ਹਾਫ਼ਿਜ਼ ਸਈਦ 'ਤੇ ਕੱਸੇਗਾ ਸ਼ਿਕੰਜਾ! 26/11 ਅੱਤਵਾਦੀ ਹਮਲੇ ’ਚ BNSS ਕਾਨੂੰਨ ਤਹਿਤ ਚੱਲੇਗਾ ਕੇਸ, ਸਪੈਸ਼ਲ ਕੋਰਟ ’ਚ ਪ੍ਰਕਿਰਿਆ ਸ਼ੁਰੂ
ਇਹ ਟ੍ਰਾਇਲ ਇਨ੍ਹਾਂ ਅੱਤਵਾਦੀਆਂ ਦੀ ਗੈਰ-ਮੌਜੂਦਗੀ ਵਿੱਚ ਹੋਵੇਗਾ। ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ (BNSS) ਤਹਿਤ ਇਹ ਪਹਿਲਾ ਮਾਮਲਾ ਹੋਵੇਗਾ, ਜਦੋਂ ਅੱਤਵਾਦੀਆਂ ਦੀ ਗੈਰ-ਮੌਜੂਦਗੀ ਵਿੱਚ ਉਨ੍ਹਾਂ 'ਤੇ ਟ੍ਰਾਇਲ ਚਲਾਇਆ ਜਾਵੇਗਾ।
Publish Date: Tue, 18 Aug 2026 11:00 AM (IST)
Updated Date: Tue, 18 Aug 2026 11:02 AM (IST)
ਡਿਜੀਟਲ ਡੈਸਕ, ਨਵੀਂ ਦਿੱਲੀ। ਮੁੰਬਈ ਵਿੱਚ ਹੋਏ 26/11 ਅੱਤਵਾਦੀ ਹਮਲੇ ਦੇ ਦੋਸ਼ੀ 6 ਪਾਕਿਸਤਾਨੀ ਅੱਤਵਾਦੀਆਂ ਖ਼ਿਲਾਫ਼ ਟ੍ਰਾਇਲ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਇਨ੍ਹਾਂ ਦੋਸ਼ੀਆਂ ਵਿੱਚ ਲਸ਼ਕਰ-ਏ-ਤੋਇਬਾ ਦਾ ਹੈਂਡਲਰ ਹਾਫ਼ਿਜ਼ ਸਈਦ ਅਤੇ ਜ਼ਕੀ-ਉਰ-ਰਹਿਮਾਨ ਲਖਵੀ ਵੀ ਸ਼ਾਮਲ ਹਨ।
ਇਹ ਟ੍ਰਾਇਲ ਇਨ੍ਹਾਂ ਅੱਤਵਾਦੀਆਂ ਦੀ ਗੈਰ-ਮੌਜੂਦਗੀ ਵਿੱਚ ਹੋਵੇਗਾ। ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ (BNSS) ਤਹਿਤ ਇਹ ਪਹਿਲਾ ਮਾਮਲਾ ਹੋਵੇਗਾ, ਜਦੋਂ ਅੱਤਵਾਦੀਆਂ ਦੀ ਗੈਰ-ਮੌਜੂਦਗੀ ਵਿੱਚ ਉਨ੍ਹਾਂ 'ਤੇ ਟ੍ਰਾਇਲ ਚਲਾਇਆ ਜਾਵੇਗਾ।
BNSS ਤਹਿਤ ਪਹਿਲਾ ਮਾਮਲਾ
ਸਪੈਸ਼ਲ ਪਬਲਿਕ ਪ੍ਰੌਸੀਕਿਊਟਰ ਉੱਜਵਲ ਨਿਕਮ ਨੇ ਕਿਹਾ ਕਿ BNSS 2023 ਦੀ ਧਾਰਾ 356 ਭਗੌੜੇ ਅਪਰਾਧੀਆਂ ਖ਼ਿਲਾਫ਼ ਉਨ੍ਹਾਂ ਦੀ ਗੈਰ-ਮੌਜੂਦਗੀ ਵਿੱਚ ਟ੍ਰਾਇਲ ਦੀ ਇਜਾਜ਼ਤ ਦਿੰਦੀ ਹੈ ਤਾਂ ਜੋ ਨਿਆਂ ਵਿੱਚ ਦੇਰੀ ਨਾ ਹੋਵੇ।
26/11 ਮਾਮਲੇ ਦੀ ਸੁਣਵਾਈ ਸਪੈਸ਼ਲ ਕੋਰਟ ਕਰ ਰਹੀ ਹੈ। ਅਦਾਲਤ ਨੇ ਸਈਦ, ਲਖਵੀ, ਸਾਜਿਦ ਮੀਰ, ਅਬੂ ਅਲਕਮਾ, ਆਸਿਮ ਉਰਫ਼ ਅਬੂ ਕਹਫ਼ਾ ਅਤੇ ਮੇਜਰ ਅਬਦੁਰ ਰਹਿਮਾਨ ਪਾਸ਼ਾ ਖ਼ਿਲਾਫ਼ ਘੋਸ਼ਣਾ ਪੱਤਰ ਜਾਰੀ ਕੀਤਾ।
ਹਾਫ਼ਿਜ਼ ਸਈਦ ਨੇ ਰਚੀ ਸੀ ਸਾਜ਼ਿਸ਼
ਹਾਫ਼ਿਜ਼ ਸਈਦ 'ਤੇ 26/11 ਹਮਲੇ ਦੀ ਸਾਜ਼ਿਸ਼ ਰਚਣ ਦਾ ਦੋਸ਼ ਹੈ। ਲਖਵੀ, ਕਹਫ਼ਾ ਅਤੇ ਅਲਕਮਾ ਅੱਤਵਾਦੀਆਂ ਦੀ ਸਿਖਲਾਈ ਕਰਵਾ ਰਹੇ ਸਨ। ਇਹ ਸਾਰੇ ਸਈਦ ਜ਼ਬੀਉੱਦੀਨ ਉਰਫ਼ ਅਬੂ ਜੁੰਦਾਲ ਨਾਲ ਕਰਾਚੀ ਵਿੱਚ ਬਣੇ ਕੰਟਰੋਲ ਰੂਮ ਵਿੱਚ ਮੌਜੂਦ ਸਨ। ਅਬੂ ਜੁੰਦਾਲ ਨੇ ਹੀ ਅੱਤਵਾਦੀਆਂ ਨੂੰ ਹਿੰਦੀ ਅਤੇ ਸਥਾਨਕ ਭਾਸ਼ਾਵਾਂ ਸਿਖਾਈਆਂ ਸਨ।
ਪੁਲਿਸ ਕਮਿਸ਼ਨਰ ਦੇਵੇਨ ਭਾਰਤੀ ਨੇ ਕਿਹਾ ਕਿ ਸਾਡੇ ਕੋਲ ਉਨ੍ਹਾਂ ਭਗੌੜੇ ਅੱਤਵਾਦੀਆਂ ਖ਼ਿਲਾਫ਼ ਲੋੜੀਂਦੇ ਸਬੂਤ ਹਨ ਅਤੇ ਦੇਸ਼ ਦੇ ਕਾਨੂੰਨ ਮੁਤਾਬਕ ਉਨ੍ਹਾਂ 'ਤੇ ਮੁਕੱਦਮਾ ਚਲਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ BNSS ਦੀ ਧਾਰਾ 356 ਦੀ ਵਰਤੋਂ ਕਰਕੇ ਅੱਤਵਾਦੀਆਂ ਨੂੰ ਸਜ਼ਾ ਦਿਵਾਈ ਜਾ ਸਕਦੀ ਹੈ, ਇਸ ਲਈ ਸਪੈਸ਼ਲ ਪਬਲਿਕ ਪ੍ਰੌਸੀਕਿਊਟਰ ਨੂੰ ਜਲਦੀ ਟ੍ਰਾਇਲ ਲਈ ਪੱਤਰ ਲਿਖਿਆ ਗਿਆ ਹੈ।
