ਕੁੱਤਿਆਂ ਦਾ ਖ਼ੌਫ਼......... ਗੇਟ ਖੋਲ੍ਹਦੇ ਹੀ ਔਰਤ ’ਤੇ ਟੁੱਟ ਪਏ 6 ਕੁੱਤੇ, ਕੀਤਾ ਲਹੂ-ਲੁਹਾਣ; ਪਤੀ-ਪਤਨੀ ਖ਼ਿਲਾਫ਼ FIR ਦਰਜ
ਮੰਡੌਲੀ ਪਿੰਡ ’ਚ ਘਰ ਦੇ ਬਾਹਰ ਖੁੱਲ੍ਹੇ ਛੱਡੇ ਗਏ ਪਾਲਤੂ ਕੁੱਤਿਆਂ ਨੇ ਇੱਕ ਔਰਤ ’ਤੇ ਹਮਲਾ ਕਰਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ’ਤੇ ਕੁੱਤਿਆਂ ਦੇ ਮਾਲਕ ਸੰਜੇ ਤੇ ਉਸ ਦੀ ਪਤਨੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।
Publish Date: Mon, 21 Sep 2026 04:14 PM (IST)
Updated Date: Mon, 21 Sep 2026 04:20 PM (IST)
ਜਾਗਰਣ ਸੰਵਾਦਦਾਤਾ, ਯਮੁਨਾਨਗਰ : ਹਰਿਆਣਾ ਦੇ ਯਮੁਨਾਨਗਰ ਜ਼ਿਲ੍ਹੇ ਦੇ ਮੰਡੌਲੀ ਪਿੰਡ ’ਚ ਘਰ ਦੇ ਬਾਹਰ ਬੇਖ਼ੌਫ਼ ਘੁੰਮ ਰਹੇ ਪਾਲਤੂ ਕੁੱਤਿਆਂ ਦੇ ਦਹਿਸ਼ਤ ਕਾਰਨ ਇੱਕ ਔਰਤ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਈ। ਔਰਤ ਦਾ ਇਲਾਜ ਚੱਲ ਰਿਹਾ ਹੈ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ’ਤੇ ਕੁੱਤੇ ਪਾਲਣ ਵਾਲੇ ਸੰਜੇ ਤੇ ਉਸ ਦੀ ਪਤਨੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਮੰਡੌਲੀ ਵਾਸੀ ਸ਼ਹੀਦਾ ਨੇ ਦੱਸਿਆ ਕਿ ਪਿੰਡ ’ਚ ਸੰਜੇ ਤੇ ਉਸ ਦੀ ਪਤਨੀ ਸ਼ੈਲੀ ਨੇ ਆਪਣੇ ਘਰ ’ਚ ਪੰਜ-ਛੇ ਕੁੱਤੇ ਪਾਲ ਰੱਖੇ ਹਨ।
ਦੋਸ਼ ਹੈ ਕਿ ਇਹ ਕੁੱਤੇ ਅਕਸਰ ਗਲੀ ’ਚੋਂ ਲੰਘਣ ਵਾਲੇ ਲੋਕਾਂ ਦਾ ਪਿੱਛਾ ਕਰਦੇ ਹਨ। ਪਹਿਲਾਂ ਵੀ ਇਨ੍ਹਾਂ ਕੁੱਤਿਆਂ ਦੇ ਵੱਢਣ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਪਿੰਡ ਵਾਸੀਆਂ ਵੱਲੋਂ ਕੁੱਤਿਆਂ ਨੂੰ ਬੰਨ੍ਹ ਕੇ ਰੱਖਣ ਲਈ ਕਹਿਣ ਦੇ ਬਾਵਜੂਦ ਮੁਲਜ਼ਮਾਂ ਨੇ ਉਨ੍ਹਾਂ ਨੂੰ ਖੁੱਲ੍ਹਾ ਛੱਡਿਆ ਹੋਇਆ ਸੀ। ਮੁਲਜ਼ਮਾਂ ਕੋਲ ਕੁੱਤੇ ਪਾਲਣ ਲਈ ਕੋਈ ਇਜਾਜ਼ਤ ਵੀ ਨਹੀਂ ਹੈ। 18 ਸਤੰਬਰ ਦੀ ਰਾਤ ਨੂੰ ਸ਼ਹੀਦਾ ਪਿੰਡ ’ਚ ਹੀ ਇੱਕ ਦੁਕਾਨ ਤੋਂ ਸਬਜ਼ੀਆਂ ਲੈਣ ਲਈ ਗਈ ਸੀ।
ਦੋਸ਼ ਹੈ ਕਿ ਸੰਜੇ ਤੇ ਸ਼ੈਲੀ ਨੇ ਉਸ ਨੂੰ ਦੇਖ ਕੇ ਆਪਣੇ ਘਰ ਦਾ ਗੇਟ ਖੋਲ੍ਹਿਆ ਤੇ ਆਪਣੇ ਕੁੱਤੇ ਉਸ ਵੱਲ ਛੱਡ ਦਿੱਤੇ। ਕੁੱਤਿਆਂ ਦੇ ਹਮਲੇ ’ਚ ਉਹ ਜ਼ਖ਼ਮੀ ਹੋ ਗਈ। ਆਸ-ਪਾਸ ਦੇ ਲੋਕਾਂ ਨੇ ਕਿਸੇ ਤਰ੍ਹਾਂ ਉਸ ਨੂੰ ਕੁੱਤਿਆਂ ਤੋਂ ਬਚਾਇਆ।