
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸੁਪਰੀਮ ਕੋਰਟ ਨੇ ਗੋਆ ਦੇ ਬਹੁਚਰਚਿਤ ‘ਬਰਚ ਬਾਇ ਰੋਮੀਓ ਲੇਨ’ ਨਾਈਟ ਕਲੱਬ ਅਗਨੀ ਕਾਂਡ ਮਾਮਲੇ ਵਿਚ ਵੱਡਾ ਕਦਮ ਚੁੱਕਦਿਆਂ ਕਲੱਬ ਦੇ ਸਹਿ-ਮਾਲਕਾਂ ਦੀ ਜ਼ਮਾਨਤ ਰੱਦ ਕਰਨ ਵਾਲੇ ਬਾਂਬੇ ਹਾਈ ਕੋਰਟ ਦੇ ਹੁਕਮ ਨੂੰ ਬਰਕਰਾਰ ਰੱਖਿਆ ਹੈ।

ਨਵੀਂ ਦਿੱਲੀ (ਪੀਟੀਆਈ) : ਸੁਪਰੀਮ ਕੋਰਟ ਨੇ ਗੋਆ ਦੇ ਬਹੁਚਰਚਿਤ ‘ਬਰਚ ਬਾਇ ਰੋਮੀਓ ਲੇਨ’ ਨਾਈਟ ਕਲੱਬ ਅਗਨੀ ਕਾਂਡ ਮਾਮਲੇ ਵਿਚ ਵੱਡਾ ਕਦਮ ਚੁੱਕਦਿਆਂ ਕਲੱਬ ਦੇ ਸਹਿ-ਮਾਲਕਾਂ ਦੀ ਜ਼ਮਾਨਤ ਰੱਦ ਕਰਨ ਵਾਲੇ ਬਾਂਬੇ ਹਾਈ ਕੋਰਟ ਦੇ ਹੁਕਮ ਨੂੰ ਬਰਕਰਾਰ ਰੱਖਿਆ ਹੈ। ਜਸਟਿਸ ਦੀਪਾਂਕਰ ਦੱਤਾ ਅਤੇ ਜਸਟਿਸ ਸ਼ੀਲ ਨਾਗੂ ਦੇ ਬੈਂਚ ਨੇ ਸੌਰਭ ਲੂਥਰਾ, ਗੌਰਵ ਲੂਥਰਾ ਅਤੇ ਉਨ੍ਹਾਂ ਦੇ ਬਿਜ਼ਨਸ ਪਾਰਟਨਰ ਅਜੇ ਗੁਪਤਾ ਵੱਲੋਂ ਦਾਇਰ ਕਈ ਪਟੀਸ਼ਨਾਂ ਖਾਰਜ ਕਰਦਿਆਂ ਤਿੰਨਾਂ ਮੁਲਜ਼ਮਾਂ ਨੂੰ ਦੋ ਹਫ਼ਤਿਆਂ ਅੰਦਰ ਆਤਮ-ਸਮਰਪਣ (ਸਰੰਡਰ) ਕਰਨ ਦਾ ਸਖ਼ਤ ਨਿਰਦੇਸ਼ ਦਿੱਤਾ ਹੈ। ਇਸ ਦੇ ਨਾਲ ਹੀ ਟਰਾਇਲ ਕੋਰਟ ਨੂੰ ਦੋਸ਼ ਤੈਅ ਕਰਨ ਦੀ ਪ੍ਰਕਿਰਿਆ ਤੇਜ਼ ਕਰ ਕੇ ਸੁਣਵਾਈ ਵਿਚ ਵੀ ਤੇਜ਼ੀ ਲਿਆਉਣ ਲਈ ਕਿਹਾ ਹੈ।
ਗ਼ੌਰਤਲਬ ਹੈ ਕਿ ਪਿਛਲੇ ਸਾਲ 6 ਦਸੰਬਰ ਨੂੰ ਉੱਤਰੀ ਗੋਆ ਦੇ ਅਰਪੋਰਾ ਇਲਾਕੇ ਵਿਚ ਸਥਿਤ ਇਸ ਨਾਈਟ ਕਲੱਬ ਵਿਚ ਭਿਆਨਕ ਅੱਗ ਲੱਗਣ ਕਾਰਨ 25 ਲੋਕਾਂ ਦੀ ਮੌਤ ਹੋ ਗਈ ਸੀ ਅਤੇ 50 ਤੋਂ ਵੱਧ ਲੋਕ ਜ਼ਖ਼ਮੀ ਹੋਏ ਸਨ। ਜਾਂਚ ਵਿਚ ਸਾਹਮਣੇ ਆਇਆ ਕਿ ਇਹ ਰੈਸਟੋਰੈਂਟ ਬਿਨਾਂ ਜਾਇਜ਼ ਲਾਇਸੈਂਸ ਦੇ ਚਲਾਇਆ ਜਾ ਰਿਹਾ ਸੀ ਅਤੇ ਇਸ ਦੀ ਬਣਤਰ ਵੀ ਗ਼ੈਰ-ਅਧਿਕਾਰਤ ਸੀ, ਜਿਸ ਵਿਚ ਅੱਗ ਤੋਂ ਬਚਾਅ ਦੇ ਲੁੜੀਂਦੇ ਪ੍ਰਬੰਧ ਨਹੀਂ ਸਨ। ਘਟਨਾ ਤੋਂ ਤੁਰੰਤ ਬਾਅਦ ਲੂਥਰਾ ਭਰਾ ਫੁਕੇਟ ਭੱਜ ਗਏ ਸਨ, ਜਿਨ੍ਹਾਂ ਖ਼ਿਲਾਫ਼ ਇੰਟਰਪੋਲ ਬਲੂ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਸੀ ਅਤੇ ਬਾਅਦ ਵਿਚ ਭਾਰਤੀ ਮਿਸ਼ਨ ਦੇ ਦਖ਼ਲ ਤੋਂ ਬਾਅਦ ਉਨ੍ਹਾਂ ਨੂੰ ਥਾਈਲੈਂਡ ਵਿਚ ਹਿਰਾਸਤ ਵਿਚ ਲੈ ਕੇ ਭਾਰਤ ਲਿਆਂਦਾ ਗਿਆ ਸੀ।
ਸੁਣਵਾਈ ਦੌਰਾਨ ਲੂਥਰਾ ਭਰਾਵਾਂ ਦੇ ਵਕੀਲਾਂ ਨੇ ਇਸ ਨੂੰ ਗੈਰ-ਇਰਾਦਤਨ ਕਤਲ (ਲਾਪਰਵਾਹੀ) ਕਰਾਰ ਦਿੰਦਿਆਂ ਕਿਹਾ ਕਿ ਇਹ ਸਿੱਧੇ ਤੌਰ ’ਤੇ ਜਾਣਬੁੱਝ ਕੇ ਕੀਤਾ ਗਿਆ ਅਪਰਾਧ ਨਹੀਂ ਹੈ। ਉੱਥੇ ਹੀ, ਗੋਆ ਸਰਕਾਰ ਵੱਲੋਂ ਪੇਸ਼ ਹੋਏ ਐਡੀਸ਼ਨਲ ਸਾਲਿਸਟਰ ਜਨਰਲ ਐੱਸਵੀ ਰਾਜੂ ਨੇ ਇਸ ਦਾ ਸਖ਼ਤ ਵਿਰੋਧ ਕਰਦਿਆਂ ਕਿਹਾ ਕਿ ਟਰਾਇਲ ਕੋਰਟ ਨੇ 25 ਲੋਕਾਂ ਦੀ ਜਾਨ ਜਾਣ ਵਾਲੇ ਇਸ ਗੰਭੀਰ ਅਪਰਾਧ ਦੀ ਭਿਆਨਕਤਾ ਨੂੰ ਨਜ਼ਰਅੰਦਾਜ਼ ਕੀਤਾ ਸੀ। ਸੁਪਰੀਮ ਕੋਰਟ ਨੇ ਸਪੱਸ਼ਟ ਕੀਤਾ ਕਿ ਮੁਲਜ਼ਮ ਆਤਮ-ਸਮਰਪਣ ਕਰਨ ਤੋਂ ਬਾਅਦ ਕਾਨੂੰਨ ਮੁਤਾਬਕ ਨਵੇਂ ਸਿਰੇ ਤੋਂ ਜ਼ਮਾਨਤ ਦੀ ਅਰਜ਼ੀ ਦਾਇਰ ਕਰਨ ਲਈ ਆਜ਼ਾਦ ਹਨ। ਇਸ ’ਤੇ ਟਰਾਇਲ ਕੋਰਟ ਆਪਣੇ ਪੱਧਰ ’ਤੇ ਮਾਮਲੇ ਦੇ ਗੁਣ-ਦੋਸ਼ ਦੇ ਆਧਾਰ ’ਤੇ ਵਿਚਾਰ ਕਰੇਗੀ।