, ਉਸ ਨੂੰ ਪੂਰਾ ਕਰਨ ਲਈ ਭਾਰਤੀ ਖੇਤਰੀ ਭਾਸ਼ਾਵਾਂ ਦੇ 50 ਹਜ਼ਾਰ ਤੋਂ ਵੱਧ ਸ਼ਬਦ ਇਸ ’ਚ ਸ਼ਾਮਲ ਕੀਤੇ ਗਏ ਹਨ। ਤਾਮਿਲ, ਤੇਲਗੂ, ਮਰਾਠੀ, ਗੁਜਰਾਤੀ, ਬੰਗਾਲੀ ਤੇ ਉੜੀਆ ਸਮੇਤ ਵੱਖ-ਵੱਖ ਬੋਲੀਆਂ ਦੇ ਸ਼ਬਦਾਂ ਨੂੰ ਅਪਣਾਇਆ ਗਿਆ ਹੈ। ਇਸ ਨਾਲ ਹਿੰਦੀ ਹੋਰ ਸਮ੍ਰਿੱਧ ਤੇ ਲਚਕੀਲੀ ਬਣ ਗਈ ਹੈ। ਉਨ੍ਹਾਂ ਨੇ ਮਹਾਰਾਸ਼ਟਰ ਨੂੰ ਦੇਸ਼ ਦੀ ਸਭ ਤੋਂ ਬਹੁ-ਭਾਸ਼ਾਈ ਸੱਭਿਆਚਾਰਕ ਵਾਲਾ ਸੂਬਾ ਦੱਸਦੇ ਹੋਏ ਕਿਹਾ ਕਿ ਇੱਥੇ ਮਰਾਠੀ, ਕੌਂਕਣੀ, ਗੁਜਰਾਤੀ, ਸਿੰਧੀ, ਹਿੰਦੀ, ਕੰਨੜ ਤੇ ਫਾਰਸੀ ਵਰਗੀਆਂ ਭਾਸ਼ਾਵਾਂ ਬੋਲੀ ਤੇ ਵਿਕਸਤ ਹੁੰਦੀਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਰਾਠੀ ਨੂੰ ਟਕਸਾਲੀ ਭਾਸ਼ਾ ਦਾ ਦਰਜਾ ਦਿੱਤਾ ਹੈ।
ਸ਼ਾਹ ਨੇ ਕਿਹਾ ਕਿ ਨਵੀਂ ਸਿੱਖਿਆ ਨੀਤੀ ਮੁਤਾਬਕ ਪ੍ਰਾਇਮਰੀ ਸਿੱਖਿਆ ਮਾਂ-ਬੋਲੀ ’ਚ ਦੇਣ ਨੂੰ ਜ਼ਰੂਰੀ ਕੀਤਾ ਗਿਆ ਹੈ। ਨਾਲ ਹੀ ਵਿਦਿਆਰਥੀਆਂ ਲਈ ਮਾਂ-ਬੋਲੀ ਤੋਂ ਇਲਾਵਾ ਇਕ ਹੋਰ ਭਾਰਤੀ ਭਾਸ਼ਾ ਸਿੱਖਣ ਦਾ ਇੰਤਜ਼ਾਮ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਦਾ ਵਿਰੋਧ ਕਰਨ ਵਾਲੇ ਲੋਕ ਨਹੀਂ ਜਾਣਦੇ ਕਿ ਉਹ ਕਿਸ ਮੌਕੇ ਦਾ ਵਿਰੋਧ ਕਰ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਆਈਐੱਸ ਤੇ ਆਈਪੀਐੱਸ ਵਰਗੀਆਂ ਪ੍ਰੀਖਿਆਵਾਂ ’ਚ ਉਮੀਦਵਾਰ ਆਪਣੀ ਮਾਂ-ਬੋਲੀ ’ਚ ਇਮਤਿਹਾਨ ਦੇ ਸਕਦੇ ਹਨ। ਜੇਈਈ, ਨੀਟ ਤੇ ਗ੍ਰੈਜੂਏਟ ਪੱਧਰ ਦੀਆਂ ਪ੍ਰੀਖਿਆਵਾਂ ਵੀ 13 ਭਾਸ਼ਾਵਾਂ ’ਚ ਕਰਵਾਈਆਂ ਜਾ ਰਹੀਆਂ ਹਨ।
