ਹਰਿਦੁਆਰ ’ਚ ਧੀਆਂ ਨੂੰ ਵੱਡਾ ਮਾਣ, ਪੰਜ ਬੇਟੀਆਂ ਨੇ ਇੱਕ ਦਿਨ ਲਈ ਸੰਭਾਲੀ ਜ਼ਿਲ੍ਹਾ ਮੈਜਿਸਟ੍ਰੇਟ ਦੀ ਕੁਰਸੀ
ਅੰਤਰਰਾਸ਼ਟਰੀ ਬਾਲਿਕਾ ਦਿਵਸ ਮੌਕੇ ਹਰਿਦੁਆਰ ’ਚ ਪੰਜ ਬਾਲਿਕਾਵਾਂ ਨੂੰ ਇੱਕ ਦਿਨ ਲਈ ਜ਼ਿਲ੍ਹਾ ਮੈਜਿਸਟ੍ਰੇਟ ਬਣਾਇਆ ਗਿਆ। ਉਨ੍ਹਾਂ ਨੇ ਪ੍ਰਸ਼ਾਸਨਿਕ ਕੰਮਕਾਜ ਨੂੰ ਸਮਝਿਆ, ਜਨ ਸੁਣਵਾਈ ’ਚ ਹਿੱਸਾ ਲਿਆ ਤੇ ਬਾਲਿਕਾ ਸਿੱਖਿਆ ਤੇ ਲਿੰਗ ਸਮਾਨਤਾ ਪ੍ਰਤੀ ਜਾਗਰੂਕਤਾ ਫੈਲਾਉਣ ਦਾ ਸੰਕਲਪ ਲਿਆ।
Publish Date: Mon, 12 Oct 2026 04:20 PM (IST)
Updated Date: Mon, 12 Oct 2026 04:32 PM (IST)
ਜਾਗਰਣ ਸੰਵਾਦਦਾਤਾ, ਹਰਿਦੁਆਰ। ਅੰਤਰਰਾਸ਼ਟਰੀ ਬਾਲਿਕਾ ਦਿਵਸ ਦੇ ਮੌਕੇ ’ਤੇ ਬਾਲਿਕਾ ਸਸ਼ਕਤੀਕਰਨ ਤੇ ਲਿੰਗ ਸਮਾਨਤਾ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਇੱਕ ਵਿਲੱਖਣ ਪਹਿਲ ਕੀਤੀ ਗਈ। ਰਿਲੈਕਸੋ ਫੁਟਵੀਅਰਜ਼ ਲਿਮਟਿਡ ਦੀ ਸੀਐੱਸਆਰ ਪਹਿਲ ਤਹਿਤ ਚਲਾਏ ਜਾ ਰਹੇ ਪਰਿਵਰਤਨ ਆਦਰਸ਼ ਵਿਦਿਆਲਾ ਪ੍ਰੋਜੈਕਟ ਦੀ ਸਹਿਯੋਗੀ ਸੰਸਥਾ ਮਮਤਾ-ਐੱਚਆਈਐੱਮਸੀ ਵੱਲੋਂ ਪੰਜ ਬਾਲਿਕਾਵਾਂ ਨੂੰ ਇੱਕ ਦਿਨ ਲਈ ਹਰਿਦੁਆਰ ਦਾ ਜ਼ਿਲ੍ਹਾ ਮੈਜਿਸਟ੍ਰੇਟ ਬਣਨ ਦਾ ਮੌਕਾ ਦਿੱਤਾ ਗਿਆ।
ਇਸ ਦੌਰਾਨ ਬਾਲਿਕਾਵਾਂ ਨੇ ਪ੍ਰਸ਼ਾਸਨਿਕ ਕੰਮਕਾਜ ਨੂੰ ਨੇੜਿਓਂ ਸਮਝਿਆ ਤੇ ਜਨ ਸੁਣਵਾਈ ’ਚ ਹਿੱਸਾ ਲੈ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ। ਜ਼ਿਲ੍ਹਾ ਮੈਜਿਸਟ੍ਰੇਟ ਮਯੂਰ ਦੀਕਸ਼ਿਤ ਨੇ ਇਸ ਪ੍ਰੋਗਰਾਮ ਤਹਿਤ ਪੰਜ ਬਾਲਿਕਾਵਾਂ ਨੂੰ ਇਹ ਮੌਕਾ ਪ੍ਰਦਾਨ ਕੀਤਾ। ਬਾਲਿਕਾਵਾਂ ਨੇ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵੈਭਵ ਗੁਪਤਾ ਨਾਲ ਜਨ ਸੁਣਵਾਈ ’ਚ ਹਿੱਸਾ ਲਿਆ ਤੇ ਵੱਖ-ਵੱਖ ਸਮੱਸਿਆਵਾਂ ਸਬੰਧੀ ਆਪਣੇ ਸੁਝਾਅ ਪੇਸ਼ ਕੀਤੇ। ਇਸ ਤੋਂ ਬਾਅਦ ਉਨ੍ਹਾਂ ਨੇ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਨਾਲ ਆਪਣੇ ਤਜਰਬੇ ਸਾਂਝੇ ਕੀਤੇ। ਬਾਲਿਕਾਵਾਂ ਨੇ ਕਿਹਾ ਕਿ ਉਹ ਆਪਣੇ-ਆਪਣੇ ਇਲਾਕਿਆਂ ’ਚ ਇਨ੍ਹਾਂ ਤਜਰਬਿਆਂ ਬਾਰੇ ਲੋਕਾਂ ਨੂੰ ਦੱਸਣਗੀਆਂ ਤੇ ਬਾਲਿਕਾ ਸਿੱਖਿਆ ਤੇ ਲਿੰਗ ਸਮਾਨਤਾ ਪ੍ਰਤੀ ਜਾਗਰੂਕ ਕਰਨਗੀਆਂ।
ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵੈਭਵ ਗੁਪਤਾ ਨੇ ਬਾਲਿਕਾਵਾਂ ਨੂੰ ਆਪਣੇ ਟੀਚਿਆਂ ਦੀ ਪ੍ਰਾਪਤੀ ਲਈ ਲਗਾਤਾਰ ਯਤਨ ਕਰਨ ਤੇ ਸਮਾਜ ’ਚ ਪ੍ਰੇਰਨਾਦਾਇਕ ਮਿਸਾਲ ਬਣਨ ਲਈ ਉਤਸ਼ਾਹਿਤ ਕੀਤਾ। ਇਸ ਤੋਂ ਬਾਅਦ ਪੰਜਾਂ ਬਾਲਿਕਾਵਾਂ ਨੇ ਜ਼ਿਲ੍ਹਾ ਆਫ਼ਤ ਪ੍ਰਬੰਧਨ ਅਧਿਕਾਰੀ ਮੀਰਾ ਰਾਵਤ ਨਾਲ ਜ਼ਿਲ੍ਹਾ ਆਫ਼ਤ ਕੰਟਰੋਲ ਰੂਮ ਦਾ ਨਿਰੀਖਣ ਕੀਤਾ। ਇਸ ਦੌਰਾਨ ਉਨ੍ਹਾਂ ਨੇ ਆਫ਼ਤ ਕੰਟਰੋਲ ਰੂਮ ਦੇ ਕੰਮਕਾਜ ਤੇ ਐਮਰਜੈਂਸੀ ਹਾਲਾਤ ’ਚ ਰਾਹਤ ਤੇ ਬਚਾਅ ਕਾਰਜਾਂ ਦੇ ਤਾਲਮੇਲ ਬਾਰੇ ਜਾਣਕਾਰੀ ਹਾਸਲ ਕੀਤੀ। ਰਿਲੈਕਸੋ ਵੱਲੋਂ ਅੰਤਰਰਾਸ਼ਟਰੀ ਬਾਲਿਕਾ ਦਿਵਸ ਦੇ ਮੱਦੇਨਜ਼ਰ ਹਫ਼ਤਾਵਾਰੀ ਜਾਗਰੂਕਤਾ ਪ੍ਰੋਗਰਾਮ ਵੀ ਕਰਵਾਏ ਗਏ।
