‘ਕੁਝ ਤਾਂ ਕੀਤਾ ਹੋਵੇਗਾ, ਤਾਹੀਂ ਲੋਕਾਂ ਨੇ ਵਾਰ-ਵਾਰ ਵੋਟ ਦਿੱਤੀ...’ PM ਮੋਦੀ ਨੂੰ ਲੈ ਕੇ ਉਮਰ ਅਬਦੁੱਲਾ ਦਾ ਵੱਡਾ ਬਿਆਨ ਉਮਰ ਅਬਦੁੱਲਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਤਕ ਜੀਵਨ ਦੇ 25 ਸਾਲ ਪੂਰੇ ਹੋਣ ’ਤੇ ਉਨ੍ਹਾਂ ਨੂੰ ਵਧਾਈ ਦਿੱਤੀ ਤੇ ਉਨ੍ਹਾਂ ਦੀ ਲਗਾਤਾਰ ਚੋਣੀ ਸਫਲਤਾ ਦੀ ਸ਼ਲਾਘਾ ਕੀਤੀ।
Publish Date: Wed, 07 Oct 2026 04:40 PM (IST)
Updated Date: Wed, 07 Oct 2026 04:42 PM (IST)
ਡਿਜੀਟਲ ਡੈਸਕ, ਸ਼੍ਰੀਨਗਰ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਤਕ ਜੀਵਨ ਦੇ 25 ਸਾਲ ਪੂਰੇ ਹੋਣ ’ਤੇ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਪ੍ਰਤੀਕਿਰਿਆ ਦਿੱਤੀ ਹੈ। ਮੀਡੀਆ ਕਰਮਚਾਰੀਆਂ ਨਾਲ ਗੱਲਬਾਤ ਕਰਦਿਆਂ ਉਮਰ ਨੇ ਪ੍ਰਧਾਨ ਮੰਤਰੀ ਬਾਰੇ ਕਿਹਾ ਕਿ PM ਮੋਦੀ ਦੇ ਇਸ ਸਿਆਸੀ ਸਫ਼ਰ ਦਾ ਮੁਲਾਂਕਣ ਕਰਨਾ ਮੁਸ਼ਕਲ ਹੈ।
ਪ੍ਰਧਾਨ ਮੰਤਰੀ ਦੇ ਸਿਆਸੀ ਜੀਵਨ ਨੂੰ ਵੱਡੀ ਸਫਲਤਾ ਦੱਸਦਿਆਂ ਉਨ੍ਹਾਂ ਕਿਹਾ ਕਿ PM ਨੇ ਜ਼ਰੂਰ ਕੁਝ ਅਜਿਹਾ ਕੀਤਾ ਹੋਵੇਗਾ, ਜਿਸ ਕਾਰਨ ਲੋਕ ਉਨ੍ਹਾਂ ਨੂੰ ਵੋਟ ਦਿੰਦੇ ਹਨ। ਉਮਰ ਅਬਦੁੱਲਾ ਨੇ ਕਿਹਾ,
“ਉਨ੍ਹਾਂ (PM ਮੋਦੀ) ਨੇ ਜ਼ਰੂਰ ਕੁਝ ਅਜਿਹਾ ਕੀਤਾ ਹੋਵੇਗਾ ਕਿ ਲੋਕਾਂ ਨੇ ਉਨ੍ਹਾਂ ਨੂੰ ਵਾਰ-ਵਾਰ ਵੋਟ ਦਿੱਤੀ। ਲਗਾਤਾਰ 25 ਸਾਲ ਤੱਕ ਚੋਣ ਜਿੱਤਣਾ ਆਸਾਨ ਨਹੀਂ ਹੈ। ਪਹਿਲਾਂ ਸੂਬਾ ਪੱਧਰ ’ਤੇ ਤੇ ਫਿਰ ਕੇਂਦਰ ਪੱਧਰ ’ਤੇ। ਇਸ ਲਈ ਮੈਂ ਆਪਣੀ ਤੇ ਆਪਣੇ ਸਾਥੀਆਂ ਵੱਲੋਂ ਉਨ੍ਹਾਂ ਨੂੰ ਵਧਾਈ ਦੇਣਾ ਚਾਹੁੰਦਾ ਹਾਂ।”
— ਉਮਰ ਅਬਦੁੱਲਾ, ਮੁੱਖ ਮੰਤਰੀ, ਜੰਮੂ-ਕਸ਼ਮੀਰ
ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਲ 2001 ’ਚ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ। ਇਸ ਤਰ੍ਹਾਂ ਉਨ੍ਹਾਂ ਦੇ ਸਫਲ ਸਿਆਸੀ ਜੀਵਨ ਦੇ 25 ਸਾਲ ਪੂਰੇ ਹੋ ਗਏ ਹਨ। ਉਹ ਮਈ 2014 ਤੋਂ ਭਾਰਤ ਦੇ ਪ੍ਰਧਾਨ ਮੰਤਰੀ ਦੇ ਅਹੁਦੇ ’ਤੇ ਹਨ।
SIR ਨੂੰ ਲੈ ਕੇ ਕੀ ਬੋਲੇ ਉਮਰ? ਉੱਥੇ ਹੀ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਬੁੱਧਵਾਰ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ’ਚ ਵੋਟਰ ਸੂਚੀ ਦੇ ਪ੍ਰਸਤਾਵਿਤ ‘ਸਪੈਸ਼ਲ ਇੰਟੈਂਸਿਵ ਰਿਵਿਜ਼ਨ’ (SIR) ਨੂੰ ਲੈ ਕੇ ਵੀ ਚਿੰਤਾ ਜ਼ਾਹਰ ਕੀਤੀ। ਉਨ੍ਹਾਂ ਦੋਸ਼ ਲਗਾਇਆ ਕਿ ਇਸ ਪ੍ਰਕਿਰਿਆ ਦੀ ਵਰਤੋਂ ਚੋਣ ਪ੍ਰਕਿਰਿਆ ’ਚ ਦਖਲ ਦੇਣ ਲਈ ਕੀਤੀ ਜਾ ਸਕਦੀ ਹੈ, ਜਿਵੇਂ ਦੇਸ਼ ਦੇ ਹੋਰ ਹਿੱਸਿਆਂ ’ਚ ਹੋ ਰਿਹਾ ਹੈ।
ਸ਼੍ਰੀਨਗਰ ’ਚ ਮੀਡੀਆ ਨਾਲ ਗੱਲ ਕਰਦਿਆਂ ਉਮਰ ਨੇ ਕਿਹਾ ਕਿ ਜਿਸ ਤਰ੍ਹਾਂ ਦੇਸ਼ ਦੇ ਬਾਕੀ ਹਿੱਸਿਆਂ ’ਚ ਚੋਣਾਂ ’ਚ ਦਖਲ ਦੇਣ ਲਈ SIR ਦੀ ਵਰਤੋਂ ਕੀਤੀ ਜਾ ਰਹੀ ਹੈ, ਉਸੇ ਤਰ੍ਹਾਂ ਦੀ ਸੰਭਾਵਨਾ ਹੈ ਕਿ ਜੰਮੂ-ਕਸ਼ਮੀਰ ’ਚ ਵੀ ਅਜਿਹਾ ਕੀਤਾ ਜਾਵੇਗਾ।
ਕੇਂਦਰ ਸ਼ਾਸਿਤ ਪ੍ਰਦੇਸ਼ ਪਹਿਲਾਂ ਹੀ ਇਸ ਤਰ੍ਹਾਂ ਦੇ ਦਖਲ ਦਾ ਸ਼ਿਕਾਰ ਹੋ ਚੁੱਕਾ ਹੈ, ਇਹ ਦੋਸ਼ ਲਗਾਉਂਦਿਆਂ ਉਮਰ ਨੇ ਕਿਹਾ ਕਿ ਅਸੀਂ ਜੰਮੂ-ਕਸ਼ਮੀਰ ’ਚ ਹੋਈ ਹੱਦਬੰਦੀ ਨੂੰ ਨਹੀਂ ਭੁੱਲੇ ਹਾਂ। ਉਨ੍ਹਾਂ ਕਿਹਾ ਕਿ ਹੱਦਬੰਦੀ ਦਾ ਮਕਸਦ ਭਾਜਪਾ ਨੂੰ ਫਾਇਦਾ ਪਹੁੰਚਾਉਣਾ ਸੀ ਤੇ SIR ਨਾਲ ਵੀ ਅਜਿਹਾ ਹੀ ਹੋਵੇਗਾ।
ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜੰਮੂ-ਕਸ਼ਮੀਰ ’ਚ ਵਿਧਾਨ ਸਭਾ ਹਲਕਿਆਂ ਦੀ ਹੱਦਬੰਦੀ ਕੀਤੀ ਗਈ ਸੀ, ਜਿਸ ਤੋਂ ਬਾਅਦ ਸੀਟਾਂ ਦੀ ਗਿਣਤੀ 83 ਤੋਂ ਵੱਧ ਕੇ 90 ਹੋ ਗਈ ਸੀ। ਕਸ਼ਮੀਰ ਘਾਟੀ ’ਚ ਸੀਟਾਂ ਦੀ ਗਿਣਤੀ 46 ਤੋਂ ਵੱਧ ਕੇ 47 ਹੋਈ, ਜਦਕਿ ਜੰਮੂ ਖੇਤਰ ’ਚ ਇਹ 37 ਤੋਂ ਵੱਧ ਕੇ 43 ਹੋ ਗਈ।