ਕੇਂਦਰ ਸਰਕਾਰ ਦਾ ਟੀਚਾ ਭਾਰਤੀ ਭਾਸ਼ਾਵਾਂ ਨੂੰ ਸ਼ਾਸਨ ਤੇ ਵਿਗਿਆਨ ਦੀ ਭਾਸ਼ਾ ਬਣਾਉਣਾ :
ਗ੍ਰਹਿ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਦਾ ਟੀਚਾ ਭਾਰਤੀ ਭਾਸ਼ਾਵਾਂ ਨੂੰ ਸ਼ਾਸਨ ਤੇ ਵਿਗਿਆਨ ਦੀ ਭਾਸ਼ਾ ਬਣਾਉਣਾ ਹੈ। ਇਸ ਲਈ ਸਾਹਿਤ ਦੇ ਜ਼ਰੀਏ ਨਾਲ ਭਾਸ਼ਾਵਾਂ ਨੂੰ ਖ਼ੁਸ਼ਹਾਲ ਕੀਤਾ ਜਾ ਰਿਹਾ ਹੈ। ਪੰਜ ਲੱਖ ਤੋਂ ਵੱਧ ਕੇਂਦਰੀ ਕਰਮਚਾਰੀਆਂ ਨੂੰ ਭਾਸ਼ਾ ਸਿਖਲਾਈ ਦਿੱਤੀ ਜਾ ਚੁੱਕੀ ਹੈ। ਰਾਜਭਾਸ਼ਾ ਵਿਭਾਗ ਨੇ ਬਹੁ-ਭਾਸ਼ੀ ਅਨੁਵਾਦ ਯੰਤਰ ‘ਭਾਰਤੀ’ ਵਿਕਸਤ ਕੀਤਾ ਹੈ ਜਦਕਿ ‘ਭਾਰਤੀ ਭਾਸ਼ਾ ਅਨੁਭਾਗ’ ਦੀ ਸਥਾਪਨਾ ਵੀ ਕੀਤੀ ਗਈ ਹੈ। ਏਆਈ ਅਧਾਰਤ ‘ਕੰਠਸਥ 2.0’ ’ਚ ਪੰਜ ਕਰੋੜ ਤੋਂ ਵੱਧ ਵਾਕ ਉਪਲਬਧ ਹਨ ਤੇ ਇਸ ਨੂੰ ਵਿਦੇਸ਼ੀ ਨਾਗਰਿਕਾਂ ਲਈ ਵੀ ਮੁਹੱਈਆ ਕਰਵਾਇਆ ਗਿਆ ਹੈ। ‘ਲੀਲ੍ਹਾ ਰਾਜਭਾਸ਼ਾ’ ਤੇ ‘ਲੀਲਾ ਪ੍ਰਵਾਹ’ ਜਿਹੇ ਸਰੋਤ ਵੀ ਭਾਸ਼ਾ ਸਿੱਖਣ ’ਚ ਮਦਦ ਕਰ ਰਹੇ ਹਨ। ਸ਼ਾਹ ਨੇ ‘ਵੰਦੇ ਮਾਤਰਮ’ ਨੂੰ ਭਾਰਤੀ ਚੇਤਨਾ ਤੇ ਆਜ਼ਾਦੀ ਸੰਘਰਸ਼ ਨਾਲ ਜੋੜਦਿਆਂ ਕਿਹਾ ਕਿ ਇਸ ਨੂੰ ਆਪਣੀ ਪੂਰੀ ਸ਼ਾਨ ਹਾਸਲ ਕਰਨ ’ਚ 80 ਸਾਲ ਲੱਗੇ।