ਅਜ਼ਰਬਾਈਜਾਨ ਦੇ ਸਕੂਲਾਂ ’ਚ ਹਿਜਾਬ ’ਤੇ ਹੰਗਾਮਾ! ਮੁਸਲਿਮ ਵਿਦਿਆਰਥਣਾਂ ਨੂੰ ਕਲਾਸਾਂ ’ਚ ਜਾਣ ਤੋਂ ਰੋਕਿਆ, ਵਿਰੋਧ ’ਚ ਕੀਤਾ ਬਾਈਕਾਟ ਹਿਜਾਬ ਪਹਿਨ ਕੇ ਸਕੂਲ ਆਉਣ ਵਾਲੀਆਂ ਕਈ ਵਿਦਿਆਰਥਣਾਂ ਤੇ ਅਧਿਆਪਕਾਂ ਨੂੰ ਕਲਾਸਾਂ ’ਚ ਦਾਖ਼ਲ ਹੋਣ ਤੋਂ ਰੋਕ ਦਿੱਤਾ ਗਿਆ। ਇਸ ਦੇ ਵਿਰੋਧ ’ਚ ਘੱਟੋ-ਘੱਟ ਦੋ ਸਕੂਲਾਂ ਦੀਆਂ ਵਿਦਿਆਰਥਣਾਂ ਨੇ ਕਲਾਸਾਂ ਦਾ ਬਾਈਕਾਟ ਕਰ ਦਿੱਤਾ ਤੇ ਪ੍ਰਦਰਸ਼ਨ ਸ਼ੁਰੂ ਕਰ ਦਿੱਤੇ।
Publish Date: Wed, 14 Oct 2026 10:38 AM (IST)
Updated Date: Wed, 14 Oct 2026 10:40 AM (IST)
ਡਿਜੀਟਲ ਡੈਸਕ, ਨਵੀਂ ਦਿੱਲੀ। ਮੁਸਲਿਮ ਬਹੁਲ ਦੇਸ਼ ਅਜ਼ਰਬਾਈਜਾਨ ’ਚ ਸਰਕਾਰੀ ਸਕੂਲਾਂ ਦੇ ਨਵੇਂ ਡਰੈੱਸ ਕੋਡ ਨਿਯਮਾਂ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਦੇਸ਼ ਦੀ ਲਗਭਗ 96 ਫ਼ੀਸਦੀ ਆਬਾਦੀ ਮੁਸਲਿਮ ਹੋਣ ਦੇ ਬਾਵਜੂਦ ਸਰਕਾਰ ਨੇ ਅਜਿਹੇ ਕੱਪੜਿਆਂ ’ਤੇ ਪਾਬੰਦੀ ਲਗਾਈ ਹੈ, ਜਿਨ੍ਹਾਂ ਨੂੰ ਉਹ ਧਰਮ ਨਿਰਪੱਖਤਾ ਦੇ ਸਿਧਾਂਤਾਂ ਦੇ ਵਿਰੁੱਧ ਮੰਨਦੀ ਹੈ।
ਨਵੇਂ ਨਿਯਮਾਂ ’ਚ ਹਿਜਾਬ ਦਾ ਸਿੱਧੇ ਤੌਰ ’ਤੇ ਜ਼ਿਕਰ ਕਰਕੇ ਇਸ ’ਤੇ ਪਾਬੰਦੀ ਨਹੀਂ ਲਗਾਈ ਗਈ, ਪਰ ਧਾਰਮਿਕ ਪਛਾਣ ਦਰਸਾਉਣ ਵਾਲੇ ਪਹਿਰਾਵੇ ਸਕੂਲਾਂ ’ਚ ਪਹਿਨਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਹਿਜਾਬ ਪਹਿਨ ਕੇ ਸਕੂਲ ਆਉਣ ਵਾਲੀਆਂ ਕਈ ਵਿਦਿਆਰਥਣਾਂ ਤੇ ਅਧਿਆਪਕਾਂ ਨੂੰ ਕਲਾਸਾਂ ’ਚ ਦਾਖ਼ਲ ਹੋਣ ਤੋਂ ਰੋਕ ਦਿੱਤਾ ਗਿਆ। ਇਸ ਦੇ ਵਿਰੋਧ ’ਚ ਘੱਟੋ-ਘੱਟ ਦੋ ਸਕੂਲਾਂ ਦੀਆਂ ਵਿਦਿਆਰਥਣਾਂ ਨੇ ਕਲਾਸਾਂ ਦਾ ਬਾਈਕਾਟ ਕਰ ਦਿੱਤਾ ਤੇ ਪ੍ਰਦਰਸ਼ਨ ਸ਼ੁਰੂ ਕਰ ਦਿੱਤੇ।