ਪਰਿਵਰਤਨ ਪ੍ਰੋਜੈਕਟ ਤਹਿਤ 44 ਸਕੂਲਾਂ ’ਚ ਬਾਲਿਕਾਵਾਂ ਲਈ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ। ਲਕਸਰ ਬਾਜ਼ਾਰ ’ਚ ਕੱਢੀ ਗਈ ਜਾਗਰੂਕਤਾ ਰੈਲੀ ਨੂੰ ਕੇਵੀ ਇੰਟਰ ਕਾਲਜ ਦੇ ਪ੍ਰਿੰਸੀਪਲ ਜੇਪੀ ਸਿੰਘ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਰੈਲੀ ਤੋਂ ਬਾਅਦ ਕਮਿਊਨਿਟੀ ਹੈਲਥ ਸੈਂਟਰ ਦੇ ਇੰਚਾਰਜ ਮੈਡੀਕਲ ਅਫ਼ਸਰ ਡਾ. ਸਈਅਦ ਰਫ਼ੀ ਨੇ ਵਿਦਿਆਰਥਣਾਂ ਨੂੰ ਸਿਹਤਮੰਦ ਜੀਵਨਸ਼ੈਲੀ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਜ਼ਿਲ੍ਹਾ ਮੈਜਿਸਟ੍ਰੇਟ ਮਯੂਰ ਦੀਕਸ਼ਿਤ ਨੇ ਰਿਲੈਕਸੋ ਦੀ ਇਸ ਪਹਿਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਬਾਲਿਕਾ ਸਿੱਖਿਆ ਨੂੰ ਉਤਸ਼ਾਹਿਤ ਕਰਨ ਦੀ ਦਿਸ਼ਾ ’ਚ ਇਹ ਇੱਕ ਸ਼ਲਾਘਾਯੋਗ ਕਦਮ ਹੈ।
ਉਨ੍ਹਾਂ ਨੇ ਅਜਿਹੇ ਪ੍ਰੋਗਰਾਮ ਵੱਧ ਤੋਂ ਵੱਧ ਥਾਵਾਂ ’ਤੇ ਕਰਵਾਉਣ ਦੀ ਲੋੜ ’ਤੇ ਜ਼ੋਰ ਦਿੱਤਾ ਤੇ ਬਾਲਿਕਾਵਾਂ ਨੂੰ ਆਪਣੇ ਸੁਪਨੇ ਸਾਕਾਰ ਕਰਨ ਲਈ ਪ੍ਰੇਰਿਤ ਕੀਤਾ। ਰਿਲੈਕਸੋ ਦੇ ਸੀਐੱਸਆਰ ਮੁਖੀ ਗੰਭੀਰ ਅਗਰਵਾਲ ਨੇ ਦੱਸਿਆ ਕਿ ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਪੇਂਡੂ ਇਲਾਕਿਆਂ ’ਚ ਬਾਲਿਕਾ ਸਿੱਖਿਆ ਨੂੰ ਉਤਸ਼ਾਹਿਤ ਕਰਨਾ ਤੇ ਉਨ੍ਹਾਂ ਦੇ ਸਰਬਪੱਖੀ ਵਿਕਾਸ ਲਈ ਬਰਾਬਰ ਮੌਕੇ ਮੁਹੱਈਆ ਕਰਵਾਉਣਾ ਹੈ। ਉਨ੍ਹਾਂ ਨੇ ਪ੍ਰੋਗਰਾਮ ਦੇ ਸਫ਼ਲ ਆਯੋਜਨ ’ਚ ਸਹਿਯੋਗ ਦੇਣ ਲਈ ਜ਼ਿਲ੍ਹਾ ਮੈਜਿਸਟ੍ਰੇਟ, ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਤੇ ਹੋਰ ਅਧਿਕਾਰੀਆਂ ਦਾ ਧੰਨਵਾਦ ਕੀਤਾ।