ਇੰਟਰਪੋਲ ਦੀ ਲਈ ਜਾਵੇਗੀ ਮਦਦ
ਉੱਜਵਲ ਨਿਕਮ ਨੇ ਦੱਸਿਆ ਕਿ ਉਨ੍ਹਾਂ ਨੇ ਸਪੈਸ਼ਲ ਕੋਰਟ ਵਿੱਚ ਇੱਕ ਅਰਜ਼ੀ ਦਾਖ਼ਲ ਕਰਕੇ ਟ੍ਰਾਇਲ ਚਲਾਉਣ ਦੀ ਬੇਨਤੀ ਕੀਤੀ ਹੈ। ਉਨ੍ਹਾਂ ਕਿਹਾ ਕਿ ਕੋਰਟ ਨੇ ਘੋਸ਼ਣਾ ਪੱਤਰ ਜਾਰੀ ਕਰਕੇ ਇਨ੍ਹਾਂ 6 ਦੋਸ਼ੀਆਂ ਨੂੰ 18 ਅਗਸਤ ਨੂੰ ਕੋਰਟ ਵਿੱਚ ਪੇਸ਼ ਹੋਣ ਲਈ ਕਿਹਾ ਹੈ। ਇਸ ਘੋਸ਼ਣਾ ਪੱਤਰ ਨੂੰ ਇੰਟਰਪੋਲ ਜ਼ਰੀਏ ਪ੍ਰਕਾਸ਼ਤ ਕਰਨ ਲਈ ਗ੍ਰਹਿ ਮੰਤਰਾਲੇ ਨੂੰ ਵੀ ਲਿਖਿਆ ਗਿਆ ਹੈ।
ਦੱਸ ਦਈਏ ਕਿ 26-29 ਨਵੰਬਰ 2008 ਨੂੰ ਹੋਟਲ ਤਾਜ ਪੈਲਸ, ਹੋਟਲ ਟ੍ਰਾਈਡੈਂਟ, ਛਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਸ, ਯਹੂਦੀ ਸੈਂਟਰ ਨਰੀਮਨ ਹਾਊਸ, ਕਾਮਾ ਹਸਪਤਾਲ, ਕੈਫੇ ਲਿਓਪੋਲਡ ਅਤੇ ਦੂਜੀਆਂ ਥਾਵਾਂ 'ਤੇ ਹਮਲੇ ਕੀਤੇ ਗਏ ਸਨ, ਜਿਸ ਵਿੱਚ 166 ਲੋਕਾਂ ਦੀ ਮੌਤ ਹੋ ਗਈ ਸੀ। ਇਨ੍ਹਾਂ ਲੋਕਾਂ ਵਿੱਚ ਯੂ.ਕੇ., ਯੂ.ਐੱਸ. ਅਤੇ ਇਜ਼ਰਾਈਲ ਦੇ ਕਈ ਨਾਗਰਿਕ ਵੀ ਸ਼ਾਮਲ ਸਨ।
ਸੁਰੱਖਿਆ ਬਲਾਂ ਨੇ 9 ਅੱਤਵਾਦੀਆਂ ਨੂੰ ਮਾਰ ਮੁਕਾਇਆ ਸੀ ਅਤੇ ਇੱਕ ਅੱਤਵਾਦੀ ਅਜਮਲ ਕਸਾਬ ਨੂੰ ਜ਼ਿੰਦਾ ਫੜ ਲਿਆ ਗਿਆ ਸੀ। ਕਿਹਾ ਜਾਂਦਾ ਹੈ ਕਿ ਜੁੰਦਾਲ, ਲਖਵੀ, ਅਲਕਮਾ ਅਤੇ ਕਹਫ਼ਾ ਕੰਟਰੋਲ ਰੂਮ ਵਿੱਚ ਬੈਠ ਕੇ ਟੀਵੀ 'ਤੇ ਆਪ੍ਰੇਸ਼ਨ ਦੇਖ ਰਹੇ ਸਨ।