ਸੋਸ਼ਲ ਮੀਡੀਆ ’ਤੇ ਕਈ ਵੀਡੀਓ ਵਾਇਰਲ ਹੋਈਆਂ ਹਨ, ਜਿਨ੍ਹਾਂ ’ਚ ਵਿਦਿਆਰਥਣਾਂ ਸਕੂਲ ਦੇ ਗੇਟ ’ਤੇ ਰੋਂਦੀਆਂ ਤੇ ਆਪਣੀਆਂ ਅਧਿਆਪਕਾਂ ਨੂੰ ਗਲੇ ਲਗਾਉਂਦੀਆਂ ਦਿਖਾਈ ਦੇ ਰਹੀਆਂ ਹਨ। ਇੱਕ ਅਧਿਆਪਕਾ ਜ਼ਹਰਾ ਹਸਾਨੋਵਾ ਨੇ ਕਿਹਾ ਕਿ ਹਿਜਾਬ ਪਹਿਨਣਾ ਨਿੱਜੀ ਫ਼ੈਸਲਾ ਹੈ ਤੇ ਕਿਸੇ ’ਤੇ ਵੀ ਇਸ ਨੂੰ ਜ਼ਬਰਦਸਤੀ ਉਤਾਰਨ ਜਾਂ ਪਹਿਨਣ ਲਈ ਦਬਾਅ ਨਹੀਂ ਪਾਇਆ ਜਾਣਾ ਚਾਹੀਦਾ।
ਸਰਕਾਰ ਦਾ ਤਰਕ ਹੈ ਕਿ ਸਾਰੇ ਵਿਦਿਆਰਥੀਆਂ ਲਈ ਇੱਕੋ ਜਿਹੀ ਵਰਦੀ ਹੋਣੀ ਚਾਹੀਦੀ ਹੈ। ਖ਼ਾਸ ਮੌਕਿਆਂ ’ਤੇ ਸੱਭਿਆਚਾਰਕ ਜਾਂ ਰਵਾਇਤੀ ਪਹਿਰਾਵੇ ਪਹਿਨਣ ਦੀ ਇਜਾਜ਼ਤ ਸਕੂਲ ਕਮੇਟੀ ਦੀ ਮਨਜ਼ੂਰੀ ਨਾਲ ਦਿੱਤੀ ਜਾ ਸਕਦੀ ਹੈ। ਅਜ਼ਰਬਾਈਜਾਨ ਦਾ ਸੰਵਿਧਾਨ ਦੇਸ਼ ਨੂੰ ਧਰਮ ਨਿਰਪੱਖ ਐਲਾਨਦਾ ਹੈ, ਜਦਕਿ ਨਾਗਰਿਕਾਂ ਨੂੰ ਆਪਣੇ ਧਰਮ ਦੀ ਪਾਲਣਾ ਕਰਨ ਦੀ ਆਜ਼ਾਦੀ ਵੀ ਦਿੰਦਾ ਹੈ।
ਜੇਲ੍ਹ ’ਚ ਬੰਦ ਪੱਤਰਕਾਰ ਪੋਲਾਦ ਅਸਲਾਨੋਵ ਨੇ ਵੀ ਇਸ ਫ਼ੈਸਲੇ ਦੇ ਵਿਰੋਧ ’ਚ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ। ਗੁਆਂਢੀ ਦੇਸ਼ ਤੁਰਕੀਏ ’ਚ ਵੀ ਇਸਤਾਂਬੁਲ ਸਥਿਤ ਅਜ਼ਰਬਾਈਜਾਨੀ ਦੂਤਾਵਾਸ ਦੇ ਬਾਹਰ ਪ੍ਰਦਰਸ਼ਨ ਕੀਤੇ ਗਏ, ਜਿੱਥੇ ਲੋਕਾਂ ਨੇ ਇਨ੍ਹਾਂ ਨਿਯਮਾਂ ’ਤੇ ਮੁੜ ਵਿਚਾਰ ਕਰਨ ਦੀ ਮੰਗ ਕੀਤੀ।